ArticlesReligion

ਰੱਬੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ

ਲੇਖਕ: ਗੁਰਜੀਤ ਕੌਰ “ਮੋਗਾ”

ਸਾਡੀ ਧਰਤੀ ਗੁਰੂਆਂ, ਪੀਰ-ਪੈਂਗਬਰਾਂ, ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਸਮੇਂ ਸਮੇਂ ਤੇ ਇੱਥੇ ਸਾਧੂਆਂ, ਸੰਤਾਂ, ਅਵਤਾਰਾਂ ਨੇ ਜਨਮ ਲਿਆ । ਘੋਰ ਕਲਯੁੱਗ ਸਮੇਂ ਜਦੋਂ ਜਬਰ ਜੁਲਮ, ਛੂਆ-ਛੂਤ, ਜਾਤ-ਪਾਤ ਦੇ ਅੰਧਕਾਰ ਦਾ ਘੁੱਪ ਹਨੇਰਾ ਸਾਰੇ ਪਾਸੇ ਛਾਇਆ ਹੋਇਆ ਸੀ ਤਾਂ ਕਤੱਕ ਦੀ ਪੂਰਨਮਾਸ਼ੀ 1469 ਈ. ਨੂੰ ਮਾਨਵਤਾ ਦੇ ਭਲੇ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ । ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਆਪ ਬਚਪਨ ਤੋਂ ਹੀ ਤੀਖਣ ਬੁੱਧੀ ਦੇ ਮਾਲਿਕ ਸਨ । ਗੁਰੂ ਨਾਨਕ ਦੇਵ ਜੀ ਦੇ ਆਗਮਨ ਤੇ ਭਾਈ ਗੁਰਦਾਸ ਜੀ ਲਿਖਦੇ ਹਨ :- ਸੁਣੀ ਪੁਕਾਰ ਦਾਤਾਰ ਪ੍ਰਭ , ਗੁਰ ਨਾਨਕ ਜਗ ਮਾਹਿ ਪਠਾਇਆ । ਇਨਾਂ ਦਾ ਜਨਮ ਰਾਇ-ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਜੋ ਪਾਕਿਸਤਾਨ ਵਿੱਚ ਸਥਿਤ ਹੈ ਇਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਤੇ ਮਾਤਾ ਦਾ ਨਾਮ ਤ੍ਰਿਪਤਾ ਸੀ । ਇਨਾਂ ਦੀ ਵੱਡੀ ਭੈਣ ਦਾ ਨਾਮ ਬੇਬੇ ਨਾਨਕੀ ਸੀ। ਆਪ ਨੇ ਮੁੱਢਲੀ ਵਿਦਿਆ ਗੋਪਾਲ ਦਾਸ ਅਤੇ ਪੰਡਿਤ ਬ੍ਰਿਜ ਨਾਥ ਤੋਂ ਪ੍ਰਾਪਤ ਕੀਤੀ ਪਰ ਗੁਰੂ ਜੀ ਦੇ ਅਧਿਆਪਕ ਇੰਨਾਂ ਦੇ ਅਧਿਆਤਮਿਕ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਏ । ਦਸ ਸਾਲ ਦੀ ਉਮਰ ਵਿੱਚ ਆਪ ਨੇ ਜਨੇਉ ਪਾਉਣ ਵਾਲੀ ਰਸਮ ਦਾ ਜੌਰਦਾਰ ਖੰਡਨ ਕੀਤਾ ਉਨਾਂ ਕਿਹਾ ਕਿ ਉਹ ਦਇਆ, ਸੰਤੋਖ, ਜਤਿ, ਸਤਿ ਵਾਲਾ ਜਨੇਉ ਪਾਉਣਾ ਚਾਹੁੰਦੇ ਹਨ ਜੋ ਨਾ ਕਦੇ ਮੈਲਾ ਹੁੰਦਾ ਹੈ ਤੇ ਨਾ ਹੀ ਟੁਟੱਦਾ ਹੈ । ਇਸ ਸਮੇਂ ਉਨਾ ਸ਼ਬਦ ਉਚਾਰਿਆ: ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤੁ ਵਟੁ ।। ਪੰਦਰਾਂ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਦੇ ਪਾਸ ਚਲੇ ਗਏ ਜੋ ਸੁਲਤਾਨ ਪੁਰ ਵਿਖੇ ਜੈ ਰਾਮ ਨਾਲ ਵਿਆਹੀ ਹੋਈ ਸੀ, ਉਥੇ ਉਨਾਂ ਨੇ ਲਾਹੋਰ ਦੇ ਗਵਰਨਰ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਨੌਕਰੀ ਕਰ ਲਈ। ਪੁਰਾਤਨ ਸਾਖੀਆਂ ਮੁਤਾਬਕ ਉਨਾਂ ਦਾ ਉਥੇ ਮਨ ਨਾ ਟਿਕਿਆ ਉਨਾਂ ਦੇ ਮਨ ਅੰਦਰ ਅਕਾਲਪੁਰਖ ਨੂੰ ਮਿਲਣ ਦੀ ਤਾਂਘ ਸੀ। ਇਥੇ ਰਹਿੰਦੀਆਂ ਵੇਈ ਨਦੀ ਵਿੱਚ ਇਸ਼ਨਾਨ ਕਰਦਿਆ ਉਹਨ ਤਿੰਨ ਦਿਨ ਲਈ ਆਲੋਪ ਹੋ ਗਏ ਜਿਥੇ ਆਪ ਨੇ ਰੱਬੀ-ਗਿਆਨ ਪ੍ਰਾਪਤ ਕੀਤਾ । ਉਨੀ ਦਿਨੀ ਮੁਸਲਮਾਨਾ ਦਾ ਰਾਜ ਸੀ । ਭਾਰਤੀ ਜਨਤਾ ਹਾਕਮਾਂ ਹੱਥੋਂ ਹੁੰਦੇ ਅਤਿਆਚਾਰ, ਅਨਿਆਂ, ਧੱਕੇਸ਼ਾਹੀ ਤੋਂ ਬੇਹੱਦ ਦੁਖੀ ਸੀ । ਜਨਤਾ ਦੀ ਭੈੜੀ ਹਾਲਤ ਨੂੰ ਦੇਖਦਿਆਂ ਅਜਿਹੇ ਨਾਜੁਕ ਦੌਰ ਵਿੱਚ ਉਨਾਂ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ ਤੇ ਅਨੇਕਾਂ ਜੀਆਂ ਦੇ ਪਾਰ ਉਤਾਰੇ ਲਈ ਚਾਰ ਉਦਾਸੀਆਂ ਦੀ ਪੈਦਲ ਯਾਤਰਾ ਕੀਤੀ । ਉਨਾਂ ਸਮੁੱਚੀ ਮਾਨਵਤਾ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ । ਇੰਨਾਂ ਯਾਤਰਾਵਾਂ ਦੌਰਾਨ ਆਪ ਨੇ ਅਨੇਕਾਂ ਪ੍ਰਸਿੱਧ ਮੰਦਰਾਂ, ਮਸਜਿਦਾਂ, ਪਰਬਤਾਂ, ਮਸੀਤਾਂ ਦਾ ਸਫਰ ਤੈਅ ਕੀਤਾ । ਗੁਰੂ ਨਾਨਕ ਦੇਵ ਜੀ ਦਾ ਮੂਲ ਸਿਧਾਂਤ ਇਹੀ ਸੀ ਕਿ ਪ੍ਰਮਾਤਮਾ ਇੱਕ ਹੈ । ਉਹ ਸਰਬਸ਼ਕਤੀ ਮਾਨ ਹੈ ਉਹ ਆਪ ਹੀ ਸਿਰਜਨਹਾਰ ਹੈ । ਉਹ ਮੂਰਤੀ ਪੂਜਾ ਦੇ ਖਿਲਾਫ ਸਨ । ਉਨੀ ਦਿਨੀ ਸਮਾਜ ਚਾਰ ਵਰਨਾ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ , ਖਤਰੀ , ਵੈਸ਼  ਤੇ ਸ਼ੁਦਰ । ਉਨਾਂ ਜਾਤ ਪਾਤ ਦਾ ਡੱਟ ਕੇ ਵਿਰੋਧ ਕੀਤਾ ਤੇ ਰੱਬੀ ਬਾਣੀ ਰਾਹੀਂ ਉਪਦੇਸ਼ ਦਿੱਤਾ  ਏਕ ਪਿਤਾ ਏਕਸ ਕੇ ਹਮ ਬਾਰਿਕ ।ਆਪਣੇ ਜੀਵਨ ਦੌਰਾਨ ਉਨਾਂ ਨੇ ਬਹੁਤ ਸਾਰੀ ਇਲਾਹੀ ਬਾਣੀ ਰਚੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਸ਼ੋਬਿਤ ਹੈ । ਉਨਾਂ ਮਲਿਕ ਭਾਗੋ, ਵਾਲੀ ਕੰਧਾਰੀ , ਸੱਜਣ ਠੱਗ, ਕੋਡਾ ਭੀਲ ਵਰਗਿਆਂ ਦੇ ਹੰਕਾਰ ਨੂੰ ਤੋੜਿਆ ਤੇ ਜੀਵਨ ਜਾਂਚ ਦਾ ਉਪਦੇਸ਼ ਦੇ ਕੇ ਸਿੱਧੇ ਰਸਤੇ ਪਾਇਆ । ਉਨਾਂ ਕਾਮ, ਕ੍ਰੋਧ, ਲੋਭ, ਹੰਕਾਰ ਵਾਲਾ ਜੀਵਨ ਤਿਆਗ ਕੇ ਸੱਚਾ ਸੁੱਚਾ ਜੀਵਨ ਜਿਉਣ ਦਾ ਉਪਦੇਸ਼ ਦਿੱਤਾ । ਉਹ ਵਿਲਖੱਣ ਸ਼ਖਸ਼ੀਅਤ ਦੇ ਮਹਾਪੁਰਸ਼ ਸਨ ਜਿੰਨਾ ਧਰਮ ਨਿਰਪੱਖਤਾ ਦਾ ਪ੍ਰਚਾਰ ਕੀਤਾ । ਉਹ ਦੀਨ ਦੁਖੀਆਂ ਦੇ ਮਸੀਹਾ ਸਨ  ਉਨਾਂ ਆਪਣੀ ਦਾਰਸ਼ਨਿਕ ਦ੍ਰਿਸ਼ਟੀ ਸਦਕਾਂ ਕਰਮਕਾਂਡਾ, ਪਾਖ਼ੰਡਾ, ਕਰਾਮਾਤਾਂ ਆਦਿ ਦੀ ਖੁੱਲ ਕੇ ਅਲੋਚਨਾ ਕੀਤੀ । ਅਨੇਕਾਂ ਹੀ ਉਦਾਰਹਣਾ ਆਪ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਹਨ । ਉਨਾਂ ਨੇ ਆਪਣੇ ਅਧਿਆਤਮਿਕ ਅਨੁਭਵਾਂ ਸਦਕਾ ਅਨੇਕਾਂ ਜੋਗੀਆਂ, ਸਿਧਾਂ, ਪੀਰਾਂ, ਫਕੀਰਾਂ, ਪੰਡਤਾ-ਪ੍ਰਹੋਹਿਤਾਂ ਆਦਿ ਨਾਲ ਸੰਵਾਦ ਰਚਾ ਕੇ ਉਨਾਂ ਨੂੰ ਪ੍ਰਮਾਤਮਾ ਦੇ ਰਾਹ ਤੋਰਿਆ । ਗੁਰੂ ਜੀ ਮਨ ਆਤਮਾ ਨੂੰ ਪ੍ਰਮਾਤਮਾ ਦਾ ਅੰਸ਼ ਮੰਨਦੇ ਹਨ ਤੇ ਫਰਮਾਉਂਦੇ ਹਨ ਕਿ ਮਨ ਨੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ ।। ਮਨੁੱਖੀ ਮਨ ਨੂੰ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਨ, ਵਿਕਾਰਾਂ ਤੋਂ ਨਿਰਲੇਪ ਰਹਿ ਕੇ ਸੱਚਾ ਸੁੱਚਾ ਬਨਾਉਣ ਦੇ ਜੋਰ ਦਿੰਦੇ ਹਨ । ਪ੍ਰਮਾਤਮਾ ਦੀ ਰਜਾ ਵਿੱਚ ਰਹਿਣ ਵਾਲਿਆਂ ਨੂੰ ਗੁਰੂ ਜੀ ਨੇ ਗੁਰਮੁਖ ਦੇ ਨਾਅ ਨਾਲ ਨਿਵਾਜਿਆ ਤੇ ਆਪਣੀ ਮੱਤ ਪਿਛੇ ਚਲਣ ਵਾਲਿਆ ਨੂੰ ਮਨਮੁੱਖ ਕਿਹਾ । ਹਰ ਪ੍ਰਾਣੀ ਨੂੰ ਗੁਰੂ ਜੀ ਨੇ ਪ੍ਰਮਾਤਮਾ ਦੀ ਰਜਾ ਵਿੱਚ ਰਹਿ ਕੇ ਹੀ ਜੀਵਨ ਜਿਉਣ ਦਾ ਉਪਦੇਸ਼ ਦਿੱਤਾ । ਸਬਰ, ਸਿਦਕ ਤੇ ਸੰਤੋਖ ਵਾਲੇ ਜੀਵਨ ਨੂੰ ਹੀ ਉਤਮ ਜੀਵਨ ਦੱਸਿਆ । ਗੁਰੂ ਜੀ ਦੇ ਸਮੇਂ ਇਸਤਰੀ ਜਾਤੀ ਦੀ ਹਾਲਤ ਵੀ ਬਹੁਤ ਤਰਸਯੋਗ ਸੀ ਉਸ ਉਪਰ ਹੁੰਦੇ ਜੁਲਮ , ਅਤਿਆਚਾਰ ਦੇ ਵਿਰੁੱਧ ਗੁਰੂ ਜੀ ਨੇ ਅਵਾਜ ਉਠਾਈ । ਇਸਤਰੀ ਜਾਤੀ ਦੇ ਹੱਕ ਵਿੱਚ ਬੋਲਦਿਆਂ ਉਨਾਂ ਕਿਹਾ ਸੋ ਕਿਉ ਮੰਦਾ ਆਖੀਐ, ਜਿਤ ਜੰਮਹਿ ਰਾਜਾਨ ।। ਗੁਰੂ ਨਾਨਕ ਸਾਹਿਬ ਨੇ ਵੀਹ ਰਾਗਾਂ ਵਿੱਚ ਬਾਣੀ ਨੂੰ ਉਚਾਰਿਆ । ਗੁਰੂ ਜੀ ਦੀਆਂ ਪ੍ਰਮੁੱਖ ਰਚਨਾਵਾਂ ਜਪੁਜੀ ਸਾਹਿਬ, ਸਿੱਧ ਗੋਸਟਿ, ਪੱਟੀ,ਦਖਣੀ, ਓਅੰਕਾਰ, ਆਰਤੀ ਆਦਿ ਹਨ । ਜਪੁਜੀ ਸਾਹਿਬ ਗੁਰੂ ਸਾਹਿਬ ਦੀ ਸਭ ਤੋਂ ਸ੍ਰੇਸ਼ਟ ਰਚਨਾ ਹੈ ਜਿਸ ਰਾਹੀਂ ਉਨਾਂ ਨੇ ਮਨੁੱਖ ਨੂੰ ਪ੍ਰਭੂ ਦੀ ਸਿਫਤ ਸਲਾਹ ਕਰਨਾ, ਚੰਗੇ ਗੁਣਾਂ ਦੇ ਧਾਰਨੀ ਹੋਣਾ, ਗੁਰੂ ਦੇ ਦੱਸੇ ਮਾਰਗ ਤੇ ਚਲੱ ਕੇ ਜੀਵਨ ਨੂੰ ਸਫਲ ਬਨਾਉਣ ਦੀ ਜੁਗਤ ਦੱਸੀ ਹੈ । ਆਪਣੇ ਜੀਵਨ ਦੇ ਅੰਤਿਮ ਵਰਿਆਂ ਵਿੱਚ ਗੁਰੂ ਸਾਹਿਬ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ । ਇਥੇ ਹੀ ਆਪ ਪ੍ਰਭੂ ਭਗਤੀ ਵਿੱਚ ਲੀਨ ਰਹਿੰਦਿਆਂ ਨਿਤਨੇਮ ਕਥਾ-ਕੀਰਤਨ ਕਰਦੇ ਤੇ ਸੰਗਤ ਨੂੰ ਗੁਰੂ ਆਸ਼ੇ ਅਨੁਸਾਰ ਜੀਵਨ ਬਿਤਾਉਣ ਦੀ ਸਿਖਿਆ ਦਿੰਦੇ । ਅੱਜ ਲੋੜ ਹੈ ਸਾਨੂੰ ਗੁਰੂ ਸਾਹਿਬ ਦੇ ਪਰਉਪਕਾਰੀ ਜੀਵਨ ਤੋਂ ਸਿਖਿਆ ਲੈਂਦਿਆ ਉਨਾਂ ਦੀ ਵਿਚਾਰਧਾਰਾਂ ਨੂੰ ਅਮਲੀ ਰੂਪ ਵਿੱਚ ਆਪਣੇ ਜੀਵਨ ਵਿੱਚ ਢਾਲੀਏ ਤੇ ਉਨਾਂ ਦੇ ਪਦ-ਚਿੰਨਾਂ ਤੇ ਚਲਦਿਆਂ ਸਰਬਤ ਦੇ ਭਲੇ ਦੀ ਅਰਦਾਸ ਕਰੀਏ ।

Related posts

$100 Million Boost for Bushfire Recovery Across Victoria

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin