![](http://indotimes.com.au/wp-content/uploads/2021/08/Harbans-Singh-Sandhu0.jpg)
1789 ਦੀ ਫਰਾਂਸ ਦੀ ਕ੍ਰਾਂਤੀ ਦਾ ਮੁੱਖ ਮਾਟੋ ਲਿਬਰਟੀ,ਬਰਾਬਰੀ ਅਤੇ ਸਦਭਾਵਨਾ ਸੀ। ਇਸ ਤੋ ਪਹਿਲਾਂ ਸਭ ਕੁਝ ਧਰਮ ਦੇ ਨਜਰੀਏ ਤੋ ਵੇਖਿਆ ਜਾਂਦਾ ਸੀ। ਜੋ ਧਰਮ ਦੇ ਨਜਰੀਏ ਤੇ ਪੂਰਾ ਨਹੀ ਉਤਰਦਾ ਸੀ,ਉਸ ਨੂੰ ਨਕਾਰ ਦਿੱਤਾ ਜਾਂਦਾ ਸੀ।ਗੈਲੀਲੀਓ ਅਤੇ ਸੁਕਰਾਤ ਵਰਗਿਆਂ ਨੂੰ ਸੱਚ ਬੋਲਣ ਦੀ ਸਜਾ ਮਿਲੀ।ਕ੍ਰਾਂਤੀ ਦੇ ਸੰਕਲਪ ਨੇ ਸੰਸਾਰ ਭਰ ਵਿੱਚ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਮਾਰਕਸ ਦੀ ਆਰਥਿਕ ਬਰਾਬਰੀ ਦੀ ਗੱਲ ਨੇ ਸੰਸਾਰ ਦੇ ਹਰ ਬੰਦੇ ਨੂੰ ਵੱਖਰੇ ਢੰਗ ਨਾਲ ਸੋਚਣ ਲਈ ਮਜ਼ਬੂਰ ਕਰ ਦਿੱਤਾ। ਇਹ ਗੱਲਾਂ ਲੋਕਤੰਤਰ ਦੀ ਸਥਾਪਨਾ ਦਾ ਆਧਾਰ ਬਣੀਆਂ। ਹੁਣ ਰਾਜਿਆਂ ਨੂੰ ਰੱਬ ਦੇ ਦੂਤ ਵਜੋ ਨਾ ਜਾਣਿਆ ਲੱਗਾ। ਅਨੇਕਾਂ ਦੇਸ਼ਾ ਵਿੱਚ ਰਾਜ ਪਲਟੇ ਹੋਏ। ਪੂਰਾ ਸਮਾਜ ਦੋ ਵਰਗਾ ਵਿੱਚ ਵੰਡਿਆ ਗਿਆ। ਪੁਰਾਤਨ ਸੋਚ ਵਾਲੇ ਆਪਣੀ ਸਮਝ ਨੂੰ ਸ੍ਰੇਸ਼ਟ ਮੰਨਦੇ ਸਨ। ਨਵੀ ਸੋਚ ਕ੍ਰਾਂਤੀਆਂ ਦੇ ਰਾਹ ਪਈ ਹੋਈ ਸੀ। ਪੁਰਾਤਿਨ ਸੋਚ ਨੇ ਲੋਕਾਂ ਨੁੰ ਧਰਮ,ਭਾਸ਼ਾ,ਜਾਤ ਅਤੇ ਇਲਾਕੇ ਦੇ ਅਧਾਰ ਤੇ ਲੋਕਾਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ। ਨਵੀ ਸੋਚ ਵਧੀਆ ਸਿਖਿਆ ਰਾਹੀ ਉਕਤ ਸਭ ਨੂੰ ਵਧਣ ਫੁਲਣ ਦਾ ਮੌਕਾ ਦੇਣਾ ਚਾਹੁੰਦੀ ਸੀ। ਬਸਤੀਵਾਦੀ ਕਾਰਪੋਰੇਟ ਸੋਚ ਨੇ ਵੀ ਪੁਰਾਤਨ ਸੋਚ ਅਪਣਾਕੇ ਆਪਣੀਆਂ ਬਸਤੀਆਂ ਵਿੱਚ ਵਾਧਾ ਕੀਤਾ ਇਸ ਕਾਰਨ ਲੋਕਤੰਤਰ ਅਤੇ ਬਰਾਬਰੀ ਵਾਲੀ ਗੱਲ ਖਾਸ ਕਰਕੇ ਗਰੀਬ ਦੇਸ਼ਾ ਵਿੱਚ ਲਾਗੂ ਨਾ ਹੋ ਸਕੀ। ਬਰਾਬਰੀ ਦੇ ਸੰਕਲਪ ਨੂੰ ਸਿਰਫ ਵੋਟ ਦੇਣ ਦੇ ਹੱਕ ਤੱਕ ਸੀਮਤ ਕਰ ਦਿੱਤਾ ਗਿਆ। ਲੋਕਤੰਤਰ ਤੇ ਉਗਲ ਉਠਣ ਲੱਗੀ। ਵਿਕਸਿਤ ਦੇਸ਼ਾ ਨੇ ਆਪਣੀ ਵਧੀਆ ਸਿਖਿਆ ਪ੍ਰਣਾਲੀ ਰਾਹੀ ਲੋਕਾਂ ਨੂੰ ਲੋਕਤੰਤਰ ਦੇ ਅਸਲ ਸੰਕਲਪ ਨੂੰ ਸਮਝਾਉਣ ਵਿਚ ਸਫ਼ਲਤਾ ਪ੍ਰਾਪਤ ਕਰ ਲਈ। ਇਹ ਦੇਸ਼ ਸਕੂਲ ਪੱਧਰ ਤੇ ਹੀ ਬੱਚਿਆ ਨੂੰ ਸਮਾਜਿਕ ਬਰਾਬਰੀ,ਸੱਚ ਬੋਲਣ ਅਤੇ ਇਮਾਨਦਾਰੀ ਅਤੇ ਦੂਜਿਆ ਦੇ ਹਿੱਤਾ ਦਾ ਖਿਆਲ ਰੱਖਣ ਵਰਗੀਆਂ ਸਮਾਜਿਕ ਭਲਾਈ ਵਾਲੀਆਂ ਗੱਲਾਂ ਨੂੰ ਮਨਾਂ ਵਿੱਚ ਦ੍ਰਿੜ ਕਰਾਉਣ ਲੱਗੇ। ਇਸ ਤਰਾਂ ਉਹ ਆਪਣੇ ਦੇਸ਼ਾ ਵਿੱਚ ਭਰਿਸ਼ਟਾਚਾਰ ਰਹਿਤ ਪ੍ਰਸ਼ਾਸ਼ਨ ਸਿਰਜਣ ਵਿੱਚ ਸਫਲ ਹੋ ਗਏ। ਅੱਜ ਵੀ ਕਈ ਵਾਰ ਬਜੁਰਗ ਗੋਰਿਆਂ ਦੇ ਵਧੀਆ ਰਾਜ ਪ੍ਰਬੰਧ ਦੀਆਂ ਗੱਲਾ ਕਰਦੇ ਹਨ। ਵਿਦੇਸ਼ਾ ਵੱਲ ਜਾਣ ਦੀ ਦੋੜ ਵਿੱਚ ਉਥੋ ਦਾ ਵਧੀਆ ਸਿਸਟਮ ਵੀ ਇਕ ਫੈਕਟਰ ਹੁੰਦਾ ਹੈ। ਇਹ ਸਭ ਕੁਝ ਸਾਨੂੰ ਆਜਾਦ ਭਾਰਤ ਵਿਚ ਸਾਇਦ ਜਲਦੀ ਨਾ ਮਿਲ ਸਕੇ। ਇਸ ਕੰਮ ਦੀ ਸਫਲਤਾ ਲਈ ਵਧੀਆ ਸਿਖਿਆ ਪ੍ਰਣਾਲੀ ਰਾਹੀ ਸਮਾਜ ਵਿਚ ਮਨੁੱਖਤਾ ਦੀ ਭਲਾਈ ਵਾਲੀ ਸੋਚ ਵਿਕਸਤ ਕੀਤੀ ਜਾਣੀ ਸੀ ਜੋ ਕੰਮ ਨਹੀ ਕੀਤਾ ਗਿਆ। ਸਾਨੂੰ ਇਸ ਹਾਲਾਤ ਵਿੱਚ ਆਪਣੀਆਂ ਜਿਮੈਵਾਰੀਆਂ ਦੀ ਪਛਾਣ ਕਰਨੀ ਪਵੇਗੀ ।