ਭਾਰਤ ਵਿਚ ਕਰੋਨਾ ਮਹਾਂਮਾਰੀ ਕਾਰਨ ਚੱਲ ਰਹੇ ਲਾਕਡਾਊਨ ਨੂੰ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਹੈ । ਸਭ ਪ੍ਰਾਈਵੇਟ ਸੈਕਟਰ ‘ਚ ਨੌਕਰੀਆਂ ਕਰਨ ਵਾਲੇ ਪ੍ਰੇਸ਼ਾਨ ਹਨ । ਪਰ ਸਭ ਤੋਂ ਜਿਆਦਾ ਮਾੜੀ ਹਾਲਤ ਦਿਹਾੜੀਦਾਰ ਮਜ਼ਦੂਰ ਦੀ ਹੋ ਗਈ ਹੈ । ਜਿਵੇਂ ਆਪਣੇ ਪੰਜਾਬ ‘ਚੋਂ ਵਿਦੇਸ਼ਾ ਵਿੱਚ ਬਿਹਤਰ ਜ਼ਿੰਦਗੀ ਲਈ ਪ੍ਰਵਾਸ ਹੋਇਆ ਹੈ ਉਸੇ ਤਰ੍ਹਾਂ ਯੂਪੀ, ਬਿਹਾਰ, ਛੱਤੀਸਗੜ੍ਹ, ਝਾਰਖੰਡ ਆਦਿ ਸੂਬਿਆਂ ਵਿਚੋਂ ਵੀ ਭਾਰਤ ਦੇ ਵੱਖ ਵੱਖ ਕੋਨਿਆਂ ਅਤੇ ਮਹਾਂਨਗਰਾਂ ਵਿਚ ਬਿਹਤਰ ਜ਼ਿੰਦਗੀ ਲਈ ਪ੍ਰਵਾਸ ਹੋਇਆ ਹੈ । ਇਹ ਮਜ਼ਦੂਰ ਮਿਹਨਤ ਕਰ ਕਰ ਕੇ ਹਰ ਮਹੀਨੇ ਪੈਸੇ ਜੋੜ ਕੇ ਪਿੱਛੇ ਆਪਣੇ ਪਿੱਤਰੀ ਥਾਵਾਂ ‘ਤੇ ਆਪਣੇ ਪਰਿਵਾਰਾਂ ਲਈ ਭੇਜਦੇ ਹਨ ਤੇ ਬਹੁਤੇ ਲੋਕ ਆਪਣੇ ਖਰਚ ਲਈ ਨਾ ਮਾਤਰ ਪੈਸੇ ਹੀ ਆਪਣੇ ਕੋਲ ਰੱਖਦੇ ਹਨ । ਪਰ ਕਰੋਨਾ ਵਾਇਰਸ ਕਾਰਨ ਸਰਕਾਰ ਵਲੋਂ ਵਾਰ ਵਾਰ ਵਧਾਏ ਹਏ ਲਾਕਡਾਊਨ ਵਿਚ ਇਹ ਮਜ਼ਦੂਰ ਪਿਸ ਗਿਆ ਹੈ ਤੇ ਹੁਣ ਖਾਣ ਲਈ ਵੀ ਕੁਝ ਪੈਸਾ ਨਾ ਬਚਣ ਕਾਰਨ ਹਰ ਮਜ਼ਦੂਰ ਆਪਣੇ ਪਿੱਤਰੀ ਘਰ ਜਾਣ ਲਈ ਮਜ਼ਬੂਰ ਹੋ ਗਿਆ ਹੈ ਤੇ ਵੱਡੇ ਮਹਾਂਨਗਰਾਂ ਚੋਂ ਟਰੱਕਾਂ ‘ਚ ਲੁਕ ਛਿਪ ਕੇ ਮਜ਼ਦੂਰ ਜਾ ਰਿਹਾ ਹੈ । ਪਰ ਸਰਕਾਰਾਂ ਇਨ੍ਹਾਂ ਨੂੰ ਘਰ ਪਹੁੰਚਾਉਣ ਲਈ ਪੁਖਤਾ ਪ੍ਰਬੰਧ ਨਹੀਂ ਕਰ ਪਾ ਰਹੀ ਹੈ । ਸੋ ਅੱਕ ਕੇ ਹੁਣ ਮਜ਼ਦੂਰ ਸੜਕਾਂ ਰਾਹੀਂ ਪੈਦਲ ਹੀ ਆਪਣੇ ਪਿੱਤਰੀ ਘਰਾਂ ਵੱਲ ਨੂੰ ਤੁਰ ਪਏ ਹਨ । ਜਿੱਥੇ ਪੁਲਿਸ ਨਾਕਿਆਂ ਤੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ । ਫਿਰ ਪਿਛਲੇ ਚਾਰ ਪੰਜ ਦਿਨਾਂ ਤੋਂ ਇਹ ਮਜ਼ਦੂਰ ਰੇਲ ਪੱਟੜੀਆਂ ਤੇ ਚੱਲ ਕੇ ਘਰ ਵੱਲ ਨੂੰ ਪੈਦਲ ਚੱਲ ਪਏ ਹਨ । ਇਸੇ ਕਾਰਨ ਔਰੰਗਾਬਾਦ ‘ਚ 16 ਮਜ਼ਦੂਰ ਮਾਲ ਗੱਡੀ ਦੇ ਹੇਠ ਆ ਕੇ ਮਰ ਗਏ ਕਿਉਂਕਿ ਉਹ ਸਾਰਾ ਦਿਨ ਭੁੱਖਣ ਭਾਣੇ ਚੱਲਣ ਕਾਰਨ ਏਨੇ ਥੱਕ ਗਏ ਸਨ ਕਿ ਪੱਟੜੀ ‘ਤੇ ਹੀ ਸੌਂ ਗਏ । ਇਸ ਦਰਦਨਾਕ ਹਾਦਸੇ ਤੋਂ ਬਾਅਦ ਵੀ ਮਹਾਂਰਾਸ਼ਟਰ ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਦੀ ਸਾਰ ਨਹੀਂ ਲਈ ਤੇ ਹਾਲੇ ਵੀ ਮਹਾਂਰਾਸ਼ਟਰ ‘ਚੋਂ ਰੇਲ ਪੱਟੜੀਆਂ ਰਾਹੀਂ ਇਨ੍ਹਾਂ ਮਜ਼ਦੂਰਾਂ ਦਾ ਮਜ਼ਬੂਰੀ ਵੱਸ ਚੱਲਣਾ ਜਾਰੀ ਹੈ । ਪਰ ਇਸ ਮੁੱਦੇ ਤੇ ਕੇਂਦਰ ਸਰਕਾਰ ਵੀ ਚੁੱਪ ਹੈ । ਮੇਰਾ ਮੰਨਣਾ ਹੈ ਕਿ ਜਾਂ ਤਾਂ ਇਨ੍ਹਾਂ ਮਜ਼ਦੂਰਾਂ ਨੂੰ ਸੂਬਾ ਸਰਕਾਰਾਂ ਖਾਣ ਪੀਣ ਲਈ ਰਾਸ਼ਨ ਮੁਹੱਈਆ ਕਰਵਾਉਣ ਜਾਂ ਇਨ੍ਹਾਂ ਨੂੰ ਇਨ੍ਹਾਂ ਦੇ ਪਿੱਤਰੀ ਘਰਾਂ ਵਿਚ ਪਹੁੰਚਾਉਣ ਦਾ ਸੌਖਾ ਹੱਲ ਲੱਭਣ । ਰਜਿਸਟ੍ਰੇਸ਼ਨ ਤਾਂ ਲੱਖਾਂ ਲੋਕ ਕਰ ਰਹੇ ਹਨ ਪਰ ਭੇਜੇ ਸੈਂਕੜਿਆਂ ਵਿਚ ਵੀ ਨਹੀਂ ਜਾ ਰਹੇ ।
ਰੇਲ ਦੀਆਂ ਪਟੜੀਆਂ ‘ਤੇ ਚਲਦਾ ਦੇਸ਼
ਮੇਰੀ ਆਮ ਲੋਕਾਂ ਨੂੰ ਵੀ ਬੇਨਤੀ ਹੈ ਕਿ ਜੇਕਰ ਤੁਹਾਡੇ ਨੇੜੇ ਵੀ ਮਜ਼ਦੂਰੀ ਕਰ ਕੇ ਖਾਣ ਵਾਲਾ ਪਰਿਵਾਰ ਰਹਿੰਦਾ ਹੈ ਤਾਂ ਉਸਦੀ ਲੋੜੀਂਦੀ ਮਦਦ ਜ਼ਰੂਰ ਕਰੋ । ਕਿਉਂਕਿ ਇਨ੍ਹਾਂ ਕਰਕੇ ਹੀ ਸਾਡਾ ਰੋਜ਼ਾਨਾ ਜੀਵਨ ਚੱਲਦਾ ਹੈ ।
ਅੰਤ ਵਿਚ ਮੈਂ ਇਹੀ ਕਹਾਂਗਾ ਕਿ ਜਿੱਥੇ ਇਕ ਪਾਸੇ ਇਹੋ ਜਿਹੇ ਮੈਸਜ਼ ਆ ਰਹੇ ਹਨ ਕਿ ਲਾਕਡਾਊਨ ਸਫਲ ਰਹਿਣ ਕਾਰਨ ਭਾਰਤ ਸੁਪਰ ਪਾਵਰ ਬਣ ਗਿਆ ਹੈ ਉੱਥੇ ਰੇਲ ਦੀਆਂ ਪਟੜੀਆਂ ਤੇ ਚਲਦਾ ਦੇਸ਼ ਇਸ ਪਾਵਰ ਨੂੰ ਜ਼ੀਰੋ ਕਰ ਰਿਹਾ ਹੈ ।