
ਅਬਿਆਣਾਂ ਕਲਾਂ
ਪੰਛੀਆਂ ਵਿੱਚੋਂ ਸੋਹਣਾ ਸੁਨੱਖਾ ਮੋਰ ਸੱਭਿਆਚਾਰਕ, ਸਾਹਿਤਕ ਅਤੇ ਅਧਿਆਤਮਿਕ ਤੌਰ ‘ਤੇ ਉੱਤਮ ਮੰਨਿਆ ਜਾਂਦਾ ਹੈ। ਹਰ ਦੇਸੀ ਮਹੀਨਾ ਪੰਜਾਬ ਦੀ ਰੂਹ-ਏ-ਰਵਾਂ ਨਾਲ ਜੁੜਿਆ ਹੋਇਆ ਹੈ। ਸਾਵਣ ਮਹੀਨੇ ਦੀ ਸੱਭਿਆਚਾਰਕ ਮਹੱਤਤਾ ਦੇ ਨਾਲ ਨਾਲ ਮੋਰ ਦਾ ਵੀ ਬਹੁਤ ਸਾਰਥਿਕ ਸਥਾਨ ਹੈ। ਮੋਰ ਦੀ ਚਿਤਰਕਾਰੀ ਰੱਬ ਦੇ ਰੂਪ ਨੂੰ ਉਜਾਗਰ ਕਰਦੀ ਹੈ। ਸਾਵਣ ਮਹੀਨੇ ਮੋਰ ਬਾਗਾਂ ਚ ਰਹਿਣਾ ਪਸੰਦ ਕਰਦਾ ਹੈ। ਮੋਰ ਅਤੇ ਸਾਵਣ ਮਹੀਨੇ ਦਾ ਜਿਸਮ ਰੂਹ ਵਾਲਾ ਸੁਮੇਲ ਹੁੰਦਾ ਹੈ। ਦੋਵੇਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਲੱਗਦੇ ਹਨ। ਬਰਸਾਤ ਦਾ ਪਹਿਲਾ ਮਹੀਨਾ ਸਾਵਣ ਹੁੰਦਾ ਹੈ। ਇਸ ਵਿੱਚ ਮੋਰ ਦੀ ਰੂਹ ਅਤੇ ਕੂਕ ਬੋਲਦੀ ਹੋਈ ਧਰਤੀ ‘ਤੇ ਸਵਰਗ ਦੀ ਬਾਤ ਵੀ ਪਾਉਂਦੀ ਹੁੰਦੀ ਹੈ। ਹਰ ਪੱਖ ਤੋਂ ਮੋਰ ਸਾਵਣ ਮਹੀਨੇ ਨੂੰ ਰੂਪਮਾਨ ਕਰਦਾ ਹੋਇਆ ਰੂਹਾਨੀ ਰੂਪ ਦਿੰਦਾ ਹੈ।
ਮੋਰ ਇੱਕ ਨਿਵੇਕਲਾ ਪੰਛੀ ਹੈ। ਜਿਸ ਦਾ ਮੂਲ ਸਥਾਨ ਦੱਖਣ ਪੂਰਬੀ ਏਸ਼ੀਆ ਹੈ। ਇਸ ਦਾ ਮੂਲ ਸਥਾਨ ਵੀ ਖੁੱਲੇ-ਖੁੱਲੇ ਬਾਗਾਂ ਵਿੱਚ ਹੁੰਦਾ ਹੈ। ਨੀਲਾ ਮੋਰ ਭਾਰਤ ਅਤੇ ਸ਼੍ਰੀ ਲੰਕਾ ਦਾ ਰਾਸ਼ਟਰੀ ਪੰਛੀ ਵੀ ਹੈ। ਨਰ ਮੋਰ ਦਾ ਵਿਗਿਆਨਕ ਗੁਣ ਇਹ ਹੈ ਕਿ ਇਹ ਆਪਣੀ ਖੂਬਸੂਰਤ ਪੂਛ ਨਾਲ ਪ੍ਰੇਮ ਨੂੰ ਪ੍ਰਗਟਾਉਂਦਾ ਹੈ। ਖਾਸ ਕਰਕੇ ਸਾਵਣ ਦੇ ਮਹੀਨੇ ਵਿੱਚ ਇਹ ਆਪਣੇ ਪ੍ਰੇਮ ਦੇ ਪ੍ਰਸੰਗ ਛੇੜਦਾ ਹੈ। ਮਿਲਾਪ ਵੀ ਕਰਦਾ ਹੈ। ਮੋਰ ਦੀ ਮਾਦਾ ਨੂੰ ਮੋਰਨੀ ਕਿਹਾ ਜਾਂਦਾ ਹੈ। ਮੋਰ ਦੀ ਖਾਸੀਅਤ ਸੁੰਦਰਤਾ ਕਰਕੇ ਹੀ ਇਸ ਨੂੰ ਰਾਸ਼ਟਰੀ ਪੰਛੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਚੁਣੇ ਜਾਣ ਦਾ ਇਤਿਹਾਸ ਖੂਬਸੂਰਤੀ ਦੇ ਨਾਲ-ਨਾਲ ਹੋਰ ਵੀ ਕਈ ਕਾਰਨਾਂ ਕਰਕੇ ਹੈ। ਮਾਧਵੀ ਕ੍ਰਿਸ਼ਨਨ ਨੇ 1961 ਵਿੱਚ ਲਿਖੇ ਆਪਣੇ ਇੱਕ ਲੇਖ ਵਿੱਚ ਕਿਹਾ ਸੀ ਕਿ ਓਟਾਂਕਮੁੰਡ ਵਿੱਚ ਭਾਰਤੀ ਜੰਗਲੀ ਜੀਵ ਬੋਰਡ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਾਰਸ ਕਰੇਨ, ਬ੍ਰਾਹਮਣੀ ਪਤੰਗ, ਬਸਟਰਡ ਅਤੇ ਹੰਸ ਦੇ ਨਾਵਾਂ ਦੀ ਚਰਚਾ ਹੋਈ। ਇਨਾਂ ਸਾਰਿਆਂ ਵਿੱਚੋਂ ਮੋਰ ਚੁਣਿਆ ਗਿਆ। ਇਸੇ ਲਈ 26 ਜਨਵਰੀ 1963 ਨੂੰ ਮੋਰ ਭਾਰਤ ਦਾ ਰਾਸ਼ਟਰੀ ਪੰਛੀ ਬਣਾਇਆ ਗਿਆ। ਰਾਸ਼ਟਰੀ ਪੰਛੀ ਐਲਾਨੇ ਜਾਣ ਲਈ ਜ਼ਰੂਰੀ ਹੈ ਕਿ ਉਹ ਪੰਛੀ ਸਾਰੇ ਭਾਰਤ ਵਿੱਚ ਮੌਜੂਦ ਹੋਣਾ ਚਾਹੀਦਾ ਹੈ। ਆਮ ਆਦਮੀ ਨੂੰ ਇਸ ਦੀ ਪਛਾਣ ਹੋਣੀ ਚਾਹੀਦੀ ਹੈ। ਸਮਰਾਟ ਚੰਦਰਗੁਪਤ ਮੋਰੀਆ ਦੇ ਰਾਜ ਵਿੱਚ ਸਿੱਕਿਆਂ ਦੇ ਇੱਕ ਪਾਸੇ ਮੋਰ ਦੀ ਫੋਟੋ ਹੁੰਦੀ ਸੀ। ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਤਖਤ ਵੀ ਮੋਰ ਦੀ ਸ਼ਕਲ ਦਾ ਸੀ। ਇਸ ਤਖਤ ਦਾ ਨਾਮ ਤਖਤ-ਏ- ਤਾਊਸ ਸੀ। ਅਰਬੀ ਭਾਸ਼ਾ ਵਿੱਚ ਮੋਰ ਨੂੰ ਤਾਊਸ ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਮੋਰ ਨੂੰ “ਬਲੂ ਪਿਫਾਊਲ ਅਤੇ ਵਿਗਿਆਨਿਕ ਭਾਸ਼ਾ ਵਿੱਚ ਮੋਰ ਨੂੰ “ਪਾਵੋ ਕ੍ਰਿਸਟੇਟਸ” ਕਿਹਾ ਜਾਂਦਾ ਹੈ। ਮੋਰ ਇਕ ਤੋਂ ਵੱਧ ਜੋੜੇ ਬਣਾਉਂਦਾ ਹੈ। ਜਿਸ ਕਰਕੇ ਵਿਗਿਆਨ ਨੇ ਇਸ ਨੂੰ ਬਹੁ-ਵਿਵਾਹਿਤ ਸ਼੍ਰੇਣੀ ਵਿੱਚ ਰੱਖਿਆ ਹੈ। ਇਹ ਵੀ ਸਬੂਤ ਮਿਲਦੇ ਹਨ ਕਿ ਦੱਖਣ ਏਸ਼ੀਆ ਦੇ ਵਿੱਚ ਜਾਵਾ ਦੇਸ਼ ਦੇ ਹਰੇ ਰੰਗ ਵਾਲੇ ਮੋਰ ਨੂੰ ਅਸਲ ਵਿੱਚ ਪਤਨੀ ਵਰਤਾ ਮੋਰ ਕਿਹਾ ਜਾਂਦਾ ਹੈ। ਮੋਰ ਬਾਰੇ ਕਿਤਾਬ ਦੱਸਦੀ ਹੈ ਕਿ ਰੋਮਾਂਸ ਸਮੇਂ ਆਪਣੇ ਖੰਭਾਂ ਨੂੰ ਉੱਪਰ ਚੁੱਕ ਕੇ ਪੈਲ ਪਾਉਂਦਾ ਹੈ ਇਸ ਸਮੇਂ ਉਸ ਦਾ ਸੁਹੱਪਣ ਦੂਣਾ ਚੌਣਾ ਹੋ ਜਾਂਦਾ ਹੈ। ਇਸ ਸਮੇਂ ਰੋਮਾਂਸ ਦੀਆਂ ਤਰੰਗਾਂ ਅਤੇ ਆਵਾਜ਼ਾਂ ਨੂੰ ਸੁਣ ਕੇ ਮਾਦਾ ਮੋਰਨੀ ਕੋਲ ਆ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੋਰਨੀ ਜਿਸ ਮੋਰ ਦੀਆਂ ਪੂੰਛਾਂ ‘ਤੇ ਸੁਹੱਪਣ ਅਤੇ ਖੰਭਾਂ ਤੇ ਅੱਖਾਂ ‘ਤੇ ਨਿਸ਼ਾਨ ਹੋਣ ਮੋਰਨੀ ਉਸ ਵੱਲ ਵੱਧ ਆਕਰਸ਼ਿਤ ਹੁੰਦੀ ਹੈ। ਖੁਰਾਕ ਦੇ ਤੌਰ ‘ਤੇ ਮੋਰ ਨੂੰ ਸਭ ਕੁਝ ਹਜ਼ਮ ਹੁੰਦਾ ਹੈ। ਕੀੜੇ-ਮਕੌੜੇ, ਸੱਪ ਅਤੇ ਫਸਲੀ ਚੱਕਰ ਵਿੱਚ ਇਹ ਆਪਣੀ ਖੁਰਾਕ ਲੈਂਦਾ ਹੈ। ਕਈ ਜੀਵ ਇਸ ਦੀ ਖੁਰਾਕ ਦਾ ਆਧਾਰ ਬਣ ਜਾਂਦੇ ਹਨ। ਖੁਰਾਕੀ ਲੋੜਾਂ ਸਮੇਂ ਸਾਵਣ ਵਿੱਚ ਇਹ ਆਪਣਾ ਨਜ਼ਾਰਾ ਹੋਰ ਵੀ ਵੱਧ ਬੰਨਦਾ ਹੈ। ਇਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।
ਸਾਉਣ ਦੇ ਮਹੀਨੇ ਦੀ ਮਹੱਤਤਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਇਉਂ ਅੰਕਿਤ ਕੀਤਾ ਹੈ:-
“ਮੋਰੀ ਰੋਣ ਝੁਣ ਲਾਇਆ, ਭੈਣੇ ਸਾਵਣ ਆਇਆ”
ਭਾਵ ਪ੍ਰਗਟਾਇਆ ਜਾਂਦਾ ਹੈ ਕਿ ਸਾਵਣ ਦੇ ਮਹੀਨੇ ਹੇ ਭੈਣ, ਸਾਵਣ ਆ ਗਿਆ ਹੈ ਅਤੇ ਇਸ ਨਾਲ ਜੀਵ ਇਸਤ੍ਰੀ ਨੂੰ ਸਿੱਖਿਆ ਦਿੱਤੀ ਗਈ ਹੈ। ਸਾਵਣ ਦੀਆਂ ਕਾਲੀਆਂ ਘਟਾਵਾਂ ਦੇਖ ਕੇ ਮੋਰਾਂ ਨੇ ਮਿੱਠੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਪ੍ਰਸੰਗ ਵਿੱਚ ਜੀਵ ਇਸਤਰੀ ਨੂੰ ਮੁਖਾਤਬ ਹੋ ਕੇ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ।
ਅਧਿਆਤਮਿਕ ਤੌਰ ‘ਤੇ ਸਨਾਤਨ ਮੱਤ ਵਿੱਚ ਮੋਰ ਦੀ ਪ੍ਰਤਿਭਾ ਕਾਫੀ ਮਹਾਨ ਮੰਨੀ ਜਾਂਦੀ ਹੈ। ਮੋਰ ਦੇ ਖੰਭਾਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਖੰਭ ਫਜ਼ੂਲ ਖਰਚੀ ਰੋਕਣ ਲਈ ਵੀ ਪੂਜਾ ਦੇ ਸਥਾਨ ‘ਤੇ ਲਗਾਇਆ ਜਾਂਦਾ ਹੈ। ਸਾਕਾਰਆਤਮਿਕ ਊਰਜਾ ਲਈ ਮੋਰ ਦਾ ਖੰਭ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਵਸਤੂ ਸ਼ਾਸਤਰ ਵਿੱਚ ਮੋਰ ਦਾ ਖੰਭ ਕਿਸਮਤ ਬਦਲਣ ਦੀ ਸਮਰੱਥਾ ਰੱਖਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦੇ ਸੋਹਣੇ ਖੰਭ ਦੇਖ ਕੇ ਸਾਕਾਰ ਆਤਮਿਕ ਊਰਜਾ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਸਿਰ ‘ਤੇ ਸਜਾਉਣ ਲਈ ਵੀ ਚੁਣਿਆ ਸੀ।
ਨਿਆਣੇ ਹੁੰਦੇ ਅਸੀਂ ਵੀ ਆਪਣੀਆਂ ਕਿਤਾਬਾਂ ਵਿੱਚ ਮੋਰ ਦੇ ਖੰਭ ਰੱਖਦੇ ਹੁੰਦੇ ਸਨ। ਸਾਡੀ ਮਿੱਥ ਹੁੰਦੀ ਸੀ ਕਿ ਕਿਤਾਬਾਂ ਵਿੱਚ ਮੋਰ ਦਾ ਖੰਭ ਰੱਖਣ ਨਾਲ ਪੜ੍ਹਾਈ ਵੱਧ ਆਉਂਦੀ ਹੈ। ਲਾਲਾ ਹਰਦਿਆਲ ਨੇ ਇੱਕ ਵਾਰ ਕਿਹਾ ਸੀ ਕਿ, “ਪੰਛੀਆਂ ਅਤੇ ਕੀੜੀਆਂ ਨੂੰ ਕੇਵਲ ਸ਼ੁਗਲ ਲਈ ਨਾ ਮਾਰੋ, ਜ਼ਾਲਮ ਹੋਣ ‘ਚ ਕੋਈ ਸ਼ੁਗਲ ਨਹੀਂ ਹੁੰਦਾ।” ਮੋਰ ਦਾ ਸ਼ਿਕਾਰ ਕਰਕੇ ਇਸ ਨੂੰ ਚੋਰੀ ਛਿਪੇ ਖਾਧਾ ਵੀ ਜਾਂਦਾ ਹੈ। ਉਂਝ ਮੋਰ ਦੇ ਸ਼ਿਕਾਰ ਦੀ ਮਨਾਹੀ ਹੈ। ਇਹ ਕਨੂੰਨੀ ਕਾਇਦੇ ਵਿੱਚ ਆਉਂਦਾ ਹੈ। ਪਿਛਲੇ ਸਮਿਆਂ ਵਿੱਚ ਪੰਜਾਬ ਚ ਇੱਕ ਅਫਸਰ ਮੋਰ ਦੇ ਸ਼ਿਕਾਰ ਵਿੱਚ ਨਾਮਜ਼ਦ ਹੋਇਆ ਸੀ। ਮੋਰ ਮਿੱਤਰ ਅਤੇ ਦੁਸ਼ਮਣ ਨੂੰ ਪਛਾਣਦਾ ਹੈ। ਇਹ ਹਿੰਸਾ ਕਰਨ ਵਾਲੇ ਨੂੰ ਦੇਖ ਕੇ ਭੱਜ ਜਾਂਦਾ ਹੈ। ਜਦੋਂ ਕਿ ਪ੍ਰੇਮੀ ਅਤੇ ਰਿਸ਼ੀਆਂ-ਮੁਨੀਆਂ ਦੇ ਕੋਲ ਆ ਜਾਂਦਾ ਹੈ। ਮੋਰ ਬੰਦੇ ਦਾ ਵਧੀਆ ਮਿੱਤਰ ਹੈ। ਇਹ ਦੇਖਣ ਸੁਣਨ ਵਿੱਚ ਖੂਬਸੂਰਤੀ ਹੀ ਦਿੰਦਾ ਹੈ। ਇਸ ਦੇ ਖੰਭਾਂ ਦੀ ਗਿਣਤੀ ਲਗਭਗ 200 ਹੁੰਦੀ ਹੈ। ਆਵਾਜ਼ ਇਸਦੀ ਉੱਚੀ ਅਤੇ ਤਿੱਖੀ ਹੁੰਦੀ ਹੈ।
ਸਾਹਿਤਕ ਅਤੇ ਸੱਭਿਆਚਾਰਕ ਪੱਖ ਵਿੱਚ ਮੋਰ ਦਾ ਕਾਫੀ ਸਹਾਰਾ ਲਿਆ ਜਾਂਦਾ ਹੈ। ਪੰਜਾਬ ਰੰਗਲਾ ਸੂਬਾ ਹੈ। ਇੱਥੇ ਕੁਦਰਤ ਬਹੁ ਰੰਗੀ ਨਿਖਾਰ ਪੇਸ਼ ਕਰਦੀ ਹੈ।ਹਰਿਆਵਲ ਮੀਂਹ ਘਟਾਵਾਂ ਅਤੇ ਮੌਸਮ ਇੱਕ ਦੂਜੇ ਨੂੰ ਗਲਵੱਕੜੀ ਪਾਉਂਦੇ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਇਸ ਪ੍ਰਸੰਗ ਵਿੱਚ ਕੁਦਰਤ ਨੂੰ ਜੋੜਿਆ ਹੈ:
“ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ”।
ਪੰਜਾਬਣ ਦੀ ਤੋਰ ਦੀ ਤੁਲਨਾ ਵੀ ਮੋਰ ਦੀ ਚਾਲ ਨਾਲ ਕੀਤੀ ਜਾਂਦੀ ਹੈ। ਸਿਰ ‘ਤੇ ਮੁਕਟ ਵਾਲੇ ਮੋਰ ਨੂੰ ਕਲਹਿਰੀ ਮੋਰ ਕਿਹਾ ਜਾਂਦਾ ਹੈ। ਸਾਵਣ ਅਤੇ ਬਾਗਾਂ ਨਾਲ ਰਿਸ਼ਤੇ ਨੂੰ ਵੀ ਮੋਰ ਵੱਲੋਂ ਸਾਂਭਿਆ ਜਾਂਦਾ ਹੈ। ਖੇਤਾਂ ਵਿੱਚੋਂ ਦੁਸ਼ਮਣ ਕੀੜੇ ਖਾਣ ਲਈ ਕਿਸਾਨ ਦਾ ਸਾਥੀ ਵੀ ਸਮਝਿਆ ਜਾਂਦਾ ਹੈ। ਸਾਹਿਤ ਦੀਆਂ ਸਤਰਾਂ ਵਿੱਚ ਇਸ ਦੀਆਂ ਵੰਨਗੀਆਂ ਇਸ ਤਰ੍ਹਾਂ ਹਨ:-
“ਮੋਰ ਪਾਵੇ ਪੈਲਾਂ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਇਆ ਡੱਡ ਨੂੰ”
ਮੋਰ ਦੀ ਮਨਮੋਹਕ ਚਾਲ ਦੀ ਤੁਲਨਾ ਸੱਭਿਆਚਾਰ ਵਿੱਚ ਬਾਖੂਬੀ ਮਿਲਦੀ ਹੈ:
ਮਿਰਗਾਂ ਵਰਗੇ ਨੈਣ ਤੇਰੇ ਤੇ ਮੋਰਾਂ ਵਰਗੀ ਤੋਰ, ਤੇਰੇ ਹੱਥ ਮੇਰੇ ਦਿਲ ਦੀ ਡੋਰ”
ਇਹ ਵੀ ਕਿਹਾ ਜਾਂਦਾ ਹੈ ਕਿ:
“ਤੋਰ ਪੰਜਾਬਣ ਦੀ ਸਿੱਖ ਲੈ ਕਲਹਿਰੀਆ ਮੋਰਾ”
‘ਚਰਖੇ ਦੀ ਮਿੱਠੀ ਮਿੱਠੀ ਘੂੰ-ਘੂੰ’ ਦੀ ਤੁਲਨਾ ਵੀ ਮੋਰ ਨਾਲ ਮਿਲਦੀ ਹੈ, “ਚੀਕੇ ਚਰਖਾ ਬਿਸ਼ਨੀਏ ਤੇਰਾ ਲੋਕਾਂ ਭਾਵੇਂ ਮੋਰ ਕੂਕਦਾ”। ਪੰਜਾਬੀ ਜਵਾਨ ਆਪਣੇ ਸਰੀਰ ‘ਤੇ ਮੋਰ ਮੋਰਨੀਆਂ ਦੀਆਂ ਤਸਵੀਰਾਂ ਬਣਵਾਉਂਦੇ ਹਨ। ਮੋਰਾਂ ਦੀ ਬਾਗ ਨਾਲ ਨੇੜਤਾ ਨੂੰ ਇੱਕ ਲੋਕ ਸਾਹਿਤ ਦੀ ਵੰਨਗੀ ਵਿੱਚ ਇਉਂ ਤਰਾਸ਼ਿਆ ਗਿਆ ਹੈ, “ਸੁਣ ਵੇ ਬਾਗ ਬਗ਼ੀਚਿਆਂ ਦੇ ਮਾਲੀ, ਹੋਰਾਂ ਦੇ ਬਾਗੀ ਮੋਰ ਬੋਲਦੇ ਤੇਰੇ ਬਾਗ ਕਿਉਂ ਖਾਲੀ”। ਸਾਹਿਤਿਕ ਪੱਖ ਦੀ ਇੱਕ ਹੋਰ ਵੰਨਗੀ ਵੀ ਗੂੰਜਦੀ ਹੈ। ਸਾਵਣ ਦੇ ਮਹੀਨੇ ਨਵੀਆਂ ਵਿਆਹੀਆ ਮਾਪਿਆਂ ਦੇ ਘਰ ਕੱਟਦੀਆਂ ਹਨ। ਇਸ ਪਿੱਛੇ ਸਿਹਤ ਦਾ ਕਾਰਣ ਦੱਸਿਆ ਜਾਂਦਾ ਹੈ। ਇਸ ਲਈ ਇਸ ਸਮੇਂ ਦੇ ਦ੍ਰਿਸ਼ ਨੂੰ ਵੀ ਮੋਰ ਰਾਹੀਂ ਕਲਮ ਬੰਦ ਕੀਤਾ ਹੈ, “ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ, ਅਸੀਂ ਨੀ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਦੇ”। ਮੋਰ ਕੁਦਰਤ ਨਾਲ ਇੱਕਮਿਕਤਾ ਨੂੰ ਵੀ ਦਰਸਾਇਆ ਗਿਆ ਹੈ, “ਪੰਛੀ ਬੋਲਣ ਮਿੱਠੜੇ ਬੋਲ ਰੱਖਣ ਕੁਦਰਤ ਦਾ ਸੰਮਤੋਲ”। ਜਦੋਂ ਸੱਜ ਵਿਆਹੀ ਮਾਪੇ ਨਹੀਂ ਆਉਂਦੀ ਤਾਂ ਧੀ ਦਾ ਬਾਪ ਇਉਂ ਸੁਨੇਹਾ ਭੇਜਦਾ ਹੈ:-
“ਮੋਰਾਂ ਨੇ ਪੈਲਾਂ ਪਾ ਲਈਆਂ ਬਾਬਲ ਛਮ-ਛਮ ਰੋਵੇ, ਨਾ ਰੋਅ ਮੇਰਿਆ ਬਾਬਲਾ ਧੀਆਂ ਤਨ ਪਰਾਇਆ”
ਮੁੱਕਦੀ ਗੱਲ ਇਹ ਹੈ ਕਿ ਮੋਰ ਇੱਕ ਅਜਿਹਾ ਪੰਛੀ ਹੈ ਜਿਸ ਬਿਨਾਂ ਸਾਵਣ ਮਹੀਨਾ ਅਧੂਰਾ ਲੱਗਦਾ ਹੈ। ਬਾਗੀਂ ਬੋਲਦੇ ਮੋਰ ਸਾਵਣ ਨੂੰ ਖੂਬਸੂਰਤ ਬਣਾ ਕੇ ਸੱਭਿਆਚਾਰ ਦੀ ਚਾਦਰ ਵਿੱਚ ਵਲੇਟ ਦਿੰਦੇ ਹਨ।