Story

ਲੇਖਾਂ ਦੀਆਂ ਲੀਕਾਂ . . .

ਲੇਖ਼ਕ: ਭਾਰਤ ਭੂਸ਼ਨ ਆਜ਼ਾਦ, ਕੋਟਕਪੂਰਾ

ਗਰੀਬੀ ਦੇ ਨਾਲ ਜੇਕਰ ਬਿਮਾਰੀ ਜਾਂ ਕੁਦਰਤੀ ਆਫ਼ਤ ਆ ਜਾਵੇ ਤਾਂ ਗਰੀਬੀ ਨਹੀਂ, ਗਰੀਬ ਹੀ ਖ਼ਤਮ ਹੋ ਜਾਂਦਾ ਹੈ। ਸ਼ਹਿਰ ਦੇ ਇੱਕ ਤੰਗ ਜਿਹੇ ਮੁਹੱਲੇ ‘ਚ ਟੁੱਟੇ ਜਿਹੇ ਮਕਾਨ ‘ਚ ਰਹਿਣ ਵਾਲੇ ਅਭਿਸ਼ੇਕ ਨਾਲ ਇੰਝ ਹੀ ਤਾਂ ਹੋਇਆ। ਅਭਿਸ਼ੇਕ ਇਸ ਮਕਾਨ ‘ਚ ਆਪਣੀ ਬਿਰਧ ਮਾਂ ਨਾਲ ਰਹਿ ਰਿਹਾ ਸੀ। ਗ਼ਰੀਬੀ ਏਨੀ ਕਿ ਕਈ ਵਾਰ ਦੋਹਾਂ ਨੂੰ ਭੁੱਖੇ ਢਿੱਡ ਹੀ ਸੌਣਾ ਪੈਂਦਾ। ਅਭਿਸ਼ੇਕ ਦਾ ਪਿਤਾ ਕੁੱਝ ਵਰ੍ਹੇ  ਪਹਿਲਾ ਹੀ ਜਹਾਨੋਂ ਤੁਰ ਗਿਆ ਸੀ। ਮਾਂ ਨੇ ਆਪਣੇ ਪੁੱਤ ਨੂੰ ਲੋਕਾਂ ਦੇ ਭਾਂਡੇ ਮਾਂਜ-ਮਾਂਜ ਕੇ ਦਸਵੀਂ ਤੱਕ ਪੜ੍ਹਾ ਲਿਆ ਪਰ ਅੱਗੇ ਉਹਦੀ ਕੋਈ ਪੇਸ਼ ਨਹੀਂ ਚੱਲੀ।
ਅਭਿਸ਼ੇਕ ਵੀ ਚਾਹੁੰਦਾ ਸੀ ਕਿ ਉਹ ਖੁਦ ਕੋਈ ਕੰਮ ਕਰੇ ਤੇ ਆਪਣੀ ਮਾਂ ਨੂੰ ਲੋਕਾਂ ਦੇ ਘਰਾਂ ਦੇ ਕੰਮਾਂ ਤੋਂ ਨਿਜਾਤ ਦਿਵਾ ਕੇ ਸੁੱਖ ਦੇ ਸਕੇ। ਪਰ ਉਹ ਏਨਾ ਪੜ੍ਹਿਆ ਲਿਖਿਆ ਨਹੀ ਸੀ ਕਿ ਕੋਈ ਨੌਕਰੀ ਕਰ ਸਕੇ। ਉਂਝ ਵੀ ਨੌਕਰੀਆਂ ਤਾਂ ਹੁਣ ਡਿਗਰੀਆਂ ਦੇ ਥੱਬੇ ਚੱਕੀ ਫਿਰਦਿਆਂ ਨੂੰ ਵੀ ਦੂਰ ਦੀ ਕੋਈ ਕੌਡੀ ਹੋ ਕੇ ਟੱਕਰਦੀਆਂ ਨੇ ਤੇ ਅਭਿਸ਼ੇਕ ਤਾਂ ਫਿਰ ਮਸਾਂ ਦਸਵੀਂ ਪਾਸ ਸੀ। ਆਖਰ ਉਸਨੇ ਚਾਹ ਦੀ ਦੁਕਾਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਥਣੇ 35-40 ਕੁ ਰੁਪਏ ਕਮਾ ਕੇ ਜਦ ਉਹ ਘਰ ਮੁੜਦਾ ਤਾਂ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦਾ। ਸੋਚਦਾ ਕਿ ਕਾਸ਼ ! ਉਹ ਚੰਗਾ ਪੜ੍ਹਿਆ-ਲਿਖਿਆ ਹੁੰਦਾ ਤਾਂ ਚੰਗੇ ਪੈਸੇ ਕਮਾ ਕੇ ਘਰ ਦਾ ਗੁਜ਼ਾਰਾ ਤੋਰਦਾ ਤੇ ਟੁੱਟ ਰਹੇ ਮਕਾਨ ਨੂੰ ਜੋੜਦਾ। ਮਾਂ ਵੀ ਆਪਣੇ ਪੁੱਤ ਨੂੰ ਫ਼ਿਕਰਾਂ ‘ਚ ਡੁੱਬਾ  ਵੇਖ ਕੇ ਡਾਹਢੀ ਦੁਖੀ ਹੁੰਦੀ।
ਇੰਨ੍ਹਾਂ ਦਿਨਾਂ ‘ਚ ਹੀ ਅਭਿਸ਼ੇਕ ਦਾ ਇੱਕ ਪੁਰਾਣਾ ਮਿੱਤਰ ਰੁਤਾਸ਼ ਉਸਦੀ ਜ਼ਿੰਦਗੀ ‘ਚ ਚਾਨਣ ਦੀ ਇੱਕ ਲੀਕ ਬਣਕੇ ਬਹੁੜਿਆ। ਰੁਤਾਸ਼ ਕਿਸੇ ਦਵਾਈਆਂ ਬਣਾਉਣ ਵਾਲੀ ਕੰਪਨੀ ‘ਚ ਮੈਨੇਜਰ ਸੀ। ਉਸਨੇ ਆਪਣੇ ਅਸਰ-ਰਸੂਖ ਨਾਲ ਅਭਿਸ਼ੇਕ ਨੂੰ ਆਪਣੀ ਉਸੇ ਕੰਪਨੀ ‘ਚ ਚਪੜਾਸੀ ਰਖਵਾ ਦਿੱਤਾ। ਤਨਖਾਹ ਮਹੀਨੇ ਦੀ ਅੱਠ ਹਜ਼ਾਰ। ਅਭਿਸ਼ੇਕ ਦੇ ਉਹਦੀ ਮਾਂ ਦੇ ਜਿਵੇਂ ਭਾਗ ਹੀ ਖੁੱਲ੍ਹ ਗਏ ਸਨ। ਰੱਬ ਨੇ ਨੇੜਿਉਂ ਹੋ ਕੇ ਸੁਣ ਲਈ ਲੱਗਦੀ ਸੀ। ਅਭਿਸ਼ੇਕ ਨੇ ਆਪਣੀ ਮਾਂ ਨੂੰ ਕੰਮ ਕਰਨ ਤੋਂ ਹਟਾ ਕੇ ਘਰ ਵਿੱਚ ਹੀ ਅਰਾਮ ਕਰਨ ਲਈ ਕਹਿ ਦਿੱਤਾ।
ਉਨ੍ਹਾਂ ਦੀ ਜ਼ਿੰਦਗੀ ਦੀ ਗੱਡੀ ਹੌਲੀ-ਹੌਲੀ ਪਟਰੀ ‘ਤੇ ਦੌੜਨ ਲੱਗੀ। ਪਰ ਮਾੜੇ ਲੇਖਾਂ ਦੀਆਂ ਗੂੜ੍ਹੀਆਂ ਲੀਕਾਂ ਮੱਥੇ ‘ਚੋਂ ਛੇਤੀ ਕਿਤੇ ਕਦੋਂ ਮਿਟਦੀਆਂ ਨੇ। ਅਭਿਸ਼ੇਕ ਨੂੰ ਨੌਕਰੀ ਤੇ ਜਾਂਦਿਆਂ ਅਜੇ ਤਿੰਨ-ਚਾਰ ਕੁ ਮਹੀਨੇ ਹੀ ਬੀਤੇ ਸਨ ਕਿ ‘ਕਰੋਨਾ’ ਨੇ ਆਣ ਦਸਤਕ ਦਿੱਤੀ। ਪੰਜਾਬ ‘ਚ ਕਰਫਿਊ ਲਗਾ ਦਿੱਤਾ ਗਿਆ। ਸਭ ਕੁਝ ਬੰਦ ਹੋ ਗਿਆ। ਅਭਿਸ਼ੇਕ ਦਾ ਦਫਤਰ ਜਾਣਾ ਵੀ ਬੰਦ ਹੋ ਗਿਆ। ਪੁਲਿਸ ਥਾਂ-ਥਾਂ ਨਾਕੇ ਲਗਾ ਕੇ ‘ਕਰੋਨਾ ਦੀ ਚੇਨ’ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅਭਿਸ਼ੇਕ ਤੇ ਉਹਦੀ ਮਾਂ ਨੇ ਜਦੋਂ ਸੁਣਿਆ ਕਿ ‘ਬੰਦ’ ਅਜੇ ਦੋ-ਦਿੰਨ ਮਹੀਨੇ ਚੱਲਣਾ ਹੈ ਤਾਂ ਉਹਨਾਂ ਦੋਹਾਂ ਨੂੰ ਡਾਹਢੀ ਚਿੰਤਾ ਹੋ ਗਈ।
ਕੁਝ ਦਿਨਾਂ ਮਗਰੋਂ ਅਭਿਸ਼ੇਕ ਨੂੰ ਪਤਾ ਲੱਗਾ ਕਿ ਕੁਝ ਦਫਤਰ ਖੁੱਲ੍ਹ ਰਹੇ ਹਨ। ਉਹ ਸਵੇਰੇ ਰੋਟੀ ਦਾ ਡੱਬਾ ਲੈ ਘਰੋਂ ਨਿੱਕਲਿਆ। ਰਾਹ ‘ਚ ਪੁਲਿਸ ਨੇ ਘੇਰ ਲਿਆ। ਬਿਨਾਂ ਕੁਝ ਪੁੱਛੇ-ਦੱਸੇ ਹੀ ਉਹਨਾਂ ਅਭਿਸ਼ੇਕ ਨੂੰ ਡੰਡਿਆਂ, ਠੁੱਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਅਭਿਸ਼ੇਕ ਨੇ ਬਥੇਰਾ ਕਿਹਾ ਕਿ ਉਸਨੇ ਦਵਾਈਆਂ ਬਣਾਉਣ ਵਾਲੀ ਕੰਪਨੀ ਦੇ ਦਫਤਰ ਜਾਣਾ ਹੈ। ਪਰ ਉਸਦੀ ਪੁਕਾਰ ਕਿਸੇ ਨਾ ਸੁਣੀ। ਕੁੱਟ ਖਾ ਕੇ ਅਭਿਸ਼ੇਕ ਵਾਪਿਸ ਘਰ ਪਰਤ ਆਇਆ। ਕਈ ਦਿਨ ਉਹਦੇ ਹੱਡ-ਪੈਰ ਦੁਖਦੇ ਰਹੇ। ਮਾਂ ਉਹਨੂੰ ਵੇਖ-ਵੇਖ ਝੂਰਦੀ ਰਹਿੰਦੀ।
ਤੇ ਫੇਰ ਇੱਕ ਦਿਨ ਰੁਤਾਸ਼ ਨੇ ਸੁਨੇਹਾ ਘੱਲਿਆ ਕਿ ਅਭਿਸ਼ੇਕ ਦਫਤਰ ਆ ਜਾਵੇ। ਕਰਫਿਊ ਹਟ ਗਿਆ ਹੈ। ਅਭਿਸ਼ੇਕ ਦਫਤਰ ਗਿਆ ਤਾਂ ਮਾਲਕ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਵੰਡ ਰਿਹਾ ਸੀ। ਮੁਲਾਜ਼ਮਾਂ ਨੇ ਘਰ ਬੈਠ ਕੇ ਡੇਢ ਮਹੀਨਾ ਕੰਮ ਜੋ ਕੀਤਾ ਸੀ। ਰੁਤਾਸ਼ ਨੇ ਅਭਿਸ਼ੇਕ ਦੇ ਘਰ ਦੀ ਹਾਲਤ ਦਾ ਵਾਸਤਾ ਪਾ ਕੇ ਮਾਲਕ ਨੂੰ ਬਥੇਰਾ ਕਿਹਾ ਕਿ ਉਹ ਉਸਨੂੰ ਵੀ ਤਨਖਾਹ ਦੇ ਦੇਣ ਪਰ ਮਾਲਕ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਅਭਿਸ਼ੇਕ ਨੂੰ ਪਤਾ ਲੱਗਾ ਤਾਂ ਉਹ ਖੁਦ ਮਾਲਕ ਦੇ ਕੈਬਿਨ ਵਿੱਚ ਤਨਖਾਹ ਲੈਣ ਗਿਆ। ਪੱਥਰ ਦਿਲ ਮਾਲਕ ਨੇ ਤਨਖਾਹ ਦੇਣ ਦੀ ਬਜਾਏ ਉਸਨੂੰ ਨੌਕਰੀ ਤੋਂ ਹੀ ਜਵਾਬ ਦੇ ਦਿੱਤਾ। ਅਭਿਸ਼ੇਕ ਡਿੱਗਦਾ-ਡਿੱਗਦਾ ਮਸਾਂ ਹੀ ਬਚਿਆ । ਵਕਤ ਰੁਕ ਗਿਆ ਜਾਪਿਆ। ਘਰ ਨੂੰ ਮੁੜਦਿਆਂ ਉਹਦੇ ਪੈਰ ਮਣ-ਮਣ ਭਾਰੇ ਲੱਗ ਰਹੇ ਸਨ।
ਘਰ ਆ ਕੇ ਉਹ ਡਿੱਗ ਹੀ ਪਿਆ। ਆਪਣੀ ਗ਼ਰੀਬੀ ਤੇ ਕਿਸਮਤ ਨੂੰ ਕੋਸ ਰਿਹਾ ਸੀ। ਪਰ ਮਾੜੇ ਲੇਖਾਂ ਦੀਆਂ ਲੀਕਾਂ ਅਭਿਸ਼ੇਕ ਸਮੇਤ ਪਤਾ ਨਹੀ ਹੋਰ ਕਿੰਨੇ ਲੋਕਾਂ ਦੇ ਮੱਥੇ ਤੇ ਦੁਬਾਰਾ ਫੇਰ ਉੱਘੜ ਆਈਆਂ ਸਨ।

Related posts

(ਕਹਾਣੀ) ਕਤਲ ਇਉਂ ਵੀ ਹੁੰਦੇ !

admin

ਸਹੀ ਸਲਾਹ !

admin

ਥਾਣੇਦਾਰ ਦਾ ਦਬਕਾ !

admin