
ਉਪਰੋਥਲ਼ੀ ਹੋਈਆਂ ਚਾਰ ਧੀਆਂ ਨੇ ਜਿਵੇਂ ਸਹੁਰੇ ਘਰ ਵਿੱਚ ਜੀਤੋ ਨੂੰ ਜਿਵੇਂ ਬਿਲਕੁਲ ਹੀ ਭੁੰਝੇ ਲਾਹ ਦਿੱਤਾ ਸੀ। ਸੱਸ-ਸਹੁਰੇ ਤੇ ਘਰਵਾਲੇ ਦੇ ਦਿਨ ਰਾਤ ਦੇ ਤਾਅਨੇ-ਮਿਹਣੇ ਤੇ ਉਪਰੋ ਘਰ ਦਾ ਮਣਾਂ ਮੂੰਹੀਂ ਕੰਮ, ਹਰ ਸਾਲ ਦਾ ਜਾਪਾ ,ਉਸ ਨੂੰ ਜਿਵੇਂ ਜਵਾਨੀ ਵਿਚ ਹੀ ਬੁੱਢੀ ਕਰ ਦਿੱਤਾ ਗਿਆ ਸੀ। 18 ਸਾਲਾਂ ਦੀ ਸੀ ਜਦੋਂ ਵਿਆਹੀ ਗਈ ਸੀ ਤੇ ਅੱਜ ਸਾਲ 25 ਦੀ ਸੀ ਤੇ ਦੇਖਣ ਵਾਲਾ ਕੋਈ ਵੀ ਉਸ ਨੂੰ 40 ਤੋਂ ਘੱਟ ਨਹੀਂ ਸਮਝਦਾ ਸੀ। ਕਦੇ ਭੁੱਲੀ ਚੁੱਕੀ ਸ਼ੀਸ਼ਾ ਦੇਖ ਬਹਿੰਦੀ ਤਾਂ ਸੋਚਦੀ ਕਿ ਮੈਨੂੰ ਤਾਂ ਬਚਪਨ ਤੋਂ ਸਿੱਧਾ ਬੁਢਾਪਾ ਹੀ ਆ ਗਿਆ। ਉਸ ਨੂੰ ਖੁਦ ਦੇ ਬਾਰੇ ਨਿਕਰਮਣ, ਪੁੱਠੇ ਪੈਰਾਂ ਵਾਲੀ ,ਕਰਮਾਂ ਸੜੀ ਅਜਿਹੇ ਸ਼ਬਦ ਉਨਾ ਦੁਖੀ ਨਹੀਂ ਕਰਦੇ ਸਨ ਜਿਨ੍ਹਾਂ ਉਸਦੀ ਕੁੱਖੋਂ ਜਣੀਆਂ ਧੀਆਂ ਬਾਰੇ ਪੱਥਰ, ਭੂਤਨੀਆਂ ਸ਼ਬਦ ਦੁਖੀ ਕਰਦੇ ਸਨ । ਸੱਸ ਜਦੋਂ ਬੋਲਦੀ ,”ਕਿੱਥੋਂ ਧਰੀ ਪਈ ਸੀ ਸਾਡੇ ਕਰਮਾਂ ਵਿੱਚ ,ਪੁੱਠੇ ਪੈਰਾਂ ਵਾਲੀ ਨੇ ਚਾਰ ਪੱਥਰ ਮਾਰੇ ਮੇਰੇ ਭੋਰਾ ਭਰ ਜਵਾਕ ਦੇ ਮੱਥੇ।”ਉਹ ਤਾਂ ਜਿਵੇਂ ਇਨ੍ਹਾਂ ਧੀਆਂ ਨੂੰ ਦਹੇਜ ਵਿਚ ਲੈ ਕੇ ਆਈ ਸੀ। ਦਿਨ ਰਾਤ ਸੋਚਾਂ ਵਿਚ ਡੁੱਬੀ ਦਾ ਦਮ ਘੁੱਟਦਾ। ਨਿੱਕੀਆਂ ਨਿੱਕੀਆਂ ਧੀਆਂ ਨੂੰ ਗੁਰਦਵਾਰੇ ਭੇਜਦੀ, ਜੋ ਬਾਬਾ ਜੀ ਅੱਗੇ ਅਰਦਾਸ ਕਰਕੇ ਆਓ ,ਕਿ ਬਾਬਾ ਜੀ ਸਾਨੂੰ ਵੀ ਵੀਰ ਦਿਓ। ਬੱਚਿਆਂ ਨੂੰ ਇਹ ਅਰਦਾਸ ਕਰਨ ਦੀ ਆਦਤ ਜਿਹੀ ਪੈ ਗਈ ,ਜਿਥੇ ਵੀ ਕੋਈ ਧਾਰਮਿਕ ਤਸਵੀਰ ਵੀ ਵੇਖ ਲੈਂਦੀਆਂ ,ਇਹੋ ਅਰਦਾਸ ਕਰਨ ਲਗਦੀਆਂ। ਰੱਖੜੀ ਵਾਲੇ ਦਿਨ ਆਂਢ ਗਵਾਂਢ ਦੇ ਮੁੰਡਿਆਂ ਨੂੰ ਰੱਖੜੀ ਬੰਨ੍ਹ ਦੀਆਂ ਫਿਰਦੀਆਂ। ਆਂਢੀ-ਗੁਆਂਢੀ ਵੀ ਉਹਨਾਂ ਵੱਲ ਵੇਖ ਤਰਸ ਖਾਂਦੇ । ਭਰਾ ਬਾਹਰੀਆਂ ਜੋ ਹੋਈਆਂ। ਰਿਸ਼ਤੇਦਾਰ ਆਉਂਦੇ ਤਾਂ ਉਹ ਭੱਜ ਕੇ ਅੰਦਰ ਛੁਪ ਜਾਂਦੀਆਂ। ਕਿਉਂਕਿ ਸਾਰੇ ਹੀ ਨਹੀਂ ਕੁੜੀਆਂ ਕਹਿ ਕੇ ਮੱਥੇ ਤੇ ਹੱਥ ਮਾਰਦੇ ਤਾਂ ਉਹ ਆਪਣੇ ਆਪ ਨੂੰ ਦੋਸ਼ੀ ਜਿਹੀਆਂ ਸਮਝਦੀਆਂ। ਜਿਵੇਂ ਇਸ ਸਭ ਲਈ ਕੋਈ ਉਹਨਾਂ ਦਾ ਹੀ ਗੁਨਾਹ ਹੋਵੇ।