
ਸੁਣਿਓ ਉਏ! ਪਿੰਡਾ ਵਾਲਿਓ, ਸ. ਸੁਖਮੰਦਰ ਸਿੰਘ ਭਾਗੀਵਾਂਦਰ ਦੁਆਰਾ ਲਿਖੀ ਗਈ ਇੱਕ ਖੋਜ ਭਰਪੂਰ ਕਿਤਾਬ ਹੈ, ਜਿਸ ਵਿੱਚ ਉਨ੍ਹਾਂ ਆਪਣੇ ਪਿੰਡ ਭਾਗੀਵਾਂਦਰ ਦਾ ਇਤਿਹਾਸਿਕ ਚਿਹਰਾ-ਮੁਹਰਾ ਘੜਨ ਦੀ ਕੋਸ਼ਿਸ਼ ਕੀਤੀ ਹੈ। ਅਜੋਕੇ ਮੰਡੀਕਰਨ ਦੇ ਦੌਰ ਵਿੱਚ ਜਦੋਂ ਸਾਹਿਤ ਸਿਰਜਣਾ ਅਤੇ ਖੋਜ ਕਾਰਜਾਂ ਨੂੰ ਵਾਪਰਿਕ ਕਸੱਟੀ ‘ਤੇ ਪਰਖਦਿਆਂ ਅਜਿਹੇ ਸਾਹਿਤ ਰਚਨਾਵਾਂ ਅਤੇ ਖੋਜ ਕਿਰਿਆਵਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ, ਜੋ ਮੰਡੀ ਦੀ ਲੋੜ ਮੁਤਾਬਿਕ ਹੋਣ ਅਤੇ ਜਿਸ ਤੋਂ ਵਧੇਰੇ ਆਰਥਿਕ ਮੁਨਾਫਾ ਕਮਾਇਆ ਜਾ ਸਕਦਾ ਹੋਵੇ, ਸੁਖਮੰਦਰ ਸਿੰਘ ਭਾਗੀਵਾਂਦਰ ਉਸ ਵੇਲੇ ਵੀ ਇਸ ਪਦਾਰਥਵਾਦੀ ਸੋਚ ਤੋਂ ਨਿਰਲੇਪ ਨਿਰੋਲ ਮਨੁੱਖੀ ਜੜ੍ਹਾਂ ਅਤੇ ਹੋਂਦ ਨਾਲ ਜੁੜੇ ਮਸਲਿਆਂ ਪ੍ਰਤੀ ਸੰਵੇਦਨਸ਼ੀਲ ਹਨ ਅਤੇ ਉਹ ਨਿਰੰਤਰ ਕਲਾ ਸਮਾਜ ਲਈ ਦੀ ਧਾਰਨਾ ਅਨੁਸਾਰ ਕਾਰਜ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਨੇ ਮੌਲਿਕ ਅਤੇ ਸੰਪਾਦਿਤ ਕੀਤੀਆਂ ਕ੍ਰਮਵਾਰ ਓੜਕ ਨਿਬਹੀ ਪ੍ਰੀਤ (2001) ਜਿੰਦੇ ਸੁਣ ਚਰਖੇ ਦੇ ਬੋਲ (2004) ਕਲਮਾਂ ਦੀ ਸਾਂਝ (2007) ਅਤੇ ਗੀਤ ਗੁਲਦਸਤਾ (2022) ਚਾਰ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੀ ਵਿਚਾਰ ਅਧੀਨ ਕਿਤਾਬ ‘ਸੁਣਿਓ ਉਏ! ਪਿੰਡਾ ਵਾਲਿਓ’ ਪੰਜਵੀ ਕਿਤਾਬ ਹੈ, ਜੋ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦੀ ਹੋਂਦ ਅਤੇ ਇਤਿਹਾਸਿਕ ਪਿਛੋਕੜ ਬਾਰੇ ਦੱਸਦੀ ਹੋਈ, ਆਪਣੀਆਂ ਜੜ੍ਹਾਂ ਵੱਲ ਮੁੜਨ ਅਤੇ ਜੁੜਨ ਦਾ ਹੋਕਾ ਦਿੰਦੀ ਪ੍ਰਤੀਤ ਹੁੰਦੀ ਹੈ। ਸ. ਸੁਖਮੰਦਰ ਸਿੰਘ ਭਾਗੀਵਾਂਦਰ ਦੀ ਇਸ ਕਿਤਾਬ ਵਿੱਚ ਜਿੱਥੇ ਪਿੰਡ ਦੇ ਇਤਿਹਾਸ ਬਾਰੇ ਗਹਿਰੀ ਜਾਣਕਾਰੀ ਸਮੋਈ ਹੋਈ ਹੈ ਉੱਥੇ ਹੀ ਇਸ ਕਿਤਾਬ ਉਨ੍ਹਾਂ ਨੇ ਆਪਣੇ ਲਗਭਗ 4 ਦਹਾਕਿਆਂ ਦੇ ਰਾਜਨੀਤਿਕ ਅਤੇ 3 ਦਹਾਕਿਆਂ ਦੇ ਧਾਰਮਿਕ ਤਜ਼ਰਬੇ ਵਿੱਚੋਂ ਪੈਦਾ ਹੋਏ ਗਿਆਨ ਅਤੇ ਜੀਵਨ ਫਲਸਫੇ ਨੂੰ ਵੀ ਸ਼ਾਮਿਲ ਕੀਤਾ ਹੈ, ਜੋ ਮਨੁੱਖ ਨੂੰ ਸਚਿਆਰਾ ਜੀਵਨ ਜਿਉਣ ਦੀ ਪ੍ਰੇਰਨਾ ਦਿੰਦਾ ਹੈ।
ਇਹ ਕਿਤਾਬ ਮੁੱਖ ਰੂਪ ਵਿਚੱ ਦੋ ਭਾਗਾਂ ਵਿੱਚ ਵੰਡੀ ਹੋਈ ਅਤੇ ਅੱਗੋਂ ਇਹ ਦੋਵੇਂ ਭਾਗ ਕਈ-ਕਈ ਉਪਭਾਗਾਂ ਵਿੱਚ ਵੰਡੇ ਹੋਏ ਹਨ। ‘ਸੁਣਿਓ ਉਏ! ਪਿੰਡਾ ਵਾਲਿਓ’ ਕਿਤਾਬ ਦਾ ਪਹਿਲਾ ਭਾਗ, ਲੇਖਕ ਨੂੰ ਕਿਤਾਬ ਲਿਖਣ ਦੀ ਪ੍ਰੇਰਨਾ ਕਿਵੇਂ ਮਿਲੀ ਬਾਰੇ ਦੱਸਦਾ ਹੋਇਆ, ਪ੍ਰੇਰਨਾ ਦੇਣ ਵਾਲੀਆਂ ਸਖਸ਼ੀਅਤਾਂ ਨਾਲ ਜਾਣ-ਪਛਾਣ ਕਰਵਾਉਂਦਾ ਹੈ। ਇਸ ਤੋਂ ਇਲਾਵਾ ਇਸ ਭਾਗ ਵਿੱਚ ਹੀ ਲੇਖਕ ਨੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਦੇ ਵੱਖ-ਵੱਖ ਜੀਵਨ ਪੜ੍ਹਾਵਾਂ ਅਤੇ ਉਨ੍ਹਾਂ ਵਿੱਚ ਘਟਿਤ ਵੱਖ-ਵੱਖ ਘਟਨਾਵਾਂ ਨੂੰ ਬੜੇ ਹੀ ਰੌਚਿਕ ਅਤੇ ਸੰਖੇਪ ਰੂਪ ਵਿੱਚ ਇੱਕ ਕਵਿਤਾ ਰਾਹੀਂ ਪੇਸ਼ ਕੀਤਾ ਹੈ। ਜੋ ਪਾਠਕ ਅੰਦਰ ਕਿਤਾਬ ਦੇ ਅਗਲੇ ਹਿੱਸਿਆਂ ਨੂੰ ਪੜ੍ਹਨ ਲਈ ਉਤਸੁਕਤਾ ਪੈਦਾ ਕਰਦਾ ਹੈ। ਜੀਵਨ ਦੇ ਗੂੜ ਰਹੱਸਾਂ ਨੂੰ ਸਮਝਾਉਣ, ਚੰਗੇ ਸਵੈ ਆਚਰਣ ਦੇ ਨਾਲ-ਨਾਲ ਨਿਰੋਏ ਸਮਾਜ ਦਾ ਨਿਰਮਾਣ ਕਰਨ ਹਿੱਤ ਅਤੇ ਚੰਗੇ ਤੇ ਸੁਖੀ ਜੀਵਨ ਦੇ ਨਿਯਮਾਂ ਤੋਂ ਪਾਠਕਾਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਨਾਲ ਲੇਖਕ ਨੇ ਕਿਤਾਬ ਦੇ ਪਹਿਲੇ ਭਾਗ ਵਿੱਚ ਕ੍ਰਮਵਾਰ ਮਾਨਵਤਾ, ਤੀਨ ਅਵਸਥਾ ਜਾਣ, ਸੁਣਿ ਮਨ ਮਿਤ੍ਰ ਪਿਆਰਿਆ, ਕੁੱਝ ਜਰੂਰੀ ਗੱਲਾਂ, ਡੇਰੇਦਾਰੀਆਂ, ਪਿੰਡਾਂ ਦਾ ਵਿਕਾਸ, ਲਾਇਬ੍ਰੇਰੀਆਂ, ਆਓ! ਸਹਿਕਾਰਤਾ ਅਪਣਾਈਏ, ਵਿਅਹੁਤਾ ਜੀਵਨ ਦੀ ਖੁਸ਼ੀ ਦੇ ਪ੍ਰਪੱਕ ਅਸੂਲ, ਮਾਪੇ ਕੀ ਕਰਨ, ਗੁਰੂ ਨਾਨਕ ਜੋਤ, ਪੇਂਡੂ ਗੁਰਦੁਆਰੇ, ਨਸ਼ਾ ਨਾਸ਼ ਕਰਦਾ ਹੈ, ਜਨ ਕੀ ਅਰਦਾਸ, ਪੇਂਡੂ ਸ਼ਹਿਰਾਂ ਵੱਲ ਕਿਉਂ ਜਾ ਰਹੇ ਹਨ?, ਬਨਾਉਟੀ ਅਮੀਰੀਆਂ ਆਦਿ ਸਿਰਲੇਖਾਂ ਅਧੀਨ ਗੁਰਮਤਿ ਦੇ ਹਵਾਲੇ ਨਾਲੇ ਨਿੱਜੀ ਤਜ਼ਰਬੇ ਦੇ ਆਧਾਰ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਹੈ। ਅੱਜ ਜਦੋਂ ਵਿਸ਼ਵੀਕਰਨ ਦੇ ਦੌਰ ਵਿੱਚ ਮਨੁੱਖ ਆਪਣੇ ਮੂਲ ਨਾਲੋਂ ਟੁੱਟ ਕੇ ਅੰਤਾਂ ਦੀ ਘੋਰ ਨਿਰਾਸ਼ਾ ਅਤੇ ਰਿਸ਼ਤਿਆਂ ਦ ਟੁੱਟ-ਭੱਜ ਦਾ ਸ਼ਿਕਾਰ ਹੋ ਕੇ ਨਿਰਾਸ਼ਾ ਭਰਪੂਰ ਜੀਵਨ ਜਿਉਂ ਰਿਹਾ ਹੈ ਤਾਂ ਉਸ ਲਈ ਸ. ਸੁਖਮੰਦਰ ਸਿੰਘ ਦੁਆਰਾ ਕਿਤਾਬ ਦੇ ਪਹਿਲੇ ਭਾਗ ਵਿੱਚ ਦਿੱਤੇ ਸੁਖੀ ਜੀਵਨ ਜਿਉਣ ਦੇ ਦਿੱਤੇ ਨੇਮ ਰਾਮ-ਬਾਣ ਦਾ ਕਾਰਜ ਕਰਦੇ ਹੋਏ, ਪਾਠਕਾਂ ਨੂੰ ਸੱਚਾ-ਸੁੱਚਾ ਜੀਵਨ ਜਿਉਣ ਦੀ ਪ੍ਰੇਰਨਾ ਦੇਣਗੇ। ਜਿਵੇਂ ਕਿ ਪਹਿਲਾਂ ਹੀ ਚਰਚਾ ਕੀਤੀ ਗਈ ਹੈ ਕਿ ਲੇਖਕ ਨੇ ਆਪਣੀ ਜ਼ਿੰਦਗੀ ਦਾ ਤਕਰੀਬਨ 2/3 ਹਿੱਸਾ ਸਰਗਰਮ ਸਿਆਸਤ ਅਤੇ ਧਾਰਮ ਤੇ ਸਮਾਜ ਅਧਿਐਨ ਨੂੰ ਸਮਰਪਿਤ ਕੀਤਾ ਹੋਇਆ ਹੈ, ਇਸ ਲਈ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਿੱਧੇ ਅਤੇ ਅਸਿੱਧੇ ਤੌਰ ‘ਤੇ ਦਿਨੋਂ-ਦਿਨ ਸਿਅਸਤ ਵਿੱਚ ਆ ਰਹੇ ਨਿਘਾਰ ਅਤੇ ਇਸ ਨਾਲ ਆਮ ਲੋਕਾਈ ਨੂੰ ਹੋਰ ਰਹੇ ਨੁਕਸਾਨ ਪ੍ਰਤੀ ਡੂੰਘੀ ਚਿੰਤਾ ਪ੍ਰਗਟ ਕੀਤੀ ਦਿਖਾਈ ਦਿੰਦੀ ਹੈ। ਲੇਖਕ ਨੇ ਜਿੱਥੇ ਆਪਣੇ ਭਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ਨਿਬੰਧ ਰੂਪੀ ਵਾਰਤਕ ਦੀ ਵਰਤੋਂ ਕੀਤੀ ਹੈ ਉੱਥੇ ਹੀ ਉਹ ਸਾਹਿਤ ਦੀ ਮਹੱਵਪੂਰਨ ਵਿਧਾ ਕਹਾਣੀ ਦਾ ਨੂੰ ਵੀ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਆਧਾਰ ਬਣਾਉਣ ਵਿੱਚ ਸਫਲ ਹੋਇਆ ਹੈ। ਇਸ ਲਈ ਉਨ੍ਹਾਂ ਕ੍ਰਮਵਾਰ ਮੋਹ ਮਮਤਾ, ਅੱਗ, ਦਰਿੰਦੇ, ਯਾਰਾਂ ਦੀ ਯਾਰੀ, ਤੁਰ ਗਿਆ ਸਾਡਾ ਰੌਕੀ, ਦੇਸੀ ਕਾਨੂੰਨ, ਨਵੇਂ ਨਿਆਣੇ, ਕਿੱਥੋਂ ਅੱਕ ਲੱਗਿਐ, ਅੱਠ ਕਹਾਣੀਆਂ ਦੀ ਰਚਨਾ ਵੀ ਕੀਤੀ ਹੈ, ਜੋ ਸਿੱਧੇ ਤੌਰ ‘ਤੇ ਉਨ੍ਹਾਂ ਦੇ ਨਿੱਜ਼ੀ ਤਜ਼ਰਬੇ ਵਿੱਚੋਂ ਪੈਦਾ ਹੋਈਆਂ ਹਨ। ਇਹ ਕਹਾਣੀਆਂ ਵੱਖ-ਵੱਖ ਵਿਸ਼ਿਆ ਰਾਹੀਂ ਪਾਠਕ ਦੇ ਸੁਹਜ ਸਵਾਦ ਦੀ ਤ੍ਰਿਪਤੀ ਕਰਨ ਦੇ ਨਾਲ-ਨਾਲ ਉਸਨੂੰ ਗੂੜ ਗਿਆਨ ਦੀਆਂ ਗੱਲਾਂ ਬੜੀ ਹੀ ਸਹਿਜਤਾ ਅਤੇ ਸਰਲਤਾ ਨਾਲ ਸਮਝਾ ਜਾਂਦੀਆਂ ਹਨ। ਸਮੁੱਚੇ ਤੌਰ ‘ਤੇ ਕਿਤਾਬ ਦਾ ਪਹਿਲਾ ਭਾਗ ਜਿੱਥੇ ਆਦਰਸ਼ ਜੀਵਨ ਦੇ ਨੇਮਾਂ ਨਾਲ ਭਰਪੂਰ ਹੈ ਉੱਥੇ ਹੀ ਇੱਕ ਆਦਰਸ਼ ਪਿੰਡ ਵਿੱਚ ਵੜਨ ਤੋਂ ਪਹਿਲਾਂ ਲਿਖਿਆ ਗਿੳ ਜ਼ੋਰਦਾਰ ਸੁਨੇਹਾ ਹੈ, ਜੋ ਕਿਸੇ ਬਾਹਰੋਂ ਆਏ ਪਰਦੇਸੀ ਜਾਂ ਸਮਾਜਿਕ ਨੇਮਾਂ ਤੋਂ ਬਾਗੀ ਹੋਏ ਕਿਸੇ ਸ਼ਲਾਰੂ ਨੂੰ ਲੋਕਾਚਾਰ ਅਤੇ ਸਦਾਚਾਰ ਦਾ ਪਾਠ ਪੜ੍ਹਾਉਂਦਾ ਹੋਇਆ, ਆਦਰਸ਼ ਵਿਵਹਾਰ ਧਾਰਨ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਇਸ ਕਿਤਾਬ ਦਾ ਦੂਜਾ ਭਾਗ ‘ਭਾਗੀਵਾਂਦਰ’ ਪਿੰਡ ਦੀ ਇਤਿਹਾਸਿਕ ਖੋਜ ਨਾਲ ਜੁੜਿਆ ਹੋਇਆ ਹੈ। ਇਸ ਦੀ ਭੂਮਿਕਾ ਰਣਦੀਪ ਕੌਰ ਵੱਲੋਂ ਲਿਖੀ ਗਈ ਹੈ, ਜੋ ਭੂਮਿਕਾ ਨਾ ਹੋ ਕੇ ਆਪਣੇ-ਆਪ ਵਿੱਚ ਇੱਕ ਮਹੱਤਵਪੁਰਨ ਲੇਖ ਹੈ, ਜਿਸ ਵਿੱਚ ਭਾਗੀਵਾਂਦਰ ਪਿੰਡ ਦੇ ਵਡੇਰਿਆ ਦੇ ਨਾਲ-ਨਾਲ ਉਨ੍ਹਾਂ ਵਿਚਕਾਰ ਹੋਣ ਵਾਲੀਆ ਲੜ੍ਹਾਈਆਂ ਅਤੇ ਝਗੜਿਆਂ ਦੇ ਕਾਰਨਾਂ ਬਾਰੇ ਵੀ ਸਪੱਸ਼ਟ ਰੂਪ ਵਿੱਚ ਲਿਖਿਆ ਗਿਆ ਹੈ। ਇਸ ਕਿਤਾਬ ਵਿੱਚ ਭਾਗੀਵਾਂਦਰ ਦੇ ਲੋਕਾਂ ਦਾ ਪਿਛੋਕੜ ਯਾਦਵ ਵੰਸ਼ ਨਾਲ ਜਾ ਜੋੜਿਆ ਗਿਆ ਅਤੇ ਬੰਸਾਵਲੀ ਵਾਸਦੇਵ, ਜੋ ਕਿ ਸ਼੍ਰੀ ਕ੍ਰਿਸ਼ਨ ਜੀ ਦੇ ਪਿਤਾ ਸਨ ਤੋਂ ਸ਼ੁਰੂ ਕੀਤੀ ਗਈ ਹੈ। ਭਾਗੀਵਾਂਦਰ ਪਿੰਡ ਦਾ ਮੋੜੀਗੱਡ ਨਾੜਾ ਰਾਓ ਨੂੰ ਦੱਸਿਆ ਗਿਆ ਹੈ ਜੋ ਵਾਸਦੇਵ ਜੀ ਤੋਂ ਪੰਦਰਵੀਂ ਪੀੜ੍ਹੀ ਬਣਦੀ ਹੈ। ਭਾਗੀਵਾਂਦਰ ਵਿੱਚੋਂ ਬੱਝੇ 27 ਪਿੰਡਾਂ ਬਾਰੇ ਵੀ ਇਸ ਕਿਤਾਬ ਵਿੱਚ ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਪਿੰਡ ਦੀਆਂ ਵੱਖ-ਵੱਖ ਪੱਤੀਆਂ ਦੇ ਗੋਤਾਂ, ਜਾਤਾਂ ਅਤੇ ਲਾਣਿਆਂ ਜਿਵੇਂ ਕਿ ਬਾਬੇ ਜੇਠੇ ਕਾ ਲਾਣਾ, ਚਾਨਣ ਕਾ ਲਾਣਾ, ਕਪੂਰੇ ਕਾ ਲਾਣਾ, ਬਾਬੇ ਬੋਘੇ ਕਾ ਲਾਣਾ, ਗਿੱਲ, ਘੋੜੀਵਾਲੇ ਸਿੱਧੂ, ਗੋਂਦਾਰੇ, ਜਟਾਣੇ ਸਿੱਖ, ਪੰਡਿਤ, ਸੇਠ, ਚਾਉਕੇਵਾਲੇ, ਸਨਿਆਰ, ਨਾਈ, ਰਾਮਗੜ੍ਹੀਏ, ਤਰਖਾਣ, ਘੁਮਿਆਰ, ਧਾਨਕੇ, ਥੋਰੀ ਰਾਜਪੂਤ, ਮਹਿਰੇ, ਤੇਲੀ, ਮੁਸਲਮਾਨ, ਛੀਬੇ, ਰਾਵਿਦਾਸੀਏ, ਮਜ੍ਹਬੀ ਸਿੱਖ, ਬਾਜ਼ੀਗਰ, ਪੋਲੂ ਕੇ, ਬਾਬੇ ਮੱਲ ਕੇ, ਦੌਲੇ ਕੇ, ਬਾਬੇ ਬੂਟੀ ਕੇ, ਕੱਕੂ ਕੇ, ਢਿੱਲੋਂ, ਭੁੱਲਰ, ਦਲੇਉਂ ਆਦਿ ਬਾਰੇ ਵੱਡੇ ਬਜ਼ੁਰਗਾ ਤੋਂ ਲੈ ਕੇ ਪੀੜ੍ਹੀਆਂ ਬਾਰੇ ਦੱਸਣ ਦੇ ਨਾਲ-ਨਾਲ, ਉਨ੍ਹਾਂ ਦੇ ਪਿਛੋਕੜ ਅਤੇ ਉਨ੍ਹਾਂ ਨੂੰ ਪੈਂਦੀ ਅੱਲ ਬਾਰੇ ਵਿਸਥਾਰਪੂਰਵਕ ਦੱਸਦਿਆ ਉਨ੍ਹਾਂ ਦੇ ਪਿੰਡ ਵਿੱਚ ਆ ਕੇ ਵਸਣ ਦੇ ਸਮੇਂ ਅਤੇ ਕਾਰਨਾਂ ਬਾਰੇ ਵੀ ਗਹਿਰੀ ਜਾਣਕਾਰੀ ਪ੍ਰਧਾਨ ਕੀਤੀ ਗਈ ਹੈ। ਜਿਵੇਂ ਘੋੜੀ ਵਾਲੇ ਸਿੱਧੂਆਂ ਨੂੰ ਘੋੜੀਵਾਲੇ ਦੀ ਅੱਲ ਕਿਉਂ ਪੈਂਦੀ ਹੈ, ਬਾਰੇ ਦੱਸਦਿਆ ਲੇਖਕ ਨੇ ਲਿਖਿਆ ਹੈ ਕਿ ਇੱਕ ਵਾਰ ਇਨ੍ਹਾਂ ਦਾ ਵੱਡਾ ਬਜ਼ੁਰਗ ਬਚਨ ਸਿੰਘ ਜਿਸਦਾ ਕੱਦ ਸੱਤ ਫੁੱਟ ਦੇ ਕਰੀਬ ਸੀ, ਮਾਲ ਚਾਰਨ ਵਾਸਤੇ ਜਾਣ ਸਮੇਂ ਜੰਗਲਾਤ ਦੇ ਕਰਮਚਾਰੀਆਂ ਤੋਂ ਲੁਕ ਕੇ ਬਾਜ਼ਰੇ ਦੇ ਖੇਤਾਂ ਵਿੱਚ ਦੀ ਲੰਘਣ ਲੱਗਿਆ ਤਾਂ ਕੱਦ ਵੱਡਾ ਹੋਣ ਕਰਕੇ ਬਾਜ਼ਰੇ ਦੇ ਖੇਤਾ ਵਿੱਚ ਲੁਕ ਨਾ ਸਕਿਆ, ਦਰੋਗੇ ਨੂੰ ਲੱਗਿਆ ਵੀ ਉਹ ਘੋੜੀ ‘ਤੇ ਚੜ੍ਹਿਆ ਜਾਂਦਾ ਹੈ, ਇਸ ਲਈ ਉਸਨੇ ਉੱਚੀ ਆਵਾਜ਼ ਦੇ ਕੇ ਨਾਲ ਦੇ ਸਾਥੀਆਂ ਨੂੰ ਕਿਹਾ ਕਿ ਉਸ ਘੋੜੀਵਾਲੇ ਨੂੰ ਰੋਕੋ। ਬੱਸ ਇੱਥੋਂ ਹੀ ਉਨ੍ਹਾਂ ਨੂੰ ਘੋੜੀਵਾਲੇ ਸਿੱਧੂ ਅੱਲ ਪੈਣ ਲੱਗ ਗਈ। ਲੇਖਕ ਨੇ ਪਿੰਡ ਵਿੱਚ ਮੌਜੂਦ ਧਾਰਮਿਕ ਸਥਾਨਾਂ ਜਿਵੇਂ ਕਿ ਗੁਰਦੁਆਰਾ ਜੰਡਸਰ ਸਾਹਿਬ ਪਾਤਿਸ਼ਾਹੀ ਦਸਵੀਂ, ਗੁਰਦੁਆਰਾ ਫਲ੍ਹਾਸਰ ਸਾਹਿਬ, ਸਿੰਘਾ ਵਾਲੀ ਢਾਬ, ਡੇਰਾ, ਡੇਰਾ ਬਾਬਾ ਗ੍ਰੀਬਦਾਸ, ਪੀਰਖਾਨਾ, ਗਊਸ਼ਾਲਾ ਆਦਿ ਦੇ ਇਤਿਹਾਸ ਬਾਰੇ ਦੱਸਣ ਦੇ ਨਾਲ-ਨਾਲ ਲੋਕਾਂ ਵਿੱਚ ਇਨ੍ਹਾਂ ਦੀ ਮਾਨਤਾ, ਆਸਥਾ ਅਤੇ ਇਨ੍ਹਾਂ ਧਾਰਮਿਕ ਸਥਾਨਾ ਨਾਲ ਜੁੜੀਆਂ ਰੂੜੀਆਂ ਤੇ ਮਿੱਥਾਂ ਬਾਰੇ ਵੀ ਮਹੱਵਪੂਰਨ ਜਾਣਕਾਰੀ ਦਿੱਤੀ ਹੈ। ਜਿੰਨ੍ਹਾਂ ਤੋਂ ਲੋਕ ਮਨਾਂ ਦੇ ਜੀਵਨ ਅਤੇ ਜੀਵਨ ਪੜ੍ਹਾਵਾਂ ਨਾਲ ਜੁੜੇ ਵਿਸ਼ਵਾਸ਼ਾਂ, ਰਹੁ-ਰੀਤਾਂ ਅਤੇ ਵਰਤਾਰਿਆਂ ਆਦਿ ਦੇ ਦਰਸ਼ਨ ਸ਼ਹਿਜੇ ਹੀ ਹੋ ਜਾਂਦੇ ਹਨ। ਲੇਖਕ ਨੇ ਪਿੰਡ ਭਾਗੀਵਾਂਦਰ ਦੇ ਸਰਪੰਚਾ, ਨੰਬਰਦਾਰਾਂ, ਮੋਹਤਬਰਾਂ ਅਤੇ ਪ੍ਰਸਿੱਧ ਖਿਡਾਰੀਆਂ ਬਾਰੇ ਦੱਸਣ ਦੇ ਨਾਲ-ਨਾਲ ਪਿੰਡ ਵਿੱਚ ਲੋਕਾਂ ਦੀ ਸਹੂਲਤ ਅਤੇ ਪਿੰਡ ਦੇ ਵਿਕਾਸ ਲਈ ਮੌਜੂਦ ਆਦਾਰੇ ਜਿਵੇਂ ਕਿ ਵਿੱਦਿਅਕ ਅਦਾਰਿਆਂ ਆਦਿ ਦੇ ਸਮੇਂ-ਸਮੇਂ ‘ਤੇ ਰਹੇ ਮੁਖੀਆਂ ਬਾਰੇ ਵੀ ਭਰਪੂਰ ਜਾਣਕਾਰੀ ਉਪਲੱਬਧ ਕਰਵਾਈ ਹੈ। ਪਿੰਡ ਦੀਆਂ ਜੰਮਪਲ਼ ਉਹ ਹਸਤੀਆਂ ਜਿੰਨ੍ਹਾਂ ਨੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਜਿੰਨ੍ਹਾਂ ‘ਤੇ ਸਮੂਹ ਪਿੰਡ ਵਾਸੀਆਂ ਨੂੰ ਮਾਣ ਹੈ, ਉਨਹਾਂ ਦੇ ਨਾਮ ਵੀ ਕਿਤਾਬ ਵਿੱਚ ਦਰਜ਼ ਹਨ।
ਲੇਖਕ ਦੁਆਰਾ ਕੀਤਾ ਗਿਆ ਕਾਰਜ ਮਹੱਤਵਪੂਰਨ ਕਾਰਜ ਹੈ, ਇਸ ਕਾਰਜ ਨੂੰ ਕਰਨ ਲਈ ਜਿੱਥੇ ਅੰਤਾਂ ਦੇ ਸਹਿਜ ਅਤੇ ਸੂਝ ਦੀ ਲੋੜ ਹੁੰਦੀ ਹੈ ਉੱਥੇ ਹੀ ਦ੍ਰਿੜ ਨਿਸ਼ਚਾ ਵੀ ਜ਼ਰੂਰੀ ਹੁੰਦਾ ਹੈ, ਕਿਉਂਕਿ ਖੇਤਰੀ ਖੋਜ ਨਾਲ ਜੁੜਿਆ ਹੋਇਆ ਕਾਰਜ ਐਨਾ ਸਹਿਜ ਨਹੀਂ ਹੁੰਦਾ ਜਿੰਨਾਂ ਦੇਖਣ ਜਾਂ ਸੁਣਨ ਵਿੱਚ ਲੱਗਦਾ ਹੈ। ਖੇਤਰੀ ਖੋਜ ਦੇ ਖੋਜੀ ਵਿੱਚ ਖੋਜੀ ਬਿਰਤੀ ਹੋਣ ਦੇ ਨਾਲ-ਨਾਲ ਸਮਾਜ ਦੇ ਲੋਕਾਂ ਪ੍ਰਤੀ ਉਧਾਰ ਬਿਰਤੀ ਅਤੇ ਉਨ੍ਹਾਂ ਦੇ ਭਾਵਾਂ ਪ੍ਰਤੀ ਸੰਵੇਦਨਸ਼ੀਲਤਾ ਹੋਣੀ ਵੀ ਲਾਜ਼ਮੀ ਹੁੰਦੀ ਹੈ ਤਾਂ ਜੋ ਉਹ ਲੋਕਾਂ ਨੂੰ ਅਪਣੱਤ ਨਾਲ ਆਪਣੇ ਖੋਜ ਕਾਰਜ ਵਿੱਚ ਸ਼ਾਮਿਲ ਕਰ ਸਕੇ ਅਤੇ ਲੋਕ ਪੂਰਨ ਭਰੋਸੇ ਅਤੇ ਵਿਸ਼ਵਾਸ਼ ਨਾਲ ਖੋਜੀ ਦਾ ਉਸਦੀ ਲੋੜ ਅਨੁਸਾਰ ਸਾਥ ਦੇਣ ਲਈ ਰਾਜੀ ਹੋ ਜਾਣ। ਸ. ਸੁਖਮੰਦਰ ਸਿੰਘ ਦੀ ਸਖਸ਼ੀਅਤ ਵਿੱਚ ਇਹ ਸਾਰੇ ਗੁਣ ਮੌਜੂਦ ਹਨ ਕਿਉਂਕਿ ਜਿੱਥੇ ਉਹ ਸਾਹਿਤ ਦੇ ਜਾਣੂ ਅਤੇ ਖੋਜੀ ਬਿਤਰੀ ਵਾਲੇ ਹਨ ਉੱਥੇ ਹੀ ਉਹ ਇੱਕ ਸਮਾਜਿਕ ਆਗੂ ਵਜੋਂ ਵੀ ਸਮਾਜ ਸੇਵਾ ਵਿੱਚ ਨਿਰੰਤਰ ਕ੍ਰਿਆਸ਼ੀਲ ਹਨ। ਜਿਵੇਂ ਕਿ ਸ. ਅਮਰਜੀਤ ਸਿੰਘ ਇਸੇ ਕਿਤਾਬ ਵਿੱਚ ਅਮੁੱਲੀ ਭੇਂਟ ਸਿਰਲੇਖ ਅਧੀਨ ਸ. ਸੁਖਮੰਦਰ ਸਿੰਘ ਭਾਗੀ ਵਾਂਦਰ ਨਾਲ ਜਾਣ-ਪਹਿਚਾਣ ਕਰਵਾਉਂਦੇ ਲਿਖਦੇ ਹਨ ਕਿ “ਸ. ਸੁਖਮੰਦਰ ਸਿੰਘ ਭਾਗੀਵਾਂਦਰ ਇੱਕ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ, ਸੁਖਮੰਦਰ ਸਿੰਘ ਜੀ ਇੱਕ ਉਹ ਸਖਸ਼ੀਅਤ ਹਨ, ਜਿਸ ਨੂੰ ਬਹੁਮੁਖੀ ਕਲਾਵਾਂ ਦਾ ਭੰਡਾਰ ਕਿਹਾ ਜਾ ਸਕਦਾ ਹੈ, ਉਹ ਉੱਘੇ ਚਿੰਤਕ, ਲੇਖਕ, ਸਮਾਜ ਸੇਵੀ, ਪ੍ਰਪੱਕ ਲੇਖਕ ਅਤੇ ਪ੍ਰੋੜ ਸ਼ਾਇਰ ਹਨ”। ਸਚਮੁੱਚ ਅਮਰਜੀਤ ਸਿੰਘ ਜੀਤ ਜੀ ਦਾ ਸੁਖਮੰਦਰ ਸਿੰਘ ਭਾਗੀਵਾਂਦਰ ਬਾਰੇ ਕਿਹਾ ਇੱਕ-ਇੱਕ ਲਫ਼ਜ਼ ਸੱਚ ਹੈ, ਉਨ੍ਹਾਂ ਦੀ ਸਵਰਪੱਖੀ ਸਖਸ਼ੀਅਤ ਦਾ ਸਪੱਸ਼ਟ ਪ੍ਰਭਾਵ ਉਨ੍ਹਾਂ ਦੀ ਇਸ ਕਿਤਾਬ ‘ਤੇ ਨਜ਼ਰ ਆਉਂਦਾ ਹੈ। ਇਹ ਕਿਤਾਬ ਇੱਕ ਅਨਮੋਲ ਖਜ਼ਾਨਾਂ ਹੈ, ਜਿਸ ਤੋਂ ਭਵਿੱਖ ਦੇ ਖੋਜੀ ਅਗਵਾਈ ਲੈਣਗੇ ਅਤੇ ਇਸ ਖੋਜ ਅਤੇ ਇਸ ਵਰਗੀ ਖੋਜ ਲਈ ਉਤਸ਼ਾਹਿਤ ਹੁੰਦੇ ਹੋਏ ਇਸ ਨੂੰ ਹੋਰ ਅੱਗੇ ਲੈ ਕੇ ਜਾਣਗੇ।
ਸਮੁੱਚੇ ਤੌਰ ‘ਤੇ ਸ. ਸੁਖਮੰਦਰ ਸਿੰਘ ਭਾਗੀਵਾਂਦਰ, ਉਨ੍ਹਾਂ ਦਾ ਪੂਰਾ ਪਰਿਵਾਰ, ਦੋਸਤ-ਮਿੱਤਰ, ਪਿੰਡ ਭਾਗੀਵਾਂਦਰ ਅਤੇ ਸਮੁੱਚਾ ਪੰਜਾਬੀ ਸਾਹਿਤ ਅਤੇ ਖੋਜ ਜਗਤ ‘ਸਣਿਓ ਓਏ ਪਿੰਡਾਂ ਵਾਲਿਓ’ ਕਿਤਾਬ ਦੇ ਛਪਣ ‘ਤੇ ਵਧਾਈ ਦੇ ਪਾਤਰ ਹਨ। ਮੈਂ ਇਸ ਕਿਤਾਬ ਨੂੰ ਜੀ ਆਇਆ ਆਖਦਾ ਹੋਇਆ ਉਮੀਦ ਕਰਦਾਂ ਹਾਂ ਕਿ ਇਹ ਕਿਤਾਬ ਸਾਹਿਤ ਰਸੀਏ ਪਾਠਕਾਂ ਅਤੇ ਖੋਜੀਆਂ ਦੇ ਪੈਮਾਨੇ ‘ਤੇ ਖ਼ਰੀ ਉੱਤੇਰਗੀ।
ਕਿਤਾਬ: ‘ਸੁਣਿਓ ਓਏ! ਪਿੰਡਾ ਵਾਲਿਓ’
ਲੇਖਕ: ਸੁਖਮੰਦਰ ਸਿੰਘ ਭਾਗੀਵਾਂਦਰ
ਪ੍ਰਕਾਸ਼ਕ: ਮਿਸਟਰ ਸਿੰਘ ਪਬਲੀਕੇਸ਼ਨ
ਪੰਨੇ: 170
ਕੀਮਤ: 300 ਰੁਪਏ