Articles

ਮੋਰਚਿਆਂ ਦੇ ਮੋਹਤਬਰਾਂ ‘ਤੇ ਨਜ਼ਰਾਂ ਨੇ ਸੰਸਾਰ ਦੀਆਂ !

ਤੂ  ਸ਼ਾਹੀਂ  ਹੈ, ਪਰਵਾਜ਼  ਹੈ  ਕਾਮ  ਤੇਰਾ, ਤੇਰੇ  ਸਾਹਮਨੇ  ਆਸਮਾਂ  ਔਰ  ਭੀ ਹੈਂ।

ਇਸੀ ਰੋਜ਼ੋ ਸ਼ਬ ਮੇਂ, ਉਲਝ ਕਰ ਨਾ ਰਹਿ ਜਾ, ਕਿ ਤੇਰੇ ਜ਼ਮਾਨੋਂ ਮਕਾਂ ਔਰ ਭੀ ਹੈਂ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਚਾਨਕ ਹੀ ਜਦੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਬਿਆਨ ਆਏ ਤਾਂ ਸੰਸਾਰ ਭਰ ਦੇ ਇਨਸਾਫ ਪਸੰਦ ਲੋਕਾਂ ਨੇ ਇਸ ਨੂੰ ਉਹਨਾ ਕਿਸਾਨਾਂ ਦੀ ਜਿੱਤ ਕਿਹਾ ਜੋ ਕਿ ਕਰੀਬ ਇੱਕ ਸਾਲ ਤੋਂ ਰਾਜਧਾਨੀ ਦਿੱਲੀ ਦੇ ਬਾਰਡਰਾਂ ‘ਤੇ ਅੰਦੋਲਨ ਕਰਦੇ ਜੂਝ ਰਹੇ ਹਨ। ਭਾਰਤੀ ਪ੍ਰਧਾਨ ਮੰਤਰੀ ਮੋਦੀ ਵਲੋਂ ਅਚਾਨਕ ਹੀ ਲਏ ਗਏ ਇਸ ਯੂ ਟਰਨ ਸਬੰਧੀ ਮੋਟੇ ਤੌਰ ‘ਤੇ ਦੋ ਪ੍ਰਮੁਖ ਅੰਦਾਜ਼ੇ ਲਗਾਏ ਜਾ ਰਹੇ ਹਨ।

1) ਪਹਿਲਾ ਇਹ ਕਿ ਭਾਰਤ ਭਰ ਦੇ ਲੋਕਾਂ ਵਿਚ ਕਿਸਾਨਾਂ ਪ੍ਰਤੀ ਹਮਦਰਦੀ ਪੈਦਾ ਹੁੰਦੀ ਜਾ ਰਹੀ ਹੈ। ਇਹ ਹੀ ਕਾਰਨ ਹੈ ਕਿ ਪੱਛਮੀ ਬੰਗਾਲ ਤੋਂ ਬਾਅਦ ਜਿਹਨਾ ਰਾਜਾਂ ਵਿਚ ਵੀ ਜਿਮਨੀ ਚੋਣਾਂ ਹੋਈਆਂ ਉਹਨਾ ਵਿਚ ਬੀ ਜੇ ਪੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਤੋਂ ਪਹਿਲਾਂ ਕਿ ਲੋਕਾਂ ਦਾ ਰੂਝਾਨ ਹੋਰ ਤਿੱਖਾ ਹੋ ਜਾਵੇ ਬੀ ਜੇ ਪੀ ਨੇ ਖੇਤੀ ਕਾਨੂੰਨਾ ਨੂੰ ਵਾਪਸ ਲੈਣ ਵਿਚ ਹੀ ਆਪਣਾ ਸਿਆਸੀ ਭਵਿੱਖ ਸੁਰੱਖਿਅਤ ਦੇਖਿਆ। ਭਾਰਤੀ ਲੋਕ ਸਭਾ ਅਤੇ ਰਾਜ ਸਭਾ ਵਿਚ ਬਿਨਾ ਬਹਿੰਸ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਮਗਰੋਂ ਦੇਸ਼ ਦੇ ਰਾਸ਼ਟਰਪਤੀ ਨੇ ਵੀ ਸਹਿਮਤੀ ਦੇ ਦਿੱਤੀ ਅਤੇ ਹੁਣ ਇਹ ਕਿਸਾਨੀ ਨਾਲ ਸਬੰਧਤ ਆਖੇ ਜਾਂਦੇ ‘ਕਾਲੇ’ ਖੇਤੀ ਕਾਨੂੰਨ ਰੱਦ ਹੋ ਚੁੱਕੇ ਹਨ।

2) ਅਮਰੀਕਾ ਦੀ ਸਿੱਖ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਵਲੋਂ ਪੰਜਾਬ ਦੀ ਅਜ਼ਾਦੀ ਲਈ ਕੀਤੇ ਜਾ ਰਹੇ ਰੈਫਰੈਂਡਮ ਦੀ ਸ਼ੁਰੂਆਤ ਜਿਸ ਵੇਲੇ ਯੂ ਕੇ ਦੀ ਰਾਜਧਾਨੀ ਲੰਡਨ ਤੋਂ ਹੋਈ ਤਾਂ ਰੈਫਰੈਂਡਮ ਦੇ ਪਹਿਲੇ ਦਿਨ 35/ 40 ਹਜ਼ਾਰ ਵੋਟਰਾਂ ਦੇ ਭੁਗਤਣ ਨਾਲ ਵੀ ਭਾਰਤੀ ਸਰਕਾਰ ਦੇ ਕੰਨਾਂ ਵਿਚ ਖਤਰੇ ਦੇ ਬਿਗਲ ਵੱਜਣ ਲੱਗ ਪਏ ਅਤੇ ਇਹ ਕਿਹਾ ਜਾਣ ਲੱਗਾ ਪੰਜਾਬ ਰੈਫਰੈਂਡਮ ਦੀ ਹਿਮਾਇਤ ਦਾ ਵੱਡਾ ਕਾਰਨ ਕਿਸਾਨੀ ਅੰਦੋਲਨ ਵੀ ਹੈ। ਇਸ ਕਾਰਨ ਵੀ ਕਿਹਾ ਜਾਂਦਾ ਹੈ ਕਿ ਸਰਕਾਰ ਨੇ ਖੇਤੀ ਦੇ ਤਿੰਨੋ ਕਾਨੂੰਨ ਵਾਪਸ ਲੈ ਲਏ।

ਪ੍ਰਧਾਨ ਮੰਤਰੀ ਮੋਦੀ ਵਲੋਂ ਯੂ ਟਰਨ ਦੀ ਗੱਲ ਗੋਲ ਕਰਨ ਦੀ ਕੋਸ਼ਿਸ਼

ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਿਆਨਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਖਾਸ ਤੌਰ ‘ਤੇ ਇਹ ਗੱਲ ਕਹੀ ਕਿ ਕਾਨੂੰਨ ਤਾਂ ਕਿਸਾਨੀ ਦੇ ਹੱਕ ਵਿਚ ਸਨ ਪਰ ਸ਼ਾਇਦ ਸਰਕਾਰ ਦੀ ਪ੍ਰਤਿਗਿਆ ਵਿਚ ਕੋਈ ਕਮੀ ਰਹਿ ਗਈ ਕਿ ਸਰਕਾਰ ਕੁਝ ਘੱਟ ਗਿਣਤੀ (ਸਿੱਖ) ਲੋਕਾਂ ਦਾ ਦਿਲ ਨਾ ਜਿੱਤ ਸਕੀ ਜਿਹਨਾ ਨੂੰ ਕਿ ਸਰਕਰ ਨਰਾਜ਼ ਵੀ ਨਹੀਂ ਕਰਨਾ ਚਹੁੰਦੀ, ਇਸ ਕਰਕੇ ਇਹ ਤਿੰਨੋ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਹ ਤਿੰਨੋ ਖੇਤੀ ਕਾਨੂੰਨ ਕ੍ਰਮਵਾਰ ਇਹ ਸਨ-

1) ਫਾਰਮਜ਼ (ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਔਨ ਪ੍ਰਾਇਸ ਅਸ਼ੋਰੈਂਸ ਐਂਡ ਫਾਰਮ ਸੈਕਟਰ ਐਕਟ 2020

2) ਫਾਰਮਜ਼ ਪ੍ਰੋਡਿਊਸ ਟਰੇਡ ਐਂਡ ਕਾਮਰਸ (ਪ੍ਰੋਮੋਸ਼ਨ ਐਂਡ ਫੈਸੀਲੀਟੇਸ਼ਨ) ਐਕਟ 2020

3) ਅਸੈਂਸ਼ੀਅਲ ਕੋਮੋਡਿਟੀਜ਼ (ਸੋਧ) ਕਾਨੂੰਨ 2020

ਸਰਕਾਰ ਵਲੋਂ ਇੱਕ ਸਾਲ ਭਰ ਤੋਂ ਇਸ ਕਿਸਾਨੀ ਅੰਦੋਲਨ ਨੂੰ ਕਦੀ ਖਾਲਿਸਤਾਨੀ, ਕਦੇ ਅਤੰਕਵਾਦੀ, ਕਦੀ ਟੁਕੜੇ ਟੁਕੜੇ ਗੈਂਗ ਅਤੇ ਕਦੀ ਕੁਝ ਅਤੇ ਕਦੀ ਕੁਝ ਨਾਮ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਅੰਦੋਲਨ ਖਿਲਾਫ ਅਨੇਕਾਂ ਕੋਝੀਆਂ ਚਾਲਾਂ ਵੀ ਚੱਲੀਆਂ ਪਰ ਅਖੀਰ ਹੱਥ ਖੜ੍ਹੇ ਕਰਨੇ ਹੀ ਪਏ। ਇਸ ਅੰਦੋਲਨ ਸਬੰਧੀ ਇਤਹਾਸਕ ਤੌਰ ਤੇ ਯਾਦ ਰੱਖੇ ਜਾਣ ਵਾਲੇ ਖਾਸ ਪੱਖ ਇਹ ਹਨ-

1) ਖੇਤੀ ਕਾਨੂੰਨਾਂ ਦੇ ਵਿਰੋਧ ਦੀ ਪਹਿਲ ਕਦਮੀ ਪੰਜਾਬ ਨੇ ਕੀਤੀ – ਜਿਸ ਵੇਲੇ 5 ਜੂਨ 2020 ਨੂੰ ਮੋਦੀ ਸਰਕਾਰ ਤਿੰਨ ਖੇਤੀ ਬਿੱਲ  ਲਿਆਂਦੇ ਉਸ ਵੇਲੇ ਦੇਸ ਵਿਚ ਕਰੋਨੇ ਦਾ ਪ੍ਰਕੋਪ ਹਾਵੀ ਸੀ ਪਰ ਪੰਜਾਬ ਦੇ ਕਿਸਾਨਾ ਨੇ ਕਿਸੇ ਵੀ ਖਤਰੇ ਦੀ ਪ੍ਰਵਾਹ ਨਾ ਕਰਦਿਆਂ ਵਿਰੋਧ ਵਿਚ ਮੋਰਚਾ ਲਾ ਦਿੱਤਾ।

2) ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲੋਂ ਟੁੱਟੀ—ਇਹਨਾ ਖੇਤੀ ਕਾਨੂੰਨਾ ਸਬੰਧੀ ਬੇਸ਼ਕ ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਪਹਿਲਾਂ ਹੱਕ ਵਿਚ ਬਿਆਨ ਦਿੰਦੇ ਰਹੇ ਸਨ ਪਰ ਜਦੋਂ ਕਿਸਾਨਾਂ ਦਾ ਵਿਰੋਧ ਅਤੇ ਪੰਜਾਬ ਦੇ ਤੇਵਰ ਦੇਖੇ ਤਾਂ ਮੋਦੀ ਵਜਾਰਤ ਵਿਚ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਅਤੇ ਅਕਾਲੀ ਦਲ ਨੇ ਭਾਜਪਾ ਨੂੰ ‘ਬਿਨਾ ਸ਼ਰਤ’ ਦਿੱਤੀ ਜਾਣ ਵਾਲੀ ਰਾਜਨੀਤਕ ਹਿਮਾਇਤ ਵਾਪਸ ਲੈ ਲਈ।

3) ਦਿੱਲੀ ਜਾ ਰਹੇ ਮੋਰਚੇ ਨੇ ਰੋਕਾਂ ਤੋੜੀਆਂ–26 ਨਵੰਬਰ 2020 ਵਾਲਾ ਦਿਨ ਕਿਸਾਨੀ ਅੰਦੋਲਨ ਦਾ ਉਸ ਵੇਲੇ ਇਤਹਾਸਕ ਦਿਨ ਹੋ ਨਿਬੜਿਆ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪੰਜਾਬ ਤੋਂ ਦਿੱਲੀ ਜਾ ਰਹੇ ਮੋਰਚੇ ਨੇ ਦਿੱਲੀ ਵਲ ਚਾਲੇ ਪਾ ਦਿਤੇ ਪਰ ਹਰਿਆਣਾ ਦੀ ਮਨੋਹਰ ਲਾਲ ਖੱਟਰ ਦੀ ਭਾਜਪਾਈ ਸਰਕਾਰ ਵਲੋਂ ਬੈਰੀਕੇਡਿੰਗ, ਪਾਣੀ ਦੀਆਂ ਬੁਛਾਰਾਂ, ਖਾਈਆਂ ਪੱਟਣੀਆਂ ਅਤੇ ਹੰਝੂ ਗੈਸ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਜਬਰੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਦੂਲਿਆਂ ਨੇ ਸਭ ਰੋਕਾਂ ਹਟਾ ਕੇ ਦਿੱਲੀ ਦੇ ਬਾਰਡਰਾਂ ‘ਤੇ ਜਾ ਜੈਕਾਰੇ ਗਜਾ ਦਿੱਤੇ।

4) ਸਰਕਾਰ ਵਲੋਂ ਇੱਕ ਦਰਜਨ ਦੇ ਕਰੀਬ ਗੱਲਬਾਤ ਦੇ ਗੇੜ ਬੇਅਸਰ – ਕਿਸਾਨ ਆਗੂਆਂ ਅਤੇ ਸਰਕਾਰ ਦਰਮਿਆਨ ਜਿੰਨੀ ਵੇਰ ਵੀ ਗੱਲਬਾਤ ਚੱਲੀ ਕਿਸਾਨ ਆਗੂ ਖੇਤੀ ਨਾਲ ਸਬੰਧਤ ਤਿੰਨੇ ਕਾਨੂੰਨ ਰੱਦ ਕਰਨ ‘ਤੇ ਅੜੇ ਰਹੇ ਤੇ ਅਖੀਰ 22 ਜਨਵਰੀ 2021 ਦਾ ਦਿਨ ਇਸ ਗਲਬਾਤ ਦਾ ਆਖਰੀ ਦਿਨ ਹੋ ਨਿਬੜਿਆ ਜੋ ਕਿ ਸਰਾਸਰ ਬੇ ਅਸਰ ਸੀ।

5) ਭਾਰਤੀ ਗਣਤੰਤਰ ਦਿਵਸ ‘ਤੇ ਟਰੈਕਟਰ ਅੰਦੋਲਨ ਸਬੰਧੀ ਮੋਦੀ ਦੇ ਗੋਦੀ ਮੀਡੀਏ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਪੂਰੀ ਵਾਹ ਲਾਈ – 26 ਜਨਵਰੀ 2021 ਦੀ ਟਰੈਕਟਰ ਪਰੇਡ ਦੌਰਾਨ ਸਰਕਾਰ ਨੇ ਸਾਜਸ਼ ਕਰਕੇ ਕਿਸਾਨਾ ਨੂੰ ਲਾਲ ਕਿਲੇ ਵਲ ਜਾਣ ਅਤੇ ਪੁਲਿਸ ਨਾਲ ਟੱਕਰ ਲੈਣ ਲਈ ਉਕਸਾਇਆ। ਇਸ ਪਰੇਡ ਦੌਰਾਨ ਇੱਕ ਸਿੰਘ ਨੇ ਜਿਸ ਵੇਲੇ ਲਾਲ ਕਿਲੇ ਦੇ ਇੱਕ ਖਾਲੀ ਪੋਲ ‘ਤੇ ਕੇਸਰੀ ਨਿਸ਼ਾਨ ਸਾਹਿਬ ਚ੍ਹਾੜ ਦਿੱਤਾ ਤਾਂ ਗੋਦੀ ਮੀਡੀਏ ਨੇ ਉਸ ਨੂੰ ਤਿਰੰਗਾਂ ਲਾਹ ਕੇ ਖਾਲਿਸਤਾਨੀ ਝੰਡਾ ਲਹਿਰਾਉਣ ਵਜੋਂ ਪ੍ਰਚਾਰਿਆ। ਨੌਜਵਾਨ ਸਿੱਖ ਆਗੂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਵੀ ਨਿਸ਼ਾਨੇ ‘ਤੇ ਲਿਆ ਗਿਆ ਪਰ ਸਰਕਾਰ ਕਿਸਾਨ ਅੰਦੋਲਨ ਨੂੰ ਲੀਹ ਤੋਂ ਨਾ ਲਾਹ ਸਕੀ।

6) ਕਿਸਾਨ ਆਗੂ ਰਿਕੇਸ਼ ਟਕੈਤ ਦੇ ਹੰਝੂਆਂ ਨੇ ਡੋਲਦੇ ਅੰਦੋਲਨ ਨੂੰ ਥੰਮ ਦਿੱਤਾ— ਬਾਰਡਰਾਂ ‘ਤੇ ਕਿਸਾਨਾਂ ਦੀ ਗਿਣਤੀ ਘਟਦਿਆਂ ਹੀ ਜਦੋਂ 27 ਜਨਵਰੀ ਦੀ ਰਾਤ ਨੂੰ ਸਰਕਾਰ ਨੇ ਬਾਗਪਤ ਤੋਂ ਕਿਸਾਨਾਂ ਨੂੰ ਖਦੇੜਨ ਦੇ ਨਾਲ ਨਾਲ ਸਿੱਖਾਂ ਵਲੋਂ ਚਲਾਏ ਜਾ ਰਹੇ ਲੰਗਰ ਬੰਦ ਕਰਵਾਉਣੇ ਸ਼ੁਰੂ ਕੀਤੇ ਤਾਂ ਪੁਲਿਸ ਦੀ ਮੱਦਤ ਲਈ ਕੁਝ ਹਿੰਦੂ ਸੰਗਠਨਾ ਅਤੇ ਉਹਨਾ ਦੇ ਆਗੂਆਂ ਵਲੋਂ ਸਿੱਖਾਂ ‘ਤੇ ਪੱਥਰਬਾਜੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ ਕੁਝ ਸਿੱਖ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਕਈਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਵੀ ਲੈ ਲਿਆ। ਇਸ ਵੇਲੇ ਸਿੱਖਾਂ ਖਿਲਾਫ ਸਰਕਾਰੀ ਵਲੋਂ ਅਤੇ ਹਿੰਦੂ ਸੰਗਠਨਾਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਖਿਲਾਫ ਯੂ ਪੀ ਦੇ ਕਿਸਾਨ ਆਗੂ ਰਿਕੇਸ਼ ਟਿਕੈਤ ਨੇ ਡੱਟ ਕੇ ਬਿਆਨ ਦਿੰਦਿਆ ਆਪਣੀਆਂ ਅੱਖਾਂ ਭਰ ਲਈਆਂ ਅਤੇ ਇਹ ਵੀ ਕਿਹਾ ਕਿ ਉਹ ਗ੍ਰਿਫਤਾਰ ਹੋਣ ਤਕ ਮੋਰਚਾ ਨਹੀਂ ਛੱਡੇਗਾ ਤਾਂ ਅਚਾਨਕ ਹੀ ਹਰਿਆਣੇ ਅਤੇ ਯੂ ਪੀ ਤੋਂ ਕਿਸਾਨ ਮੋਰਚੇ ਦੇ ਹੱਕ ਵਿਚ ਬਾਰਡਰਾਂ ‘ਤੇ ਪਰਤ ਆਏ।

7) ਕਿਸਾਨ ਆਗੂ ਮਹਾਂਪੰਚਾਇਤਾਂ ਰਾਹੀ ਭਾਜਪਾ ਖਿਲਾਫ ਚੋਣ ਮੈਦਾਨ ਵਿਚ ਕੁੱਦੇ—ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ ਅਨੇਕਾਂ ਹੋਰ ਸੂਬਿਆਂ ਦੀਆਂ ਜਿਮਨੀ ਚੋਣਾਂ ਵਿਚ ਭਾਜਪਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਕਿਓਂਕਿ ਇਹਨਾ ਰਾਜਾਂ ਵਿਚ ਕਿਸਾਨ ਪੰਚਾਇਤਾਂ ਵਲੋਂ ਸਰਕਾਰ ਵਿਰੋਧੀ ਤਿੱਖਾ ਪ੍ਰਚਾਰ ਅਰੰਭ ਹੋ ਗਿਆ ਸੀ। ਇਸ ਨਾਲ ਕਿਸਾਨ ਆਗੂਆਂ ਵਿਚ ਜਿਥੇ ਆਤਮ ਵਿਸ਼ਵਾਸ ਵਧਿਆ ਉਥੇ ਕਿਸਾਨ ਅੰਦੋਲਨ ਵਿਚ ਵੀ ਤੇਜ਼ੀ ਆ ਗਈ।

੮) ਲਖੀਮਪੁਰ ਖੀਰੀ ਹਿੰਸਾ—3 ਅਕਤੂਬਰ 2021 ਯੂ ਪੀ ਦੇ ਲਖੀਮਪੁਰ ਵਿਖੇ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੋਨੀ ਦੇ ਕਾਫਲੇ ਦਾ ਜਿਸ ਵੇਲੇ ਕਿਸਾਨ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਗਏ ਤਾਂ ਮਿਸ਼ਰਾ ਦੇ ਪੁੱਤਰ ਵਲੋਂ ਕਿਸਾਨਾਂ ‘ਤੇ ਜੀਪ ਝੜਾ ਕੇ ਉਹਨਾ ਨੂੰ ਕੁਚਲ ਦਿੱਤਾ ਗਿਆ ਅਤੇ ਇਸ ਨਾਲ ਜਿਥੇ 4 ਕਿਸਾਨਾਂ ਅਤੇ 1ਪੱਤਰਕਾਰ ਦੀ ਮੌਤ ਹੋ ਗਈ ਉਥੇ ੩ ਭਾਜਪਾਈ ਕਾਰਕੁੰਨ ਵੀ ਮਾਰੇ ਗਏ। ਸਰਕਾਰ ਨੇ ਮਾਰੇ ਗਏ ਕਿਸਾਨਾਂ ਨੂੰ 50/50 ਲੱਖ ਦਾ ਮੁਆਵਜਾ ਦਿੱਤਾ ਅਤੇ ਮੰਤਰੀ ਦੇ ਬੇਟੇ ਅਸ਼ੀਸ਼ ਮਿਸ਼ਰਾ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਉਦੋਂ ਤੋਂ ਹੀ ਕਿਸਾਨ ਕੇਂਦਰੀ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ।

9)  ਸਿੰਘੂ ਬਾਰਡਰ ‘ਤੇ ਨਿਹੰਗਾਂ ਵਲੋਂ ਕੀਤੇ ਗਏ ਕਤਲ ਨੇ ਅੰਦੋਲਨ ਨੂੰ ਨੁਕਸਾਨਿਆ – ਸਿੰਘੂ ਬਾਰਡਰ ‘ਤੇ 16 ਅਕਤੂਬਰ ਨੂੰ ਕੀਤੇ ਗਏ ਕਤਲ ਦੀਆਂ ਸੋਸ਼ਲ ਸਾਈੇਟਾਂ ‘ਤੇ ਪਾਈਆਂ ਤਸਵੀਰਾਂ ਨੇ ਵਿਰੋਧੀਆਂ ਨੂੰ ਸਿੱਖਾਂ ਖਿਲਾਫ ਪ੍ਰਚਾਰ ਕਰਨ ਦਾ ਮੌਕ ਦਿੱਤਾ। ਇਸ ਦਰਦਨਾਕ ਕਤਲ ਦਾ ਕਾਰਨ ਤਰਨਤਾਰਨ ਦੇ ਇੱਕ ਲਖਬੀਰ ਸਿੰਘ ਨਾਮੀ ਵਿਅਕਤੀ ਵਲੋਂ ਨਿਹੰਗ ਛਉਣੀ ਵਿਚ ਜਾ ਕੇ ਸਰਬਲੋਹ ਗ੍ਰੰਥ ਦੀ ਕੀਤੀ ਗਈ ਬੇਅਦਬੀ ਦੱਸਿਆ ਗਿਆ। ਲਖਬੀਰ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਨਿਹੰਗਾਂ ਨੇ ਲੈ ਲਈ ਪਰ ਇਸ ਘਟਨਾ ਨੇ ਕਿਸਾਨ ਆਗੂਆਂ ਦੀਆਂ ਚਿੰਤਾਂ ਵਿਚ ਵਾਧਾ ਕੀਤਾ।

10) ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ–19 ਨਵੰਬਰ 2021 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਅਚਾਨਕ ਹੀ ਪ੍ਰਧਾਨ ਮੰਤਰੀ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਪਰ ਕਿਸਾਨਾਂ ਨੇ ਆਪਣਾ ਅੰਦੋਲਨ ੳਦੋਂ ਤਕ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਜਦੋਂ ਤਕ ਕਿ ਸਰਕਾਰ ਐਮ ਐਸ ਪੀ ਸਬੰਧੀ ਕਾਨੂੰਨ ਬਨਾਉਣ ਦੇ ਨਾਲ ਨਾਲ, ਅੰਦੋਲਨ ਦੌਰਾਨ ਸ਼ਹੀਦ ਹੋਏ 700 ਪਰਿਵਾਰਾਂ ਨੂੰ ਮੁਆਵਜਾ ਦੇਣ, ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਨਾ ਨੂੰ ਮੁਅੱਤਲ ਕਰਨ ਅਤੇ ਕਿਸਾਨਾਂ ‘ਤੇ ਕੀਤੇ ਹੋਏ ਕੇਸਾਂ ਨੂੰ ਵਾਪਸ ਨਹੀਂ ਲੈ ਲੈਂਦੀ।

ਸਰਕਾਰ ਇਹਨਾ ਮੁੱਦਿਆਂ ਨੂੰ ਰਾਜ ਸਰਕਾਰਾਂ ਨਾਲ ਸਬੰਧਤ ਕਰਕੇ ਪੱਲਾ ਝਾੜਨ ਦੀ ਕੋਸ਼ਿਸ਼ ਵਿਚ ਹੈ ਜਦ ਕਿ ਸ਼ਹੀਦ ਹੋਏ ਕਿਸਾਨਾਂ ਸਬੰਧੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਸਰਕਾਰ ਕੋਲ ਤਾਂ ਮਾਰੇ ਗਏ ਕਿਸਾਨਾਂ ਸਬੰਧੀ ਕੋਈ ਅੰਕੜਾ ਹੀ ਨਹੀਂ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ‘ਤੇ ਮੁਕੱਦਮੇ ਵਾਪਸ ਲੈ ਲਏ ਹਨ ਅਤੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜੇ ਦੇਣ ਦੀਆਂ ਖਬਰਾਂ ਵੀ ਹਨ ਜਦ ਕਿ ਹਰਿਆਣੇ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਕਿਸਾਨਾਂ ਤੇ ਹੋਏ ਮੁਕੱਦਮਿਆਂ ਦੀ ਗਿਣਤੀ ਕਰੀਬ ੫੫ ਹਜ਼ਾਰ ਦੱਸੀ ਜਾ ਰਹੀ ਹੈ।

ਸਰਕਾਰ ਨੇ ਐਮ ਐਸ ਪੀ ਸਮੇਤ ਦੂਜੇ ਮੁੱਦਿਆਂ ‘ਤੇ ਗੱਲ ਕਰਨ ਲਈ ਕਿਸਾਨਾਂ ਨੂੰ ੫ ਨਾਮ ਦੇਣ ਲਈ ਕਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਆਗੂਆਂ ਦੀ ਅੰਦਰਖਾਤੇ ਸਰਕਾਰ ਨਾਲ ਗੱਲ ਚੱਲ ਰਹੀ ਹੈ। ਪਰ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਅਤੇ ਯੂ ਪੀ ਦੇ ਰਿਕੇਸ਼ ਟਿਕੈਤ ਆਪਣੇ ਪੈਂਤੜੇ ‘ਤੇ ਡਟੇ ਹੋਏ ਹਨ ਕਿ ਉਹ ਐਮ ਐਸ ਪੀ ਅਤੇ ਬਾਕੀ ਮੰਗਾਂ ਮਨਵਾ ਕੇ ਹੀ ਹਿੱਲਣ ਦਾ ਦਾਅਵਾ ਕਰ ਰਹੇ ਹਨ। ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਰਿਕੇਸ਼ ਟਿਕੈਤ ਆਪਣੇ ਨਿੱਜੀ ਹਿੱਤਾਂ ਲਈ ਅੰਦੋਲਨ ਖਤਮ ਨਹੀਂ ਕਰ ਰਹੇ ਜਦ ਕਿ ਕਿਸਾਨਾ ਦੀਆਂ ਪ੍ਰਮੁਖ ਮੰਗਾਂ ਤਾਂ ਮੰਨੀਆਂ ਜਾ ਚੁੱਕੀਆਂ ਹਨ। ਇਹ ਗੱਲ ਜ਼ਿਕਰ ਯੋਗ ਹੈ ਕਿ ਕਿਸਾਨ ਸੰਯੁਕਤ ਮੋਰਚੇ ਦੀਆਂ 40 ਜਥੇਬੰਦੀਆਂ ਵਿਚੋਂ 32 ਜਥੇਬੰਦੀਆਂ ਪੰਜਾਬ ਦੀਆਂ ਹਨ। ਇਸ ਵੇਲੇ ਸੰਯੁਕਤ ਮੋਰਚੇ ਦੇ ਆਗੂਆਂ ਦੀ ਏਕਤਾ ਬਣੀ ਰਹਿਣ ਸਬੰਧੀ ਲੋਕਾਂ ਵਿਚ ਚਿੰਤਾ ਹੈ।

ਹੁਣ ਜਦੋਂ ਕਿ ਪੰਜਾਬ ਸਮੇਤ ਦੇਸ਼ ਦੇ ਪੰਜ ਸੂਬਿਆਂ ਦੀਆਂ ਚੋਣਾਂ ਸਿਰ ‘ਤੇ ਹਨ। ਭਾਜਪਾ ਦੀ ਪ੍ਰਮੁਖ ਸਿਰਦਰਦੀ ਇਹਨਾ ਚੋਣਾਂ ‘ਤੇ ਕਿਸਾਨੀ ਅੰਦੋਲਨ ਦੇ ਪ੍ਰਛਾਵੇਂ ਨੂੰ ਹਟਾਉਣਾ ਹੈ ਅਤੇ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਸਰਕਾਰ ਹਰ ਹਾਲਤ ‘ਤੇ ਕਿਸਾਨਾ ਨਾਲ ਸਮਝੌਤਾ ਕਰ ਲਵੇਗੀ।

ਅਯੋਧਿਆ ਤੋਂ ਬਾਅਦ ਮਥਰਾ ਵਿਚ ਉਛਾਲਿਆ ਜਾ ਰਿਹਾ ਹੈ ਮੰਦਰ ਦਾ ਮੁੱਦਾ

ਇਸ ਵੇਲੇ ਭਾਜਪਾ ਕੋਲ ਐਸਾ ਕੋਈ ਵੀ ਜਨਤਕ ਮੁੱਦਾ ਨਹੀਂ ਹੈ ਜਿਸ ਨੂੰ ਚੋਣਾਂ ਵਿਚ ਉਭਾਰਿਆ ਜਾ ਸਕੇ। ਭਾਰਤ ਦੀ ਜਨਤਾ ਨੂੰ ਹੁਣ ਜੁਮਲਿਆਂ ਨਾਲ ਮੂਰਖ ਨਹੀਂ ਬਣਾਇਆ ਜਾ ਸਕਦਾ । ਹੁਣੇ ਹੁਣੇ ਉੱਤਰ ਪ੍ਰਦੇਸ਼ ਦੇ ਉਪ-ਮੁਖਮੰਤਰੀ ਕੇਸ਼ਵ ਪ੍ਰਸ਼ਾਦ ਮੌਰਯਾ ਦੇ ਉਹ ਬਿਆਨ ਮੀਡੀਏ ਵਿਚ ਸੁਰਖੀਆਂ ਬਣੇ ਹਨ ਜਿਸ ਵਿਚ ਉਸ ਨੇ ਕਿਹਾ ਹੈ ਕਿ ਰਾਮ ਜਨਮ ਭੂਮੀ ਤੋਂ ਬਾਅਦ ਹੁਣ ਮਥਰਾ ਵਿਚ ਕ੍ਰਿਸ਼ਨ ਜਨਮ ਭੂਮੀ ਦੀ ਤਿਆਰੀ ਹੈ ਉਸ ਨੇ ਕਿਹਾ ਕਿ ਕਈ ਸੰਗਠਨ ਮਥਰਾ ਜਨਮ ਸਥਾਨ ਨੂੰ ਲੈ ਕੇ ਅੰਦੋਲਨ ਚਲਾਉਣ ਦਾ ਐਲਾਨ ਕਰਦੇ ਰਹੇ ਹਨ ਦੀਵਾਲੀ ਵਿਚ ਹਿੰਦੂ ਆਗੂਆਂ ਨੇ ਜਿਸ ਕਿਸਮ ਦੀ ਬਿਆਨਬਾਜ਼ੀ ਕੀਤੀ ਉਸ ਤੋਂ ਵੀ ਇਹ ਹੀ ਪ੍ਰਤੀਤ ਹੁੰਦਾ ਸੀ ਕਿ ਭਾਜਪਾ ਅਗਲੀਆਂ ਚੋਣਾਂ ਫਿਰਕੂ ਮੁੱਦੇ ‘ਤੇ ਹੀ ਲੜਨ ਵਾਲੀ ਹੈ ਕਿਓਂਕਿ ਜਨਤਕ ਮੁੱਦਿਆਂ ਲਈ ਸਰਕਾਰ ਦੇ ਪੱਲੇ ਕੁਝ ਵਿਖਾਈ ਨਹੀਂ ਦਿੰਦਾ।

ਸ਼੍ਰੋਮਣੀ ਗੁਰਦੁਆਰਾ ਕਮੇਟੀ ਦਿੱਲੀ ਦੇ ਪ੍ਰਧਾਨ ਦਾ ਭਾਜਪਾ ਵਿਚ ਸ਼ਾਮਲ ਹੋਣਾ

ਇਹਨੀ ਦਿਨੀ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਇਆ ਕਿ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਾਮਲ ਹੋ ਰਿਹਾ ਹੈ ਤਾਂ ਇਹ ਖਬਰ ਅਕਾਲੀ ਸਿਆਸਤ ਵਿਚ ਵੱਡਾ ਧਮਾਕਾ ਸਾਬਤ ਹੋ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸਬੰਧੀ ਮੀਡੀਏ ਵਿਚ ਬਿਆਨ ਦੇ ਕੇ ਹੋਰ ਵੀ ਸਨਸਨੀ ਪੈਦਾ ਕਰ ਦਿੱਤੀ ਕਿ ਭਾਜਪਾ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਪਲਟੀ ਮਾਰਨ ਲਈ ਮਜ਼ਬੂਰ ਕਰ ਦਿੱਤਾ ਹੈ।  ਕਿਹਾ ਜਾਂਦਾ ਹੈ ਕਿ ਭਾਜਪਾ ਨੇ ਸਿਰਸਾ ਨੂੰ ਕਿਹਾ ਹੈ ਕਿ ਜਾਂ ਤਾਂ ਉਹ ਭਾਜਪਾ ਵਿਚ ਸ਼ਾਮਲ ਹੋ ਜਾਵੇ ਤੇ ਜਾਂ ਫਿਰ ਗ੍ਰਿਫਤਾਰ ਹੋਣ ਲਈ ਤਿਆਰ ਹੋ ਜਾਵੇ। ਸਿਰਸਾ ਦੀ ਪਲਟੀ ਨੇ ਅਕਾਲੀ ਦਲ ਦੀ ਰਾਜਨੀਤੀ ਵਿਚ ਸਹਿਮ ਪੈਦਾ ਕਰ ਦਿੱਤਾ ਹੈ । ਇਹ ਵੀ ਅੰਦਾਜ਼ੇ ਲਾਏ ਜਾ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਗੀ ਆਗੂ ਵੀ ਭਾਜਪਾ ਦੇ ਹੱਕ ਵਿਚ ਭੁਗਤਣ ਵਾਲੇ ਹਨ।

ਜਥੇਦਾਰ ਹਵਾਰੇ ਦੀ ਸਿਹਤ ਸਬੰਧੀ ਪੰਥ ਵਿਚ ਚਿੰਤਾ

ਜਦੋਂ ਜਦੋਂ ਵੀ ਜਿਹਲ ਵਿਚ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਸਿਹਤ ਵਿਗੜੀ ਹੈ ਤਾਂ ਇਸ ਸਬੰਧੀ ਹਰ ਵੇਰ ਅਦਾਲਤ ਦਾ ਦਰ ਖੜਕਾ ਕੇ ਹੀ ਇਲਾਜ ਲਈ ਚਾਰਾਜੋਈ ਕੀਤੀ ਗਈ ਹੈ। ਹੁਣ ਵੀ ਸਾਰੇ ਪੰਥ ਵਿਚ ਜਥੇਦਾਰ ਹਵਾਰਾ ਦੀ ਸਿਹਤ ਨੂੰ ਲੈ ਕੇ ਤੌਖਲਾ ਹੈ। ਅਸਲ ਵਿਚ ਇਸ ਵੇਲੇ ਪੰਥ ਅਤੇ ਪੰਜਾਬ ਦੀਆਂ ਚਣੌਤੀਆਂ ਦਾ ਮੋੜ ਦੇਣ ਲਈ ਕੇਵਲ ਤੇ ਕੇਵਲ ਜਥੇਦਾਰ ਹਵਾਰਾ ਹੀ ਐਸਾ ਨਾਮ ਹੈ ਜਿਸ ਦੇ ਮਗਰ ਸਾਰੀ ਕੌਮ ਲਾਮਬੰਦ ਹੋ ਸਕਦੀ ਹੈ।

ਸਰਬਤ ਖਾਲਸਾ ਵਲੋਂ ਜਥੇਦਾਰ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ ਜਿਸ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਇਹਨੀ ਦਿਨੀ ਬਿਆਨ ਆਇਆ ਹੈ ਕਿ ਪੰਥ ਵਲੋਂ ਕੈਪਟਨ ਅਮਰਿੰਦਰ ਸਿੰਘ ਦਾ ਰਾਜਨੀਤਕ ਬਾਈਕਾਟ ਕੀਤਾ ਜਾਵੇ ਪਰ ਇਹ ਗੱਲ ਜੱਗ ਜਾਣਦਾ ਹੈ ਕਿ ਜਥੇਦਾਰ ਹਵਾਰਾ ਦੇ ਉੱਤਰਅਧਿਕਾਰਆਂ ਤੋਂ ਪੰਥ ਅਤੇ ਪੰਜਾਬ ਜੋ ਆਸਾਂ ਉਮੀਦਾਂ ਸਨ ਉਹਨਾ ਤੇ ਉਹ ਪੂਰੇ ਨਹੀਂ ਉਤਰੇ। ਅੱਜਕਲ ਜਥੇਦਾਰ ਹਵਾਰਾ ਨੇ ਜੋ ਚਿੱਠੀ ‘ਪੰਜਾਬ ਰੈਫਰੈਂਡਮ’ ਦੇ ਕਾਰਕੁਨ ਭਾਈ ਹਰਪ੍ਰੀਤ ਸਿੰਘ ਰਾਣਾ ਦੇ ਵਿਛੋੜੇ ਸਬੰਧੀ ਲਿਖੀ ਹੈ ਉਸ ਵਿਚ ਜਥੇਦਾਰ ਨੇ ਭਾਰਤੀ ਸਟੇਟ ਵਲੋਂ ਕੀਤੀ ਜਾ ਰਹੀ ਸਿੱਖ ਨਸਲਕੁਸ਼ੀ ਦਾ ਜਿਕਰ ਵੀ ਕੀਤਾ ਹੈ ਕਿ ਪੰਜਾਬ ਦੀ ਅਜ਼ਾਦੀ ਵਗੈਰ ਸਿੱਖ ਨਸਲਕੁਸ਼ੀ ਨੂੰ ਨਹੀਂ ਰੋਕਿਆ ਜਾ ਸਕਦਾ।

ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਨਾਲ ਬੇਸ਼ਕ ਹਾਲ ਦੀ ਘੜੀ ਭਾਜਪਾ ਦੇ ਰੋਹਬੀਲੇ ਰੱਥ ਨੂੰ ਅਰਜੀ ਤੌਰ ‘ਤੇ ਰੁਕਣਾ ਪੈ ਰਿਹਾ ਹੈ ਪਰ ਭਵਿੱਖ ਵਿਚ ਪੰਜਾਬ ਦੀ ਸਰਜ਼ਮੀਨ ‘ਤੇ ਕਿਸੇ ਯੋਗ ਆਗੂ ਦੀ ਅਗਵਾਈ ਵਗੈਰ ਪੂਰੀ ਪੈਂਦੀ ਨਜ਼ਰ ਨਹੀਂ ਆ ਰਹੀ ਕਿਓਂਕਿ ਪੰਜਾਬ ਦੇ ਲੋਕਾਂ ਦਾ ਮਨ ਰਵਾਇਤੀ ਅਕਾਲੀਆਂ ਅਤੇ ਕਾਂਗਰਸੀਆਂ ਤੋਂ ਨਿਰਾਸ਼ ਹੋ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਵੀ ਪੰਜਾਬ ਦੇ ਲੋਕ ਭਾਜਪਾ ਦੀ ਬੀ ਟੀਮ ਵਜੋਂ ਹੀ ਦੇਖਦੇ ਹਨ। ਅੱਜ ਸਾਰਾ ਪੰਥ ਜਥੇਦਾਰ ਹਵਾਰਾ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰ ਰਿਹਾ ਹੈ ਕਿਓਂਕਿ ਭਾਈ ਹਵਾਰਾ ਇੱਕ ਐਸਾ ਨਾਮ ਹੈ ਜਿਸ ਨਾਮ ਮਗਰ ਪੰਥ ਨੂੰ ਇੱਕਮੁੱਠ ਕੀਤਾ ਜਾ ਸਕਦਾ ਹੈ।

Related posts

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂ ਸੰਦੇਸ਼ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin