Culture Articles

ਲੋਹੜੀ ਦੇ ਪਵਿੱਤਰ ਤਿਉਹਾਰ ਦੀ ਮਹੱਤਤਾ !

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਦੇ 12 ਮਹੀਨਿਆਂ ‘ਚੋਂ ਕੋਈ ਵੀ ਅਜਿਹਾ ਮਹੀਨਾ ਨਹੀਂ, ਜਦੋਂ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਭਾਰਤ ਦਾ ਸਮੁੱਚਾ ਜਨ-ਜੀਵਨ ਤਿਉਹਾਰਾਂ ਨਾਲ ਜੁੜਿਆ ਹੈ। ਇਸੇ ਤਰ੍ਹਾਂ ਮਾਘੀ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਅਰਥ ‘ਤਿਲ+ਰਿਓੜੀ’ ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ ‘ਤਿਲੋੜੀ’ ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ ‘ਲੋਹੜੀ’ ਬਣ ਗਿਆ। ਇਹ ਤਿਉਹਾਰ ਪੰਜਾਬ ਦੇ ਹਰ ਘਰ ‘ਚ ਮਨਾਇਆ ਜਾਂਦਾ ਹੈ।

ਲੋਹੜੀ ਤੋਂ ਕਈ ਦਿਨ ਪਹਿਲਾਂ ਛੋਟੇ ਬੱਚੇ ਘਰ-ਘਰ ਜਾ ਕੇ ਪਾਥੀਆਂ, ਬਾਲਣ ਤੇ ਪੈਸੇ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਸਨ। ਜਿਸ ਘਰ ਵਿਚ ਮੁੰਡੇ ਦਾ ਜਨਮ ਜਾਂ ਨਵਾਂ ਵਿਆਹ ਹੋਇਆ ਹੋਵੇ, ਉਨ੍ਹਾਂ ਵੱਲੋਂ ਬੱਚਿਆਂ ਨੂੰ ਮੂੰਗਫਲੀ, ਰਿਓੜੀਆਂ, ਤਿਲ, ਪੈਸੇ ਆਦਿ ਖ਼ੁਸ਼ੀ ਵਜੋਂ ਦਿੱਤੇ ਜਾਂਦੇ ਹਨ। ਤੋਤਲੀਆਂ ਆਵਾਜ਼ਾਂ ‘ਚ ਲੋਹੜੀ ਦੇ ਗੀਤ ਗਾਉਂਦੇ ਬੱਚੇ ਬੜੇ ਪਿਆਰੇ ਲੱਗਦੇ ਹਨ। ਪਹਿਲਾਂ ਸਿਰਫ਼ ਪੁੱਤਰ ਦੇ ਪੈਦਾ ਹੋਣ ‘ਤੇ ਹੀ ਲੋਹੜੀ ਪਾਈ ਜਾਂਦੀ ਸੀ ਪਰ ਅਜੋਕੇ ਪੜ੍ਹੇ-ਲਿਖੇ ਸਮਾਜ ‘ਚ ਲੜਕੇ ਤੇ ਲੜਕੀ ‘ਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ ਤੇ ਹੁਣ ਲੋਕ ਧੀਆਂ ਦੀ ਲੋਹੜੀ ਵੀ ਪਾਉਣ ਲੱਗੇ ਹਨ। ਇਸ ਦਿਨ ਗਲੀ-ਮੁਹੱਲੇ ਦੇ ਲੋਕ ਧੂਣੀ ਬਾਲ ਕੇ ਇਕੱਠੇ ਹੋ ਕੇ ਬੈਠਦੇ ਹਨ ਤੇ ਧੂਣੀ ‘ਚ ਤਿਲ ਪਾਉਂਦੇ ਹੋਏ ਲੋਹੜੀ ਦੇ ਗੀਤ ਗਾਉਂਦੇ ਹਨ :
ਈਸਰ ਆ, ਦਲਿੱਦਰ ਜਾ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।
ਜਿਸ ਦਾ ਅਰਥ ਹੈ ਕਿ ਈਸ਼ਵਰ ਦੀ ਮਿਹਰ ਹੋਵੇ, ਦੁੱਖ-ਕਲੇਸ਼ ਨਾ ਆਉਣ ਤੇ ਸਾਰੇ ਕਲੇਸ਼ਾਂ ਦੀ ਜੜ੍ਹ ਸੜ ਜਾਵੇ। ਇਸ ਤਿਉਹਾਰ ਦਾ ਸਬੰਧ ਬਦਲਦੇ ਮੌਸਮ ਨਾਲ ਵੀ ਹੈ।
ਲੋਹੜੀ ਦੀ ਪੁਰਾਤਨ ਗਾਥਾ
ਪੁਰਤਾਨ ਗਾਥਾ ਅਨੁਸਾਰ ਇਸ ਤਿਉਹਾਰ ਦਾ ਸਬੰਧ ਇਕ ਭੱਟੀ ਸਰਦਾਰ ‘ਦੁੱਲੇ’ ਨਾਲ ਵੀ ਹੈ। ਇਕ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਸਨ ਸੁੰਦਰੀ ਤੇ ਮੁੰਦਰੀ। ਗ਼ਰੀਬ ਬ੍ਰਾਹਮਣ ਨੇ ਆਪਣੀਆਂ ਧੀਆਂ ਦਾ ਰਿਸ਼ਤਾ ਕਿਸੇ ਥਾਂ ਪੱਕਾ ਕੀਤਾ ਹੋਇਆ ਸੀ ਪਰ ਉੱਥੋਂ ਦੇ ਪਾਪੀ ਤੇ ਜ਼ਾਲਮ ਹਾਕਮ ਨੇ ਉਸ ਬ੍ਰਾਹਮਣ ਦੀਆਂ ਧੀਆਂ ਦੀ ਸੁੰਦਰਤਾ ਬਾਰੇ ਸੁਣ ਕੇ ਉਨ੍ਹਾਂ ਨੂੰ ਜ਼ੋਰੀਂ ਆਪਣੇ ਘਰ ਰੱਖਣ ਦੀ ਠਾਣ ਲਈ। ਸਾਜ਼ਿਸ਼ ਦਾ ਪਤਾ ਲੱਗਣ ‘ਤੇ ਗ਼ਰੀਬ ਬ੍ਰਾਹਮਣ ਨੇ ਮੁੰਡੇ ਵਾਲਿਆਂ ਨੂੰ ਆਖਿਆ ਕਿ ਉਹ ਉਸ ਦੀਆਂ ਧੀਆਂ ਨੂੰ ਵਿਆਹ ਤੋਂ ਪਹਿਲਾਂ ਆਪਣੇ ਘਰ ਲੈ ਜਾਣ ਪਰ ਮੁੰਡੇ ਵਾਲੇ ਵੀ ਉਸ ਜ਼ਾਲਮ ਹਾਕਮ ਤੋਂ ਡਰ ਕੇ ਮੁੱਕਰ ਗਏ। ਜਦੋਂ ਗ਼ਰੀਬ ਬ੍ਰਾਹਮਣ ਨਿਰਾਸ਼ ਹੋ ਕੇ ਘਰ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦਾ ਮੇਲ ਦੁੱਲਾ ਭੱਟੀ ਨਾਲ ਹੋਇਆ, ਜੋ ਹਾਲਾਤ ਵੱਸ ਡਾਕੂ ਬਣ ਚੁੱਕਾ ਸੀ।
ਗ਼ਰੀਬ ਬ੍ਰਾਹਮਣ ਦੀ ਵਿੱਥਿਆ ਸੁਣ ਕੇ ਦੁੱਲਾ ਭੱਟੀ ਨੇ ਉਸ ਬ੍ਰਾਹਮਣ ਦੀ ਸਹਾਇਤਾ ਕਰਨ ਤੇ ਉਸ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹੁਣ ਦਾ ਵਚਨ ਦਿੱਤਾ। ਦੁੱਲਾ ਭੱਟੀ ਮੁੰਡੇ ਵਾਲਿਆਂ ਦੇ ਘਰ ਗਿਆ ਤੇ ਰਾਤ ਦੇ ਹਨ੍ਹੇਰੇ ‘ਚ ਜੰਗਲ ਨੂੰ ਅੱਗ ਲਾ ਕੇ ਬ੍ਰਾਹਮਣ ਦੀਆਂ ਧੀਆਂ ਦਾ ਵਿਆਹ ਕਰਵਾ ਦਿੱਤਾ ਪਰ ਉਸ ਸਮੇਂ ਦੁੱਲਾ ਭੱਟੀ ਕੋਲ ਸ਼ਗਨ ਵਜੋਂ ਦੇਣ ਲਈ ਸਿਰਫ਼ ਸ਼ੱਕਰ ਹੀ ਸੀ, ਜੋ ਉਸ ਨੇ ਕੁੜੀਆਂ ਦੀ ਝੋਲੀ ਪਾ ਦਿੱਤੀ।
ਬਾਅਦ ‘ਚ ਹਰ ਸਾਲ ਇਸ ਘਟਨਾ ਨੂੰ ਯਾਦ ਕਰਦਿਆਂ ਇਹ ਤਿਉਹਾਰ ਮਨਾਇਆ ਜਾਣ ਲੱਗਾ। ਲੋਹੜੀ ਵਾਲੇ ਦਿਨ ਛੋਟੇ-ਛੋਟੇ ਬੱਚੇ ਘਰ-ਘਰ ਜਾ ਕੇ ਗੀਤ ਗਾਉਂਦੇ ਹਨ,
ਆਪਸੀ ਪ੍ਰੇਮ-ਪਿਆਰ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ
ਇਹ ਤਿਉਹਾਰ ਲੋਕਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਸ਼ਾਮ ਨੂੰ ਖਿਚੜੀ ਬਣਾਈ ਜਾਂਦੀ ਹੈ ਤੇ ਅਗਲੇ ਦਿਨ ਸਵੇਰੇ ਖਾਧੀ ਜਾਂਦੀ ਹੈ, ਜਿਸ ਨੂੰ ‘ਪੋਹ ਰਿੱਧੀ ਤੇ ਮਾਘ ਖਾਧੀ’ ਕਿਹਾ ਜਾਂਦਾ ਹੈ।
ਆਧੁਨਿਕਤਾ ਵੱਸ ਅੱਜ ਇਸ ਤਿਉਹਾਰ ਨੂੰ ਮਨਾਉਣ ਦੇ ਢੰਗ ਬਦਲ ਰਹੇ ਹਨ। ਅਜੋਕੇ ਸਮਾਜ ਦੇ ਰਸਮਾਂ-ਰਿਵਾਜ਼, ਰਹਿਣ-ਸਹਿਣ ਦੇ ਢੰਗ ਵੀ ਪਹਿਲਾਂ ਵਰਗੇ ਨਹੀਂ ਰਹੇ ਤੇ ਸੋਚ ਵੀ ਨਿਰੰਤਰ ਬਦਲ ਰਹੀ ਹੈ। ਇਹੀ ਨਹੀਂ ਹੁਣ ਲੋਹੜੀ ਸਿਰਫ਼ ਆਪੋ-ਆਪਣੇ ਵਿਹੜਿਆਂ ਤਕ ਸਿਮਟ ਕੇ ਰਹਿ ਗਈ ਹੈ। ਲੋਹੜੀ ਦਾ ਤਿਉਹਾਰ ਵੱਖ-ਵੱਖ ਨਾਵਾਂ ਨਾਲ ਬਹੁਤ ਸਾਰੇ ਖ਼ੇਤਰਾਂ ‘ਚ ਮਨਾਇਆ ਜਾਂਦਾ ਹੈ ਜਿਵੇਂ, ਸਿੰਧੀ ਲੋਕ ਇਸ ਨੂੰ ‘ਲਾਲ-ਲੋਈ’ ਆਖਦੇ ਹਨ, ਤਾਮਿਲਨਾਡੂ ਵਿਚ ‘ਪੋਂਗਲ’ ਤੇ ਆਂਧਰਾ ਪ੍ਰਦੇਸ਼ ਵਿਚ ‘ਭੋਗੀ’ ਨਾਂ ਨਾਲ ਲੋਹੜੀ ਨਾਲ ਮਿਲਦਾ-ਜੁਲਦਾ ਤਿਉਹਾਰ ਮਨਾਇਆ ਜਾਂਦਾ ਹੈ।
ਮਹਿੰਗਾਈ ਨੇ ਬਦਲਿਆ ਮਾਹੌਲ
ਅੱਜ-ਕੱਲ੍ਹ ਵੱਧਦੀ ਮਹਿੰਗਾਈ ਤੇ ਪੈਸੇ ਦੀ ਦੌੜ-ਭੱਜ ਵਾਲੀ ਜ਼ਿੰਦਗੀ ਨੇ ਮਾਹੌਲ ਬਦਲ ਕੇ ਰੱਖ ਦਿੱਤਾ ਹੈ। ਹੁਣ ਨਾ ਤਾਂ ਜੁਆਕ ਲੋਹੜੀ ਮੰਗਦੇ ਨਜ਼ਰ ਆਉਂਦੇ ਹਨ ਤੇ ਨਾ ਹੀ ਪਹਿਲਾਂ ਵਾਂਗ ਰਿਸ਼ਤਿਆਂ ‘ਚ ਏਕਤਾ ਤੇ ਪ੍ਰਪੱਕਤਾ ਰਹੀ ਹੈ। ਹੁਣ ਲੋਕਾਂ ਵੱਲੋਂ ਮੁੰਡੇ ਦੀ ਲੋਹੜੀ ਲਈ ਵੀ ਵਿਆਹ ਵਾਂਗ ਪੈਲੇਸ ਬੁੱਕ ਕੀਤੇ ਜਾਂਦੇ ਹਨ। ਸਾਰਾ ਪ੍ਰੋਗਰਾਮ ਉੱਥੇ ਹੀ ਹੁੰਦਾ ਹੈ। ਲੋਕ ਬੇਗ਼ਾਨਿਆਂ ਦੀ ਤਰ੍ਹਾਂ ਆਉਂਦੇ ਹਨ ਤੇ ਸ਼ਗਨ ਦੇ ਕੇ ਚਲੇ ਜਾਂਦੇ ਹਨ। ਮੁੰਡੇ ਵਾਲਿਆਂ ਵੱਲੋਂ ਵੀ ਮਿਠਾਈ ਦਾ ਡੱਬਾ ਅਤੇ ਕਾਰਡ ਭੇਜ ਦਿੱਤਾ ਜਾਂਦਾ ਹੈ ਤੇ ਸ਼ਾਮ ਨੂੰ ਹਰ ਕੋਈ ਆਪਣੇ-ਆਪਣੇ ਘਰ ‘ਚ ਵੱਖ-ਵੱਖ ਲੋਹੜੀ ਮਨਾਉਂਦੇ ਹਨ
ਧੀਆਂ ਦੀ ਲੋਹੜੀ
ਅਜੋਕੀ ਲੋਹੜੀ ਬਹੁਤ ਬਦਲ ਗਈ ਹੈ। ਭਾਵੇਂ ਹੁਣ ਪੜ੍ਹੇ-ਲਿਖੇ ਸਮਾਜ ਦੀ ਸੋਚ ਬਦਲ ਗਈ ਹੈ ਤੇ ਹੁਣ ਲੋਕਾਂ ਵੱਲੋਂ ਨਵ-ਜੰਮੀਆਂ ਧੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ ਪਰ ਹੁਣ ਤਿਉਹਾਰਾਂ ‘ਤੇ ਬਾਜ਼ਾਰੂ ਰੁਚੀ ਵੀ ਭਾਰੂ ਹੋਣ ਲੱਗੀ ਹੈ। ਤੇਜ਼ੀ ਨਾਲ ਉੱਸਰ ਰਹੇ ਗਲੋਬਲ ਪਿੰਡ ਕਾਰਨ ਰਿਸ਼ਤਿਆਂ ਦਾ ਨਿੱਘ, ਮੋਹ, ਸੱਭਿਆਚਾਰਕ ਸਾਂਝ ਤੇ ਮਿਲਵਰਤਨ ਵੀ ਘੱਟਦਾ ਜਾ ਰਿਹਾ ਹੈ। ਪੜ੍ਹਾਈ ਤੇ ਪੇਪਰਾਂ ਦੇ ਬੋਝ ਕਾਰਨ ਸਾਡੇ ਬੱਚੇ ਵੀ ਬੜੇ ਮਸਰੂਫ ਹੁੰਦੇ ਜਾ ਰਹੇ ਹਨ। ਹੁਣ ਉਨ੍ਹਾਂ ਕੋਲ ਵੀ ਸਾਂਝੀਆਂ ਖ਼ੁਸ਼ੀਆਂ ਮਨਾਉਣ ਲਈ ਫ਼ੁਰਸਤ ਨਹੀਂ ਰਹੀ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin