
ਇੱਕ ਅਖਬਾਰ ਦੀ ਸੰਪਾਦਕੀ ਪੜ੍ਹਦਿਆਂ ਮਹਿਸੂਸ ਕੀਤਾ ਕਿ ‘ਰਾਜ ਕਾਨੂੰਨ ਅਨੁਸਾਰ ਅਤੇ ‘ਕਾਨੂੰਨ ਅਨੁਸਾਰ ਰਾਜ, ਦਾ ਸੰਕਲਪ ਹਰ ਅਧਿਕਾਰੀ ਅਤੇ ਜੱਜ ਨੂੰ ਪੜਾਇਆਂ ਜਾਣਾ ਚਾਹੀਦਾ ਹੈ। ਮੇਰੀ ਸਮਝ ਅਨੁਸਾਰ ਕਾਨੂੰਨ ਦੀ ਭਾਵਨਾ ਸਮਝ ਕੇ ਇਸ ਨੂੰ ਲਾਗੂ ਕਰਨਾ, ਰਾਜ ਕਾਨੂੰਨ ਅਨੁਸਾਰ ਹੈ। ਕਾਨੂੰਨ ਦੀ ਭਾਵਨਾ ਸਮਝੇ ਬਿਨਾਂ ਇਸ ਨੂੰ ਲਾਗੂ ਕਰਨਾ ‘ਕਾਨੂੰਨ ਅਨੁਸਾਰ ਰਾਜ ਹੈ। ਕਾਨੂੰਨ ਨੂੰ ਇਸ ਤਰ੍ਹਾਂ ਲਾਗੂ ਕਰਨ ਨਾਲ ਆਮ ਜੀਵਨ ਵਿੱਚ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਆਪਣੇ ਜੀਵਨ ਦੀਆਂ ਕੁਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾਂ ਹਾਂ।
ਸਕੂਲ ਪੜ੍ਹਦਿਆਂ ਅੰਗਰੇਜ਼ੀ ਦੀ ਕਿਤਾਬ ਦੀ ਕਹਾਣੀ ਅਨੁਸਾਰ ਇਕ ਬਰਫਾਨੀ ਦਿਨ ਇਕ ਮੁਸਾਫਰ ਛੋਟਾ ਕੁੱਤਾ ਲੈ ਕੇ ਸਫਰ ਲਈ ਬੱਸ ਚੜਦਾ ਹੈ। ਮੁਸਾਫਰ ਵੱਲੋਂ ਕੁੱਤੇ ਦੇ ਮਲ-ਤਿਆਗ ਆਦਿ ਦਾ ਪੂਰਾ ਪਰਬੰਧ ਕੀਤਾ ਹੋਇਆ ਹੈ ਤਾਂ ਜੋ ਦੂਸਰਿਆਂ ਨੂੰ ਕੋਈ ਮੁਸ਼ਕਲ ਨਾ ਆਏ। ਕੰਡਕਟਰ ਯਾਤਰੀਆਂ ਨੂੰ ਕੁੱਤੇ ਨਾਲ ਸਫਰ ਕਰਨ ਦੀ ਆਗਿਆ ਨਹੀਂ ਦਿੰਦਾ। ਕਾਫੀ ਬਹਿਸ ਤੋਂ ਬਾਅਦ ਕੰਡਕਟਰ ਯਾਤਰੀ ਨੂੰ ਬੱਸ ਦੀ ਛੱਤ ‘ਤੇ ਬੈਠ ਕੇ ਸਫਰ ਕਰਨ ਦੀ ਆਗਿਆ ਦਿੰਦਾ ਹੈ। ਇਬੇ ਕੰਡਕਟਰ ਨੇ ਰਾਜ ਕਾਨੂੰਨ ਅਨੁਸਾਰ ਦੀ ਭਾਵਨਾ ਤੇ ਨਾ ਚੱਲ ਕੇ ਕਾਨੂੰਨ ਅਨੁਸਾਰ ਰਾਜ ਦੀ ਗੱਲ ਕੀਤੀ ਹੈ।
ਇਕ ਹੋਰ ਘਟਨਾ ਮੇਰੇ ਬਤੌਰ ਜਿਲਾ ਸਿਖਿਆ ਅਫਸਰ ਕੰਮ ਕਰਦਿਆਂ ਇਕ ਕੋਰਟ ਕੇਸ ਭੁਗਤਦਿਆਂ ਧਿਆਨ ਵਿੱਚ ਆਈ। ਪਿਛਲੇ ਕੁਝ ਸਾਲਾਂ ਤੋਂ ਸਿਖਿਆ ਵਿਭਾਗ ਵਿੱਚ ਸਕੂਲਾਂ ਦੇ ਅਧਿਆਪਕਾਂ ਦੀ ਹਾਜਰੀ ਕਾਨੂੰਨ ਅਨੁਸਾਰ ਰਾਜ ਦੀ ਭਾਵਨਾ ਨਾਲ ਚੈੱਕ ਕੀਤੀ ਜਾ ਰਹੀ ਹੈ। ਮੇਰਾ ਇਕ ਜੂਨੀਅਰ ਅਧਿਕਾਰੀ ਸਕੂਲ ਚੈੱਕਿਗ ਲਈ ਜਾਂਦਾ ਹੈ। ਚੈਕਿੰਗ ਵਾਲੇ ਪੇਂਡੂ ਸਕੂਲ ਦੇ ਰਾਹ ਵਿੱਚ ਇਕ ਰੇਲ ਫਾਟਕ ਆਉਂਦਾ ਹੈ। ਫਾਟਕ ਬੰਦ ਹੋ ਜਾਣ ਕਾਰਨ ਅਧਿਕਾਰੀ ਦੀ ਗੱਡੀ ਅਤੇ ਬੱਸ ਜਿਸ ਵਿੱਚ ਸਕੂਲ ਅਧਿਆਪਕਾਂਵਾਂ ਸਫਰ ਕਰ ਰਹੀਆਂ ਸਨ, ਰੁਕ ਜਾਂਦੀਆਂ ਹਨ। ਫਾਟਕ ਖੁੱਲ੍ਹਣ ਤੇ ਅਧਿਕਾਰੀ ਜਲਦੀ ਸਕੂਲ ਪਹੁੰਚ ਜਾਂਦਾ ਹੈ, ਅਧਿਆਪਕਾਵਾਂ ਕੁੱਝ ਲੇਟ ਸਕੂਲ ਪਹੁੰਚਦੀਆਂ ਹਨ। ਜੂਨੀਅਰ ਅਧਿਕਾਰੀ ਵੱਲੋਂ ਅਧਿਆਪਕਾਵਾਂ ਦੀ ਸਕੂਲ ਲੇਟ ਪਹੁੰਚਣ ਦੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਂਦੀ ਹੈ। ਉਚ ਅਧਿਕਾਰੀ ਵੱਲੋਂ ਅਧਿਆਪਕਾਵਾਂ ਦੀ ਇਕ ਤਰੱਕੀ ਬੰਦ ਕਰ ਦਿੱਤੀ ਜਾਂਦੀ ਹੈ। ਇਨਸਾਫ ਲਈ ਅਧਿਆਪਕਾਵਾਂ ਕੋਰਟ ਜਾਂਦੀਆਂ ਹਨ। ਜੱਜ ਵੱਲੋਂ ਸਾਰੀ ਗੱਲ ਸਮਝ ਕੇ ਰਾਜ ਕਾਨੂੰਨ ਅਨੁਸਾਰ ਦੀ ਭਾਵਨਾ ਨਾਲ ਤਰੱਕੀ ਬਹਾਲ ਕਰ ਦਿੱਤੀ ਜਾਂਦੀ ਹੈ।
ਇਕ ਵਾਰ ਡਾਇਰੈਕਟਰ ਦਫਤਰ ਕੰਮ ਕਰਦਿਆਂ ਦੇਰ ਰਾਤ ਫੋਨ ਤੇ ਅਗਲੇ ਦਿਨ ਕਿਸੇ ਸਕੂਲ ਦੇ ਅਧਿਆਪਕ ਦੀ ਪੜਤਾਲ ਕਰਨ ਦਾ ਹੁਕਮ ਪਰਾਪਤ ਹੋਇਆ। ਕੁੱਝ ਪੰਚਾਇਤਾਂ ਮੰਤਰੀ ਜੀ ਨੂੰ ਮਿਲ ਕੇ ਇਕ ਹਿਸਾਬ ਮਾਸਟਰ ਦੀ ਬਦਲੀ ਦੇ ਹੁਕਮ ਦੇਣ ਦੀ ਜਿਦ ਕਰ ਰਹੀਆਂ ਸਨ। ਡਾਇਰੈਕਟਰ ਸਾਹਿਬ ਨੇ ਇਕ ਦਿਨ ਠਹਿਰ ਕੇ ਪੜਤਾਲ ਕਰਵਾ ਕੇ ਬਦਲੀ ਕਰਨ ਲਈ ਮੰਤਰੀ ਜੀ ਨੂੰ ਮਨਾ ਲਿਆ। ਪੜਤਾਲ ਸਮੇਂ ਮੇਰੇ ਧਿਆਨ ਵਿੱਚ ਆਇਆਂ ਕਿ ਸਕੂਲ ਦੇ ਦਸਵੀਂ ਜਮਾਤ ਦੇ ਦੋ ਸ਼ੈਕਸ਼ਨ ਸਨ, ਦੋਹਾਂ ਸ਼ੈਕਸ਼ਨ ਦਾ ਨਤੀਜਾ ਬੋਰਡ ਤੋਂ ਘੱਟ ਸੀ। ਪੰਚਾਇਤਾਂ ਵੱਲੋਂ ਦੂਸਰੇ ਅਧਿਆਪਕ ਦੀ ਸ਼ਿਕਾਇਤ ਨਹੀਂ ਕੀਤੀ ਗਈ। ਪੜਤਾਲ ਸਮੇਂ ਸਿਕਾਇਤ ਵਾਲੇ ਅਧਿਆਪਕ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕਰਵਾ ਰਿਹਾ ਸੀ ਤਾਂ ਕੱਚ ਦਾ ਸਿਸਟਮ ਬਰੱਸਟ ਹੋ ਗਿਆ ਅਤੇ ਕੱਚ ਨੇ ਉਸ ਦੀਆਂ ਅੱਖਾਂ ਜਖਮੀ ਕਰ ਦਿੱਤੀਆਂ। ਲੰਬੇ ਇਲਾਜ ਤੋਂ ਬਾਅਦ ਉਹ ਠੀਕ ਹੋਇਆਂ ਹੈ। ਹੁਣ ਉਸ ਨੂੰ ਨਜਰ ਕਮਜੋਰ ਹੋਣ ਕਾਰਨ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਨ ਵਿੱਚ ਉਸ ਨੂੰ ਮੁਸ਼ਕਲ ਆਉਂਦੀ ਹੈ। ਅਧਿਆਪਕ ਦੀ ਭਾਵਨਾ ਨੂੰ ਦੇਖਦੇ ਹੋਏ ਮੈਂ ਉਸ ਦੇ ਹੱਕ ਵਿਚ ਰਿਪੋਰਟ ਦਿੱਤੀ। ਡਾਇਰੈਕਟਰ ਸਾਹਿਬ ਨੇ ਰਾਜ ਕਾਨੂੰਨ ਅਨੁਸਾਰ ਦੀ ਭਾਵਨਾ ਨਾਲ ਕੰਮ ਕਰਦੇ ਹੋਏ, ਮੰਤਰੀ ਜੀ ਨੂੰ ਸਮਝਾ ਕੇ ਟੀਚਰ ਨੂੰ ਬਦਲੀ ਤੋਂ ਬਚਾ ਲਿਆ। ਮੈਂਨੂੰ ਅੱਜ ਇਹ ਘਟਨਾ ਰਾਜ ਕਾਨੂੰਨ ਅਨੁਸਾਰ ਦੀ ਜਿੱਤ ਜਾਪਦੀ ਹੈ।