
ਜੇਕਰ ਅਸੀਂ ਲੋਕਤੰਤਰ ਨੂੰ ਆਪਣੀ ਸੱਭਿਅਤਾ ਦਾ ਇੱਕ ਹਿੱਸਾ ਮੰਨਦੇ ਹਾਂ ਤਾਂ ਫਿਰ ਜੀਵਨ ਪੰਧ ਵਿੱਚ ਪੈਰ ਧਰਨ ਲੱਗੇ ਹਰ ਨਾਗਰਿਕ ਨੂੰ ਹਰ ਚੀਜ਼ ਚੁੱਪ ਚਾਪ ਨਹੀਂ ਮੰਨ ਲੈਣੀ ਚਾਹੀਦੀ ਬਲਕਿ ਇਹ ਪਤਾ ਕਰਨਾ ਚਾਹੀਦਾ ਹੈ ਕਿ ਇਹ ਚੀਜ਼ ਕਿਵੇਂ ਪੈਦਾ ਹੋਈ, ਇਸ ਪਿੱਛੇ ਕੀ ਕਾਰਨ ਰਹੇ? ਇਸਦੀ ਅਸਲੀਅਤ ਕੀ ਹੈ? ਕਿਸੇ ਵੀ ਕਾਨੂੰਨ ਜਾਂ ਚੀਜ਼ ਦੀ ਮਹਾਨਤਾ ਜਾਣੇ ਬਿਨਾ ਉਸਨੂੰ ਆਪਣੇ ਮਨ ਵਿੱਚ ਆਦਰ ਨਹੀਂ ਦੇ ਦੇਣਾ ਚਾਹੀਦਾ। ਜਿੰਨੀ ਦੇਰ ਤੱਕ ਕਿਸੇ ਵੀ ਕਾਨੂੰਨ ਦੇ ਸਹੀ ਰੂਪ ਜਾਂ ਲਾਭ ਹਾਨੀ ਦਾ ਪਤਾ ਨਹੀਂ ਚੱਲਦਾ, ਓਨੀ ਦੇਰ ਤੱਕ ਕਦੇ ਵੀ ਕਿਸੇ ਚੀਜ਼ ਨੂੰ ਸਵੀਕਾਰ ਨਾ ਕੀਤਾ ਜਾਵੇ, ਇਹੀ ਅਸਲੀ ਲੋਕਤੰਤਰ ਹੈ। ਲੋਕਤੰਤਰਿਕ ਹਰ ਦੇਸ਼ ਦੇ ਨਾਗਰਿਕਾਂ ਨੂੰ ਇਹ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਨੇਤਾਵਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਅਪੀਲਾਂ ਦੀ ਤਹਿ ਹੇਠ ਕੀ ਗੱਲਾਂ ਹਨ। ਅਸੀਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਲੋਕਤੰਤਰ, ਮਨੁੱਖੀ ਅਧਿਕਾਰਾਂ, ਸੰਵਿਧਾਨ ਦੀਆਂ ਪਰਿਭਾਸ਼ਾਵਾਂ ਨੂੰ ਰੱਟੇ ਲਗਵਾਉਣ ਉੱਪਰ ਜੋਰ ਦਿੰਦੇ ਰਹਿੰਦੇ ਹਾਂ ਬਜਾਇ ਇਸਦੇ ਕਿ ਸਕੂਲ ਤੋਂ ਹੀ ਨੋਜਵਾਨਾਂ ਨੂੰ, ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ, ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਵੇ ਕਿ ਆਪਣੇ ਹੱਕਾਂ ਲਈ ਅਵਾਜ਼ ਉਠਾਉਣੀ ਸਾਡਾ ਅਧਿਕਾਰ ਹੈ, ਲੋਕਤੰਤਰ ਤੋਂ ਭਾਵ ਕੇਵਲ ਲੋਕਾਂ ਦੁਆਰਾ ਚੁਣਿਆ ਤਾਨਾਸ਼ਾਹ ਨਹੀਂ ਬਲਕਿ ਲੋਕਤੰਤਰ ਤੋਂ ਭਾਵ ਲੋਕਾਂ ਦਾ ਸੇਵਕ ਹੈ।