
17 ਅਗਸਤ ਨੂੰ ਪਾਕਿਸਤਾਨ ਦੀ ਇੱਕ ਕੱਟੜਵਾਦੀ ਜਥੇਬੰਦੀ ਤਹਿਰੀਕੇ ਲਬੈਕ ਦੇ ਕਾਰਕੁੰਨਾਂ ਨੇ ਲਾਹੌਰ ਕਿਲ੍ਹੇ ਵਿੱਚ ਸਥਿੱਤ ਮਹਾਰਾਣੀ ਜਿੰਦਾਂ ਦੀ ਹਵੇਲੀ ਦੇ ਸਾਹਮਣੇ ਸਥਾਪਿਤ ਕੀਤੇ ਗਏ ਘੋੜੇ ‘ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ ਕੀਤੀ ਹੈ। ਇਸ ਤੋਂ ਪਹਿਲਾਂ 27 ਮਈ ਅਤੇ 11 ਦਸੰਬਰ 2020 ਨੂੰ ਵੀ ਇਸ ਬੁੱਤ ਦੀ ਭੰਨਤੋੜ ਕੀਤੀ ਗਈ ਸੀ। 330 ਕਿੱਲੋ ਭਾਰਾ ਅਤੇ ਕਾਂਸੀ, ਟਿਨ, ਸਿੱਕੇ ਅਤੇ ਜਿੰਕ ਦੇ ਸੁਮੇਲ ਨਾਲ ਬਣਿਆ ਇਹ ਸ਼ਾਨਦਾਰ ਬੁੱਤ ਮਹਾਰਾਜੇ ਦੀ 180ਵੀਂ ਬਰਸੀ ਮੌਕੇ ਇੰਗਲੈਂਡ ਵਾਸੀ ਸਿੱਖ ਵਿਦਵਾਨ ਬੌਬੀ ਸਿੰਘ ਬਾਂਸਲ ਨੇ ਨਿੱਜੀ ਖਰਚੇ ‘ਤੇ ਬਣਵਾ ਕੇ 2018 ਵਿੱਚ ਸਥਾਪਿਤ ਕਰਵਾਇਆ ਸੀ। ਇਸ ਬੁੱਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਮਨਪਸੰਦ ਘੋੜੇ ਕਹਾਰ ਬਹਾਰ ‘ਤੇ ਸਵਾਰ ਹੋ ਕੇ ਸ਼ਿਕਾਰ ਕਰਨ ਜਾਂਦੇ ਵਿਖਾਇਆ ਗਿਆ ਹੈ। ਬੌਬੀ ਸਿੰਘ ਇਸ ਵੇਲੇ ਪਾਕਿਸਤਾਨ ਵਿੱਚ ਸਿੱਖ ਰਾਜ ਦੀਆਂ ਭੁੱਲੀਆਂ ਵਿਸਰੀਆਂ ਯਾਦਗਾਰਾਂ ਨੂੰ ਸੰਭਾਲਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ।
ਬੌਬੀ ਸਿੰਘ ਦੇ ਪਿਤਾ 1960 ਵਿੱਚ ਫਗਵਾੜੇ ਤੋਂ ਪ੍ਰਵਾਸ ਕਰ ਕੇ ਇੰਗਲੈਂਡ ਦੇ ਵਸਨੀਕ ਬਣ ਗਏ ਸਨ। ਬੌਬੀ ਸਿੰਘ ਦਾ ਜਨਮ 1970 ਵਿੱਚ ਲੰਡਨ ਵਿਖੇ ਹੋਇਆ ਤੇ ਉਸ ਨੇ ਵਿਲਮੌਰਟਨ ਹਾਈ ਸਕੂਲ ਡਰਬੀ, ਸੋਰ ਵੈਲੀ ਕਾਲਜ ਅਤੇ ਯੂਨੀਵਰਸਿਟੀ ਆਫ ਲੀਸੈਸਟਰ ਤੋਂ ਉੱਚ ਵਿਦਿਆ ਪ੍ਰਾਪਤ ਕੀਤੀ। ਸੰਨ 1989 ਵਿੱਚ 19 ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਨਾਲ ਪਹਿਲੀ ਵਾਰ ਲਾਹੌਰ ਪਹੁੰਚਿਆ ਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਇਤਿਹਾਸਕ ਸਥਾਨ ਵੇਖ ਕੇ ਉਸ ਦੇ ਮਨ ‘ਤੇ ਗਹਿਰਾ ਅਸਰ ਹੋਇਆ। ਇਸ ਤੋਂ ਬਾਅਦ ਉਹ ਅਣਗਿਣਤ ਵਾਰ ਪਾਕਿਸਤਾਨ ਗਿਆ ਤੇ ਲਾਹੌਰ ਸਮੇਤ ਕਈ ਹੋਰ ਪਾਕਿਸਤਾਨੀ ਸ਼ਹਿਰਾਂ ਵਿੱਚ ਘੁੰਮਿਆਂ। ਹੁਣ ਉਸ ਦਾ ਜਿਆਦਾ ਸਮਾਂ ਲਾਹੌਰ ਵਿੱਚ ਹੀ ਬਤੀਤ ਹੁੰਦਾ ਹੈ। ਉਸ ਨੇ ਇਸ ਕੰਮ ਲਈ ਇੰਗਲੈਂਡ ਵਿੱਚ ਐਸ.ਕੇ. ਫਾਊਂਡੇਸ਼ਨ ਕਾਇਮ ਕੀਤੀ ਹੈ। ਕਾਫੀ ਸਖਤ ਮੁਸ਼ੱਕਤ ਤੋਂ ਬਾਅਦ ਹੀ ਉਸ ਨੂੰ ਪਾਕਿਸਤਾਨ ਸਰਕਾਰ ਤੋਂ ਸਿੱਖ ਇਮਾਰਤਾਂ ਦਾ ਪੁਨਰ ਉਦਾਰ ਕਰਨ ਦੀ ਆਗਿਆ ਹਾਸਲ ਹੋਈ ਹੈ। ਉਸ ਦੀ ਫਾਈਲ ਕਈ ਸਾਲਾਂ ਤੱਕ ਲਾਲ ਫੀਤਾਸ਼ਾਹੀ ਦੇ ਚੱਕਰਾਂ ਵਿੱਚ ਉਲਝ੍ਹੀ ਰਹੀ। ਸਭ ਤੋਂ ਪਹਿਲਾਂ ਉਸ ਨੇ ਉਨ੍ਹਾਂ ਸਮਾਰਕਾਂ ਦੀ ਚੋਣ ਕੀਤੀ ਜੋ ਬਹੁਤ ਹੀ ਜਰਜਰ ਹਾਲਤ ਵਿੱਚ ਸਨ ਤੇ ਖਤਮ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕੇ ਸਨ। ਉਸ ਨੇ ਹੋਰ ਸਮਾਰਕਾਂ ਦੇ ਨਾਲ ਨਾਲ ਮਹਾਰਾਜਾ ਸ਼ੇਰ ਸਿੰਘ ਦੀ ਸਮਾਧੀ, ਸਰਦਾਰ ਮਹਾਂ ਸਿੰਘ ਦੀ ਬਾਰਾਂਦਰੀ (ਗੁਜਰਾਂਵਾਲਾ) ਅਤੇ ਚਿੱਲਿਆਂਵਾਲੀ ਦੀ ਲੜਾਈ ਦੇ ਸਮਾਰਕਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਕਰਵਾਈ। ਚਿੱਲਿਆਂਵਾਲੀ ਜੰਗ ਦੇ ਸਮਾਰਕ ਦੀ ਉਸਾਰੀ ਲਈ ਉਸ ਨੇ ਬ੍ਰਿਟਿਸ਼ ਹਾਈ ਕਮਿਸ਼ਨ (ਇਸਲਾਮਾਬਾਦ) ਤੋਂ ਇਤਿਹਾਸਕ ਦਸਤਾਵੇਜ਼ ਹਾਸਲ ਕੀਤੇ ਸਨ।
ਮਹਾਰਾਜਾ ਸ਼ੇਰ ਸਿੰਘ ਦੀ ਸਮਾਧੀ ਨੂੰ ਕੱਟੜਵਾਦੀਆਂ ਵੱਲੋਂ 1992 ਵਿੱਚ ਬਾਬਰੀ ਮਸਜਿਦ ਕਾਂਡ ਵੇਲੇ ਭਾਰੀ ਨੁਕਸਾਨ ਪਹੁੰਚਾਇਆ ਗਿਆ ਸੀ। 2016 ਵਿੱਚ ਉਸ ਨੇ ਸੇਂਟ ਟਰੋਪੇਜ਼ (ਫਰਾਂਸ) ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਅਤੇ 2017 ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਜਨਰਲ ਵੈਂਤੂਰਾ ਦਾ ਬੁੱਤ ਵੈਂਤੂਰਾ ਦੇ ਜੱਦੀ ਸ਼ਹਿਰ ਬੋਲੋਗਨਾ (ਇਟਲੀ) ਵਿਖੇ ਸਥਾਪਿਤ ਕੀਤਾ ਹੈ। ਉਸ ਨੇ ਦੱਸਿਆ ਕਿ ਪੰਜਾਬ ਅਤੇ ਹੋਰ ਥਾਵਾਂ ‘ਤੇ ਲਗਾਏ ਗਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਉਸ ਦੀ ਸ਼ਖਸ਼ੀਅਤ ਦੀ ਸਹੀ ਤਰਜ਼ਮਾਨੀ ਨਹੀਂ ਕਰਦੇ। ਇਨ੍ਹਾਂ ਵਿੱਚ ਉਸ ਨੂੰ ਭਾਰੀ ਮਾਤਰਾ ਵਿੱਚ ਗਹਿਣੇ ਅਤੇ ਹੀਰੇ ਜਵਾਹਰਾਤ ਪਹਿਨੇ ਹੋਏ ਵਿਖਾਇਆ ਗਿਆ ਹੈ ਜਦੋਂ ਕਿ ਮਹਾਰਾਜਾ ਬਹੁਤ ਹੀ ਸਾਦਾ ਜੀਵਨ ਬਤੀਤ ਕਰਦਾ ਸੀ ਤੇ ਵਿਦੇਸ਼ੀ ਮਹਿਮਾਨਾਂ ਨੂੰ ਮਿਲਣ ਤੋਂ ਇਲਾਵਾ ਗਹਿਣੇ ਆਦਿ ਬਿਲਕੁਲ ਨਹੀਂ ਪਹਿਨਦਾ ਸੀ। ਬਾਬੀ ਸਿੰਘ ਵੱਲੋਂ ਸਥਾਪਿਤ ਕੀਤੇ ਗਏ ਬੁੱਤਾਂ ਵਿੱਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।
ਬੌਬੀ ਸਿੰਘ ਲੰਡਨ ਵਿਖੇ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਕਰਦਾ ਹੈ ਤੇ ਵਿਸ਼ਵ ਪ੍ਰਸਿੱਧ ਲੇਖਕ ਅਤੇ ਫਿਲਮ ਨਿਰਦੇਸ਼ਕ ਹੈ। ਹੋਰ ਫਿਲਮਾਂ ਤੋਂ ਇਲਾਵਾ ਉਹ ਆਪਣੀਆਂ ਦਸਤਾਵੇਜ਼ੀ ਫਿਲਮਾਂ ਰਾਹੀਂ ਸਿੱਖੀ ਦੀ ਸੇਵਾ ਲਈ ਖਾਸ ਤੌਰ ‘ਤੇ ਸਰਗਰਮ ਹੈ। ਉਸ ਨੇ ਬਰਮਾ ਦੇ ਸਿੱਖਾਂ ਦੇ ਦਰਦ ਨੂੰ ਬਿਆਨਦੀ, ਦੀ ਰੋਡ ਟੂ ਮਾਂਡਲੇ – ਬਰਮੀ ਸਿੱਖਸ ਅਤੇ ਅਫਗਾਨਿਸਤਾਨ ਦੇ ਸਿੱਖਾਂ ਬਾਰੇ, ਸਿੱਖਸ ਆਫ ਅਫਗਾਨਿਸਤਾਨ – ਏ ਫਾਰਗੌਟਨ ਕਮਿਊਨਟੀ ਨਾਮਕ ਦੋ ਡਾਕੂਮੈਂਟਰੀ ਫਿਲਮਾਂ ਬਣਾਈਆਂ ਹਨ। ਇਸ ਤੋਂ ਇਲਾਵਾ ਸਿੱਖ ਇਤਿਹਾਸ ਨਾਲ ਸਬੰਧਿਤ ਤਿੰਨ ਖੋਜ ਭਰਪੂਰ ਕਿਤਾਬਾਂ, ਪਹਿਲੀ ਮਹਾਰਾਜਾ ਰਣਜੀਤ ਸਿੰਘ ਦੇ ਯੂਰਪੀਨ ਜਰਨੈਲਾਂ ਬਾਰੇ (ਯੂਰਪੀਨ ਐਟ ਦੀ ਕੋਰਟ ਆਫ ਲਾਹੌਰ), ਦੂਸਰੀ ਪਾਕਿਸਤਾਨ ਵਿੱਚ ਬਰਬਾਦ ਹੋ ਰਹੇ ਸਿੱਖ ਕਿਲਿਆਂ, ਹਵੇਲੀਆਂ ਅਤੇ ਮਹਿਲਾਂ ਬਾਰੇ (ਰੀਮੇਨੈਂਟਸ ਆਫ ਸਿੱਖ ਐਮਪਾਇਰ) ਅਤੇ ਤੀਸਰੀ ਸਿੱਖ ਮਿਸਲਾਂ ਬਾਰੇ (ਪੰਜਾਬ ਚੀਫਜ਼) ਲਿਖੀਆਂ ਹਨ। ਇਸ ਵੇਲੇ ਉਹ ਕੁੰਵਰ ਨੌਨਿਹਾਲ ਸਿੰਘ ਦੀ ਹਵੇਲੀ ਦੇ ਪੁਨਰ ਉਦਾਰ ‘ਤੇ ਕੰਮ ਕਰ ਰਿਹਾ ਹੈ। ਇੰਗਲੈਂਡ ਅਤੇ ਪਾਕਿਸਤਾਨ ਦੇ ਸੁਖਾਵੇਂ ਰਾਜਨੀਤਕ ਸਬੰਧਾਂ ਕਾਰਨ ਪਾਕਿਸਤਾਨ ਵਕਫ ਬੋਰਡ ਉਸ ਦੀ ਖੁਲ੍ਹ ਕੇ ਮਦਦ ਕਰ ਰਿਹਾ ਹੈ। ਉਸ ਨੇ ਪਾਕਿਸਤਾਨ ਸਰਕਾਰ ਦੀ ਮਦਦ ਨਾਲ ਕਈ ਇਮਾਰਤਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਵੀ ਕਰਵਾਇਆ ਹੈ। ਹੁਣ ਉਹ ਭਾਰਤ ਵਿੱਚ ਸਿੱਖ ਸਮਾਰਕਾਂ ਦੀ ਮੁਰੰਮਤ ਦਾ ਪ੍ਰੋਜੈਕਟ ਤਿਆਰ ਕਰ ਰਿਹਾ ਹੈ। ਉਸ ਨੇ ਸ਼ੇਰੇ ਪੰਜਾਬ ਦੇ ਬੁੱਤ ਨੂੰ ਹੋਏ ਨੁਕਸਾਨ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਸ ਨੂੰ ਦੁਬਾਰਾ ਸਥਾਪਿਤ ਕੀਤਾ ਜਵੇਗਾ।