2016 ਇਕ ਲੀਪ ਯੀਅਰ ਹੈ। ਹੋਰ ਸਾਲਾਂ ‘ਚ ਜਿਥੇ 365 ਦਿਨ ਹੁੰਦੇ ਹਨ, ਉਥੇ ਲੀਪ ਯੀਅਰ ‘ਚ 366 ਦਿਨ ਆਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਸਾਲ ਕਈ ਲੋਕਾਂ ਨੂੰ ਮੁਫਤ ‘ਚ ਇਕ ਦਿਨ ਵਾਧੂ ਕੰਮ ਕਰਨਾ ਹੋਵੇਗਾ ਜਾਂ ਇਹ ਕਿ ਲੀਪ ਯੀਅਰ ਸਿਰਫ 4 ਸਾਲ ਬਾਅਦ ਹੀ ਨਹੀਂ ਆਉਂਦੇ ਹਨ। ਪੇਸ਼ ਹਨ ਲੀਪ ਯੀਅਰ ਨਾਲ ਜੁੜੇ 16 ਦਿਲਚਸਪ ਤੱਥ :
1. ਲੀਪ ਯੀਅਰ ਦਾ ਵਾਧੂ ਦਿਨ ਅਹਿਮ ਹੈ ਕਿਉਂਕਿ ਸੂਰਜ ਦੇ ਚਾਰੇ ਪਾਸੇ ਇਕ ਚੱਕਰ ਪੂਰਾ ਕਰਨ ‘ਚ ਧਰਤੀ ਨੂੰ 365 ਦਿਨਾਂ ਨਾਲੋਂ 5 ਘੰਟੇ 48 ਮਿੰਟ 46 ਸੈਕੰਡ ਜ਼ਿਆਦਾ ਲੱਗਦੇ ਹਨ।
ਇਕ ਸਮੇਂ ਲੋਕ ਸਾਲ ‘ਚ 355 ਦਿਨ ਮੰਨਦੇ ਸਨ ਅਤੇ ਹਰ 2 ਸਾਲ ਬਾਅਦ 22 ਦਿਨਾਂ ਦਾ ਇਕ ਵਾਧੂ ਮਹੀਨਾ ਕੈਲੰਡਰ ‘ਚ ਜੋੜਿਆ ਜਾਂਦਾ ਸੀ। ਫਿਰ ਈਸਾ ਪੂਰਵ 45 ‘ਚ ਜੂਲੀਅਸ ਸੀਜ਼ਰ ਨੇ ਆਪਣੇ ਖਗੋਲਵਿਦ ਸੋਸੀਜੀਨਸ ਨੂੰ ਕੈਲੰਡਰ ਨੂੰ ਆਸਾਨ ਬਣਾਉਣ ਨੂੰ ਕਿਹਾ। ਉਸ ਨੇ ਸਲਾਹ ਦਿੱਤੀ ਕਿ ਹਰ ਸਾਲ 365 ਦਿਨ ਹੋਣ ਅਤੇ ਜ਼ਿਆਦਾ ਸਮੇਂ ਨੂੰ ਬਰਾਬਰ ਕਰਨ ਕਈ ਚਾਰ ਸਾਲ ਬਾਅਦ ਕੈਲੰਡਰ ‘ਚ ਇਕ ਵਾਧੂ ਦਿਨ ਜੋੜ ਲਿਆ ਜਾਵੇ। ਇਹ ਦਿਨ ਫਰਵਰੀ ਮਹੀਨੇ ਦੇ ਅਖੀਰ ‘ਚ ਰੱਖਿਆ ਗਿਆ ਕਿਉਂਕਿ ਰੋਮਨ ਕੈਲੰਡਰ ਦਾ ਇਹ ਅਖੀਰਲਾ ਮਹੀਨਾ ਹੁੰਦਾ ਸੀ।
2. ਇਸ ਪ੍ਰਕਿਰਿਆ ਨੂੰ ਪੋਪ ਗ੍ਰੇਗੋਰੀ ਅਸ਼ਟਮ ਨੇ ਹੋਰ ਸਹੀ ਕੀਤਾ। ਉਨ੍ਹਾਂ ਵਾਧੂ ਦਿਨ ਵਾਲੇ ਸਾਲ ਨੂੰ ਲੀਪ ਯੀਅਰ ਦਾ ਨਾਂ ਦਿੱਤਾ ਤੇ ਐਲਾਨ ਕੀਤਾ ਕਿ 100 ਨਾਲ ਤਕਸੀਮ ਹੋਣ ਅਤੇ 400 ਨਾਲ ਤਕਸੀਮ ਨਾ ਹੋਣ ਵਾਲਾ ਸਾਲ ਲੀਪ ਯੀਅਰ ਨਹੀਂ ਹੋਵੇਗਾ। ਇਸੇ ਲਈ ਗ੍ਰੇਗੋਰੀਅਨ ਕੈਲੰਡਰ ਦੇ ਤਹਿਤ 2000 ਲੀਪ ਯੀਅਰ ਸੀ ਅਤੇ 1600 ਵੀ ਪਰ 1700, 1800 ਅਤੇ 1900 ਨਹੀਂ ਸਨ।
3. ਔਰਤਾਂ ਵਲੋਂ ਲੀਪ ਡੇ ਨੂੰ ਵਿਆਹ ਪ੍ਰਸਤਾਵ ਦੇਣ ਦੀ ਪ੍ਰਥਾ 5ਵੀਂ ਸਦੀ ‘ਚ ਆਇਰਲੈਂਡ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ ਜਦੋਂ ਸੇਂਟ ਬ੍ਰਿਜੈਟ ਨੇ ਸੇਂਟ ਪੈਟ੍ਰਿਕ ਨੂੰ ਸ਼ਿਕਾਇਤ ਕੀਤੀ ਸੀ ਕਿ ਔਰਤਾਂ ਨੂੰ ਵਿਆਹ ਪ੍ਰਸਤਾਵਾਂ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ।
ਇਸ ‘ਤੇ ਉਨ੍ਹਾਂ ਨੇ ਲੀਪ ਯੀਅਰ ਦੇ ਸਭ ਤੋਂ ਛੋਟੇ ਮਹੀਨੇ ਦੇ ਅਖੀਰਲੇ ਦਿਨ ਆਪਣੀ ਪਸੰਦ ਦੇ ਮਰਦ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਣ ਦੀ ਇਜਾਜ਼ਤ ਔਰਤਾਂ ਨੂੰ ਦਿੱਤੀ। ਮੰਨਿਆ ਜਾਂਦਾ ਹੈ ਕਿ ਉਸੇ ਸਮੇਂ ਬ੍ਰਿਜੈਟ ਨੇ ਗੋਡਿਆਂ ਦੇ ਭਾਰ ਬੈਠ ਕੇ ਪੈਟ੍ਰਿਕ ਨੂੰ ਪ੍ਰਪੋਜ਼ ਕਰ ਦਿੱਤਾ ਪਰ ਉਨ੍ਹਾਂ ਨੇ ਉਸ ਦੇ ਗੱਲ੍ਹ ‘ਤੇ ਚੁੰਮਣ ਦਿੰਦੇ ਹੋਏ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਦੁੱਖ ਨੂੰ ਹਲਕਾ ਕਰਨ ਲਈ ਉਨ੍ਹਾਂ ਨੇ ਬ੍ਰਿਜੈਟ ਨੂੰ ਰੇਸ਼ਮ ਦਾ ਲਬਾਦਾ ਭੇਟ ਕੀਤਾ ਸੀ।
4. ਕਈਆਂ ਦਾ ਮੰਨਣਾ ਹੈ ਕਿ ਇਹ ਰਵਾਇਤ ਸਕਾਟਲੈਂਡ ਤੋਂ ਸ਼ੁਰੂ ਹੋਈ ਜਦੋਂ ਸੰਨ 1288 ‘ਚ 5 ਸਾਲ ਦੀ ਕਵੀਨ ਮਾਰਗ੍ਰੇਟ ਨੇ ਐਲਾਨ ਕੀਤਾ ਸੀ ਕਿ 29 ਫਰਵਰੀ ਦੇ ਦਿਨ ਔਰਤਾਂ ਆਪਣੀ ਪਸੰਦ ਦੇ ਕਿਸੇ ਵੀ ਮਰਦ ਨੂੰ ਵਿਆਹ ਦਾ ਆਫਰ ਦੇ ਸਕਦੀਆਂ ਹਨ। ਉਸ ਨੇ ਕਿਹਾ ਕਿ ਇਨਕਾਰ ਕਰਨ ਵਾਲੇ ਮਰਦ ਨੂੰ ਇਕ ਚੁੰਮਣ, ਰੇਸ਼ਮ ਦਾ ਪਹਿਰਾਵਾ, ਇਕ ਜੋੜੀ ਦਸਤਾਨੇ ਜਾਂ ਇਕ ਪੌਂਡ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ।
ਮਰਦਾਂ ਨੂੰ ਚੇਤਾਵਨੀ ਦੇਣ ਜਾਂ ਉਨ੍ਹਾਂ ਨੂੰ ਬਚਣ ਦਾ ਮੌਕਾ ਦੇਣ ਲਈ ਨਿਯਮ ਤੈਅ ਕੀਤਾ ਗਿਆ ਕਿ ਵਿਆਹ ਦਾ ਆਫਰ ਦੇਣ ਦੀਆਂ ਚਾਹਵਾਨ ਔਰਤਾਂ ਨੂੰ ਇਸ ਦਿਨ ਬ੍ਰੀਚੇਜ (ਜਾਂਘੀਏ ਵਰਗੀ ਪੈਂਟ) ਜਾਂ ਸਕਾਰਲੇਟ ਪੇਟੀਕੋਟਸ (ਸੁਰਖ ਲਾਲ ਰੰਗ ਦਾ ਘੱਗਰਾ) ਪਹਿਨਣਾ ਹੋਵੇਗਾ।
5. ਡੈਨਮਾਰਕ ‘ਚ ਜੇਕਰ ਕੋਈ ਮਰਦ ਲੀਪ ਯੀਅਰ ਦੇ ਦਿਨ ਔਰਤ ਦੇ ਵਿਆਹ ਦੇ ਆਫਰ ਨੂੰ ਠੁਕਰਾਉਂਦਾ ਹੈ ਤਾਂ ਉਸ ਨੂੰ ਔਰਤ ਨੂੰ 12 ਜੋੜੀ ਦਸਤਾਨੇ ਦੇਣੇ ਪੈਂਦੇ ਜਦੋਂ ਕਿ ਫਿਨਲੈਂਡ ‘ਚ ਸਕਰਟ ਦਾ ਕੱਪੜਾ ਦੇਣਾ ਜ਼ਰੂਰੀ ਸੀ।
6. ਗ੍ਰੀਸ ‘ਚ ਮੰਗਣੀ ਕਰਨ ਵਾਲਾ 5 ‘ਚੋਂ 1 ਜੋੜਾ ਲੀਪ ਯੀਅਰ ‘ਚ ਵਿਆਹ ਕਰਨ ਤੋਂ ਪਰਹੇਜ਼ ਕਰਦਾ ਹੈ ਕਿਉਂਕਿ ਉਹ ਇਸ ਨੂੰ ਬਦਕਿਸਮਤੀ ਮੰਨਦਾ ਹੈ।
7. ਇਟਲੀ ‘ਚ ਮਾਨਤਾ ਹੈ ਕਿ ਲੀਪ ਯੀਅਰ ‘ਚ ਔਰਤਾਂ ਸਨਕੀ ਵਿਵਹਾਰ ਕਰਦੀਆਂ ਹਨ ਅਤੇ ਇਸ ਸਾਲ ਮਹੱਤਵਪੂਰਨ ਕੰਮ ਨਾ ਕਰਨ ਦਾ ਸੰਕੇਤ ਦਿੰਦੀਆਂ ਹੋਈਆਂ ਕਈ ਕਹਾਵਤਾਂ ਉਥੇ ਪ੍ਰਚਲਿਤ ਹਨ।
8. ਰੂਸ ਦੇ ਲੋਕ ਮੰਨਦੇ ਹਨ ਕਿ ਲੀਪ ਯੀਅਰ ‘ਚ ਮੌਸਮ ਖਰਾਬ ਰਹਿਣ ਅਤੇ ਜ਼ਿਆਦਾ ਮੌਤਾਂ ਹੋਣ ਦੀ ਸ਼ੰਕਾ ਹੁੰਦੀ ਹੈ।
9. ਸਕਾਟਲੈਂਡ ਦੇ ਕਿਸਾਨਾਂ ਅਨੁਸਾਰ ਲੀਪ ਯੀਅਰ ਫਸਲਾਂ ਤੇ ਪਸ਼ੂਆਂ ਲਈ ਅਸ਼ੁੱਭ ਹੁੰਦਾ ਹੈ।
10. ਤੈਅ ਮਾਸਿਕ ਜਾਂ ਸਾਲਾਨਾ ਤਨਖਾਹ ਵਾਲੇ ਕਰਮਚਾਰੀਆਂ ਨੂੰ ਲੀਪ ਯੀਅਰ ‘ਚ 29 ਫਰਵਰੀ ਨੂੰ ਮੁਫਤ ‘ਚ ਕੰਮ ਕਰਨਾ ਪੈਂਦਾ ਹੈ ਕਿਉਂਕਿ ਤਨਖਾਹ ਦੇ ਸੰਬੰਧ ‘ਚ ਇਸ ਦਿਨ ਦੀ ਵਾਧੂ ਗਿਣਤੀ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਕੈਦੀਆਂ ਨੂੰ ਵੀ ਜੇਲ ‘ਚ ਇਕ ਵਾਧੂ ਦਿਨ ਗੁਜ਼ਾਰਨਾ ਪੈਂਦਾ ਹੈ, ਜੇਕਰ ਉਨ੍ਹਾਂ ਦੀ ਸਜ਼ਾ ‘ਚ ਕੋਈ ਲੀਪ ਯੀਅਰ ਆਉਂਦਾ ਹੈ।
11. ਫਰਵਰੀ 29 ਨੂੰ ਜਨਮੇ ਲੋਕਾਂ ਨੂੰ ‘ਲੀਪਲਿੰਗਸ’ ਜਾਂ ‘ਲੀਪਰਸ’ ਕਹਿੰਦੇ ਹਨ। ਲੀਪ ਡੇ ਦੇ ਦਿਨ ਜਨਮ ਲੈਣ ਦੀ ਸੰਭਾਵਨਾ 1461 ‘ਚੋਂ 1 ਦੀ ਹੁੰਦੀ ਹੈ। ਦੁਨੀਆ ‘ਚ ਲਗਭਗ 50 ਲੱਖ ਲੀਪਲਿੰਗਸ ਹਨ।
12. ਸਦੀਆਂ ਤੋਂ ਜੋਤਸ਼ੀਆਂ ਦਾ ਮੰਨਣਾ ਹੈ ਕਿ ਲੀਪ ਡੇ ਦੇ ਦਿਨ ਜਨਮੇ ਬੱਚਿਆਂ ‘ਚ ਖਾਸ ਪ੍ਰਤਿਭਾ, ਖਾਸ ਵਿਅਕਤੀਤਵ ਅਤੇ ਖਾਸ ਸ਼ਕਤੀਆਂ ਹੁੰਦੀਆਂ ਹਨ। ਕਵੀ ਲੋਰਡ ਬਾਇਰਨ ਲੀਪ ਡੇ ਦੇ ਦਿਨ ਪੈਦਾ ਹੋਏ ਸਨ, ਰੈਪਰ ਜੂ ਰੂਲ ਅਤੇ ਫੁੱਟਬਾਲਰ ਡੈਰਨ ਐਂਬ੍ਰੋਸ ਵੀ।
13. ਹਾਂਗਕਾਂਗ ‘ਚ ਲੀਪਲਿੰਗ ਦਾ ਕਾਨੂੰਨੀ ਜਨਮ ਦਿਨ ਆਮ ਸਾਲਾਂ ‘ਚ 1 ਮਾਰਚ ਮੰਨਿਆ ਜਾਂਦਾ ਹੈ ਜਦੋਂ ਕਿ ਨਿਊਜ਼ੀਲੈਂਡ ‘ਚ ਇਹ 28 ਫਰਵਰੀ ਹੈ। ਕੁਝ ਲੀਪਲਿੰਗਸ ਦੀ ਮੌਤ ਵੀ ਲੀਪ ਡੇ ਦੇ ਦਿਨ ਹੋਈ ਹੈ। ਇਨ੍ਹਾਂ ‘ਚੋਂ ਤਸਮਾਨੀਆ ਦੇ ਅੱਠਵੇਂ ਪ੍ਰੀਮੀਅਰ ਜੇਮਸ ਮਿਲਨੇ ਵਿਲਸਨ ਸ਼ਾਮਲ ਹਨ ਜਿਨ੍ਹਾਂ ਦਾ ਜਨਮ 29 ਫਰਵਰੀ 1812 ਅਤੇ ਮੌਤ 29 ਫਰਵਰੀ 1880 ਨੂੰ ਹੋਈ ਸੀ।
14. ਅਮਰੀਕੀ ਸੂਬੇ ਟੈਕਸਾਸ ਦਾ ਕਸਬਾ ਐਂਥਨੀ ਸਵੈ-ਘੋਸ਼ਿਤ ‘ਦੁਨੀਆ ਦੀ ਲੀਪ ਯੀਅਰ ਰਾਜਧਾਨੀ’ ਹੈ। ਲੀਪ ਯੀਅਰ ‘ਚ ਇਥੇ ਆਯੋਜਿਤ ਹੋਣ ਵਾਲੇ ਤਿਓਹਾਰ ‘ਚ ਏਜਟੈਕ ਗੁਫਾਵਾਂ ਦੀ ਸੈਰ, ਤਬੇਲੇ ‘ਚ ਮਸਤੀ ਅਤੇ ਨ੍ਰਿਤ ਹੁੰਦੇ ਹਨ। ਇਸ ਸਾਲ ਇਹ ਤਿਓਹਾਰ 25 ਤੋਂ 29 ਫਰਵਰੀ ਤਕ ਆਯੋਜਿਤ ਹੋਵੇਗਾ।
15. ਲੀਪ ਡੇ ‘ਤੇ ਇਕ ਪਰਿਵਾਰ ਦੀਆਂ ਸਭ ਤੋਂ ਜ਼ਿਆਦਾ ਪੀੜ੍ਹੀਆਂ ਦੇ ਜਨਮ ਲੈਣ ਦਾ ਰਿਕਾਰਡ ਆਇਰਲੈਂਡ ਤੇ ਯੂਨਾਈਟਿਡ ਕਿੰਗਡਮ ਦੇ ਕੀਓ ਪਰਿਵਾਰ ਦੇ ਕੋਲ ਹੈ। ਪੀਟਰ ਐਂਥਨੀ ਕੀਓ ਦਾ ਜਨਮ 1940 ‘ਚ, ਬੇਟੇ ਪੀਟਰ ਐਰਿਕ ਦਾ 1964 ‘ਚ, ਪੋਤੀ ਬੈਥੇਨੇ ਵੈਲਥ ਦਾ 1996 ‘ਚ ਲੀਪ ਡੇ ਦੇ ਦਿਨ ਹੋਇਆ ਹੈ।
16. ਨਾਰਵੇ ਦੀ ਕੇਰਿਨ ਹੈਂਰਿਕਸਨ ਦੇ ਕੋਲ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਲਗਾਤਾਰ ਲੀਪ ਡੇਜ਼ ‘ਤੇ ਜਨਮ ਦੇਣ ਦਾ ਅਨੋਖਾ ਰਿਕਾਰਡ ਹੈ। ਉਨ੍ਹਾਂ ਦੀ ਬੇਟੀ ਹੇਦੀ 1960, ਬੇਟਾ ਓਲਾਵ 1964 ਅਤੇ ਬੇਟਾ ਲੀਫ ਮਾਰਟਿਨ 1968 ‘ਚ 29 ਫਰਵਰੀ ਨੂੰ ਪੈਦਾ ਹੋਏ। ਉਨ੍ਹਾਂ ਦੇ ਰਿਕਾਰਡ ਦੀ ਬਰਾਬਰੀ ਅਮਰੀਕਾ ਦੀ ਲੂਈਸ ਏਸਤੇਸ ਨੇ ਕੀਤੀ। ਉਨ੍ਹਾਂ ਨੇ 2004, 2008 ‘ਚ ਬੇਟਿਆਂ ਅਤੇ 2012 ‘ਚ ਬੇਟੀ ਨੂੰ ਲੀਪ ਡੇ ਦੇ ਦਿਨ ਜਨਮ ਦਿੱਤਾ।
previous post
next post