Articles Literature

ਰਬਿੰਦਰ ਨਾਥ ਟੈਗੋਰ ਦੀ ਵੱਡੀ ਭੈਣ ਸਵਰਨਾ ਕੁਮਾਰੀ ਦੇਵੀ

ਸਾਹਿਤਕ ਜਗਤ ਵਿੱਚ ਨੋਬੇਲ ਇਨਾਮ ਜੇਤੂ ਰਬਿੰਦਰ ਨਾਥ ਟੈਗੋਰ ਦਾ ਆਪਣਾ ਕੱਦ ਇੰਨਾ ਉੱਚਾ ਸੀ। ਕਿ ਉਨ੍ਹਾ ਦੀ ਵੱਡੀ ਭੈਣ ਸਵਰਨਾ ਕੁਮਾਰੀ ਦੇਵੀ ਦੀ ਸਾਹਿਤਕ ਅਤੇ ਸਮਾਜਿਕ ਘਾਲਣਾ ਬਾਰੇ ਕੋਈ ਜਿਆਦਾ ਗਿਆਨ ਸਾਹਮਣੇ ਨਹੀਂ ਆਇਆ। ਰਬਿੰਦਰ ਨਾਥ ਟੈਗੋਰ ਦੇ ਪਿਤਾ ਦੇਬੇਂਦਰ ਨਾਥ ਟੈਗੋਰ ਦੇ ਪਰਿਵਾਰ ਵਿੱਚ 14 ਬੱਚੇ ਹੋਏ ਸਨ, ਜਿਨ੍ਹਾਂ ਵਿੱਚ ਦਵਿਜੇਂਦਰ ਨਾਥ, ਸਤੇਂਦਰ ਨਾਥ, ਹਮੇਂਦਰ ਨਾਥ, ਬਿਰੇਂਦਰ ਨਾਥ, ਜਿਉਤਿਰੇਂਦਰ ਨਾਥ, ਸੋਮੇਦੰਰ ਨਾਥ, ਰਬਿੰਦਰ ਨਾਥ, ਸੌਦਾ ਮਨੀ, ਸੁ-ਕੁਮਾਰੀ, ਸਰਤ ਕੁਮਾਰੀ, ਸਵਰਨਾ ਕੁਮਾਰੀ, ਬਰਨਾ ਕੁਮਾਰੀ ਸਨ।

ਦੇਬੇਂਦਰ ਨਾਥ ਟੈਗੋਰ ਖੁਦ ਬ੍ਰਾਹਮੋਸਮਾਜ ਅੰਦੋਲਨ ਨਾਲ਼ ਪੂਰੀ ਸਰਗਰਮੀ ਨਾਲ਼ ਜੁੜੇ ਸਨ। ਬ੍ਰਹਮੋ ਸਮਾਜ ਅੰਦੋਲਨ ਇੱਕ ਸਮਾਜ ਸੁਧਾਰਵਾਦੀ ਅਤੇ ਰਾਸ਼ਟਰਵਾਦੀ ਅੰਦੋਲਨ ਸੀ, ਜਿਸਦਾ ਪ੍ਰਭਾਵ ਦੇਬੇਂਦਰ ਨਾਥ ਟੈਗੋਰ ਦੇ ਸਾਰੇ ਪਰਿਵਾਰ ਉੱਪਰ ਗਹਿਰਾ ਪਿਆ।

ਸਵਰਨਾ ਕੁਮਾਰੀ ਦੇਵੀ, ਰਬਿੰਦਰ ਨਾਥ ਟੈਗੋਰ ਤੋਂ ਪੰਜ ਸਾਲ ਵੱਡੇ ਸਨ। ਉਹ ਬੰਗਾਲੀ ਔਰਤਾਂ ਵਿੱਚ ਸਭ ਤੋਂ ਪਹਿਲੀ ਨਾਵਲਕਾਰ ਹੋਈ ਹੈ। ਆਪ ਦਾ ਜਨਮ 28 ਅਗਸਤ 1855 ਨੂੰ ਹੋਇਆ ਅਤੇ 21 ਸਾਲ ਦੀ ਉਮਰ ਵਿੱਚ 1876 ਵਿੱਚ ਪਹਿਲਾ ਨਾਵਲ ” ਦੀਪ ਨਿਰਬਾਨ” ਲਿਖਿਆ। ਇਸ ਨਾਵਲ ਨੇ ਬੰਗਾਲੀਆਂ ਵਿੱਚ ਰਾਸ਼ਟਰੀ ਚੇਤਨਾ ਦੀ ਲੋਅ ਜਗਾਈ। ਨਾਵਲਾਂ ਤੋਂ ਇਲਾਵਾ ਆਪ ਨੇ ਕਵਿਤਾਵਾਂ, ਗੀਤ, ਨਾਟਕ, ਕਹਾਣੀਆਂ ਅਤੇ ਵਿਗਿਆਨਕ ਨਿਬੰਧ ਵੀ ਲਿਖੇ। 1897 ਵਿੱਚ ਆਪ ਨੇ ਬੰਗਾਲੀ ਵਿੱਚ ਪਹਿਲਾਂ ਓਪੇਰਾ ” ਬਸੰਤ ਉਤਸਵ” ਲਿਖਿਆ।

ਭਾਰਤੀ :- “ਭਾਰਤੀ” ਆਪ ਜੀ ਦਾ ਪਰਿਵਾਰਿਕ ਮੈਗਜ਼ਨ ਸੀ। 1877 ਵਿੱਚ ਇਸਦੇ ਪਹਿਲੇ ਸੰਪਾਦਕ ਆਪ ਜੀ ਦੇ ਵੱਡੇ ਭਰਾ ਦਵਿਜੇਂਦਰ ਨਾਥ ਟੈਗੋਰ ਬਣੇ ਸਨ। ਉਹ 7 ਸਾਲ ਇਸਦੇ ਸੰਪਾਦਕ ਰਹੇ। ਉਨ੍ਹਾਂ ਤੋਂ ਬਾਅਦ ਆਪਣੇ 11 ਸਾਲ ਇਸ ਮੈਗਜ਼ੀਨ ਦੀ ਸੰਪਾਂਦਨਾ ਕੀਤੀ। ਇੱਕ ਸਾਲ ਲਈ ਇਸ ਮੈਗਜ਼ੀਨ ਦੀ ਸੰਪਾਦਨਾ ਖੁਦ ਰਬਿੰਦਰ ਨਾਥ ਟੈਗੋਰ ਨੇ ਵੀ ਕੀਤੀ ਸੀ। ਜਦੋਂ “ਭਾਰਤੀ”   ਦਾ ਪਹਿਲਾ ਅੰਕ ਆਇਆ, ਉਸ ਵੇਲੇ ਰਬਿੰਦਰ ਨਾਥ ਟੈਗੋਰ 16 ਸਾਲ ਦੇ ਸਨ। “ਭਾਰਤੀ” ਮੈਗਜ਼ੀਨ ਨੇ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ। ਇੱਕ ਤਾਂ ਇਸਨੇ ਲੋਕਾਂ ਨੂੰ ਬੰਗਾਲੀ ਸਾਹਿਤ ਰਚਨਾ ਕਰਨ ਲਈ ਉਤਸ਼ਾਹ ਦਿੱਤਾ। ਦੂਜਾ ਇਹ ਆਪਣੇ ਪਰਿਵਾਰ ਵਿੱਚ ਸਾਹਿਤ ਦਾ ਸੂਰਜ ਬਣ ਗਿਆ।

 

 

 

 

ਸਖੀ ਸਮਿਤੀ :- 1896 ਵਿੱਚ ਆਪ ਨੇ “ਸਖੀ ਸਮਿਤੀ” ਨਾਂ ਦੀ ਸੰਸਥਾ ਸ਼ੁਰੂ ਕੀਤੀ। ਇਸ ਸਮਿਤੀ ਦਾ ਮੁੱਢਲਾ ਕੰਮ ਅਨਾਥ ਬੱਚਿਆਂ ਅਤੇ ਵਿਧਵਾਵਾਂ ਦਾ ਸ਼ਰੀਰਿਕ ਅਤੇ ਵਿੱਦਿਅਕ ਪਾਲਣ ਪੋਸ਼ਣ ਕਰਨਾ ਸੀ। ਆਪਨੇ ਸਾਹਿਤਕ ਰਚਨਾ ਦੇ ਮਾਧਿਅਮ ਨਾਲ਼ ਅਤੇ ਅੰਦੋਲਨ ਵਿੱਚ ਖੁਦ ਭਾਗ ਲੈ ਕੇ ਦੇਸ਼ ਦੇ ਆਜ਼ਾਦੀ ਅੰਦੋਲਨ ਵਿੱਚ ਵੀ ਆਪਣਾ ਯੋਗਦਾਨ ਦਿੱਤਾ।

ਸਾਹਿਤ ਰਚਨਾ :- ਬੰਗਾਲੀ ਵਿੱਚ ਬਹੁਤ ਹੀ ਉੱਤਮ ਦਰਜੇ ਦੀ ਅਤੇ ਭਾਰੀ ਮਾਤਰਾ ਵਿੱਚ ਸਾਹਿਤ ਰਚਨਾ ਦਾ ਸੇਹਰਾ ਆਪ ਨੂੰ ਜਾਂਦਾ ਹੈ। ਇਸ ਬਹੁਮੁੱਲੇ ਸਾਹਿਤ ਰਚਨਾ ਰਾਹੀਂ ਆਪਨੇ ਬੰਗਾਲੀ ਜਨ ਮਾਨੁਸ਼ ਵਿੱਚ ਸਮਾਜ ਸੁਧਾਰ, ਰਾਸ਼ਟਰੀ ਚੇਤਨਾ ਅਤੇ ਨਾਰੀ ਚੇਤਨਾ ਦੀ ਲਾਟ ਜਗਾਈ। ਆਪ ਜੀ ਦੇ ਨਾਵਲ ਹਨ:-

ਦੀਪ ਨਿਰਬਾਨ (1876), ਮਿਬਾੜ ਰਾਜ (1817), ਚਿੰਨਾ ਮੁਕੁਲ (1879), ਮਲਾਟੀ (1879), ਹੁਗਲੀਰ ਇਮਾਮਬਾੜੀ (1887), ਬਿਦਰੋਹੋ (1890), ਸਨੇਹਲਤਾ (1892), ਕਹਾਕੇ (1898), ਫੁਲੇਰਮਾਲਾ (1895), ਬਚਿੱਤਰਾ (1920), ਸਵਪਨਾ ਬਾਣੀ (1921), ਮਿਲਨ ਰੱਤੀ (1925), ਸਬੀਰੇਰ ਦਿਨ ਰਾਤ (1932) ਹਨ।

ਨਾਟਕਾਂ ਵਿੱਚ :- ਵਿਵਾਹਾਂ ਉਤਸਵ (1892), ਬਸੰਤ ਉਤਸਵ, ਰਾਜ ਕੰਨਿਆ, ਦਿੱਬਿਆ ਕਮਲ, ਦੇਬ ਕੌਤੁਕ, ਕੋਨੇ ਬਾਦਲ, ਯੁਗਾਂਤਾ ਅਤੇ ਨਿਬੇਦਿਤਾ (1917) ਹਨ।

ਕਵਿਤਾਵਾਂ ਵਿੱਚ :- ਗਾਥਾ, ਗਿਤਿਗੁੱਛ।

ਆਪਨੇ ਬਹੁਤ ਸਾਰੀਆਂ ਕਹਾਣੀਆਂ ਦੀ ਰਚਨਾ ਕੀਤੀ। ਆਪ ਜੀ ਦੀ ਕਹਾਣੀ “ਮਿਊਦਨੀ” ਇੱਕ ਸਤੀ ਚਰਿੱਤਰ ਬਾਰੇ ਹੈ, ਜੋ ਅੱਗ ਵਿੱਚ ਕੁੱਦਣ ਤੋਂ ਨਾਂਹ ਕਰ ਦਿੰਦੀ ਹੈ, ਜੋ ਸਤੀ ਪ੍ਰਥਾ ਤੇ ਚੋਟ ਕਰਦੀ ਹੈ। ਆਪਨੇ ਵਿਗਿਆਨ ਆਰਟੀਕਲ “ਪ੍ਰਿਥਵੀ” ਦੀ ਰਚਨਾ ਕੀਤੀ। ਆਪਨੇ ਵਿਗਿਆਨ ਦੇ ਬੰਗਾਲੀ ਸ਼ਬਦਕੋਸ਼ ਦੀ ਰਚਨਾ ਕੀਤੀ। ਆਪ ਜੀ ਦੇ ਗੀਤਾਂ ਦੀ ਕਿਤਾਬ “An Unfinished Song”  ਹੈ। ਆਪ 3 ਜੁਲਾਈ 1932 ਨੂੰ ਸਵਰਗ ਸਿਧਾਰ ਗਏ। 

Related posts

ਅਮਰੀਕਾ ਤੋਂ ਡਿਪੋਰਟ ਹੋਏ ਲੋਕ, ਕਸੂਰ ਵਾਰ ਕੌਣ ?

admin

ਲੋਕ ਕਲਾ ਦੇ ਨਾਮ ‘ਤੇ ਅਸ਼ਲੀਲਤਾ ਪਰੋਸ ਕੇ ਸਸਤੀ ਪ੍ਰਸਿੱਧੀ ਹਾਸਲ ਕਰਨ ਦਾ ਯਤਨ !

admin

ਪਿੰਡ ਦੇ ਦਲਿਤ ਵਰਗ ‘ਚੋਂ ਪਹਿਲੇ ਅਧਿਆਪਕ ਬਣ ਕੇ ਆਰਜ਼ੀ ਬੀ.ਪੀ.ਈ.ੳ. ਤੱਕ ਦੀ ਡਿਊਟੀ ਨਿਭਾਉਣ ਵਾਲੇ ਮਾ: ਚੇਤ ਸਿੰਘ

admin