Health & Fitness

ਰੋਗ ਪ੍ਰਤੀਰੋਧਕ ਸਮਰੱਥਾ ਵਧਾਓ ਤੇ ਰੋਗਾਂ ਤੋਂ ਬਚੋ

ਰੋਗਾਂ ਨਾਲ ਲੜਨ ਦੀ ਸ਼ਕਤੀ ਸਾਡੇ ਅੰਦਰ ਮੌਜੂਦ ਹੈ। ਇਹ ਸ਼ਕਤੀ ਦਵਾਈਆਂ ਆਦਿ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਜੇ ਅਸੀਂ ਖ਼ੁਦ ਨੂੰ ਅਤੇ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖੀਏ ਤਾਂ ਰੋਗ ਨੇੜੇ ਵੀ ਨਹੀਂ ਆ ਸਕਦੇ। ਮੰਨਿਆ ਕਿ ਵਾਤਾਵਰਣ ਵਿੱਚ ਕੀਟਾਣੂਆਂ ਅਤੇ ਵਿਸ਼ਾਣੂਆਂ ਦੀ ਮੌਜੂਦਗੀ ਉੱਪਰ ਸਾਡਾ ਕੰਟਰੋਲ ਨਹੀਂ ਹੁੰਦਾ ਪਰ ਇਨ੍ਹਾਂ ਦੀ ਮੌਜੂਦਗੀ ਦੇ ਬਾਵਜੂਦ ਰੋਗ ਰਹਿਤ ਰਹਿਣਾ ਸਾਡੇ ਹੱਥ ਵਿੱਚ ਹੈ, ਅਜਿਹਾ ਅਸੀਂ ਰੋਗਾਂ ਨਾਲ ਲੜਨ ਦੀ ਆਪਣੀ ਸਮਰੱਥਾ ਨੂੰ ਵਧਾ ਕੇ ਕਰ ਸਕਦੇ ਹਾਂ। ਕੀ ਹੈ ਰੋਗ ਪ੍ਰਤੀਰੋਧਕ ਸਮਰੱਥਾ? ਜਿਸ ਨੂੰ ਅਸੀਂ ਰੋਗ ਪ੍ਰਤੀਰੋਧਕ ਸਮਰੱਥਾ ਕਹਿੰਦੇ ਹਾਂ ਅਸਲ ਵਿੱਚ ਇਹ ਵੀ ਫੇਫੜਿਆਂ ਜਾਂ ਦਿਲ ਦੀ ਤਰ੍ਹਾਂ ਇੱਕ ਅੰਗ ਹੈ, ਅਜਿਹਾ ਅੰਗ ਜੋ ਸਰੀਰ ਵਿੱਚ ਕਿਸੇ ਇੱਕ ਥਾਂ ‘ਤੇ ਨਾ ਹੋ ਕੇ ਸਾਰੇ ਸਰੀਰ ਵਿੱਚ ਫੈਲਿਆ ਹੋਇਆ ਹੁੰਦਾ ਹੈ। ਜੀਵਾਣੂਆਂ ਨਾਲ ਯੁੱਧ ਕਰਨ ਲਈ ਇਹ ਸਦਾ ਤਿਆਰ ਰਹਿੰਦਾ ਹੈ। ਕੁਝ ਜੀਵਾਣੂ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਉੱਪਰ ਜਿੱਤ ਹਾਸਲ ਕਰਨਾ ਆਸਾਨ ਨਹੀਂ ਹੁੰਦਾ। ਕੁਝ ਜੀਵਾਣੂ ਆਪਣੇ ਅੰਦਰ ਅਜਿਹੀ ਰਸਾਇਣਕ ਸ਼ਕਤੀ ਪੈਦਾ ਕਰ ਲੈਂਦੇ ਹਨ ਕਿ ਰੋਗ ਪ੍ਰਤੀਰੋਧਕ ਵਿਵਸਥਾ ਦੇ ਲਈ ਇੱਕ ਚੁਣੌਤੀ ਬਣ ਜਾਂਦੇ ਹਨ। ਵਿਸ਼ਾਣੂ/ ਵਾਇਰਸ ਸਥਿਤੀ ਨੂੰ ਹੋਰ ਵੀ ਪੇਚੀਦਾ ਬਣਾ ਦਿੰਦੇ ਹਨ ਕਿਉਂਕਿ ਸਾਡੇ ਖ਼ੂਨ ਦੀਆਂ ਚਿੱਟੀਆਂ ਕੋਸ਼ਿਕਾਵਾਂ ਇਸ ਦੇ ਸਾਹਮਣੇ ਬੇਸਹਾਰਾ ਹੋ ਜਾਂਦੀਆਂ ਹਨ ਅਤੇ ਅਜਿਹੀ ਸਥਿਤੀ ਵਿੱਚ ਕਿਹਾ ਜਾਂਦਾ ਹੈ ਕਿ ਫਲਾਣੇ ਵਿਅਕਤੀ ਨੂੰ ਵਾਇਰਸ ਬੁਖ਼ਾਰ ਹੋ ਗਿਆ ਹੈ। ਇਸ ਹਾਲਤ ਵਿੱਚ ਪ੍ਰਤੀਰੱਖਿਅਕ ਵਿਵਸਥਾ ਅਸਫ਼ਲ ਰਹਿੰਦੀ ਹੈ। ਇਸ ਲਈ ਇਸ ਸਥਿਤੀ ‘ਤੇ ਕਾਬੂ ਪਾਉਣ ਲਈ ਐਂਟੀਬਾਇਓਟਿਕਸ/ ਪ੍ਰਤੀਜੈਵਿਕ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ। ਜੇ ਪ੍ਰਤੀਰੱਖਿਅਕ ਸਥਿਤੀ ਨਸ਼ਟ ਹੋ ਜਾਂਦੀ ਹੈ ਤਾਂ ਇਸ ਸਥਿਤੀ ਵਿੱਚ ਕੋਈ ਦਵਾਈ ਵੀ ਕਿਸੇ ਰੋਗ ‘ਤੇ ਕਾਬੂ ਨਹੀਂ ਪਾ ਸਕਦੀ। ਜੇ ਇੱਕ ਵਾਰੀ ਪ੍ਰਤੀਰੱਖਿਅਕ ਵਿਵਸਥਾ ਨਸ਼ਟ ਹੋ ਜਾਵੇ ਤਾਂ ਕੀ ਇਸ ਨੂੰ ਦੁਬਾਰਾ ਪੈਦਾ ਕੀਤਾ ਜਾ ਸਕਦਾ ਹੈ? ਅਜੇ ਤਕ ਨਹੀਂ, ਵਿਸ਼ਵ ਭਰ ਦੇ ਵਿਗਿਆਨੀ ਇਸ ਪ੍ਰਤੀ ਰੱਖਿਅਕ ਵਿਵਸਥਾ ਦੀ ਫਿਰ ਤੋਂ ਸੰਰਚਨਾ ਕਰਨ ਦੇ ਉਪਾਅ ਖੋਜਣ ਵਿੱਚ ਲੱਗੇ ਹੋਏ ਹਨ। ਜਿਸ ਦਿਨ ਉਨ੍ਹਾਂ ਨੂੰ ਇਸ ਖੇਤਰ ਵਿੱਚ ਸਫ਼ਲਤਾ ਮਿਲ ਗਈ, ਉਸ ਦਿਨ ਏਡਜ਼ ਵਰਗੇ ਲਾਇਲਾਜ ਰੋਗ ਆਪਣੇ-ਆਪ ਖ਼ਤਮ ਹੋ ਜਾਣਗੇ। ਇਸ ਵਿਵਸਥਾ ਨੂੰ ਸਰਗਰਮ ਕਿਵੇਂ ਰੱਖੀਏ? ਹਲਕੀ ਕਸਰਤ ਕਰੋ: ਹਫ਼ਤੇ ਵਿੱਚ ਤਿੰਨ ਜਾਂ ਚਾਰ ਵਾਰੀ ਹਲਕੀ ਕਸਰਤ ਕਰਨ ਨਾਲ ਰੋਗਾਂ ਦੇ ਕੀਟਾਣੂਆਂ ਨੂੰ ਨਸ਼ਟ ਕਰਨ ਵਾਲੀਆਂ ਪੇਸ਼ੀਆਂ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਰੋਗਾਣੂਆਂ ਅਤੇ ਵਿਸ਼ਾਣੂਆਂ ਨੂੰ ਨਸ਼ਟ ਕਰਨ ਵਿੱਚ ਮਦਦ ਮਿਲਦੀ ਹੈ। ਕਸਰਤ ਨਾਲ ਸਰੀਰ ਦੀ ਸੰਪੂਰਨ ਰੋਗ-ਪ੍ਰਤੀਰੋਧਕ ਸਮਰੱਥਾ ਵਿੱਚ ਵੀ ਵਾਧਾ ਹੁੰਦਾ ਹੈ ਪਰ ਜੇ ਤੁਸੀਂ ਲੋੜ ਤੋਂ ਜ਼ਿਆਦਾ ਕਸਰਤ ਕਰਦੇ ਹੋ ਤਾਂ ਰੋਗ-ਪ੍ਰਤੀਰੋਧਕ ਪੇਸ਼ੀਆਂ ਦੇ ਨਿਰਮਾਣ ਅਤੇ ਉਨ੍ਹਾਂ ਦੇ ਕੰਮ ‘ਤੇ ਮਾੜਾ ਅਸਰ ਪੈਂਦਾ ਹੈ। ਜ਼ਿਆਦਾ ਕਸਰਤ ਕਰਨ ਦੇ ਦੋ ਤੋਂ ਚਾਰ ਘੰਟੇ ਬਾਅਦ ਤੁਹਾਨੂੰ ਸੰਕਰਮਣ ਦਾ ਖ਼ਤਰਾ ਪਹਿਲਾਂ ਨਾਲੋਂ ਵੱਧ ਜਾਂਦਾ ਹੈ। ਉਸ ਸਮੇਂ ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਓ ਜਿਸ ਨੂੰ ਜ਼ੁਕਾਮ ਆਦਿ ਹੋਇਆ ਹੋਵੇ ਤਾਂ ਤੁਹਾਡਾ ਸਰੀਰ ਜ਼ੁਕਾਮ ਦੇ ਵਾਇਰਸ/ਵਿਸ਼ਾਣੂ ਦੇ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕੇਗਾ। ਤਣਾਓ ਤੋਂ ਬਚੋ: ਪਿਟਸਬਰਗ ਦੀ ਕਾਰਨਿਗ ਮੇਲਾਨ ਵਿਸ਼ਵ ਯੂਨੀਵਰਸਿਟੀ ਵਿੱਚ ਕੀਤੀ ਗਈ ਇੱਕ ਖੋਜ ਵਿੱਚ ਮਨੋਵਿਗਿਆਨਕ ਡਾæ ਸੈਲਡਾਨ ਕੋਹੇਨ ਨੇ ਕੁਝ ਲੋਕਾਂ ਨੂੰ ਲੈ ਕੇ ਉਨ੍ਹਾਂ ਨੂੰ ਦੋ ਸਮੂਹਾਂ ਵਿੱਚ ਵੰਡ ਦਿੱਤਾ। ਇੱਕ ਸਮੂਹ ਵਿੱਚ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਜਿਨ੍ਹਾਂ ਦਾ ਤਣਾਅ ਪੱਧਰ ਉੱਚਾ ਸੀ। ਦੂਜੇ ਸਮੂਹ ਵਿੱਚ ਅਜਿਹੇ ਲੋਕਾਂ ਨੂੰ ਰੱਖਿਆ ਗਿਆ ਜੋ ਇੰਨੇ ਤਣਾਅ ਪੀੜਤ ਨਹੀਂ ਸਨ। ਦੋਵਾਂ ਸਮੂਹਾਂ ਦੇ ਲੋਕਾਂ ਨੂੰ ਸਰਦੀ ਦੇ ਇੱਕ ਖ਼ਾਸ ਕਿਸਮ ਦੇ ਵਿਸ਼ਾਣੂ ਨਾਲ ਸੰਕ੍ਰਮਿਤ ਕਰ ਦਿੱਤਾ ਗਿਆ। ਨਤੀਜਾ,ਤਣਾਓ ਪੀੜਤ ਲੋਕਾਂ ਨੂੰ ਸਰਦੀ ਹੋਣ ਦੀ ਸੰਭਾਵਨਾ ਜ਼ਿਆਦਾ ਸੀ। ਮਾਹਿਰਾਂ ਅਨੁਸਾਰ ਹਰ ਰੋਜ਼ 10-15 ਮਿੰਟ ਧਿਆਨ ਲਗਾਉਣ ਨਾਲ ਸਾਡੀਆਂ ਰੋਗ-ਪ੍ਰਤੀਰੋਧਕ ਪੇਸ਼ੀਆਂ ਦੇ ਕੰਮ ਵਿੱਚ ਤੇਜ਼ੀ ਆਉਂਦੀ ਹੈ, ਜਿਸ ਨਾਲ ਰੋਗ ਦੇ ਕੀਟਾਣੂਆਂ ਦਾ ਸਾਹਮਣਾ ਅਸੀਂ ਜ਼ਿਆਦਾ ਆਸਾਨੀ ਨਾਲ ਕਰ ਸਕਦੇ ਹਾਂ। ਜ਼ਿਆਦਾ ਮਾਤਰਾ ਵਿੱਚ ਫੌਲਿਕ ਐਸਿਡ ਲਓ: ਆਮ ਤੌਰ ‘ਤੇ ਫੌਲਿਕ ਐਸਿਡ ਨੂੰ ਗਰਭ ਸਬੰਧੀ ਖ਼ਰਾਬੀਆਂ ਨੂੰ ਰੋਕਣ ਲਈ ਜਾਣਿਆ ਜਾਂਦਾ ਹੈ ਪਰ ਇਹ ਕਈ ਤਰ੍ਹਾਂ ਦੇ ਕੈਂਸਰ ਆਦਿ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਨ ਲਈ ਵੀ ਉਪਯੋਗੀ ਮੰਨਿਆ ਗਿਆ ਹੈ। ਛਾਤੀ ਕੈਂਸਰ, ਫੇਫੜਿਆਂ ਦਾ ਕੈਂਸਰ, ਅੰਤੜੀਆਂ ਦਾ ਕੈਂਸਰ, ਸਾਹ ਨਲੀ ਦਾ ਕੈਂਸਰ ਆਦਿ ਇਸ ਵਿੱਚ ਸ਼ਾਮਲ ਹਨ। ਭੋਜਨ ਵਿੱਚ ਫੌਲਿਕ ਐਸਿਡ ਦੀ ਘਾਟ ਨਾਲ ਬੱਚੇਦਾਨੀ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਤੁਹਾਡੇ ਭੋਜਨ ਵਿੱਚ ਇਸ ਪੌਸ਼ਟਿਕ ਤੱਤ ਦੀ ਕਾਫ਼ੀ ਮਾਤਰਾ ਹੈ ਕਿ ਨਹੀਂ, ਇਹ ਜਾਣਨਾ ਮੁਸ਼ਕਲ ਨਹੀਂ। ਸਾਰੇ ਕਿਸਮਾਂ ਦੇ ਅਨਾਜਾਂ ਵਿੱਚ ਫੌਲਿਕ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਖੱਟੇ ਫਲ, ਗੂੜ੍ਹੇ ਹਰੇ ਰੰਗ ਦੀਆਂ ਪੱਤੇਦਾਰ ਸਬਜ਼ੀਆਂ, ਸ਼ਤਾਵਰ ਆਦਿ ਫੌਲਿਕ ਐਸਿਡ ਦੇ ਚੰਗੇ ਸਰੋਤ ਹਨ। ਕਾਫ਼ੀ ਮਾਤਰਾ ‘ਚ ਫਲ-ਸਬਜ਼ੀਆਂ ਖਾਓ: ਫਲ ਅਤੇ ਸਬਜ਼ੀਆਂ ਖਾਣ ਨਾਲ ਫੌਲਿਕ ਐਸਿਡ ਦੀ ਪੂਰਤੀ ਤਾਂ ਹੁੰਦੀ ਹੀ ਹੈ, ਨਾਲ ਹੀ ਇਨ੍ਹਾਂ ਨੂੰ ਕਾਫ਼ੀ ਮਾਤਰਾ ਵਿੱਚ ਖਾਣ ਨਾਲ ਰੋਗਾਂ ਦੀ ਰੋਕਥਾਮ ਵੀ ਹੁੰਦੀ ਹੈ। ਫਲ ਅਤੇ ਸਬਜ਼ੀਆਂ ਵਿੱਚ ਕੇਵਲ ਵਿਟਾਮਨ ਹੀ ਨਹੀਂ ਹੁੰਦੇ, ਸਗੋਂ ਇਨ੍ਹਾਂ ਵਿੱਚ ਫਾਇਟੋ ਕੈਮੀਕਲਜ਼ (ਬਨਸਪਤੀ ਰਸਾਇਣ) ਵੀ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ ਕਰਦੇ ਹਨ। ਇਸ ਨਾਲ ਸਾਡਾ ਸਰੀਰ ਕੈਂਸਰ ਆਦਿ ਦੇ ਅੰਡਿਆਂ ਨੂੰ ਨਸ਼ਟ ਕਰਨ ਦੇ ਯੋਗ ਹੋ ਜਾਂਦਾ ਹੈ। ਖ਼ੂਬ ਪਾਣੀ ਪੀਓ: ਭਰਪੂਰ ਮਾਤਰਾ ‘ਚ ਸ਼ੁੱਧ ਪਾਣੀ ਦੇ ਸੇਵਨ ਨਾਲ ਸਰੀਰ ਵਿੱਚ ਜਮ੍ਹਾਂ ਹੋਏ ਕਈ ਤਰ੍ਹਾਂ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਪਾਣੀ ਜਾਂ ਤਾਂ ਸਾਧਾਰਨ ਤਾਪਮਾਨ ‘ਚ ਹੋਵੇ ਜਾਂ ਫਿਰ ਥੋੜ੍ਹਾ ਗੁਣਗੁਣਾ। ਫਰਿੱਜ ਜਾਂ ਬਰਫ਼ ਦੇ ਪਾਣੀ ਦੇ ਸੇਵਨ ਤੋਂ ਸੰਕੋਚ ਕਰੋ। ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦਾ ਇਹ ਸਭ ਤੋਂ ਉੱਤਮ ਤਰੀਕਾ ਹੈ। ਦਿਲ ਖੋਲ੍ਹ ਕੇ ਹੱਸੋ: ਹੱਸਣ ਨਾਲ ਖ਼ੂਨ ਦਾ ਸੰਚਾਰ ਸੁਚਾਰੂ ਹੁੰਦਾ ਹੈ ਅਤੇ ਸਾਡਾ ਸਰੀਰ ਜ਼ਿਆਦਾ ਮਾਤਰਾ ‘ਚ ਆਕਸੀਜਨ ਗ੍ਰਹਿਣ ਕਰਦਾ ਹੈ। ਤਣਾਅ ਮੁਕਤ ਹੋ ਕੇ ਹੱਸਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਿੱਚ ਵੀ ਵਾਧਾ ਹੁੰਦਾ ਹੈ। ਪੂਰੀ ਨੀਂਦ ਲਵੋ: ਕੀ ਤੁਸੀਂ ਕਦੀ ਸੋਚਿਆ ਹੈ ਕਿ ਜਦੋਂ ਤੁਸੀਂ ਬੀਮਾਰ ਹੁੰਦੇ ਹੋ ਤਾਂ ਤੁਹਾਡੇ ਸਰੀਰ ਨੂੰ ਆਰਾਮ ਕਰਨ ਦੀ ਜ਼ਰੂਰਤ ਕਿਉਂ ਹੁੰਦੀ ਹੈ? ਅਸਲ ਵਿੱਚ ਹੁੰਦਾ ਇਹ ਹੈ ਕਿ ਜਦੋਂ ਤੁਸੀਂ ਬੀਮਾਰ ਹੁੰਦੇ ਹੋ ਤਾਂ ਤੁਹਾਡੀ ਰੋਗ-ਪ੍ਰਤੀਰੋਧਕ ਪ੍ਰਣਾਲੀ ਦੇ ਹਾਰਮੋਨਜ਼ ਰੋਗਾਣੂਆਂ ਦਾ ਸਾਹਮਣਾ ਕਰਨ ਲਈ ਤੇਜ਼ੀ ਨਾਲ ਕਾਰਜਸ਼ੀਲ ਹੋ ਜਾਂਦੇ ਹਨ, ਜਿਸ ਨਾਲ ਤੁਹਾਨੂੰ ਬੇਹੱਦ ਥਕਾਵਟ ਮਹਿਸੂਸ ਹੁੰਦੀ ਹੈ। ਤੁਹਾਡਾ ਸਰੀਰ ਤੁਹਾਨੂੰ ਵੱਧ ਸੌਣ ਦਾ ਹੁਕਮ ਦਿੰਦਾ ਹੈ। ਸੌਣ ਨਾਲ ਤੁਹਾਡੇ ਸਰੀਰ ਦੇ ਰੋਗ-ਪ੍ਰਤੀਰੋਧਕ ਕੋਸ਼ਾਂ ‘ਤੇ ਚੰਗਾ ਪ੍ਰਭਾਵ ਪੈਂਦਾ ਹੈ। ਨੀਂਦ ਨਾਲ ਤੁਸੀਂ ਸਿਹਤਮੰਦ ਮਹਿਸੂਸ ਕਰਦੇ ਹੋ। ਕਿਸੇ ਰਾਤ ਜੇ ਕਿਸੇ ਕਾਰਨ ਤੁਸੀਂ ਇੱਕ-ਦੋ ਘੰਟੇ ਘੱਟ ਸੌਂਦੇ ਹੋ ਤਾਂ ਦੂਜੇ ਦਿਨ ਤੁਹਾਨੂੰ ਸੁਸਤੀ ਜਿਹੀ ਮਹਿਸੂਸ ਹੁੰਦੀ ਹੈ ਅਤੇ ਤੁਸੀਂ ਬੀਮਾਰ ਜਿਹੇ ਲੱਗਦੇ ਹੋ। ਜ਼ਰੂਰਤ ਤੋਂ ਜ਼ਿਆਦਾ ਡਾਇਟਿੰਗ ਨਾ ਕਰੋ: ਅੱਜ-ਕੱਲ੍ਹ ਨੌਜਵਾਨਾਂ ਖ਼ਾਸ ਕਰਕੇ ਨੌਜਵਾਨ ਔਰਤਾਂ ਵਿੱਚ ਪਤਲੇ ਅਤੇ ਚੁਸਤ ਦਿਸਣ ਦਾ ਰੁਝਾਨ ਭਾਰੂ ਹੈ। ਇਸ ਖ਼ਿਆਲ ਵਿੱਚ ਉਹ ਅਜਿਹੀ ਖ਼ੁਰਾਕ ਲੈਂਦੀਆਂ ਹਨ, ਜੋ ਉਨ੍ਹਾਂ ਨੂੰ ਕੁਝ ਹੱਦ ਤਕ ਚੁਸਤ ਅਤੇ ਪਤਲਾ ਤਾਂ ਬਣਾ ਦਿੰਦੀ ਹੈ ਪਰ ਉਨ੍ਹਾਂ ਦੇ ਸਰੀਰ ਨੂੰ ਸਿਹਤਮੰਦ ਰੱਖਣ ਵਾਲੇ ਕਈ ਪੌਸ਼ਟਿਕ ਤੱਤ ਉਨ੍ਹਾਂ ਨੂੰ ਨਹੀਂ ਮਿਲਦੇ। ਹਾਂ, ਜੇ ਮੋਟਾਪਾ ਹੋਵੇ ਤਾਂ ਭਾਰ ਘਟਾਉਣਾ ਸੱਚਮੁੱਚ ਹੀ ਜ਼ਰੂਰੀ ਹੋ ਜਾਂਦਾ ਹੈ। ਇਕਦਮ ਭਾਰ ਘੱਟ ਕਰਨ ਨਾਲ ਸਰੀਰ ਤੇ ਇੱਕ ਖ਼ਾਸ ਕਿਸਮ ਦੇ ਸੁਰੱਖਿਆ ਖ਼ਜ਼ਾਨੇ ‘ਟੀ-ਸੇਲ’ ਦੇ ਕੰਮ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਇਸ ਲਈ ਭਾਰ ਹੌਲੀ-ਹੌਲੀ ਘੱਟ ਕਰਨਾ ਚਾਹੀਦਾ ਹੈ। ਇੱਕ ਹਫ਼ਤੇ ਵਿੱਚ ਅੱਧਾ ਕਿਲੋ ਤੋਂ ਜ਼ਿਆਦਾ ਵਜ਼ਨ ਘੱਟ ਕਰਨ ਨਾਲ ਸਾਡੀ ਰੋਗ-ਪ੍ਰਤੀਰੋਧਕ ਸਮਰੱਥਾ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ। ਕੁਝ ਹੋਰ ਧਿਆਨ ਦੇਣ ਯੋਗ ਗੱਲਾਂ ਸਾਡੇ ਸਰੀਰ ਦੀ ਰੋਗ-ਪ੍ਰਤੀਰੋਧਕ ਵਿਵਸਥਾ ਆਪਣਾ ਕੰਮ ਕਰਦੀ ਰਹਿੰਦੀ ਹੈ। ਇਸ ਲਈ ਇਸ ਦੀ ਕਾਰਜ ਪ੍ਰਣਾਲੀ ਨੂੰ ਸੁਧਾਰਨ ਦੇ ਲਈ ਅਸੀਂ ਕੁਝ ਵਿਸ਼ੇਸ਼ ਨਹੀਂ ਕਰ ਸਕਦੇ, ਫਿਰ ਵੀ ਅਸੀਂ ਜਿਨ੍ਹਾਂ ਗੱਲਾਂ ਵੱਲ ਧਿਆਨ ਦੇ ਸਕਦੇ ਹਾਂ, ਉਹ ਇਹ ਹਨ: * ਕਦੋਂ ਕਿਹੜਾ ਟੀਕਾ ਲਗਵਾਉਣਾ ਚਾਹੀਦਾ ਹੈ। ਇਸ ਦਾ ਚੰਗੀ ਤਰ੍ਹਾਂ ਖ਼ਿਆਲ ਰੱਖੋ। ਖ਼ਸਰਾ, ਕਾਲੀ ਖੰਘ, ਚਿਕਨ ਪੌਕਸ, ਡਿਫਥੀਰੀਆ ਆਦਿ ਦੇ ਟੀਕੇ ਬਚਪਨ ਵਿੱਚ ਹੀ ਲਗਵਾ ਲਏ ਜਾਣ ਤਾਂ ਜੀਵਨ ਭਰ ਲਈ ਇਨ੍ਹਾਂ ਰੋਗਾਂ ਦੇ ਪ੍ਰਤੀ ਸੁਰੱਖਿਆ ਮਿਲ ਜਾਂਦੀ ਹੈ। ਜੇ ਕਿਸੇ ਅਜਿਹੇ ਰਾਜ ਜਾਂ ਦੇਸ਼ ਵਿੱਚ ਜਾਣਾ ਪੈ ਜਾਵੇ ਤਾਂ ਜਿੱਥੇ ਸਫ਼ਾਈ ਵਿਵਸਥਾ ਠੀਕ ਨਾ ਹੋਵੇ ਤਾਂ ਉੱਥੇ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਡਾਕਟਰਾਂ ਦੀ ਰਾਇ ਮੁਤਾਬਕ ਇਹ ਟੀਕੇ ਫਿਰ ਤੋਂ ਲਗਵਾਉਣੇ ਪੈ ਸਕਦੇ ਹਨ। * ਹੈਪੇਟਾਇਟਸ-ਬੀ ਅਤੇ ਸੀ ਅਤੇ ਟੈਟਨਸ ਰੋਧਕ ਟੀਕੇ ਡਾਕਟਰ ਦੀ ਸਲਾਹ ਨਾਲ ਸਮੇਂ-ਸਮੇਂ ਲਗਵਾਉਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਟੀਕਿਆਂ ਦਾ ਪ੍ਰਭਾਵ ਕੁਝ ਸਮੇਂ ਲਈ ਹੁੰਦਾ ਹੈ, ਸਦਾ ਲਈ ਨਹੀਂ। * ਅਜੇ ਤਕ ਕੋਈ ਅਜਿਹਾ ਖਾਧ-ਪਦਾਰਥ ਜਾਂ ਵਿਟਾਮਿਨ, ਡਾਕਟਰੀ ਵਿਗਿਆਨ ਦੀ ਜਾਣਕਾਰੀ ਵਿੱਚ ਨਹੀਂ ਆਇਆ, ਜਿਸ ਨੂੰ ਲੈਣ ਨਾਲ ਸਰੀਰ ਦੀ ਰੋਗ-ਪ੍ਰਤੀਰੱਖਿਆ ਵਿਵਸਥਾ ਨੂੰ ਸੁਧਾਰਿਆ ਜਾ ਸਕੇ ਪਰ ਇਹ ਵਿਵਸਥਾ ਸਹੀ ਢੰਗ ਨਾਲ ਕੰਮ ਕਰਦੀ ਰਹੇ, ਇਸ ਲਈ ਜ਼ਰੂਰੀ ਹੈ ਕਿ ਅਸੀਂ ਸੰਤੁਲਿਤ ਭੋਜਨ ਲਈਏ। ਜਦੋਂ ਸਖ਼ਤ ਮਿਹਨਤ ਕਰਨੀ ਪੈ ਰਹੀ ਹੋਵੇ ਤਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਭੋਜਨ ਪ੍ਰਤੀ ਲਾਪਰਵਾਹੀ ਨਾ ਹੋਵੇ। * ਐਂਟੀਬਾਇਓਟਿਕ ਦਵਾਈਆਂ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਵੀ ਰੋਗ ਪ੍ਰਤੀਰੱਖਿਆ ਵਿਵਸਥਾ ‘ਤੇ ਮਾੜਾ ਅਸਰ ਪਾਉਂਦੀ ਹੈ। * ਨਸ਼ੀਲੇ ਪਦਾਰਥਾਂ ਦਾ ਲਗਾਤਾਰ ਸੇਵਨ ਵੀ ਇਸ ਵਿਵਸਥਾ ਨੂੰ ਪ੍ਰਭਾਵਿਤ ਕਰਦਾ ਹੈ।

– ਸੁਖਮੰਦਰ ਸਿੰਘ ਤੂਰ

Related posts

7 Million Flu Vaccine Released For a Potentially Challenging Season

admin

QUT Announces New Undergraduate Pathway To Medicine

admin

ਹਸਪਤਾਲਾਂ ਵਿੱਚ ਬੇਲੋੜੇ ਸਿਜੇਰੀਅਨ ਸੈਕਸ਼ਨ ਵਿੱਚ ਵਾਧਾ !

admin