ਮਹਿੰਦੀ ਦਾ ਸਿੱਧਾ ਸਬੰਧ ਰੰਗ(ਵਿਸ਼ੇਸ਼ ਕਰਕੇ ਸ਼ਗਨਾਂ ਦੇ ਰੰਗ) ਨਾਲ,ਖੁਸ਼ੀਆਂ-ਖੇੜਿਆਂ ਦੇ ਅਵਸਰਾਂ ਨਾਲ, ਕਈ ਤਰ੍ਹਾਂ ਦੀਆਂ ਰਸਮਾਂ/ਸ਼ਗਨਾਂ ਨਾਲ ਅਤੇ ਸ਼ਿੰਗਾਰ ਨਾਲ ਜਾ ਜੁੜਦਾ ਹੈ।ਹੱਥਾਂ-ਪੈਰਾਂ ’ਤੇ ਮਹਿੰਦੀ ਲਾਉਣ ਨੂੰ ਔਰਤਾਂ ਵੱਲੋਂ ਹਾਰ-ਸ਼ਿੰਗਾਰ ਕਰਨ ਲਈ ਰਵਾਇਤੀ ਤੇ ਦੇਸੀ ਸਮੱਗਰੀ ਵਾਲਾ ਸਾਦਾ ਢੰਗ-ਤਰੀਕਾ ਸਮਝਿਆ ਜਾਂਦਾ ਰਿਹਾ ਹੈ। ਮਹਿੰਦੀ ਇੱਕ ਬੂਟੇ ਦਾ ਨਾਂ ਹੈ, ਜਿਸ ਦੇ ਪੱਤਿਆਂ ਨੂੰ ਸੁਕਾਉਣ ਉਪਰੰਤ ਪੀਸ ਕੇ ਉਸ ਦਾ ਪਾਊਡਰ ਬਣਾ ਲਿਆ ਜਾਂਦਾ ਹੈ। ਇਸ ਪਾਊਡਰ ਨੂੰ ਇਸ ਦੇ ਬੂਟੇ ਦੇ ਨਾਂ ਉੱਪਰ ਮਹਿੰਦੀ ਦਾ ਨਾਂ ਹੀ ਦਿੱਤਾ ਜਾਂਦਾ ਹੈ। ਡਾ.ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ-” ਇਕ ਬੂਟਾ ਜਿਸਦੇ ਪੱਤਿਆਂ ਨੂੰ ਪੀਹ ਕੇ ਹੱਥਾਂ ਪੈਰਾਂ ਉੱਤੇ ਲਗਾਇਆ ਜਾਂਦਾ ਹੈ।ਇਸ ਨਾਲ ਹੱਥਾਂ ਪੈਰਾਂ ਦੀ ਤਵੱਚਾ ਲਾਲ ਹੋ ਜਾਂਦੀ ਹੈ।ਮਹਿੰਦੀ ਦਾ ਰਿਵਾਜ ਵਧੇਰੇ ਕਰਕੇ ਅਰਬ ਦੇਸ਼ਾਂ ਵਿੱਚ ਸੀ।ਮੁਸਲਮਾਨਾਂ ਦੇ ਭਾਰਤ ਆਉਣ ਨਾਲ ਮਹਿੰਦੀ ਦਾ ਰਿਵਾਜ ਇਥੇ ਵੀ ਪ੍ਰਚੱਲਿਤ ਹੋ ਗਿਆ।” (ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਪੰਨਾ 1860)। ਪਾਊਡਰ ਮਹਿੰਦੀ ਨੂੰ ਪਾਣੀ ਵਿੱਚ ਮਿਲਾ ਕੇ, ਉਸ ਦਾ ਪੇਸਟ ਬਣਾ ਕੇ, ਹੱਥਾਂ-ਪੈਰਾਂ ’ਤੇ ਸਾਧਾਰਨ ਤਰੀਕੇ ਨਾਲ ਵੀ ਅਤੇ ਵਿਸ਼ੇਸ਼ ਵਿਧੀ ਦੁਆਰਾ ਵੀ ਲਗਾਇਆ ਜਾਂਦਾ ਹੈ। ਮਹਿੰਦੀ ਦੇ ਪਾਊਡਰ ਵਿੱਚ ਕਈ ਵਾਰ ਮਹਿੰਦੀ ਦੇ ਰੰਗ ਨੂੰ ਗੂੜ੍ਹਿਆਂ ਕਰਨ ਲਈ ਕੋਈ ਕੈਮੀਕਲ, ਤੇਲ ਜਾਂ ਕਿਸੇ ਹੋਰ ਸਮੱਗਰੀ ਨੂੰ ਵੀ ਮਿਲਾ ਲਿਆ ਜਾਂਦਾ ਹੈ। ਲਾਈ ਗਈ ਮਹਿੰਦੀ ਨੂੰ ਕਈ ਘੰਟਿਆਂ ਤੱਕ ਹੱਥਾਂ-ਪੈਰਾਂ ਉੱਪਰ ਲੱਗੀ ਰਹਿਣ ਦਿੱਤਾ ਜਾਂਦਾ ਹੈ। ਕਈ ਵਾਰ ਕੁੜੀਆਂ ਰਾਤ ਭਰ ਲਈ ਮਹਿੰਦੀ ਲਾਈ ਰੱਖਦੀਆਂ ਹਨ ਤੇ ਸਵੇਰ ਹੋਣ ਉੱਤੇ ਜਦੋਂ ਹੱਥ-ਪੈਰ ਧੋਤੇ ਜਾਂਦੇ ਹਨ ਤਾਂ ਹਥੇਲੀਆਂ, ਪੈਰਾਂ ਅਤੇ ਬਾਹਾਂ ’ਤੇ ਮਹਿੰਦੀ ਦਾ ਚੜ੍ਹਿਆ ਲਾਲ ਸੁਰਖ਼ ਰੰਗ ਵੇਖ ਕੇ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਅਤੇ ਉਹ ਹੋਰ ਮਹਿੰਦੀ ਲੈਣ ਦੀ ਮੰਗ ਕਰਦੀਆਂ ਹਨ:
ਨੀ ਲੈ ਦੇ ਮਾਏ,
ਕਾਲਿਆਂ ਬਾਗ਼ਾਂ ਦੀ ਮਹਿੰਦੀ
ਗਲੀ ਗਲੀ ਮੈਂ ਪੱਤਰ ਚੁਣਦੀ,
ਪੱਤਰ ਚੁਣਦੀ ਰਹਿੰਦੀ।
ਸਾਵਾ ਤੇ ਸੂਹਾ ਰੰਗ ਮਹਿੰਦੀ ਦਾ
ਸੋਹਣੀ ਬਣ ਬਣ ਪੈਂਦੀ
ਘੋਲ ਮਹਿੰਦੀ ਮੈਂ ਹੱਥਾਂ ’ਤੇ ਲਾਈ,
ਵਹੁਟੀ ਬਣ ਬਣ ਬਹਿੰਦੀ
ਮਹਿੰਦੀ ਦਾ ਰੰਗ ਹੱਥਾਂ ’ਤੇ ਚੜ੍ਹਿਆ,
ਸੋਹਣੀ ਲੱਗ ਲੱਗ ਪੈਂਦੀ
ਜਿਨ੍ਹਾਂ ਦੇ ਕੰਤ ਧੀਏ ਨਿੱਤ ਪਰਦੇਸੀ,
ਉਨ੍ਹਾਂ ਨੂੰ ਮਹਿੰਦੀ ਕੀ ਕਹਿੰਦੀ…
ਸਮਾਜਿਕ-ਸੱਭਿਆਚਾਰਕ ਮੌਕਿਆਂ ਨਾਲ ਮਹਿੰਦੀ ਦਾ ਸਬੰਧ ਇਸ ਹੱਦ ਤੱਕ ਜੁੜ ਗਿਆ ਹੈ ਕਿ ਇਸ ਨੇ ਸ਼ਗਨ ਅਤੇ ਰਸਮ ਦਾ ਮਹੱਤਵਪੂਰਨ ਅੰਗ /ਰੂਪ ਅਖ਼ਤਿਆਰ ਕਰ ਲਿਆ ਹੈ। ਵਿਆਹ ਦੇ ਦਿਨ ਤੋਂ ਪੂਰਬਲੀਆਂ ਕਈ ਰਾਤਾਂ ਨੂੰ ਵਿਆਹ ਵਾਲੇ ਘਰ ਵਿੱਚ ਗਾਉਣ ਬਿਠਾਉਣ ਦੀ ਰਸਮ ਨਿਭਾਈ ਜਾਂਦੀ ਸੀ, ਜਿਸ ਦੌਰਾਨ ਕੁੜੀ ਤੇ ਮੁੰਡੇ ਦੇ ਘਰ ਸੁਹਾਗ, ਘੋੜੀਆਂ ਆਦਿ ਗੀਤ ਗਾਏ ਜਾਂਦੇ ਸਨ। ਵਿਆਹ ਦੀ ਪੂਰਬਲੀ ਸ਼ਾਮ ਨੂੰ ਗੀਤ ਗਾਉਣ ਉਪਰੰਤ ਵਿਆਹੁੰਦੜ ਦੇ ਹੱਥਾਂ-ਪੈਰਾਂ ’ਤੇ ਸ਼ਗਨ ਵਜੋਂ ਰਸਮੀ ਤੌਰ ’ਤੇ ਮਹਿੰਦੀ ਲਾਈ ਜਾਂਦੀ ਸੀ ਤੇ ਨਾਲ-ਨਾਲ ਲੋਕ ਗੀਤ ਗਾਏ ਜਾਂਦੇ ਸਨ। ਇੱਕ ਲੋਕ ਵਿਸ਼ਵਾਸ ਅਨੁਸਾਰ ਕੁੜੀ ਦਾ ਮੂੰਹ ਪੂਰਬ ਦਿਸ਼ਾ ਵੱਲ ਕਰ ਕੇ, ਉਸ ਨੂੰ ਇੱਕ ਚੌਕੀ ’ਤੇ ਬਿਠਾ ਦਿੱਤਾ ਜਾਂਦਾ ਸੀ। ਵਿਆਹ ਦੇ ਦਿਨੀਂ ਘਰ ਵਿੱਚ ਕੰਮ ਕਰਨ ਆਉਣ ਵਾਲੀ ਲਾਗਣ ਜਾਂ ਕੁੜੀ ਦੀ ਭੈਣ ਜਾਂ ਸਹੇਲੀਆਂ ਵਿਆਹ ਦੇ ਗੀਤ ਗਾਉਂਦਿਆਂ-ਗਾਉਂਦਿਆਂ ਉਸ ਦੇ ਹੱਥਾਂ-ਪੈਰਾਂ ’ਤੇ ਮਹਿੰਦੀ ਲਗਾਉਂਦੀਆਂ ਜਾਂਦੀਆਂ ਸਨ। ਪਹਿਲੇ ਸਮਿਆਂ ਵਿੱਚ ਕੁੜੀ ਮਹਿੰਦੀ ਲੱਗੇ ਦੋਵਾਂ ਹੱਥਾਂ ਨੂੰ ਪਿਛਲੇ ਪਾਸੇ ਵੱਲ ਨੂੰ ਕਰ ਕੇ ਦੀਵਾਰ ਉੱਤੇ ਮਹਿੰਦੀ ਦੇ ਥਾਪੇ ਲਾਉਂਦੀ ਜਾਂਦੀ ਸੀ। ਲੋਕ ਵਿਸ਼ਵਾਸ ਅਨੁਸਾਰ ਇਹ ਥਾਪੇ ਵਿਆਹੁੰਦੜ ਕੁੜੀ ਦੀ ਪ੍ਰੇਤ-ਰੂਹਾਂ ਤੋਂ ਰੱਖਿਆ ਕਰਨ ਵਿੱਚ ਸਹਾਈ ਹੁੰਦੇ ਸਨ। ਜਿਸ ਬਰਤਨ ਵਿੱਚ ਮਹਿੰਦੀ ਦਾ ਘੋਲ ਬਣਾਇਆ ਜਾਂਦਾ ਸੀ, ਉਸ ਵਿੱਚ ਔਰਤਾਂ ਸ਼ਗਨ ਵਜੋਂ ਪੈਸੇ ਟਕੇ ਤੇ ਸਿੱਕੇ ਪਾਉਂਦੀਆਂ ਸਨ। ਬਾਅਦ ਵਿੱਚ ਇਹ ਪੈਸੇ ਲਾਗੀ ਨੂੰ ਦੇ ਦਿੱਤੇ ਜਾਂਦੇ ਸਨ। ਵਿਆਹ ਵਾਲੀ ਕੁੜੀ ਦੇ ਹੱਥਾਂ-ਪੈਰਾਂ ’ਤੇ ਮਹਿੰਦੀ ਲਾਉਣ ਪਿੱਛੋਂ ਬਾਕੀ ਹਾਜ਼ਰ ਕੁੜੀਆਂ ਵੀ ਮਹਿੰਦੀ ਲਾਉਂਦੀਆਂ ਸਨ। ਇਸ ਮੌਕੇ ’ਤੇ ਵਿਆਹ ਦੇ ਗੀਤਾਂ ਦੀ ਛਹਿਬਰ ਲੱਗਦੀ ਸੀ। ਇਸ ਨੂੰ ਮਹਿੰਦੀ ਵਾਲੀ ਰਾਤ ਕਿਹਾ ਜਾਂਦਾ ਸੀ। ਵਿਆਹ ਵਾਲੀ ਕੁੜੀ ਅਤੇ ਮੁੰਡੇ ਦੇ ਘਰ ਮਹਿੰਦੀ ਲਾਉਣ ਵੇਲੇ ਗਾਏ ਜਾਣ ਵਾਲੇ ਗੀਤਾਂ ਨੂੰ ਮਹਿੰਦੀ ਦੇ ਗੀਤ ਕਿਹਾ ਜਾਂਦਾ ਸੀ :
ਮਹਿੰਦੀ ਮਹਿੰਦੀ ਸਭ ਜਗ ਕਹਿੰਦਾ,
ਮੈਂ ਵੀ ਆਖ ਦਿਆਂ ਮਹਿੰਦੀ
ਬਾਗ਼ਾਂ ਦੇ ਵਿੱਚ ਸਸਤੀ ਵਿਕਦੀ,
ਵਿੱਚ ਹੱਟੀਆਂ ਦੇ ਮਹਿੰਗੀ
ਹੇਠਾਂ ਕੂੰਡੀ ਉੱਤੇ ਘੋਟਣਾ,
ਚੋਟ ਦੋਹਾਂ ਦੀ ਸਹਿੰਦੀ
ਘੋਟ ਘੋਟ ਕੇ ਹੱਥਾਂ ਨੂੰ ਲਾਈ,
ਫੋਲਕ ਬਣ ਬਣ ਲਹਿੰਦੀ
ਮਹਿੰਦੀ ਸ਼ਗਨਾਂ ਦੀ,
ਧੋਤਿਆਂ ਕਦੀ ਨਾ ਲਹਿੰਦੀ।
ਮੌਲੀਏ ਨੀਂ ਰੰਗ ਰੱਤੀਏ!
ਕਿਸ ਮੇਰੀ ਨਾਜੋ ਸ਼ਿੰਗਾਰੀ?
ਮੈਂ ਕੀ ਜਾਣਾ ਬਉਰੀ, ਜਾ ਮਹਿੰਦੀ ਨੂੰ ਪੁੱਛੋ।
ਮਹਿੰਦੀਏ ਨੀਂ ਰੰਗ ਰੱਤੀਏ!
ਕਿਸ ਮੇਰੀ ਨਾਜੋ ਸ਼ਿੰਗਾਰੀ?
ਮੈਂ ਕੀ ਜਾਣਾ ਬਉਰੀ, ਜਾ ਪੰਸਾਰੀ ਨੂੰ ਪੁੱਛੋ।
ਵਿਆਹ ਵਾਲੇ ਮੁੰਡੇ ਨੂੰ ਵੀ ਸ਼ਗਨ ਵਜੋਂ ਮਹਿੰਦੀ ਲਾਈ ਜਾਂਦੀ ਹੈ:
ਉਰ੍ਹਾਂ ਕਰ ਵੇ ਰੱਤੜਾ ਹੱਥ,
ਤੈਨੂੰ ਮਹਿੰਦੀ ਲਾਵਾਂ।
ਮਹਿੰਦੀ ਲਾਵਾਂ, ਤੇਰੇ ਚਾਚੇ ਕੂ ਸਦਾਵਾਂ।
ਉਰ੍ਹਾਂ ਕਰ ਵੇ ਰੱਤੜਾ ਹੱਥ,
ਤੈਨੂੰ ਮਹਿੰਦੀ ਲਾਵਾਂ।
ਮਹਿੰਦੀ ਲਾਵਾਂ ਤੇਰੇ ਭਾਈਏ ਕੂ ਸਦਾਵਾਂ…
ਪੰਜਾਬੀ ਲੋਕ ਗੀਤਾਂ ਵਿੱਚ ਭੈਣ ਭਰਾ ਦੇ ਪਿਆਰ ਦੇ ਅਜਿਹੇ ਦ੍ਰਿਸ਼ ਵੀ ਵੇਖਣ ਨੂੰ ਮਿਲਦੇ ਹਨ ਜਿਨ੍ਹਾਂ ਵਿੱਚ ਇਸ ਅਦੁੱਤੀ ਪਿਆਰ ਉਪਰ ਮਹਿੰਦੀ ਦੇ ਗੂੜ੍ਹੇ ਰੰਗ ਵਰਗੀ ਪੁੱਠ ਚੜ੍ਹੀ ਨਜ਼ਰ ਆਉਂਦੀ ਹੈ :
ਵੀਰ ਮੇਰੇ ਦੀ ਮਹਿੰਦੀ ਆਈ
ਮੈਂ ਖੁਸ਼ੀਆਂ ਨਾਲ ਲਵਾਈ ਆ…
* ਵੀਰ ਮੇਰਾ ਮਹਿਲਾਂ ਦਾ ਰਾਜਾ,ਤੂੰ ਭਾਬੀਏ ਰਾਣੀ
ਮਹਿੰਦੀ ਦੇ ਬੂਟੇ ਨੂੰ, ਲਾ ਦੇ ਭਾਬੀਏ ਪਾਣੀ…
ਮੁੰਡੇ ਵਾਲਿਆਂ ਵੱਲੋਂ ਸ਼ਗਨ ਵਜੋਂ ਭੇਜੀ ਗਈ ਮਹਿੰਦੀ ਸਬੰਧੀ ਕੁੜੀ-ਪੱਖ ਦੀਆਂ ਔਰਤਾਂ ਮੁੰਡੇ-ਪੱਖ ਵਾਲਿਆਂ ਨੂੰ ਸਿੱਠਣੀਆਂ ਰਾਹੀਂ ਠਿੱਠ ਕਰਦੀਆਂ ਹਨ:
ਮਹਿੰਦੜੀ ਅਣਘੋਲ ਆਂਦੀ,
ਮੌਲੀ ਅਣਰੰਗ ਆਂਦੀ।
ਜੋੜਾ ਅਣਸੀਤਾ ਆਂਦਾ,
ਸੋਨਾ ਅਣਘੜਤ ਆਂਦਾ।
ਮੌਲੀ ਰੰਗਾ ਲਿਆਵਾਂ,
ਮਹਿੰਦੀ ਘੁਲਾ ਲਿਆਵਾਂ।
ਜੋੜਾ ਸਵਾ ਲਿਆਵਾਂ,
ਝਿੰਮੀ ਛੁਪੀ ਛੁਪਾ ਲਿਆਵਾਂ।
ਹੁਣ ਸਿੱਠਣੀਆਂ ਸੁਣਾਈਆਂ ਸੁਣੀਆਂ ਨਹੀਂ ਜਾਂਦੀਆਂ। ਸਮੇਂ ਦੇ ਬਦਲਣ ਨਾਲ ਵਿਆਹ ਸਮੇਂ ਗਾਉਣ ਬਿਠਾਉਣ ਦੀ ਰਸਮ ਹੁਣ ਮਹਿਜ਼ ‘ਲੇਡੀਜ਼ ਸੰਗੀਤ’ ਵਿੱਚ ਬਦਲ ਕੇ ਸਿਮਟ ਗਈ ਹੈ।
ਪੰਜਾਬੀ ਲੋਕ ਗੀਤਾਂ ਵਿੱਚ ਮਹਿੰਦੀ ਅਤੇ ਮਹਿੰਦੀ ਦੇ ਰੰਗ ਬਾਰੇ ਬੜੀਆਂ ਕਾਟਵੀਂਆਂ ਅਤੇ ਨਿਹੋਰੇ ਭਰੀਆਂ ਗੱਲਾਂ ਕੀਤੀਆਂ ਗਈਆਂ ਮਿਲਦੀਆਂ ਹਨ:
* ਰਾਵੀ ਹੌਲੀ ਹੌਲੀ ਵਹਿੰਦੀ ਏ
ਆਸ਼ਕਾਂ ਦੀ ਜਾਨ ਲੈਣ ਲਈ
ਲਾਈ ਹੱਥਾਂ ਉੱਤੇ ਮਹਿੰਦੀ ਏ…
* ਗੱਡੀ ਲਾਈਨ ਉੱਤੇ ਆਈ ਏ
ਜਾਨ ਸਾਡੀ ਕੱਢਣ ਲਈ
ਮਹਿੰਦੀ ਹੱਥਾਂ ਉੱਤੇ ਲਾਈ ਏ…
* ਜਦੋਂ ਮਾਹੀ ਚੱਲਿਆ ਹੱਥ ਲੱਗੀ ਸੀ ਮਹਿੰਦੀ
ਸੱਸੂ ਕੋਲੋਂ ਡਰਦੀ, ਮੈਂ ਮਾਹੀ ਕੋਲ ਨਾ ਬਹਿੰਦੀ…
* ਗੋਰਿਆਂ ਹੱਥਾਂ ਨੂੰ ਰੱਤੜੀ ਮਹਿੰਦੀ
ਬਟੂਆ ਸ਼ੌਕਾਂ ਵਾਲਾ, ਮਜਾਜੀਆ
ਬਟੂਆ ਗੁੰਦਣਾ ਦੇ…
ਮਹਿੰਦੀ ਹੱਥਾਂ, ਪੈਰਾਂ, ਬਾਹਾਂ ਦੇ ਨਾਲ-ਨਾਲ ਵਾਲਾਂ ਨੂੰ ਵੀ ਲਾਈ ਜਾਣ ਲੱਗੀ ਹੈ। ਮਹਿੰਦੀ ਲਾਉਣ ਵਾਲੀਆਂ ਕੁੜੀਆਂ ਨੇ ਇਸ ਨੂੰ ਕਿੱਤੇ ਵਜੋਂ ਅਪਣਾਅ ਕੇ ਪਾਰਲਰ ਖੋਲ੍ਹ ਲਏ ਹਨ। ਕੁੜੀ ਦੇ ਘਰ ਆ ਕੇ ਮਹਿੰਦੀ ਲਾਉਣ ਅਤੇ ਹਾਰ ਸ਼ਿੰਗਾਰ ਕਰਨ ਲਈ ਵੱਡੀਆਂ ਰਕਮਾਂ ਖਰਚੀਆਂ ਜਾਣ ਲੱਗ ਪਈਆਂ ਹਨ। ਮਹਿੰੰਦੀ ਲਗਾਉਣ ਵਾਲੀਆਂ ਕਾਰੋਬਾਰੀ ਲੜਕੀਆਂ ਵੱਲੋਂ ਘਰ ਜਾ ਕੇ ਮਹਿੰਦੀ ਲਗਾਉਣ ਤੇ ਹਾਰ -ਸ਼ਿੰਗਾਰ ਕਰਨ ਲਈ ਵੱਡੀਆਂ ਰਕਮਾਂ ਦੇ ਪੈਕੇਜ ਦਿੱਤੇ ਜਾਣ ਲੱਗੇ ਹਨ।ਵਿਆਹ, ਦਿਨ-ਤਿਉਹਾਰਾਂ, ਕਰਵਾ ਚੌਥ ਆਦਿ ਦੇ ਮੌਕੇ ’ਤੇ ਅਤੇ ਹੋਰ ਸਮਾਗਮਾ ‘ਤੇ ਮਹਿੰਦੀ ਲਾਉਣ ਦੇ ਕਾਰੋਬਾਰ ਵਿੱਚ ਲੋਕ ਚੰਗੀ ਕਮਾਈ ਕਰਦੇ ਹਨ। ਮਹਿੰਦੀ ਦੇ ਭਾਂਤ-ਸੁਭਾਂਤੇ ਡਿਜ਼ਾਈਨ ਬਣਾਉਣ ਲਈ ਬਣੇ-ਬਣਾਏ ਸਾਂਚਿਆਂ ਦਾ ਪ੍ਰਯੋਗ ਕੀਤਾ ਜਾਣ ਲੱਗ ਪਿਆ ਹੈ।
ਸਮੇਂ ਦੇ ਫੇਰ-ਬਦਲ ਨਾਲ ਮਹਿੰਦੀ ਲਾਉਣ ਦੀ ਕਲਾ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ ਹੈ। ਕਾਰੋਬਾਰੀ ਲੋਕ ਮਹਿੰਦੀ ਵਿੱਚ ਮਿਲਾਵਟ ਵੀ ਕਰਦੇ ਹਨ। ਵੱਖ-ਵੱਖ ਰੰਗਾਂ ਨੂੰ ਲਿਸ਼ਕਵੀਂ ਪੈਕਿੰਗ ਵਿੱਚ ਬੰਦ ਕਰ ਕੇ ਉਸ ਨੂੰ ਵੀ ‘ਮਹਿੰਦੀ’ ਦਾ ਨਾਂ ਦਿੱਤਾ ਜਾਣ ਲੱਗਿਆ ਹੈ। ਇਹ ਮਹਿੰਦੀ ਨਾਲ ਨਾ-ਇਨਸਾਫ਼ੀ ਹੈ।ਮਹਿੰਦੀ ਦਾ ਸੁਭਾਅ ਤਾਂ ਠੰਢ ਪ੍ਰਦਾਨ ਕਰਨ ਵਾਲਾ ਹੈ। ਜਦੋਂ ਮਹਿੰਦੀ ਦੇ ਨਾਂ ਹੇਠ ਕਈ ਰੰਗ ਅਤੇ ਰਸਾਇਣ ਵੇਚੇ ਜਾਂਦੇ ਹਨ ਤਾਂ ਤਕਲੀਫ਼ ਹੋਣੀ ਸੁਭਾਵਿਕ ਹੈ। ਅਜਿਹੇ ਰਸਾਇਣ ਪਦਾਰਥ ਚਮੜੀ ਲਈ ਹਾਨੀਕਾਰਕ ਹੁੰਦੇ ਹਨ। ਮਹਿੰਦੀ ਦੇ ਅਮੋਲਵੇਂ ਕੁਦਰਤੀ ਪਦਾਰਥ ਦੀ ਸ਼ੁੱਧਤਾ ਬਣੀ ਰਹਿਣੀ ਚਾਹੀਦੀ ਹੈ ਅਤੇ ਇਸ ਨਾਲ ਜੁੜੀਆਂ ਰਸਮਾਂ ਨੂੰ ਸਿਮ੍ਰਿਤੀਆਂ ਵਿੱਚ ਵਸਾਈ ਰੱਖਣਾ ਚਾਹੀਦਾ ਹੈ। ਦੁਆ ਕਰਨੀ ਚਾਹੀਦੀ ਹੈ ਕਿ ਕਿਸੇ ਦੇ ਹੱਥਾਂ ’ਤੇ ਲੱਗੀ ਮਹਿੰਦੀ ਦਾ ਰੰਗ ਉਦਾਸ ਨਾ ਹੋਵੇ।ਸ਼ਾਲਾ ! ਮਹਿੰਦੀ ਦੀਆਂ ਖੁਸ਼ੀਆਂ ਦੂਣ-ਸਵਾਈਆਂ ਹੁੰਦੀਆਂ ਰਹਿਣ !