
ਕਿਸਾਨ ਸੰਘਰਸ਼ ਦੇ ਹਾਮੀਆਂ ਨੂੰ ਕਲ੍ਹ ਲਾਲ ਕਿਲ੍ਹੇ ਉੱਪਰ ਜਾ ਕੇ ਕੁੱਝ ਨੌਜਵਾਨਾਂ ਵਲੋਂ ਫਹਿਰਾਏ ਕਿਸਾਨੀ ਅਤੇ ਖਾਲਸੇ ਦੇ ਝੰਡੇ ਦੀ ਘਟਨਾਂ ਨੂੰ ਕਿਸਾਨ ਅੰਦੋਲਨ ਦਾ ਮਕਸਦ ਨਹੀਂ ਮੰਨਣਾ ਚਾਹੀਦਾ । ਲਾਲ ਕਿਲ੍ਹੇ ਦੀ ਘਟਨਾਂ ਤੋਂ ਬਿਨਾਂ ਹੋਰ ਥਾਵਾਂ ਤੇ ਟਰੈਕਟਰ ਮਾਰਚ ਦਾ ਸ਼ਾਂਤਮਈ ਤਰੀਕੇ ਨਾਲ ਚੱਲਣ ਦਾ ਵੀ ਜਿਕਰ ਕਰਨਾ ਬਣਦਾ ਹੈ । ਦਿੱਲੀ ਦੇ ਵਾਸੀਆਂ ਵਲੋਂ ਕਿਸਾਨਾਂ ਦਾ ਕੀਤਾ ਸਵਾਗਤ ਤੇ ਉਹਨਾਂ ਉੱਪਰ ਕੀਤੀ ਫੁੱਲਾਂ ਦੀ ਵਰਖਾ ਕਿਸਾਨਾਂ ਪ੍ਰਤੀ ਉਹਨਾਂ ਦੀ ਹਮਾਇਤ ਅਤੇ ਸ਼ਰਧਾ ਦੀ ਗਵਾਹੀ ਭਰਦੀ ਹੈ । ਦਿੱਲੀ ਅੰਦਰ ਸਥਾਨਕ ਲੋਕਾਂ ਵਲੋਂ ਸਵਾਗਤੀ ਬੈਨਰ ਫੜ ਕੇ ਕਿਸਾਨਾਂ ਦੀ ਹੌਸਲਾ ਅਫ਼ਜਾਈ ਕਰਨਾ ਇੱਕ ਤਰ੍ਹਾਂ ਨਾਲ ਸਰਕਾਰ ਲਈ ਵੰਗਾਰ ਹੀ ਸੀ । ਇਹ ਵੀ ਇਹ ਵੀ ਇਤਿਹਾਸਕ ਟਰੈਕਟਰ ਮਾਰਚ ਦੀ ਪ੍ਰਾਪਤੀ ਹੀ ਮੰਨੀ ਜਾਵੇਗੀ ਕਿ ਕਿਸੇ ਕਿਸਾਨ ਨੇ ਜਾਣ-ਬੁਝ ਕੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਨਾ ਹੀ ਸਥਾਨਕ ਲੋਕਾਂ ਨੇ ਇਸ ਤੋਂ ਕੋਈ ਪ੍ਰੇਸ਼ਾਨੀ ਮਹਿਸੂਸ ਕੀਤੀ ਸਗੋਂ ਲੋਕ ਪਰਿਵਾਰਾਂ ਸਮੇਤ ਇਸ ਵਿਚਿੱਤਰ ਦ੍ਰਿਸ਼ ਨੂੰ ਮਾਣਦੇ ਦੇਖੇ ਗਏ । ਇਸ ਘਟਨਾਂ ਨੂੰ ਨਿਰਾ ਨਾਂਹ-ਪੱਖੀ ਤੌਰਤੇ ਵੀ ਨਹੀਂ ਲੈਣਾ ਚਾਹੀਦਾ ਕਿਓਂਕਿ ਇਸ ਪਿੱਛੇ ਛੁਪਿਆ ਕਾਰਨ ਕੋਈ ਵੀ ਰਿਹਾ ਹੋਵੇ ਅਸੀਂ ਇਸ ਗੱਲ ਨੂੰ ਕਤਈ ਨਕਾਰ ਨਹੀਂ ਸਕਦੇ ਕਿ ਇਸ ਘਟਨਾਂ ਨੂੰ ਸੰਭਵ ਬਣਾਉਣ ਪਿੱਛੇ ਦੋ ਮਹੀਨਿਆਂ ਤੋਂ ਠੰਡ ਵਿੱਚ ਰੁਲਦੇ ਕਿਸਾਨਾਂ ਪ੍ਰਤੀ ਸਰਕਾਰ ਦੀ ਅਣਦੇਖੀ ਅਤੇ ਤਾਨਾਸ਼ਾਹੀ ਰਵੱਈਏ ਵਿਚੋਂ ਉਪਜਿਆ ਰੋਸ ਤੇ ਦਰਦ ਹੀ ਸੀ । ਜਾਇਜ਼ ਮੰਗ ਲੈ ਕੇ ਲੰਬੇ ਸਮੇਂ ਤੋਂ ਸ਼ਾਂਤਮਈ ਚੱਲ ਰਹੇ ਅੰਦੋਲਨ ਦਾ ਸਰਕਾਰ ਉੱਪਰ ਕੋਈ ਅਸਰ ਨਾ ਹੁੰਦਾ ਦੇਖ ਕੇ ਕੁੱਝ ਲੋਕਾਂ ਦਾ ਗੁੱਸਾ ਫੁੱਟ ਪੈਣਾ ਕੋਈ ਅਣਹੋਣੀ ਨਹੀਂ ਹੈ । ਕਿਸੇ ਨੇ ਦੇਸ਼ ਦੇ ਰਾਸ਼ਟਰੀ ਤਿਰੰਗੇ ਝੰਡੇ ਦੀ ਤੌਹੀਨ ਨਹੀਂ ਕੀਤੀ । ਦੇਸ਼ ਅੰਦਰ ਅਨੇਕ ਵਾਰ ਫਿਰਕੂ ਭੀੜਾਂ ਨੇ ਅਜਿਹੇ ਅਹਿਮ ਥਾਵਾਂ ਤੋਂ ਇਲਾਵਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਅਸਥਾਨਾਂ ਉੱਪਰ ਵੀ ਧਾਰਮਿਕ ਝੰਡੇ ਫ਼ਹਿਰਾਏ ਹਨ ਤਾਂ ਕੁੱਝ ਲੋਕਾਂ ਵਲੋਂ ਲਾਲ ਕਿਲੇ ਉੱਪਰ ਜਾ ਕੇ ਝੰਡਾ ਫ਼ਹਿਰਾ ਦੇਣ ਨੂੰ ਪੂਰੇ ਕਿਸਾਨ ਅੰਦੋਲਨ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ । ਕਿਸਾਨ ਆਗੂਆਂ ਅਤੇ ਇਸ ਸੰਘਰਸ਼ ਦੇ ਸ਼ੁਭ ਚਿੰਤਕਾਂ ਨੂੰ ਇਸ ਘਟਨਾ ਪ੍ਰਤੀ ਨਿੰਦਾ ਕਰਨ ਜਾਂ ਕਿਨਾਰਾ ਕਰਨ ਦਾ ਰਵੱਈਆ ਅਪਨਾਉਣ ਦੀ ਥਾਂ ਇਸ ਨੂੰ ਅੰਦੋਲਨ ਦੀ ਤਾਕਤ ਮੰਨਣਾ ਚਾਹੀਦਾ ਹੈ ਕਿ ਇਹ ਕਿਸਾਨ ਅੰਦੋਲਨ ਤੋਂ ਉਪਜੇ ਪ੍ਰਚੰਡ ਰੋਹ ਦੌਰਾਨ ਵਾਪਰਿਆ । ਕਈ ਮਹੀਨਿਆਂ ਤੋਂ ਰਾਜਾਂ ਅੰਦਰ ਅਤੇ ਫਿਰ ਦਿੱਲੀ ਦੀਆਂ ਸਰਹੱਦਾਂ ਤੇ ਕੜਾਕੇ ਦੀ ਠੰਡ ਵਿਚ ਤੜਫਦੇ ਲੋਕਾਂ ਨੇ ਅਪਣਾ ਰੋਸ ਪ੍ਰਗਟ ਲਈ ਇਜਾਜ਼ਤ ਟਕਰਾਓ ਅਤੇ ਡੰਡੇ ਖਾਣ ਲਈ ਨਹੀਂ ਸੀ ਲਈ । ਪਹਿਲਾਂ ਵਾਅਦਾ ਖਿਲਾਫ਼ੀ ਰੁਕਾਵਟਾਂ ਖੜ੍ਹੀਆਂ ਕਰਕੇ, ਅੱਥਰੂ ਗੈਸ ਵਰਤ ਕੇ ਅਤੇ ਫਿਰ ਲਾਠੀਚਾਰਜ ਕਰਕੇ ਪੁਲਿਸ ਅਤੇ ਸਰਕਾਰ ਵਲੋਂ ਕੀਤੀ ਗਈ । ਜੇਕਰ ਸਰਕਾਰ ਪਹਿਲਾਂ ਤੋਂ ਤੈਅ ਰੂਟ ਉੱਪਰ ਏਨੀ ਸਖ਼ਤੀ ਕਰ ਸਕਦੀ ਸੀ ਤਾਂ ਫਿਰ ਸਰਕਾਰ ਵਾਸਤੇ ਗਣਤੰਤਰ ਦਿਵਸ ਵਾਲੇ ਦਿਨ ਖਾਸ ਅਹਿਮੀਅਤ ਰੱਖਦੀ ਥਾਂ ਦੁਆਲੇ ਬਣਦੀ ਖਾਸ ਸਰੱਖਿਆ ਕਿਓਂ ਨਹੀ ਕੀਤੀ ਗਈ । ਲੋਕ ਉੱਡ ਕੇ ਤਾਂ ਉੱਥੇ ਪਹੁੰਚ ਨਹੀਂ ਗਏ ਬਲਕਿ ਇਹ ਸਰਕਾਰ ਦੀ ਢਿੱਲ ਜਾਂ ਸਾਜਿਸ਼ ਵੱਲ ਹੀ ਸੰਕੇਤ ਕਰਦਾ ਹੈ । ਜਾਣ ਬੁੱਝ ਕੇ ਰੁਕਾਵਟਾਂ ਪਾ ਕੇ ਤੇ ਲਾਠੀਚਾਰਜ ਕਰਕੇ ਸ਼ਾਂਤਮਈ ਚੱਲਦੇ ਮਾਰਚ ਦੇ ਰੁਖ ਨੂੰ ਭਟਕਾਇਆ ਗਿਆ ਤਾਂ ਕਿ ਏਕਤਾ ਨੂੰ ਭੰਗ ਕੀਤਾ ਜਾ ਸਕੇ ਅਤੇ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ । ਅੰਦੋਲਨਾਂ ਦੇ ਤਾਕਤ ਫੜ ਜਾਣ ਤੇ ਭਾਰਤ ਦੀਆਂ ਸਰਕਾਰਾਂ ਨੇ ਅਜਿਹੇ ਘੁੱਸਪੈਠ ਅਤੇ ਗੁੰਮਰਾਹ ਕਰ ਲੈਣ ਵਾਲੇ ਕੋਝੇ ਹੱਥਕੰਡੇ ਵੀ ਅਨੇਕਾਂ ਵਾਰ ਵਰਤੇ ਹਨ । ਦੇਸ਼ ਅਤੇ ਦੁਨੀਆਂ ਦੇ ਲੋਕ ਭਾਰਤ ਦੀ ਅਜਿਹੀ ਬਦਸੂਰਤ ਰਾਜਨੀਤੀ ਨੂੰ ਬਹੁਤ ਵਾਰ ਦੇਖ ਚੁੱਕੇ ਹਨ ਅਤੇ ਅਨੇਕ ਅੰਦੋਲਨ ਸਰਕਾਰਾਂ ਦੀ ਇਸ ਸਾਜਿਸ਼ੀ ਨੀਤੀ ਦਾ ਸ਼ਿਕਾਰ ਹੋ ਕੇ ਅਸਫਲ ਹੋ ਚੁੱਕੇ ਹਨ । ਇਸ ਕਰਕੇ ਲੋਕਾਂ, ਹਮਾਇਤੀਆਂ ਅਤੇ ਆਗੂਆਂ ਨੂੰ ਇਸ ਘਟਨਾਂ ਨੂੰ ਤੂਲ ਦੇ ਕੇ ਆਪਸੀ ਫੁੱਟ ਜਾਂ ਪਾੜੇ ਤੋਂ ਬਚਣਾ ਚਾਹੀਦਾ ਹੈ ਅਤੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ । ਇਸ ਘਟਨਾਂ ਦੇ ਸਾਜਿਸ਼, ਪ੍ਰੇਰਿਤ, ਸਰਕਾਰੀ ਚਾਲ ਜਾਂ ਜਾਣਬੁੱਝ ਕੇ ਕੀਤੀ ਹੋਣ ਬਾਰੇ ਕੁੱਝ ਕਹਿਣਾ ਤਾਂ ਹਾਲੇ ਜਲਦਬਾਜੀ ਹੋਵੇਗੀ ਪਰ ਇਹ ਇੱਕ ਘਟਨਾਂ ਮਹੀਨਿਆਂ ਤੋਂ ਚਲਦੇ ਸ਼ਾਂਤਮਈ ਅੰਦੋਲਨ ਦਾ ਅਕਸ ਖਰਾਬ ਨਹੀਂ ਕਰ ਸਕਦੀ ।