Articles

ਰਿਟਾਇਰ ਦਾ ਮਤਲਬ ਜੀਵਨ ਦੀ ਗੱਡੀ ਨੂੰ ਨਵੇਂ ਟਾਇਰ ਪੁਆਉਣਾ ਹੈ !

ਰਿਟਾਇਰਮੈਂਟ ਦਾ ਮਤਲਬ ਨੌਕਰੀ ਤੋਂ ਨਵਿਰਤੀ ਹੈ, ਜੀਵਨ ਤੋਂ ਨਹੀਂ।
ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ

ਸੇਵਾ-ਮੁਕਤੀ ਮਗਰੋਂ ਇਕ ਦਮ ਦੋ ਖਿਆਲ ਆਏ- ਪਹਿਲਾ, ਅਸੀਮ ਅਨੰਦ ਦਾ, ਅੰਤਾਂ ਦੀ ਖੁਸ਼ੀ ਦਾ, ਕਿ ਚਲੋ ਸ਼ੁਕਰ ਹੋਇਆ ਕਿ ਹਰ ਰੋਜ਼ ਇਕ ਸਮਾਂ-ਸਾਰਨੀ ਦੇ ਬੰਧਨ ਤੋਂ ਮੁਕਤ ਹੋਏ! ਬਸ ਹੁਣ ਮੌਜਾਂ ਈ ਮੌਜਾਂ, ਸਮਾਂ ਈ ਸਮਾਂ, ਵਿਹਲ ਈ ਵਿਹਲ! ਆਪਣੀ ਨੀਂਦੇ ਸੌਵਾਂਗੇ, ਆਪਣੀ ਨੀਂਦੇ ਜਾਗਾਂਗੇ; ਜਿਧਰ ਜੀਅ ਕੀਤਾ ਆਵਾਂ-ਜਾਵਾਂਗੇ; ਨਾ ਘੜੀ ਦੀ ਟਿਕ ਟਿਕ ਦਾ ਟੰਟਾ, ਨਾ ਕਿਸੇ ਦੀ ਹੈਹਾ ਨਾਂ ਖੈੇਹਾ! ਸੋਚਿਆ ਕਿ ਹੁਣ ਖੂਬ ਆਲਸਾਵਾਂਗੇ, ਸੁਸਤਾਵਾਂਗੇ ਅਤੇ ਵੈਲਿਸ਼ ਕਵੀ ਵਿਲੀਯਮ ਹੈਨਰੀ ਡੇਵੀਜ਼ (1871-1940) ਦੀ 1911 ‘ਚ ਲਿਖੀ ਕਵਿਤਾ “ਲੈਯਰ” (ਵਿਹਲ/ਫੁਰਸਤ) ਦੀਆਂ ਸਤਰਾਂ ਵਿਚਲਾ ਉਲਾਹਮਾਂ ਲ੍ਹਾਵਾਂਗੇ ਕਿ ‘ਭਲਾ ਇਹ ਵੀ ਕੋਈ ਜੀਵਨ ਹੋਇਆ ਕਿ ਫਿਕਰਾਂ ਨਾਲ ਭਰਿਆ ਰਹੇ ਤੇ ਤੁਹਾਡੇ ਕੋਲ ਰੁਕ ਕੇ (ਕੁਦਰਤੀ ਨਜ਼ਾਰੇ) ਨਿਹਾਰਨ ਦਾ ਸਮਾਂ ਹੀ ਨਾਂ ਹੋਵੇ’!

ਦੂਸਰਾ-ਥੋੜ੍ਹੀ ਉਦਾਸੀ ਵੀ ਹੋਈ ਤੇ ਚਿੰਤਾ ਵੀ। ਉਦਾਸੀ ਰੁਟੀਨ ਟੁੱਟਣ ਦੀ, ਦਹਾਕਿਆਂ ਦੇ ਸਾਥ ਤੋਂ ਵਿਰਵੇ ਹੋਣ ਦੀ ਅਤੇ ਚਿੰਤਾ ਹੱਥ ਤੰਗ ਹੋ ਜਾਣ ਦੀ।

ਕੁਝ ਦਿਨ ਤਾਂ ਸਭ ਠੀਕ ਚਲਿਆ ਪਰ ਕੁਝ ਦਿਨਾਂ ਬਾਅਦ ਆਲਸ ਅਕੇਵਾਂ ਬਣ ਗਈ ਤੇ ਵਿਹਲ, ਵੇਦਨ! ਭੈੜੇ ਭੈੜੇ ਖਿਆਲ ਆਉਣ ਲੱਗ ਪਏ। ਜੋ ਸੁਣਦੇ ਆਏ ਸੀ ਕਿ ‘ਵਿਹਲਾ ਮਨ ਸ਼ੇੈਤਾਨ ਦਾ ਘਰ’ ਉਹ ਸੱਚ ਸਾਬਤ ਹੋਣ ਲਗਣ ਲੱਗਾ। ਅੰਗਰੇਜ਼ੀ ਵਾਲੇ ਕਹਿੰਦੇ ਹਨ ਕਿ ‘ਐੇਨ ਆਈਡਲ ਮਾਈਂਡ ਇਜ਼ ਏ ਡੈਵਿਲਜ਼ ਵਰਕਸ਼ੌਪ’, ਭਾਵ ਵਿਹਲਾ ਮਨ, ਸ਼ੇੈਤਾਨ ਦਾ ਕਾਰਖਾਨਾਂ (ਘਰ)! ਹੁਣ ਕਾਰਖਾਨੇ ਵਿਚ ਕੋਈ ਨਾਂ ਕੋਈ ਕੰੰਮ ਤਾਂ ਹੋਣਾ ਹੀ ਹੈ। ਰਚਨਾਤਮਕ ਕਰ ਲਉ ਜਾਂ ਨਕਾਰਾਤਮਕ ਕਰ ਲਉ। ਆਲਸ ਤਾਂ ਖਾਲਸ ਤੋਂ ਖਾਲਸ ਬੰਦੇ ਦਾ ਬਿਸਤਰਾ ਬੰਨ੍ਹ ਦਿੰਦੀ ਹੈ- ‘ਜਨਮ ਗਵਾਇਓ  ਆਲਸੀਆ’ (ਸ.ਗ.ਗ.ਸ.ਅੰਗ-92) ਅਤੇ ਵਿਹਲ ਚੰਗੇ ਭਲੇ ਬੰਦੇ ਨੂੰ ਖੁਰਾਫਾਤੀ ਬਣਾ ਦਿੰਦੀ ਹੈ। ਜੇ ਸੁਚਾਰੂ ਨਹੀਂ ਤਾਂ ਸ਼ੇੈਤਾਨੀ ਵਾਲੇ ਫੁਰਨੇ ਫੁਰਨਗੇ ਤੇ ਜਾਂ ਮਾੜੇ-ਚੰਗੇ ਖਿਆਲ ਆਉਣਗੇ। ਵਿਹਲ ਤਾਂ ਨਿਰੀ ਚੁੜੇਲ! ਚੰਬੜੀ ਤਾਂ ਖਟੀਆ ਖੜ੍ਹੀ! ਵਿਹਲਾ, ਵਿਹਾਅ ਗਿਆ ਵੇਲਾ! ਆਰਾਮ ਹੈ ਹਰਾਮ!
ਆਖਿਰ ਆਦਮੀ ਆਰਾਮ ਕਰ ਕਰ ਕੇ ਵੀ ਅੱਕ-ਥੱਕ ਜਾਂਦੈ! ਬਸ ਲੇਟੇ, ਲੇਟੇ ਈ ਰਹੇ; ਉਠੇ, ਕੁਝ ਖਾਧਾ-ਪੀਤਾ ਤੇ ਫਿਰ ਲੇਟ ਗਏ! ਭਲਾ ਇਹ ਵੀ ਕੋਈ ਗੱਲ ਹੋਈ? ”ਮੇਰਾ ਮਨੁ ਆਲਸੀਆ ਉਘਲਾਨਾ’॥ (ਸ.ਗ.ਗ.ਸ.ਅੰਗ 697)।

ਨਿਕੰਮਾਂ, ਨਿਖੱਟੂ, ਨਿਠੱਲਾ ਹੋਣਾ ਮੇਹਣਾ ਹੈ। ਤੇ ਕੰੰਮ ਕਰ ਕੇ ਥੱਕਣਾ, ਗਹਿਣਾ! ਜ਼ਿੰਦਗੀ ਤੋਰ ਦਾ ਨਾਮ ਹੈ, ਕੁਝ ਉਸਾਰੂ, ਸੁਚਾਰੂ ਤੇ ਸਿਰਜਨਾਤਮਕ ਕਰਨ ਦਾ। ਗਤੀ ‘ਚ ਹੀ ਸ਼ਕਤੀ ਹੈ ਤੇ ਮੁਕਤੀ ਵੀ! ਅੇੈਕਸ਼ਨ ਵਿਚ ਟਸ਼ਨ ਅਤੇ ਹਰਕਤ ਵਿਚ ਬਰਕਤ! ਹਿਲਾਂਗੇ ਤਾਂ ਖਿਲਾਂਗੇ, ਚੱਲਾਂਗੇ ਤਾਂ ਪੁੱਜਾਂਗੇ! ਖੜੋਤ ਤਾਂ ਮੌਤ, ਰੁਕ ਗਏ ਤਾਂ ਮੁਕ ਗਏ, ਖੜ੍ਹ ਗਏ ਤਾਂ ਝੜ ਗਏ! ਅਟਕੇ ਸੋ ਭਟਕੇ! ਕੰਮ ਹੈ ਤਾਂ ਚੰਮ ਹੈ, ਇਕੱਲਾ ਚੰਮ ਤਾਂ ਕਲਬੂਤ ਕੱਜਣ ਦਾ ਲਿਫਾਫਾ ਹੀ ਹੈ। ਇਸ ਲਈ ਤਾਂ ਕਹਿੰਦੇ ਹਨ ਕਿ ਕੰੰਮ ਪਿਆਰਾ ਹੈ, ਚੰੰਮ ਪਿਆਰਾ ਨਹੀਂ! ਸਥਿਰਤਾ ਸੜਿਹਾਂਦ ਹੈ, ਵਹਾ ‘ਚ ਰਾਹ ਹੈ! ਰਾਹ ਨਾਂ ਵੀ ਹੋਵੇ ਤਾਂ ਵਹਾ ਰਾਹ ਬਣਾ ਲੈਂਦੈ! ’ਹਮ ਭੀ ਦਰਿਆ ਹੈਂ ਹਮੇਂ ਅਪਨਾ ਹੁਨਰ ਮਾਲੂਮ ਹੈ,/ਜਿਸ ਤਰਫ ਭੀ ਚਲ ਪੜੇਂਗੇ ਰਾਸਤਾ ਹੋ ਜਾਏਗਾ’ (ਬਸ਼ੀਰ ਬਦਰ)।

ਆਹਰ ਸੇਵਾ-ਮੁਕਤ ਜੀਵਨ ਨੂੰ ਅਰਥ ਭਰਪੂਰ ਰੱਖਦੀ ਹੈ। ਰੁਝੇਵਾਂ ਤੇ ਅਕੇਵਾਂ ਇਕੱਠੇ ਨਹੀਂ ਰਹਿ ਸਕਦੇ। ਆਹਰ ਆਲਸ ਨੂੰ ਆੜੇ ਹੱਥੀਂ ਲੈਂਦੀ ਹੈ। ਰੁੱਝਿਆ ਤਾਂ ਰੱਜਿਆ! ਅੰਦਰੋਂ ਵੀ ਤੇ ਬਾਹਰੋਂ ਵੀ। ਰੁਝੇਵਾਂ ਮਨ ਤੇ ਤਨ ਦੋਵਾਂ ਨੂੰ ਟਿਕਾਣੇ ਰੱਖਦੈ। ਜੇ ਆਲਸ ‘ਚ ਜ਼ਲਾਲਤ ਹੈ ਤਾਂ ਕਿਰਤ-ਕਾਰ ‘ਚ ਕਰਤਾਰ ਹੈ! ਆਹਰ ਅਰਥਵਾਨ ਹੀ ਅੱਛੀ; ਅੱਕੀਂ-ਪਲਾਹੀਂ ਹੱਥ ਮਾਰਿਆਂ ਭਲਾ ਕੀ ਹੱਥ ਲੱਗੂ? ਆਹਰ ਅਰਥਹੀਣ ਵਰਤਾਰਾ ਨਹੀਂ ਹੁੰਦਾ। ‘ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ’॥ (ਸ.ਗ.ਗ.ਸ.ਅੰਗ-965)

ਰਿਟਾਇਰਮੈਂਟ ਦਾ ਮਤਲਬ ਨੌਕਰੀ ਤੋਂ ਨਵਿਰਤੀ ਹੈ, ਜੀਵਨ ਤੋਂ ਨਹੀਂ। ਰਿਟਾਇਰ (ਸੇਵਾ-ਮੁਕਤ) ਹੋਏ ਹਾਂ, ’ਅੇੈਕਸਪਾਇਰ’ (ਸਰੀਰ-ਮੁਕਤ) ਨਹੀਂ! ਨੌਕਰੀ ਉਪਰੰਤ ਵੀ ਬੜੇ ਕੰਮ ਹੁੰਦੇ ਹਨ ਕਰਨ ਵਾਲੇ-ਘਰ ਦੇ ਵੀ, ਬਾਹਰ ਦੇ ਵੀ। ਪੜ੍ਹਿਆ-ਲਿਖਿਆ ਬੰਦਾ ਹੋਰ ਪੜ੍ਹ-ਲਿਖ ਸਕਦੈ, ਬੱਚਿਆਂ ਨੂੰ ਪੜ੍ਹਾ ਸਕਦੈ, ਗਾਈਡ ਕਰ ਸਕਦੈ। ਜੇ ਬੱਚੇ ਪੜ੍ਹ ਚੁਕੇ ਹਨ ਤੇ ਸੈਟਲ ਹੋ ਚੁੱਕੇ ਹਨ ਤਾਂ ਸਮਾਜਿਕ ਕੰਮ ਬੜੇ ਹਨ ਕਰਨ ਲਈ। ਸਮਾਜ-ਸੇਵੀ ਸੰਸਥਾਵਾਂ ਨਾਲ ਸੰਪਰਕ ਸਾਧਿਆ ਜਾ ਸਕਦੈ। ਜੀਵਨ ਦੇ ਬਚੇ ਪਲ ਲੋਕਾਂ ਦੇ ਲੇਖੇ ਲਾਏ ਜਾ ਸਕਦੇ ਹਨ। ਲੋੜਵੰਦ ਦੇ ਕੰਮ ਆਉਣਾ, ਉਸ ਦੀ ਸਹਾਇਤਾ ਕਰਨਾਂ, ਕਿਸੇ ਦੁਖੀ ਦਾ ਦੁਖ ਵੰਡਾਉਣਾਂ, ਰੋਂਦੇ ਨੂੰ ਵਰਾਉਣ ਲਈ ਆਪਣੇ ਮੋਢੇ ਦਾ ਸਹਾਰਾ ਦੇਣਾ ਸਮਝੋ ਪੂਜਾ ਕਰਨ ਬਰਾਬਰ ਹੈ, ਜੀਵਨ ਸਫਲ ਹੋ ਜਾਂਦੈ, ਲੋਕ ਸੁਖੀਏ ਪਰਲੋਕ ਸੁਹੇਲੇ! ਰੱਬ ਤਾਂ ਬੰਦੇ ਵਿਚ ਈ ਵਸਦੈ, ਬੰਦੇ ਦੀ ਬਾਤ ਬੰਦਗੀ ਦੀ ਬਾਤ ਹੈ- ‘ਖਾਲਿਕੁ ਖਲਕ ਖਲਕ ਮਹਿ ਖਾਲਿਕੁ…’॥ (ਸ.ਗ.ਗ.ਸ.ਅੰਗ 1349) ਅਤੇ ‘ਵਸੀ ਰਬੁ ਹਿਆਲੀਐ…’॥ (ਸ.ਗ.ਗ.ਸ.ਅੰਗ 1378)।

ਰਿਟਾਇਰਮੈਂਟ, ਸੇਵਾ-ਮੁਕਤੀ ਆਪਣੇ ਆਪ ਨੂੰ ‘ਰੀ-ਇਨਵੈਂਟ’, ਪੁਨਰ ਬਦਲਾਅ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਨੌਕਰੀ ਵੇਲੇ ਜਾਂ ਹੋਰ ਕੰੰਮ-ਕਾਰ ਸਮੇਂ ਜੋ ਸਿਖਣੋ-ਕਰਨੋਂ ਰਹਿ ਗਿਆ, ਉਹ ਸਿਖਿਆ-ਕੀਤਾ ਜਾ ਸਕਦੈ। ਆਪਣੇ ਕਲਾਤਮਕ ਸ਼ੌਕ, ਸ਼ੁਗਲ, ਕਾਦਰ ਦੀ ਕੁਦਰਤ ਦੇ ਨਜ਼ਾਰੇ ਪੂਰੇ ਕੀਤੇ/ਮਾਣੇ ਜਾ ਸਕਦੇ ਹਨ। ਅਸੀਂ ਖੁਦ ਅੰਗਰੇਜ਼ੀ ਅਤੇ ਪੰਜਾਬੀ ਵਿਚ ਟਾਈਪ ਕਰਨਾਂ 60-65 ਸਾਲ ਦੀ ਉਮਰ ‘ਚ ਸੇਵਾ-ਮੁਕਤ ਹੋਣ ਮਗਰੋਂ ਸਿਖਿਆ। ਅਜੋਕੀ ਪੀੜ੍ਹੀ ਪੁੱਛ ਸਕਦੀ ਹੈ ਕਿ ਫਿਰ ਕਿਹੜਾ ਤੀਰ ਮਾਰ ਲਿਆ? ਟਾਈਪ ਕਰਨਾਂ ਕਿਹੜਾ ਕੋਈ ਰੌਕਟ ਸਾਇੰਸ ਹੈ! ਵਈ ਸਾਡੀ ਉਮਰ ਵਾਲਿਆਂ ਲਈ ਹੈ। ਅਸੀਂ ਫੱਟੀਆਂ, ਸਲੇਟਾਂ, ਕਲਮਾਂ-ਦਵਾਤਾਂ ਦੇ ਦੌਰ ਦੀ ਪੀੜ੍ਹੀ ਹਾਂ, ਸਾਡੇ ਲਈ 60-65 ਸਾਲ ਦੀ ਉਮਰ ‘ਚ ਇਹ ਟਾਈਪ, ਖਾਸ ਕਰਕੇ ਪੰਜਾਬੀ ‘ਚ, ਸਿੱਖਣਾ ਕਹਾਵਤੀ ਤੀਰ ਮਾਰਨ ਬਰਾਬਰ ਹੀ ਹੈ!

ਸਿਆਣੇ ਕਹਿੰਦੇ ਹਨ ਕਿ ‘ਰਿਟਾਇਰ’ ਹੋਵੋ, ’ਟਾਇਰ’, ਥੱਕੋ ਨਹੀਂ। ਇਹ ਵੀ ਕਿਹਾ ਜਾਂਦੈ ਕਿ ਰਿਟਾਇਰ ਦਾ ਮਤਲਬ ਜੀਵਨ ਦੀ ਗੱਡੀ ਨੂੰ ‘ਰੀ-ਟਾਇਰ’, ਟਾਇਰ ਬਦਲੀ ਕਰਨਾਂ ਜਾਂ ਨਵੇਂ ਟਾਇਰ ਪੁਆਉਣਾ ਹੈ!

ਬੰਦ ਕਮਰੇ ਤਾਂ ਬੰਦੇ ਨੂੰ ਖਾ ਜਾਂਦੇ ਐ, ਕੰਧਾਂ ਤਾਂ ਕੈਦ ਕਰ ਛੱਡਦੀਆਂ। ਘਰ ਸਭ ਤੋਂ ਮੋਹਭਰਿਆ ਅਤੇ ਸੁਰੱਖਿਅਤ ਸਥਾਨ ਹੈ। ਪਰ 24 ਘੰਟੇ ਘਰ ‘ਚ ਹੀ ਘੁਸੇ ਰਹੋ ਤਾਂ ਘਰਵਾਲੀ ਵੀ ਤੰਗ ਆ ਜਾਂਦੀ ਐ! ਹਾਂ, ਉਸ ਨਾਲ ਜੇ ਕੰੰਮ ‘ਚ ਹੱਥ ਵਟਾਉ ਤਾਂ ਤੁਹਾਡਾ ਘਰ ਰਹਿਣਾ ਸਕਾਰਥਾ ਹੋ ਜਾਵੇਗਾ, ਨਹੀਂ ਤਾਂ ਇਹੀ ਸੁਨਣ ਨੂੰ ਮਿਲੇਗਾ- ‘ਕਦੀ ਘਰੋਂ ਬਾਹਰ ਵੀ ਨਿਕਲਿਆ ਕਰੋ’! ਤੇ ਜੇ ਤੁਸੀਂ ਐੇਨੇ ਕੁ ਸੌਖੇ/ਸਮਰੱਥ ਹੋ ਕਿ ਤੁਸੀ ਕੋਈ ’ਹੇੈਲਪਰ’ (ਕੰਮਵਾਲੀ) ਰੱਖੀ ਹੈ ਤਾਂ ਉਹ ਵੀ ਅੱਕ ਕੇ ਕਹੇਗੀ- ‘ਬਾਬੂ ਜੀ, ਜ਼ਰਾ ਕਮਰੇ ਤੋਂ ਬਾਹਰ ਜਾਉ, ਮੈਂ ਸਫਾਈ ਕਰਨੀ ਹੈ’ (ਸਿਆਣਾ ਬੰਦਾ ਤਾਂ ਆਪ ਹੀ ਵਿਹੜੇ ‘ਚ ਆ ਬਹਿੰਦੈ)।

ਵੈਸੇ ਵੀ ਬੰਦ ਕਮਰੇ ਬੰਦੇ ਨੂੰ ਬੰਦੀ ਬਣਾ ਲੈਂਦੇ ਐ। ਇਕੱਲ ਚਿੰਤਾਵਾਂ, ਉਦਾਸੀ, ਡਿਪਰੈਸ਼ਨ ਤੇ ਨੈਗੇਟਿਵ ਖਿਆਲਾਂ ਦੀ ਜਨਣੀ ਹੈ। ਜੇ ਬਾਹਰ ਨਿਕਲਾਂਗੇ ਤਾਂ ਇਕਲਾਪੇ ਤੋਂ ਬਚਾਂਗੇ। ਕੋਈ ਨਾਂ ਕੋਈ ਮਿਲ ਈ ਜਾਊ ਗੱਲਬਾਤ ਕਰਨ ਲਈ। ਜੇ ਨਾਂ ਵੀ ਮਿਲੂ ਤਾਂ ਕਮਜ਼-ਕਮ ਤੁਸੀ ਇਕ ਚਲਦੀ-ਫਿਰਦੀ, ਬਲਕਿ ਦੌੜਦੀ-ਭੱਜਦੀ ਦੁਨੀਆਂ ਦਾ ਹਿਸਾ ਬਣੋਂਗੇ, ਬੜਾ ਕੱੁਝ ਦੇਖੋਂਗੇ, ਸੁਣੋਂਗੇ, ਮਾਣੋਂਗੇ!

ਬਾਹਰ ਨਿਕਲਣ ਲਈ ਕੁਝ ਤਾਂ ਮੂੰਹ-ਮੱਥਾ ਸਵਾਰ ਕੇ ਹੀ ਬਾਹਰ ਨਿਕਲੋਂਗੇ। ਮੋਇਆਂ-ਮਰਿਆਂ ਵਾਂਗ, ਉਧੜੇ ਜਿਹੇ ਲਿਬਾਸ, ਬੇਢਵੇ ਜਿਹੇ ਰੰਗ ਰੂਪ ਨਾਲ ਮੰਜੇ ‘ਤੇ ਪੈਣ ਨਾਲੋਂ ਥੋੜਾ ਬਹੁਤਾ ‘ਠੀਕ-ਠਾਕ’ ਜਿਹਾ ਹੋ ਕੇ ਬਾਹਰ ਨਿਕਲਣਾ ਘੋਰ ਅੰਧਕਾਰ ਅਤੇ ਅੰਤਾਂ ਦੇ ਇਕਲਾਪੇ ‘ਚੋਂ ਬਾਹਰ ਨਿਕਲਣ ਸਮਾਨ ਹੈ। ਮਸ਼ਹੂਰ ਉਰਦੂ ਸ਼ਾਇਰ ਨਿਦਾ ਫਾਜ਼ਲੀ(1938-2016) ਆਪਣੀ ਇੱਕ ਗਜ਼ਲ ਵਿਚ ਠੀਕ ਈ ਕਹਿੰਦੈ-

“ਉਠ ਕੇ ਕੱਪੜੇ ਬਦਲ ਘਰ ਸੇ ਬਾਹਰ ਨਿਕਲ ਜੋ ਹੂਆ ਸੋ ਹੂਆ।
ਰਾਤ ਕੇ ਬਾਦ ਦਿਨ ਆਜ ਕੇ ਬਾਦ ਕੱਲ੍ਹ ਜੋ ਹੂਆ ਸੋ ਹੂਆ”।

Related posts

ਆਯੁਰਵੇਦ ਦਾ ਗਿਆਨ: ਚੱਕਰ ਸੰਤੁਲਨ ਪ੍ਰਾਣਾਯਾਮ !

admin

ਅਧਿਆਪਕ ਦਿਵਸ ‘ਤੇ ਵਿਸ਼ੇਸ਼: ਸਮਾਜ ਨੂੰ ਦ੍ਰਿਸ਼ਟੀ ਅਤੇ ਦ੍ਰਿੜ ਇਰਾਦੇ ਨਾਲ ਬਦਲਣਾ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin