
ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ’ ਆਖ ਕੇ ਵੱਡੇ-ਵੱਡੇ ਰਾਜਿਆਂ-ਮਹਾਰਾਜਿਆਂ,ਪੀਰ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਔਰਤ ਨੂੰ ਵਡਿਆਇਆ ਸੀ। ਸਾਡਾ ਅਮੋਲਕ ਸ੍ਰੋਤ ਵੀ ਇਸਤਰੀ ਦੀ ਵਡਿਆਈ ਦੀ ਹਾਮੀ ਭਰਦਾ ਹੈ ਪਰ ਅੱਜ ਔਰਤ ਦੇ ਜਨਮ ਲੈਣ ਉੱਤੇ ਹੀ ਅਣ-ਐਲਾਨੀ ਪਾਬੰਦੀ ਲਗਾ ਦਿੱਤੀ ਹੈ। ਇੱਕ ਪਾਸੇ ਤਾਂ ਨਰਾਤਿਆ ਦੇ ਦਿਨਾਂ ਵਿੱਚ ਕੰਨਿਆ-ਪੂਜਣ ਅਤੇ ਦੂਜੇ ਪਾਸੇ ਉਸੇ ਕੰਨਿਆ ਨੂੰ ਧਰਤੀ ਉੱਤੇ ਜਨਮ ਲੈਣ ਤੋਂ ਵਾਂਝਿਆਂ ਕਰ ਦੇਣਾ, ਅੱਜ ਦੇ ਸੱਭਿਅਕ ਕਹਾਏ ਜਾਣ ਵਾਲੇ ਭਾਰਤੀ ਸਮਾਜ ਉੱਤੇ ਇਹ ਇੱਕ ਕਲੰਕ ਹੈ। ਅੱਜ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਰਹੀ ਕਿ ਭਾਰਤੀ ਸਮਾਜ ਵਿੱਚ ਕੀ ਭਾਣਾ ਵਾਪਰ ਰਿਹਾ ਹੈ। ਪਹਿਲਾਂ ਕੁੜੀ ਨੂੰ ਜਨਮ ਲੈਣ ਤੋਂ ਬਾਅਦ ਵਿੱਚ ਮਾਰਿਆ ਜਾਂਦਾ ਸੀ ਪਰ ਅੱਜ ਤਾਂ ਇਸਤੋਂ ਵੀ ਦੋ ਕਦਮ ਅੱਗੇ ਨਿੱਕੀ ਜਿਹੀ ਜਿੰਦ ਨੂੰ ਅੱਖਾਂ ਖੋਲਣ ਤੋਂ ਪਹਿਲਾਂ ਹੀ ਸਦਾ ਦੀ ਨੀਂਦ ਸੁਆ ਦਿੱਤਾ ਜਾਂਦਾ ਹੈ। ਕਾਨੂੰਨੀ ਤੌਰ ਤੇ ਮਨਾਹੀ ਹੋਣ ਦੇ ਬਾਵਜੂਦ ਕੁਝ ਲੋਕ ਚੰਦ ਕੁ ਸਿੱਕਿਆਂ ਪਿੱਛੇ ਦੀਨ-ਈਮਾਨ ਤੇ ਅਣਖ ਸਭ ਕੁਝ ਵੇਚਕੇ ਜਿਊਂਦੀ ਜਾਗਦੀ ਜਿੰਦ ਨੂੰ ਜੰਮਣ ਤੋਂ ਪਹਿਲਾ ਹੀ ਮੁਕਾ ਦਿੰਦੇ ਹਨ। ਲੋਕ ਕੁੜੀ ਨੂੰ ਬੋਝ ਸਮਝਦੇ ਹਨ। ਰੱਬ ਹਰ ਥਾਂ ਆਪ ਨਹੀਂ ਪਹੁੰਚ ਸਕਦਾ ਜਿਸ ਕਰਕੇ ਔਰਤ,ਮਾਂ ਦੇ ਰੂਪ ਵਿੱਚ ਭੇਜੀ ਹੈ।ਮਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਭਾਵੇਂ ਕਾਨੂੰਨ ਨੇ ਧੀਆਂ ਨੂੰ ਬਰਾਬਰ ਦੇ ਹੱਕ ਦੇ ਦਿੱਤੇ ਹਨ ਪਰ ਹਾਲੇ ਸਮਾਜ ਦੇ ਲੋਕਾਂ ਨੇ ਧੀਆਂ ਨੂੰ ਉਹ ਦਰਜਾ ਨਹੀਂ ਦਿੱਤਾ ਜੋ ਦੇਣਾ ਚਾਹੀਦਾ ਹੈ।
ਭਾਵੇਂ ਕੁਝ ਕੁ ਲੋਕਾਂ ਨੇ ਪੱਛਮੀ ਸੱਭਿਅਤਾ ਦੇ ਅਧੀਨ ਆਪਣੀਆਂ ਧੀਆਂ ਨੂੰ ਕੁਝ ਅਜ਼ਾਦੀ ਦੇ ਦਿੱਤੀ ਹੈ ਪਰ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਅਜਿਹੇ ਲੋਕਾਂ ਦਾ ਹੈ ਜਿਨ੍ਹਾਂ ਨੇ ਧੀਆਂ ਉੱਪਰ ਬਹੁਤ ਸਾਰੀਆਂ ਬੰਦਸ਼ਾ ਲਗਾਈਆ ਹੋਈਆ ਹਨ, ਪਹਿਲਾਂ ਤਾਂ ਉਹ ਚਾਹੁੰਦੇ ਹੀ ਨਹੀਂ ਕਿ ਉਨ੍ਹਾਂ ਦੇ ਘਰ ਧੀ ਹੋਵੇ, ਜੇਕਰ ਰੱਬ ਦੀ ਮਰਜੀ ਨਾਲ ਧੀ ਜਨਮ ਲੈ ਵੀ ਲੈਂਦੀ ਹੈ ਤਾਂ ਬਚਪਨ ਤੋਂ ਹੀ ਉਸ ਉੱਪਰ ਬੰਦਸ਼ਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਰੋਕਾਂ ਕੱਪੜਿਆਂ (ਲਿਬਾਸ) ਦੇ ਸੰਬੰਧ ਵਿੱਚ ਬਾਹਰ ਆਣ-ਜਾਣ ਦੇ ਸੰਬੰਧ ਵਿੱਚ ਹੁੰਦੀਆਂ ਹਨ। ਰਾਜਿਆਂ-ਮਹਾਰਾਜਿਆਂ ਅਤੇ ਸੂਰਵੀਰਾਂ ਦੀ ਜਨਮਦਾਤੀ ਭਲਾ ਮਾੜੀ ਜਾਂ ਨਿੰਦਣਯੋਗ ਕਿਵੇਂ ਹੋ ਸਕਦੀ ਹੈ? ਜਿਸ ਇਸਤਰੀ ਬਿਨ੍ਹਾਂ ਮਰਦ ਇੱਕ ਪਲ ਵੀ ਗੁਜ਼ਾਰਾ ਨਹੀਂ ਕਰ ਸਕਦਾ,ਉਹ ਫਿਰ ਭੈੜੀ ਕਿਵੇਂ ਹੋ ਗਈ? ਇਸੇ ਲਈ ਗੁਰਮਤਿ ਨੇ ਕਿਹਾ ਹੈ:
ਭੰਡਿ ਮੁਆ ਭੰਡਿ ਭਾਲੀਐ, ਭੰਡਿ ਹੋਵੇ ਬੰਧਾਨੁ।
ਸੋ ਕਿਉਂ ਮੰਦਾ ਆਖੀਐ, ਜਿਤੁ ਜੰਮੇ ਰਾਜਾਨੁ।
ਕਹਿਣ ਨੂੰ ਤਾਂ ਅਜੋਕੀ ਔਰਤ ਪੁਲਾੜਾਂ ਦੀ ਹਮਸਫ਼ਰ ਆਖੀ ਜਾ ਸਕਦੀ ਹੈ, ਪ੍ਰੰਤੂ ਧਰਤੀ ਵਾਸੀ ਇਸਤਰੀਆਂ ਦੀ ਦੁਰਦਸ਼ਾ ਜਾਣ ਕੇ ਮਨ-ਮਸਤਕ ਝੰਜੋੜਿਆ ਜਾਂਦਾ ਹੈ।ਇਸ ਤੋਂ ਬਿਨਾਂ ਕਿਹੜਾ ਦਿਨ ਹੈ ਜਦੋਂ ਦਾਜ ਖਾਤਰ ਮਾਰੀਆਂ ਨੂੰਹਾਂ ਦੀਆਂ ਭਿਅੰਕਰ ਖਬਰਾਂ ਨਹੀਂ ਛਪਦੀਆਂ। ਬੇਸ਼ੱਕ ਅੱਜ ਦੀ ਔਰਤ ਧਰਮ, ਰਾਜਨੀਤੀ ਅਤੇ ਵਿੱਦਿਆ ਦੇ ਖੇਤਰ ਵਿੱਚ ਕਿਸੇ ਗੱਲੋਂ ਮਰਦ ਤੋਂ ਪੱਛੜੀ ਹੋਈ ਨਹੀਂ ਪਰ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਦਾਜ ਦੀ ਲਾਹਨਤ ਤੇ ਭਰੂਣ ਹੱਤਿਆ ਵਰਗੀਆ ਬੁਰਾਈਆਂ ਔਰਤ ਨੂੰ ਬਰਾਬਰੀ ਤਾਂ ਕੀ ਦੇਣਗੀਆਂ ਸਗੋਂ ਉਸਦੀ ਹੋਂਦ ‘ਤੇ ਵੀ ਪ੍ਰਸ਼ਨ ਚਿੰਨ੍ਹ ਲਾ ਰਹੀਆਂ ਹਨ। ਆਉ, ਅੱਜ ਅਸੀਂ ਇਨ੍ਹਾਂ ਮਾਸੂਮ ਕਲੀਆਂ ਦੀ ਰਾਖੀ ਲਈ ਹੰਭਲਾ ਮਾਰੀਏ। ਰੰਗਲੀ ਦੁਨੀਆਂ ਦੇਖਣ ਦਾ ਮੌਕਾ ਦਈਏ, ਜਿਸਦਾ ਕੋਮਲ ਹੱਥ ਤੁਹਾਡੀ ਛੋਹ ਲਈ ਤੜਪ ਰਹੇ ਹਨ।ਵੀਰਾਂ ਦੀਆਂ ਕਲਾਈਆਂ ਦੇ ਭਾਗ ਹਨ ਇਹ ਮਾਸੂਮ ਜਿੰਦਾਂ,ਮਾਂ ਦੇ ਦੁੱਖ-ਸੁੱਖ ਦੀਆਂ ਸਾਂਝਾਂ ਹਨ ਇਹ ਧੀਆਂ। ਅੱਜ ਆਪਣੀ ਸੋਚ ਨੂੰ ਦਿਮਾਗ ਵਿੱਚੋਂ ਕੱਢ ਦਈਏ ਕਿ ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਮਾਏ। ਅੱਜ ਆਪਣੀ ਸੋਚ ਨੂੰ ਸਾਰਥਿਕ ਅਰਥ ਦਈਏ। ਅੱਜ ਧੀਆਂ ਤੋਂ ਬਿਨ੍ਹਾਂ ਪਰਿਵਾਰ ਅਧੂਰੇ ਹੈ। ਹਰ ਰਿਸ਼ਤਾ ਨਾਤਾ ਧੀ ਤੋਂ ਸ਼ੁਰੂ ਹੁੰਦਾ ਹੈ ਅਤੇ ਧੀ ਉੱਤੇ ਹੀ ਖ਼ਤਮ ਹੁੰਦਾ ਹੈ। ਇੱਕ ਧੀ ਆਪਣੇ ਪਰਿਵਾਰ ਨੂੰ ਹਮੇਸ਼ਾ ਪਿਆਰ ਦੇ ਧਾਗੇ ਵਿੱਚ ਮੋਤੀਆਂ ਵਾਂਗ ਪਰੋ ਕੇ ਰੱਖਦੀ ਹੈ। ਭਰੂਣ-ਹੱਤਿਆ ਜਿਹਾ ਕੁਕਰਮ ਕਰਨ ਵਾਲਿਆ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਲੜਕੀ ਨੂੰ ਅਸੀਂ ਮਾਰਿਆ ਹੈ, ਉਸ ਵਰਗੀਆਂ ਅਨੇਕਾਂ ਲੜਕੀਆਂ ਦੇਸ਼ ਦੇ ਗੌਰਵਸ਼ਾਲੀ ਅਤੇ ਸਨਮਾਨਯੋਗ ਅਹੁਦਿਆ ਤੇ ਬਿਰਾਜਮਾਨ ਹੋ ਕੇ ਆਪਣੇ ਮਾਪਿਆ ਅਤੇ ਦੇਸ਼ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ, ਲਿਖ ਰਹੀਆਂ ਹਨ ਅਤੇ ਭਵਿੱਖ ਵਿੱਚ ਵੀ ਲਿਖਾਉਣਗੀਆਂ। ਸਾਨੂੰ ਲੋੜ ਹੈ ਵਿਸ਼ਵਾਸ ਦੀ, ਆਪਣੀ ਸੋਚ ਵਿੱਚ ਤਬਦੀਲੀ ਲਿਆਉਣ ਦੀ, ਲੜਕੀ ਦੀ ਸਿੱਖਿਆ ਦੇ ਪ੍ਰਸਾਰ ਦੀ, ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਵਿੱਦਿਆ ਪ੍ਰਦਾਨ ਕਰਨ ਦੀ। ਅੱਜ ਜ਼ਰੂਰਤ ਹੈ ਨਾਰੀ ਨੂੰ ਆਪਣੇ ਅਸਤਿਤਵ ਪ੍ਰਤੀ ਸੁਚੇਤ ਹੋਣ ਦੀ। ਆਉਣ ਵਾਲੇ ਸਮੇਂ ਦੌਰਾਨ ਨਵਾਂ ਸਮਾਜ ਸਿਰਜਣ ਦੀ,ਜਿਸਦੀ ਹੋਂਦ ਵਿੱਚ ਉਹ ਅਜ਼ਾਦ ਸਾਹ ਲੈ ਸਕੇ ਅਤੇ ਆਪਣੀ ਵਿਲੱਖਣ ਹੋਂਦ ਦਾ ਅਹਿਸਾਸ ਕਰਾ ਸਕੇ।