Health & Fitness Articles

ਯੋਗ ਵਿੱਦਿਆ ਦੇ ਅਸਲੀ ਰਚਨਹਾਰ ਰਿਸ਼ੀ ਕਪਿਲ ਮੁਨੀ ਸਨ !

ਕਪਿਲ ਮੁਨੀ ਦੇ ਚੇਲਿਆਂ ਨੇ ਹੀ ਬੁੱਧ ਅਤੇ ਜੈਨ ਧਰਮ ਦੇ ਕੇਂਦਰ ਕਪਿਲਵਸਤੂ ਦੀ ਨੀਂਹ ਰੱਖੀ।
ਲੇਖਕ: ਪ੍ਰਿੰਸੀਪਲ ਪ੍ਰੇਮਲਤਾ, ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ.ਸੈਕੰ.ਸਕੂਲ ਧੂਰੀ

ਮੌਰੀਆ ਸਾਮਰਾਜ ਦਾ ਅੰਤਿਮ ਸ਼ਾਸ਼ਕ ਬ੍ਰਹਦ੍ਰਥ ਸੀ। ਉਸਦੇ ਸੈਨਾਪਤੀ ਪੁਸ਼ਯ ਮਿੱਤਰ ਨੇ ਬ੍ਰਹਦ੍ਰਥ ਦੀ ਹੱਤਿਆ ਕਰਕੇ ਮਗਧ ਉਪਰ ਆਪਣਾ ਰਾਜ ਸਥਾਪਿਤ ਕਰ ਲਿਆ। ਜਿਸ ਨੂੰ ਸ਼ੁੰਗਵੰਸ਼ ਦਾ ਨਾਮ ਦਿਤਾ ਜਾਂਦਾ ਹੈ। ਇਸ ਰਾਜਵੰਸ਼ ਨੇ 112 ਸਾਲ (184-72 ਈ: ਪੂ:) ਤੱਕ ਮਗਧ ‘ਤੇ ਰਾਜ ਕੀਤਾ। ਇਸ ਰਾਜਵੰਸ਼ ਦਾ ਪੁਸ਼ਯਮਿੱਤਰ ਬਹੁਤ ਹੀ ਪ੍ਰਤਾਪੀ ਰਾਜਾ ਹੋਇਆ ਹੈ। ਉਸਦੇ ਸ਼ਾਸ਼ਨਕਾਲ ਵਿੱਚ ਵੈਦਿਕ ਸੰਸਕ੍ਰਿਤੀ ਦੀ ਬਹੁਤ ਤਰੱਕੀ ਹੋਈ। ਸੰਸਕ੍ਰਿਤ, ਰਾਜ ਭਾਸ਼ਾ ਸੀ। ਇਸੇ ਕਾਲ ਵਿੱਚ (150 ਈ: ਪੂ:) ਗੌਂਡਾ (ਉਤੱਰ ਪ੍ਰਦੇਸ਼) ਵਿੱਚ ਪਤੰਜ਼ਲੀ ਰਿਸ਼ੀ ਹੋਏ ਸਨ। ਇਸੇ ਕਾਲ ਵਿੱਚ ਮਨੂਸਮ੍ਰਿਤੀ ਲਿਖੀ ਗਈ। ਸ਼ੁੰਗਵੰਸ਼ ਦੇ ਸ਼ਾਸਕਾਂ ਨੇ ਬੁੱਧ, ਸ਼ੈਵ ਅਤੇ ਵੈਸ਼ ਦੀ ਤਿਕੋਣ ਨੂੰ ਅਪਣਾਇਆ। ਸਾਂਚੀ, ਭਰਹੁਤ ਸਤੂਪ ਉਨ੍ਹਾਂ ਨੇ ਹੀ ਬਣਵਾਏ ਸਨ।

ਅਸ਼ਟਾਂਗ ਯੋਗ ਦਾ ਅਧਾਰ :- ਪਤੰਜ਼ਲੀ ਰਿਸ਼ੀ ਦੇ ਅਸ਼ਟਾਂਗ ਯੋਗ ਦਾ ਅਧਾਰ ਕਪਿਲ ਮੁਨੀ ਦਾ ਸਾਂਖਯ ਦਰਸ਼ਨ ਹੈ। ਕਪਿਲ ਮੁਨੀ, ਪਤੰਜ਼ਲੀ ਰਿਸ਼ੀ ਤੋਂ ਕਈ ਸਦੀਆਂ ਪਹਿਲਾਂ ਹੋਏ ਹਨ। ਕਪਿਲ ਮੁਨੀ ਨੇ ਸਾਂਖਯ ਦਰਸ਼ਨ ਵਿੱਚ ਪ੍ਰਕ੍ਰਿਤੀ ਨੂੰ ਪ੍ਰਧਾਨ ਦੱਸਦੇ ਹੋਏ ਕਿਹਾ ਹੈ, ‘ਇਸ ਤੋਂ ਹੀ ਜਗਤ ਦੀ ਉਤਪਤੀ ਹੋਈ ਹੈ।’ ਇਸ ਦਰਸ਼ਨ ਮੁਤਾਬਿਕ ਹਰ ਕਾਰਜ ਦਾ ਕਾਰਨ ਮੌਜੂਦ ਹੁੰਦਾ ਹੈ। ਸਾਂਖਯ ਦਰਸ਼ਨ, ਮੁੱਖ 25 ਤੱਤਾਂ ਨੂੰ ਮੰਨਦਾ ਹੈ, ਇਹ ਈਸ਼ਵਰ ਦੀ ਸੱਤ੍ਹਾ ਨੂੰ ਨਹੀਂ ਮੰਨਦਾ। ਸ਼੍ਰੀ ਕ੍ਰਿਸ਼ਨ ਨੇ ਭਗਵਤ ਗੀਤਾ ਵਿੱਚ ਕਿਹਾ ਹੈ, ‘ਮੈਂ ਸੰਪੂਰਨ ਵਿਅਕਤੀਆਂ ਵਿੱਚੋਂ, ਰਿਸ਼ੀ ਕਪਿਲ ਮੁਨੀ ਹਾਂ। ਮਹਾਤਮਾ ਬੁੱਧ ਨੇ ਆਪਣੇ ਗੁਰੂ ਆਗੜ੍ਹ ਕਲਾਮ ਕੋਲੋਂ ਕਪਿਲ ਮੁਨੀ ਦੇ ਸਾਂਖਯ ਦਰਸ਼ਨ ਦੀ ਵਿਦਿਆ ਹਾਸਲ ਕੀਤੀ ਸੀ, ਅੱਗੇ ਚੱਲਕੇ ਸਾਂਖਯ ਦਰਸ਼ਨ ਹੀ ਬੁੱਧ ਧਰਮ ਅਤੇ ਜੈਨ ਧਰਮ ਦੀ ਸਿੱਖਿਆ ਦਾ ਅਧਾਰ ਬਣਿਆ। ਕਪਿਲ ਮੁਨੀ ਦੇ ਚੇਲਿਆਂ ਨੇ ਹੀ ਬੁੱਧ ਅਤੇ ਜੈਨ ਧਰਮ ਦੇ ਕੇਂਦਰ ਕਪਿਲਵਸਤੂ ਦੀ ਨੀਂਹ ਰੱਖੀ।

ਪਤੰਜ਼ਲੀ ਰਿਸ਼ੀ ਨੇ ਕਪਿਲ ਦੇ 25 ਤੱਤਾਂ ਵਿੱਚ ਈਸ਼ਵਰ ਦੀ ਸੱਤ੍ਹਾ ਦਾ ਤੱਤ ਜੋੜਕੇ 26 ਤੱਤਾਂ ਦੇ ਆਧਾਰ ‘ਤੇ ਯੋਗ ਸੂਤਰ ਦੀ ਵਿਆਖਿਆ ਕੀਤੀ ਹੈ। ਯੋਗ ਸ਼ਬਦ ਸੰਸਕ੍ਰਿਤ ਦੀ ਯੁਜ ਧਾਤੂ ਤੋਂ ਬਣਿਆ ਹੈ, ਜਿਸਦਾ ਸਧਾਰਣ ਅਰਥ ਹੈ ਜੋੜਨਾ, ਫਲਸਰੂਪ ਪਤੰਜ਼ਲੀ ਯੋਗ ਸੂਤਰ ਵਿੱਚ ਯੋਗ ਦਾ ਅਰਥ ਆਤਮਾ-ਪ੍ਰਮਾਤਮਾ ਦੀ ਸੰਪੂਰਨ ਏਕਤਾ ਹੈ। ਪਤੰਜ਼ਲੀ ਦਾ ਯੋਗ ਸ਼ਾਸਤਰ ਕਪਿਲ ਦੇ ਸਾਂਖਯ ਦਰਸ਼ਨ ਦੀ ਤਾਈਦ ਕਰਦਾ ਹੋਇਆ ਮਨੁੱਖ ਨੂੰ ਉਸ ਅਵਸਥਾ ਵਿੱਚ ਲੈ ਜਾਂਦਾ ਹੈ, ਜਿੱਥੇ ਉਹ ਸੰਸਾਰਿਕ ਚਿੰਤਾਵਾਂ ਤੋਂ ਮੁਕਤ ਹੋਕੇ ਪ੍ਰਕ੍ਰਿਤੀ ਨਾਲ ਸੰਪੂਰਨ ਜੁੜਾਵ ਦੀ ਸਥਿਤੀ ਵਿੱਚ ਆਉਂਦਾ ਹੈ।

ਅਸ਼ਟਾਂਗ ਯੋਗ :- ਮਹਾਰਿਸ਼ੀ ਪਤੰਜ਼ਲੀ ਨੇ ਯੋਗ ਦੇ ਅੱਠ ਅੰਗ ਦੱਸੇ ਹਨ। ਇਨ੍ਹਾਂ ਅੱਠ ਅੰਗਾਂ ਨੂੰ ਜੋੜਕੇ ਅਸ਼ਟਾਂਗ ਯੋਗ ਬਣਦਾ ਹੈ। ਇਹ ਅੱਠ ਅੰਗ ਹਨ: ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਣਾ, ਧਿਆਨ ਅਤੇ ਸਮਾਧੀ।

1) ਯਮ: ਇਹ ਅਸ਼ਟਾਂਗ ਯੋਗ ਦਾ ਪਹਿਲਾ ਅੰਗ ਹੈ। ਇਸ ਵਿੱਚ ਮਨੁੱਖ ਦੇ ਜੀਵਨ ਵਿੱਚ ਅਨੁਸ਼ਾਸ਼ਨ ਨੂੰ ਕਾਇਮ ਕਰਨ ਦੇ ਉਪਾਅ ਦੱਸੇ ਗਏ ਹਨ। ਯਮ ਦੇ ਤੱਤ ਹਨ:-
(ੳ) ਅਹਿੰਸਾ (Non-Violence)
(ਅ) ਸੱਤਿਆ (Truth fullness)
(ੲ) ਅਸ਼ਤੇਯ (Non-thieving – ਚੋਰੀ ਨਾ ਕਰਨਾ)
(ਸ) ਬ੍ਰਹਮਚਰਿਆ:- ਮਾਨਸਿਕ ਸੋਚ, ਬਚਨ ਅਤੇ ਕਰਮ ਦੁਆਰਾ ਇੰਦਰੀਆਂ ਅਤੇ ਮਨ ਉਪਰ ਕਾਬੂ ਰੱਖਣਾ ਹੀ ਬ੍ਰਹਮਚਰਿਆ ਹੈ|
(ਹ) ਅਪਰਿਗ੍ਰਹਿ : ਅਪਰਿਗ੍ਰਹਿ ਦਾ ਅਰਥ ਹੈ ਜੀਵਨ ਜੀਉਣ ਲਈ ਘੱਟੋ-ਘੱਟ ਧਨ ਦੌਲਤ, ਵਸਤਰ, ਜਮੀਨ-ਜਾਇਦਾਦ ਆਦਿ ਨਾਲ ਸਬਰ ਸੰਤੋਖ ਵਾਲਾ ਜੀਵਨ ਬਤੀਤ ਕਰਨਾ।

2) ਨਿਯਮ : (Self-Purification) ਪੰਜ ਯਮਾਂ ਤੋਂ ਬਾਅਦ ਪੰਜ ਨਿਯਮਾਂ ਦੀ ਵਾਰੀ ਆਉਂਦੀ ਹੈ, ਇਹ ਹਨ: ਸ਼ੌਚ, ਸੰਤੋਸ਼, ਤਪ, ਸਵਾਧਿਆਏ ਅਤੇ ਈਸ਼ਵਰ-ਪ੍ਰਾਣਿਧਾਨ।

(ੳ) ਸ਼ੌਚ (Purity) – ਸ਼ੌਚ ਦਾ ਦਾਇਰਾ ਬਹੁਤ ਵਿਆਪਕ ਹੈ। ਸਾਫ਼ ਪਾਣੀ ਨਾਲ ਸ਼ਰੀਰ ਦੀ ਸ਼ੁੱਧੀ, ਤਪ ਨਾਲ ਆਤਮਾ ਦੀ ਸ਼ੁੱਧੀ, ਗਿਆਨ ਨਾਲ ਬੁੱਧੀ ਦੀ ਸ਼ੁੱਧੀ, ਇਰਦ-ਗਿਰਦ ਦੇ ਵਾਤਾਵਰਣ ਦੀ ਸ਼ੁੱਧੀ, ਪਾਉਣ ਵਾਲੇ ਕੱਪੜਿਆਂ ਦੀ ਸ਼ੁੱਧੀ, ਮਲ ਮੂਤਰ ਦੇ ਤਿਆਗ ਨਾਲ ਅੰਦਰਲੇ ਸ਼ਰੀਰ ਦੀ ਸ਼ੁੱਧੀ ਇਹ ਸਾਰੀਆਂ ਗੱਲਾਂ ਸ਼ੋਚ ਵਿੱਚ ਆਉਂਦੀਆਂ ਹਨ।
(ਅ) ਸੰਤੋਖ (Contentment) : ਤ੍ਰਿਸ਼ਨਾ ਦਾ ਅੰਤ ਕਰਕੇ ਹੀ ਸੰਤੋਖ ਪ੍ਰਾਪਤ ਕੀਤਾ ਜਾ ਸਕਦਾ ਹੈ। ਆਪਣੇ ਦਸਾਂ ਨਹੂੰਆਂ ਦੀ ਕਿਰਤ ਕਮਾਈ ਨਾਲ ਪ੍ਰਾਪਤ ਕੀਤੀ ਧਨ ਦੌਲਤ ਵਿੱਚ ਸੁੱਖ ਅਨੁਭਵ ਕਰਨਾ ਹੀ ਸੰਤੋਖ ਹੈ।
(ੲ) ਤਪ (Austerity) : ਸ਼ਰੀਰ, ਇੰਦਰੀਆਂ ਅਤੇ ਮਨ ਦੇ ਸੰਜ਼ਮ ਨੂੰ ਹੀ ਤਪ ਕਿਹਾ ਜਾਂਦਾ ਹੈ। ਆਪਣੇ ਸਦ ਉਦੇਸ਼ ਦੀ ਪ੍ਰਾਪਤੀ ਲਈ ਦੁੱਖ ਰੁਕਾਵਟਾਂ, ਵਿਰੋਧੀ ਹਾਲਾਤਾਂ ਆਦਿ ਦੀ ਚੁਨੌਤੀ ਨੂੰ ਸਹਿਜਤਾ ਨਾਲ ਖਿੜ੍ਹੇ ਮੱਥੇ ਸਵੀਕਾਰਦੇ ਹੋਏ, ਮਨ ਨੂੰ ਵਿਚਲਤ ਕੀਤੇ ਬਿਨ੍ਹਾਂ ਆਪਣੇ ਪਰਮ ਉਦੇਸ਼ ਵੱਲ ਅੱਗੇ ਵੱਧਦੇ ਜਾਣਾ ਹੀ ਤਪ ਹੈ।
(ਸ) ਸਵਾਧਿਆਏ : (Study of the sacred scriptures and of one’s self ) ਆਪਣੇ ਆਪ ਦਾ ਅਧਿਐਨ ਕਰਨਾ-ਆਪਣੇ ਆਪ ਨੂੰ ਜਾਣਨਾ ਹੀ ਸਵਾ ਧਿਆਏ ਹੈ।
(ਹ) ਈਸ਼ਵਰ ਪ੍ਰਾਣਿਧਾਨ : (Surrender to God) ਪ੍ਰਮਾਤਮਾ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣਾ ਹੀ ਈਸ਼ਵਰ ਪ੍ਰਾਣਿਧਾਨ ਹੈ।

3) ਆਸਨ : (Postures) ਪਤੰਜ਼ਲੀ ਯੋਗ ਸੂਤਰ ਦੇ ਅਨੁਸਾਰ ਯੋਗ ਆਸਨਾ ਦਾ ਅਭਿਆਸ ਕਰਨ ਨਾਲ ਸ਼ਰੀਰਿਕ ਸਥਿਰਤਾ ਅਤੇ ਸੁਖ ਦਾ ਅਹਿਸਾਸ ਹੁੰਦਾ ਹੈ। ਸ਼ਰੀਰਿਕ ਸਥਿਰਤਾ ਵਿੱਚ ਹੱਡੀਆਂ, ਮਾਸਪੇਸ਼ੀਆਂ, ਤੰਤਰਿਕਾ-ਤੰਤਰ, ਗ੍ਰੰਥੀਆਂ, ਪਾਚਨ ਕਿਰਿਆ, ਸਾਹ-ਪ੍ਰਣਾਲੀ, ਖ਼ੂਨ ਦਾ ਦੌਰਾ ਆਦਿ ਆਉਂਦੀਆਂ ਹਨ। ਇਨ੍ਹਾਂ ਸਭਨਾ ਦਾ ਨਿਯੰਤ੍ਰਣ ਅਤੇ ਇੱਕ ਰੂਪ ਹੋਕੇ ਕੰਮ ਕਰਨਾ-ਸਰੀਰਿਕ ਸਥਿਰਤਾ ਨੂੰ ਦਰਸਾਉਂਦਾ ਹੈ।

ਯੋਗ ਆਸਨਾਂ ਦੀਆਂ ਕਿਸਮਾਂ
(1) ਮਨ ਦੀ ਇਕਾਗਰਤਾ ਅਤੇ ਧਿਆਨ ਲਗਾਉਣ ਲਈ ਪਦਮ ਆਸਨ : ਪਦਮ ਆਸਨ ਦਾ ਅਰਥ ਹੈ, ਕਮਲ ਦਾ ਫੁੱਲ। ਇਹ ਆਸਨ ਚੌਂਕੜੀ ਮਾਰ ਕੇ ਸਿੱਧੇ ਬੈਠਕੇ ਹੁੰਦਾ ਹੈ। ਇਸ ਨਾਲ ਮਨ ਦੀ ਇਕਾਗਰਤਾ ਵਧਦੀ ਹੈ ਅਤੇ ਰੀੜ੍ਹ ਦੀ ਹੱਡੀ ਮਜਬੂਤ ਹੁੰਦੀ ਹੈ।
(2) ਖੜ੍ਹੇ ਹੋ ਕੇ ਕੀਤੇ ਜਾਣ ਵਾਲੇ ਆਸਨ: ਤਾੜਆਸਨ, ਤ੍ਰਿਕੋਣਆਸਨ, ਚਕਰਾਸਨ, ਗਰੁੜਆਸਨ, ਧਰੁਵਆਸਨ, ਵਾਤਾਯਨਆਸਨ ਅਤੇ ਸੂਰਜ ਨਮਸਕਾਰ। ਇਨ੍ਹਾਂ ਆਸਨਾਂ ਵਿਚੋਂ ਸੂਰਜ ਨਮਸਕਾਰ ਸਭ ਤੋਂ ਉੱਤਮ ਹੈ। ਸੂਰਜ ਨਮਸਕਾਰ ਦੀਆਂ ਸੱਤ ਸਥਿਤੀਆਂ ਹਨ। ਸੂਰਜ ਨੂੰ ਦੇਵਤਾ ਮੰਨਕੇ 13 ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਹੈ।
(3) ਬੈਠਕੇ ਕੀਤੇ ਜਾਣ ਵਾਲੇ ਆਸਨ : ਬੈਠਕੇ ਅਤੇ ਲੇਟ ਕੇ ਕੀਤੇ ਜਾਣ ਵਾਲੇ ਬਹੁਤ ਸਾਰੇ ਆਸਨ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਹਨ:
(ੳ) ਪੱਛਮਉਤਾਨ ਆਸਨ (ਅ) ਉਤਾਨਪਾਦ ਆਸਨ (ੲ) ਸਰਵਾਂਗ ਆਸਨ (ਸ) ਸ਼ੀਰਸ ਆਸਨ (ਹ) ਹਲ ਆਸਨ (ਕ) ਚੱਕਰ ਆਸਨ (ਖ) ਧਨੁਰ ਆਸਨ
(4) ਪ੍ਰਾਣਾਯਾਮ (Yogic Breathing) : ਕਿਸੇ ਸਵੱਛ ਸਥਾਨ ‘ਤੇ ਬੈਠਕੇ ਵਿਸ਼ੇਸ਼ ਵਿਧੀ ਦੁਆਰਾ ਸਾਹ ਨੂੰ ਅੰਦਰ ਖਿੱਚਣਾ ਅਤੇ ਬਾਹਰ ਕੱਢਣਾ ਹੀ ਪ੍ਰਾਣਾਯਾਮ ਹੈ।
ਲਾਭ : (1) ਮਨ, ਪ੍ਰਾਣ, ਬਿਰਤੀ ਅਤੇ ਵੀਰਜ ਇਨ੍ਹਾਂ ਚਾਰਾਂ ਨੂੰ ਵੱਸ ’ਚ ਲਿਆਉਣ ਲਈ ਮਦਦ ਮਿਲਦੀ ਹੈ। (2) ਉਮਰ ਲੰਬੀ ਹੁੰਦੀ ਹੈ। (3) ਗ੍ਰੰਥੀਆਂ ਦੀ ਕਿਰਿਆ ਸੁਚਾਰੂ ਹੋ ਜਾਂਦੀ ਹੈ| (4) ਖ਼ੂਨ ਦੀ ਸਫਾਈ ਹੁੰਦੀ ਹੈ। (5) ਨਾੜੀ ਪ੍ਰਣਾਲੀ ਠੀਕ ਰਹਿੰਦੀ ਹੈ।
ਪ੍ਰਮੁੱਖ ਪ੍ਰਾਣਾਯਾਮ (ੳ) ਅਨੁਲੋਮ-ਵਿਲੋਮ (ਅ) ਕਪਾਲਭਾਤੀ (ੲ) ਭਰਮਰੀ ਪ੍ਰਾਣਾਯਾਮ
(5) ਪ੍ਰਤਿਆਹਾਰ (Withdrawal of senses) : ਸੰਸਾਰਕ ਵਿਸ਼ੇ-ਵਾਸਨਾਵਾਂ ਤੋਂ ਵਿਮੁੱਖ ਹੋ ਕੇ ਆਪਣੇ ਮਨ ਅਤੇ ਇੰਦਰੀਆਂ ਨੂੰ ਅੰਤਰ ਮੁਖੀ ਕਰਨਾ ਹੀ ਪ੍ਰਤਿਆਹਾਰ ਹੈ।
(6) ਧਾਰਣਾ : (Concentration on objects) ਅਸ਼ਟਾਂਗ ਯੋਗ ਵਿਚ ਯਮ, ਨਿਯਮ, ਆਸਨ, ਪ੍ਰਾਣਾਯਾਮ ਚਾਰੇ ਅੰਗ ਯੋਗ ਦੇ ਬਾਹਰੀ ਅੰਗ ਹਨ। ਪ੍ਰਤਿਆਹਾਰ ਵਿਚਕਾਰਲੀ ਕੜੀ ਹੈ, ਜਦੋਂ ਕਿ ਧਾਰਣ, ਧਿਆਨ ਅਤੇ ਸਮਾਧੀ ਅੰਦਰਲੀ ਦੁਨੀਆਂ ਨਾਲ ਸਬੰਧਤ ਹਨ। ਮਨ ਨੂੰ ਸਥੂਲ ਵਿਸ਼ਿਆਂ ਤੋਂ ਹਟਾ ਕੇ ਸੂਖਮ ਵਿਸ਼ਿਆਂ ਵੱਲ ਕੇਂਦਰਤ ਕਰਨਾ ਹੀ ਧਾਰਣਾ ਹੈ। ਧਾਰਣਾ, ਧਿਆਨ ਦਾ ਆਧਾਰ ਹੈ।
(7) ਧਿਆਨ (Deep Meditation) : ਸ਼ਰੀਰ ਨੂੰ ਸਥਿਰ ਕਰਨ ਮਗਰੋਂ ਇੰਦਰੀਆਂ ਦਾ ਬਾਹਰਲੀਆਂ ਚੀਜਾਂ ਨਾਲੋਂ ਸੰਪਰਕ ਤੋੜਨਾ ਹੀ ਧਿਆਨ ਹੈ। ਮਨ ਦੀ ਸੰਪੂਰਨ ਸ਼ਾਂਤੀ ਹੀ ਧਿਆਨ ਹੈ। ਬੁੱਧੀ ਨੂੰ ਤਟਅਸਥ ਕਰਨਾ ਧਿਆਨ ਹੈ।
(8) ਸਮਾਧੀ (State of Super bliss) : ਅਸ਼ਟਾਂਗ ਯੋਗ ਦੀ ਮੰਜ਼ਿਲ ਹੈ ਸਮਾਧੀ। ਇਹ ਯੋਗ ਸਾਧਨਾ ਦੀ ਸਰਬਉਚ ਅਵਸਥਾ ਹੈ। ਆਤਮਾ ਦਾ ਪ੍ਰਮਾਤਮਾ ਨਾਲ ਸੰਪੂਰਨ ਮਿਲਨ ਹੀ ਸਮਾਧੀ ਹੈ। ਇਹ ਪਰਮਆਨੰਦ ਦੀ ਸਥਿਤੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਯਤਨਾ ਸਦਕਾ ਯੂ.ਐਨ. ਵਲੋਂ 21 ਜੂਨ ਨੂੰ ਵਿਸ਼ਵ ਯੋਗ ਦਿਵਸ ਮਨਾਉਣਾ, ਭਾਰਤੀ ਵੈਦਿਕ ਸੰਸਕ੍ਰਿਤੀ ਦਾ ਵਿਗਿਆਨਿਕ ਆਧਾਰ ਪੁਖਤਾ ਹੁੰਦਾ ਹੈ। ਭਾਰਤੀ ਵੈਦਿਕ ਸੰਸਕ੍ਰਿਤੀ ਸਾਰੀ ਦੁਨੀਆਂ ਲਈ ਚਾਨਣ ਮੁਨਾਰਾ ਸਾਬਿਤ ਹੋ ਸਕਦੀ ਹੈ।

Related posts

ਕੈਟਰੀਨਾ ਕੈਫ਼ ਬਾਲੀਵੁੱਡ ਹੀਰੋਇਨ ਹੀ ਨਹੀਂ, ਇੱਕ ਸਫਲ ਕਾਰੋਬਾਰੀ ਔਰਤ ਵੀ ਹੈ !

admin

ਭੈਣੋ, ਆਪਣੇ ਸਰੀਰ ਤੋਂ ਨਹੀਂ ਸਗੋਂ ਆਪਣੀ ਬੁੱਧੀ ਤੋਂ ਆਪਣੀ ਪਛਾਣ ਕਰੋ !

admin

ਬੈਕਬੈਂਚਰ ਤੋਂ ਬਿਨਾਂ ਕਲਾਸਰੂਮ !

admin