Culture Articles

ਵਧਾਈਆਂ ਦੇ ਅਦਾਨ ਪਰਦਾਨ ਦੀ ਬਜਾਏ , ਤਿਓਂਹਾਰ ਦੀ ਅਹਿਮੀਅਤ ਨੂੰ ਸਮਝਿਆ ਜਾਵੇ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਬੇਸ਼ੱਕ ਵੈਸਾਖੀ ਦਾ ਤਿਓਂਹਾਰ ਭਾਰਤ ‘ਚ ਵਸਦੇ ਵੱਖ ਵੱਖ ਸੱਭਿਆਚਾਰਾਂ ਦੇ ਲੋਕਾਂ ਵੱਲੋਂ ਕਈ ਸਦੀਆਂ ਤੋਂ ਮਨਾਇਆਂ ਜਾਂਦਾ ਹੈ ਤੇ ਇਸ ਦੇ ਮਨਾਏ ਜਾਣ ਦੇ ਬਹੁਤ ਸਾਰੇ ਕਾਰਨ ਰਹੇ ਹਨ । ਭਾਰਤ ਵਿੱਚ ਇਹ ਤਿਓਂਹਾਰ ਜਿੱਥੇ ਸਰਦ ਤੋਂ ਗਰਮ ਮੌਸਮ ਦੇ ਬਦਲਾਵ ਦਾ ਸੂਚਿਕ ਮੰਨਿਆ ਜਾਂਦਾ ਹੈ, ਉੱਥੇ ਹਾੜੀ ਦੀ ਫਸਲ ਪੱਕ ਕੇ ਤਿਆਰ ਹੋ ਜਾਣ ਦਾ ਸੂਚਿਕ ਵੀ ਹੈ । ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਲੋਕ ਆਪਣੀ ਮੰਗਲ ਕਾਮਨਾ ਵਾਸਤੇ ਇਸ ਤਿਓਹਾਰ ਵਾਲੇ ਦਿਨ ਆਪੋ ਆਪਣੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀ ਪੂਜਾ ਅਰਚਨਾ ਕਰਦੇ ਹਨ, ਪੰਜਾਬ ਵਿੱਚ ਇਹ ਤਿਓਂਹਾਰ ਪੰਜਾਬੀਆਂ ਵਾਸਤੇ ਜਿੱਥੇ ਕਈ ਪੱਖਾਂ ਤੋਂ ਖੁਸ਼ੀ ਤੇ ਹੁਲਾਸ ਦਾ ਤਿਓਂਹਾਰ ਹੈ, ਉੱਥੇ ਖਾਲਸੇ ਦਾ ਸਾਜਨਾਂ ਦਿਵਸ ਹੋਣ ਦੇ ਨਾਲ ਨਾਲ ਹੀ ਪੰਜਾਬੀਆਂ ‘ਤੇ ਝੁਲੇ ਖੂਨੀ ਕਾਂਡਾਂ ਦਾ ਵੀ ਗਵਾਹ ਹੈ ।
13 ਅਪ੍ਰੈਲ 1699 ਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਨੇ ਜੇਕਰ ਖਾਲਸਾ ਪੰਥ ਦੀ ਸਾਜਨਾਂ ਕੀਤੀ ਤਾਂ ਇਹ ਉਸ ਵੇਲੇ ਦੀ ਬਹੁਤਵੱਡੀ ਘਟਨਾ ਸੀ ਜਿਸ ਨੇ ਮਜਲੂਮਾਂ ਚ ਚਿੜੀਆਂ ਤੋ ਬਾਜ ਤੁੜਾਉਣ ਵਾਲੀ ਨਵੀਂ ਰੂਹ ਫੂਕੀ ।ਜਰਾ ਪਿਛੋਕੜ ਚ ਝਾਤੀ ਮਾਰਿਆਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਪੰਜਾਬ ਵਾਸੀਆਂ ‘ਤੇ ਖੂਨੀ ਹਨੇਰੀਆਂ ਮੁਢਕੁਦੀਮੋਂ ਹੀ ਝੁਲਦੀਆਂ ਰਹੀਆਂ ਹਨ ।ਇਹਨਾਂ ਨੂੰ ਹਮੇਸ਼ਾ ਹੀ ਨਵੀਂਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ , ਕਦੀ ਧਾੜਵੀਆਂ ਨਾਲ ਲੋਹਾ ਲੈਣਾ ਪਿਆ ਤੇ ਕਦੀ ਜ਼ਿੰਦਗੀ ਜਿਊਣ ਵਾਸਤੇ ਸੰਘਰਸ਼ ਕਰਨਾ ਪਿਆ । ਇਹਨਾਂ ਲੋਕਾਂ ਹਾਲਾਤ ਹਮੇਸ਼ਾ ਹੀ ਪ੍ਰਤੀਕੂਲ ਵੀ ਰਹੇ ਤੇ ਨਾ ਮਾਕੂਲ ਵੀ ।
1699 ਦੀ ਵੈਸਾਖੀ ਵਾਲੇ ਦਿਨ ਸਮੇ ਤੇ ਹਾਲਾਤਾਂ ਦੀ ਮੰਗ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸ ਵਾਰ ਕੇ ਜਿਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਥੇ ਦਸਵੀ ਜੋਤ ਦੇਰੂਪ ਵਿਚ ਪਹਿਲੇ ਗੁਰੂ ਸਾਹਿਬਾਨਾ ਦੇ ਮਿਸ਼ਨ ਨੂੰ ਸਰ ਅੰਜਾਮ ਕਰਕੇ ਉਹਨਾਂ ਨੂੰ ਆਪਣੀ ਸੱਚੀ ਸ਼ਰਧਾ ਤੇ ਸਤਿਕਾਰ ਦੀ ਸ਼ਰਧਾਂਜਲੀ ਵੀ ਭੇਂਟ ਕੀਤੀ ਤੇ ਮਜਲੂਮਾਂ ਚ ਸ਼ੇਰਾਂ ਦੀ ਰੂਹ ਤੇ ਗਰਜ ਭਰਕੇ ਵੇਲੇ ਦੇ ਨਿਰਦਈ ਹਾਕਮਾਂ ਨੂੰ ਚਣੌਤੀ ਵੀ ਦਿੱਤੀ, ਪਰ ਹੋਣੀ ਦੇਖੋ ਕਿ ਸਿੱਖ ਧਰਮ ਅੱਜ ਇਕ ਵਾਰ ਫੇਰ ਬਿਪਰਵਾਦ ਦਾ ਸ਼ਿਕਾਰ ਹੈ, ਜਿਹਨਾਨੂੰ ਗੁਰੂ ਸਾਹਿਬ ਨੇ ਸ਼ੇਰ ਦਾ ਦਰਜਾ ਦਿੱਤਾ ਸੀ, ਉਹਨਾਂ ਦੀ ਬਹੁ ਗਿਣਤੀ ਅੱਜ ਭੇਡਾਂ ਨਾਲ਼ੋਂ ਵੀ ਮਾੜੀ ਹਾਲਤ ਚ ਹੈ ।
ਸਿੱਖ ਧਰਮ ਦੇ ਸਾਂਝੀਵਾਲਤਾ ਦੇ ਸਿਧਾਂਤ ਤੋਂ ਨਾਬਰ ਹੋ ਕੇ ਬਹੁਤੇ ਸਿੱਖ ਫਿਰਕਾਪ੍ਰਸਤੀ, ਆਪਸੀ ਫੁੱਟ ਤੇ ਡੇਰਾਵਾਦ ਦੇ ਸ਼ਿਕਾਰ ਹਨ, ਜਾਤਾਂ ਗੋਤਾਂ ਦੇ ਨਾਮ ‘ਤੇ ਗੁਰਦੁਆਰੇ ਖੁੱਲ੍ਹ ਚੁਕੇ ਹਨ, ਪਰਧਾਨਗੀਆ ਵਾਸਤੇ ਗੁਰੂ ਗਰੰਥ ਸਾਹਿਬ ਦੀ ਹਜੂਰੀ ਚ ਪੱਗਾਂ ਲੱਥਦੀਆਂ ਹਨ, ਸਿਰ ਪਾਟਦੇ ਤੇ ਕਤਲ ਹੋ ਰਹੇ ਹਨ ਜੋ ਅਤੀ ਗਹਿਰੀ ਚਿੰਤਾ ਤੇ ਸੋਚਣ ਦਾ ਵਿਸ਼ਾ ਹੈ, ਮਨ ਇਹ ਸੋਚਣ ‘ਤੇ ਮਜਬੂਰ ਹੈ ਕਿ ਸਿੱਖ ਵੈਸਾਖੀ ਦਾ ਤਿਓਂਹਾਰ ਆਪਣੇ ਗੁਰੂ ਦੇ ਫ਼ਲਸਫ਼ੇ ਤੋਂ ਭਗੌੜੇ ਹੋ ਕੇ ਕਿਹੜੇ ਮੂੰਹ ਨਾਲ ਮਨਾ ਰਹੇ ਹਨ ।ਜੇਕਰ ਗੁਰੂ ਦੇ ਫ਼ਲਸਫ਼ੇ ‘ਤੇ ਅਮਲ ਨਹੀਂ ਕਰਨਾ ਤਾਂ ਫੇਰ ਮੇਰੀ ਜਾਚੇ ਅਜਿਹੇ ਤਿਓਂਹਾਰ ਮਨਾਉਣ ਦੀ ਕੋਈ ਤੁੱਕ ਬਾਕੀ ਨਹੀਂ ਰਹਿ ਜਾਂਦੀ ਤੇ ਜੇਕਰ ਫੇਰ ਵੀ ਮਨਾਏ ਜਾਂਦੇ ਹਨ ਤਾਂ ਫਿਰ ਇਸ ਤਰਾਂ ਕਰਨਾ ਕਿਸੇ ਵੀ ਤਰਾਂ ਫੋਕਟ ਦੇ ਕਰਮ ਕਾਂਡ ਕਰਨ ਵੱਖਰਾ ਨਹੀਂ ।ਅਗਲੀ ਗੱਲ ਇਹ ਹੈ ਕਿ ਇਸ ਵੈਸਾਖੀ ਵਾਲੇ ਦਿਨ ਨੇ ਪੰਜਾਬੀ ਭਾਈਚਾਰੇ ਨੂੰ ਉਹ ਜ਼ਖ਼ਮ ਦਿੱਤੇ ਹਨ ਜੋ ਹੁਣ ਨਾਸੂਰ ਬਣ ਚੁੱਕੇ ਹਨ ਤੇ ਜਿਹਨਾਂ ਨੇ ਹਮੇਸ਼ਾ ਹੀ ਰਸਦੇ ਰਹਿਣਾ ਹੈ ।ਇਸੇ ਦਿਨ 1919 ਅੰਮ੍ਰਿਤਸਰ ਦੇ ਜਲਿ੍ਹਆਂ ਵਾਲਾ ਬਾਗ਼ ਚ ਅੰਗਰੇਜ਼ ਸਾਮਰਾਜ ਨੇ ਖੂਨੀ ਸਾਕਾ ਵਰਤਾਇਆ ਸੀ ।ਸ਼ਾਤਮਈ ਰੋਸ ਪ੍ਰਗਟ ਕਰ ਰਹੇ ਪੰਜਾਬੀਆਂ ‘ਤੇ ਬਿਨਾ ਕਿਸੇ ਚੇਤਾਵਨੀ ਤੋਂ ਜਨਰਲ ਡਾਇਰ ਨੇ ਗੋਰਖਾ ਰਜਮੈਂਟ ਦੇ 50 ਸਿਪਾਹੀਆਂ ਰਾਹੀਂ ਅੰਨ੍ਹੇਵਾਹ ਗੋਲੀਬਾਰੀ ਕਰਵਾ ਕੇ ਸੈਂਕੜੇ ਨਿਹੱਥਿਆਂ ਤੇ ਬੇਕਸੂਰਾਂ ਦੇ ਖੂਨ ਦੀ ਹੋਲੀ ਖੇਡੀ ।
ਅੰਗਰੇਜ਼ਾਂ ਦਾ ਇਹ ਕਾਲਾ ਸਿਆਹ ਕਾਂਡ ਪੰਜਾਬੀ ਕਦੇ ਵੀ ਨਹੀਂ ਭੁੱਲ ਸਕਦੇ ਬੇਸ਼ੱਕ ਸ਼ਹੀਦ ਊਧਮ ਸਿੰਘ ਸੁਨਾਮ ਨੇ ਇੱਕੀ ਸਾਲ ਬਾਦ 1940 ਨੂੰ ਜਨਰਲ ਡਾਇਰ ਨੂੰ ਇੰਗਲੈਂਡ ਦੇ ਕੈਕਸਟਨ ਹਾਲ ਚ ਮਾਰਕੇ ਇਸ ਖੂਨੀ ਕਾਂਡ ਦਾ ਬਦਲਾ ਵੀ ਲੈ ਲਿਆ ਸੀ, ਪਰਫੇਰ ਵੀ ਅੰਗਰੇਜ਼ਾਂ ਦੇ ਗੋਰੇ ਚਿਹਰੇ ‘ਤੇ ਇਹ ਸਿਆਹ ਕਲੰਕ ਜਿੱਥੇ ਤਾਰੀਖ਼ ਦਾ ਹਿੱਸਾ ਬਣ ਚੁੱਕਾ ਹੈ ਉੱਥੇ ਪੰਜਾਬੀਆਂ ਦੇ ਸੀਨੇ ਚ ਹਮੇਸ਼ਾ ਲਈ ਟਸਕ ਰਿਹਾ ਹੈ ਤੇ ਟਸਕਦਾ ਰਹੇਗਾ ।
ਇਸੇ ਦਿਨ 1978 ਚ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਹੋਇਆ ਜਿਸ ਵਿੱਚ ਦਰਜਨ ਦੇ ਲਗਭਗ ਸਿੱਖ ਹਰਮੰਦਿਰ ਸਾਹਿਬ ਦੇ ਬਿਲਕੁਲ ਨੇੜੇ ਮਾਰੇ ਗਏ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲੱਗਾ ਜਿਸ ਤੋਂ ਬਾਦ ਇਸੇ ਦਿਨ 1980 ਵਿੱਚ ਅਨੰਦਪੁਰ ਸਾਹਿਬ ਦਾ ਮੋਰਚਾ ਸ਼ੁਰੂ ਕੀਤਾ ਗਿਆ ਜੋ ਜੇਹਲ ਭਰੋ ਅੰਦੋਲਨ ਚੋ ਵਿਚਰਦਾ ਹੋਇਆ, ਮਰਜੀਵੜਿਆਂ ਦੀ ਫੌਜ ਤਿਆਰ ਕਰਨ ਤੱਕ ਪਹੁੰਚਿਆ ਤੇ ਫਿਰ 1984 ਦੇ ਹਰਿਮੰਦਰ ਸਾਹਿਬ ਘਲੂਘਾਰੇ ਤੋਂ ਹੁੰਦਾ ਹੋਇਆ ਇੰਦਰਾਗਾਧੀ ਦੀ ਹੱਤਿਆ ਤੋਂ ਬਾਦ ਦੇਸ਼ ਵਿਚ ਸਿੱਖਾਂ ਦੇ ਦਿੱਲੀ ਤੇਮੁਲਖ ਦੇ ਹੋਰ ਹਿਸਿਆਂ ਚ ਹੋਏ ਕਤਲੇਆਮ (ਦੰਗੇ ਨਹੀਂ) ਰੂਪੀ ਨਸਲਕੁਸ਼ੀ ਤੱਕ ਪਹੁੰਚਿਆ ।ਇਸ ਤੋਂ ਵੀ ਅੱਗੇ 1980 ਤੇ 1990 ਦੇ ਦਹਾਕੇ ਦਰਮਿਆਨ ਪੰਜਾਬ ਦੀ ਜਵਾਨੀ ਦਾ ਘਾਣ ਕਥਿਤ ਫਰਜੀ ਪੁਲਿਸ ਮੁਕਾਬਲਿਆਂ ਰਾਹੀਂ ਕੀਤਾ ਗਿਆ ।
ਅੱਜ ਵੈਸਾਖੀ ਦੇ ਪਵਿੱਤਰ ਮੌਕੇ ‘ਤੇ ਜਦੋਂ ਮੈਂ ਆਪਣੇ ਪਿੱਛੇ ਤੇ ਅੱਗੇ ਝਾਤੀ ਮਾਰਦਾ ਹਾਂ ਤਾਂ ਹਰ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਨਜਰ ਆਉਂਦੀ ਹੈ ।ਪੰਜਾਬ ਦੀ ਪੌਣੇ ਤਿੰਨ ਕਰੋੜ ਦੀ ਜਨਸੰਖਿਆ ਵਿਚੋਂ ਲਗਭਗ 60 ਲੱਖ ਉਚ ਪੜਿ੍ਹਆ ਲਿਖਿਆ ਨੌਜਵਾਨ ਵਰਗ ਬੇਕਾਰ ਘੁੰਮ ਰਿਹਾ ਹੈ, ਕਿਸਾਨ ਕਰਜ਼ੇ ਹੇਠ ਦਬਕੇ ਖੁਦਕਸ਼ੀਆ ਕਰ ਰਹੇ ਹਨ, ਕਿਰਤੀ ਤੇ ਮੁਲਾਜ਼ਮ ਆਪਣੇ ਹੱਕਾਂ ਦੀ ਪਰਾਪਤੀ ਵਾਸਤੇ ਧਰਨੇ ਤੇਮੁਜ਼ਾਹਰੇ ਕਰਨ ਵਾਸਤੇ ਮਜਬੂਰ ਹਨ, ਔਰਤਾਂ ਬੇਪਤੀ ਤੇ ਬਲਾਤਕਾਰੀ ਦਾ ਸ਼ਿਕਾਰ ਹਨ, ਕੰਨਿਆ ਭਰੂਣ ਹੱਤਿਆ ਆਪਣੀ ਚਰਮ ਸ਼ਿਖਰ ‘ਤੇ ਹੈ, ਪੰਜਾਬ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਲਗਭਗ ਇਕ ਲੱਖ ਰੁਪਏ ਦਾ ਕਰਜਈ ਹੋ ਕੇ ਜੰਮ ਰਿਹਾ ਹੈ, ਪੰਜਾਬ ਵਿੱਚੋਂ ਸਨਅਤ ਦਾ ਭੋਗ ਪੈ ਚੁੱਕਾ ਹੈ, ਦਰਿਆਈ ਪਾਣੀਆਂ ‘ਤੇ ਡਾਕਾ ਵੱਜ ਚੁੱਕਾ ਹੈ ਤੇ ਬਾਕੀ ਬਚਦੇ ਪਾਣੀਆਂ ਚ ਬੜੀ ਡੂੰਘੀ ਸਾਜਿਸ ਤਹਿਤ ਰਸਾਇਣਿਕ ਜ਼ਹਿਰ ਘੋਲਿਆ ਜਾ ਰਿਹਾ ਹੈ, ਜ਼ਮੀਨਦੋਜ਼ ਪਾਣੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ, ਸਰਕਾਰੀ ਸਕੂਲਾਂ ਦੀ ਧੜਾਧੜ ਤਾਲਾਬੰਦੀ, ਮਾਂ ਬੋਲੀ ਦੀ ਦੁਰਦਸ਼ਾ, ਗੱਲ ਕੀ ਜ਼ਿਧਰ ਵੀ ਨਜ਼ਰ ਮਾਰਦਾ ਹਾਂ ਕਿਧਰੇ ਵੀ ਸਭ ਚੰਗਾ ਨਜ਼ਰ ਨਹੀਂ ਆਉੰਦਾ ਸਗੋਂ ਹਰ ਪਾਸੇ ਹਨੇਰਾ ਤੇ ਹਨੇਰ ਗਰਦੀ ਹੀ ਨਜ਼ਰ ਆਉਂਦੀ ਹੈ ।
ਪੰਜਾਬੀ ਭਾਈਚਾਰਾ ਗ਼ੁਰਬਤ ਦਾ ਸ਼ਿਕਾਰ ਹੈ, ਨੌਜਵਾਨ ਫਰਸਟਰੇਟਡ ਹੋ ਕੇ ਨਸ਼ਿਆਂ ਦੀ ਦਲ ਦਲ ਚ ਫਸ ਚੁੱਕੇ ਹਨ, ਆਈਲਟਾਂ ਕਰਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ, ਪੰਜਾਬ ਚ ਬੀਮਾਰੀਆਂ ਦੀ ਮਹਾਮਾਰੀ ਫੈਲ ਚੁੱਕੀ ਹੈ, ਰੋਜ਼ਾਨਾ ਕੈਂਸਰ ਦੇ ਮਰੀਜ਼ਾਂ ਦੀ ਰੇਲ ਭਰਕੇ ਰਾਜਸਥਾਨ ਨੂੰ ਇਲਾਜ ਵਾਸਤੇ ਜਾ ਰਹੀ ਹੈ, ਦਫ਼ਤਰਾਂ ਚ ਭ੍ਰਿਸਟਾਚਾਰ ਦਾ ਬੋਲਬਾਲਾ ਹੈ, ਲੋਕਾਂ ਦੇ ਚੁਣੇ ਸੇਵਕ ਲੱਠਮਾਰ ਬਣੇ ਹੋਏ ਹਨ, ਰੇਤ, ਬਜਰੀ, ਕੇਬਲ, ਟਰਾਂਸਪੋਰਟ ਤੇ ਭੂ ਮਾਫੀਏ ਨੇ ਇਹਨਾ ਦੀ ਨਿਗਰਾਨੀ ਹੇਠ ਲੋਕਾਂ ਦਾ ਜੀਣਾ ਦੁਭਰ ਕੀਤਾ ਹੋਇਆਹੈ ।
ਪੰਜਾਬ ਚ ਅੱਜ ਵੀ ਚਾਰੇ ਪਾਸੇ ਜਨਰਲ ਡਾਇਰ, ਅਡਵਾਇਰ, ਗਿੱਲ ਤੇ ਰਿਬੇਰੋ ਦੰਨ ਦਨਾਉਂਦੇ ਹੋਏ ਦਹਿਸ਼ਤ ਦਾ ਤਾਂਡਵ ਮਚਾ ਰਹੇਨਜ਼ਰ ਆ ਰਹੇ ਹਨ ਇਹ ਵੱਖਰੀ ਗੱਲ ਹੈ ਅੱਜ ਉਹਨਾਂ ਦੇ ਚੇਹਰੇ ਬਦਲੇ ਹੋਏ ਹਨ ਪਹਿਲਾਂ ਧਾੜਵੀ ਤੇ ਲੁਟੇਰੇ ਬਾਹਰੋਂ ਆਉਂਦੇ ਸਨ, ਪਰ ਹੁਣ ਬੁੱਕਲ਼ ਦੇ ਸੱਪ ਬਣੇ ਹੋਏ ਹਨ । ਹਾਂ ! ਅੱਜ ਜਲਿਆ ਵਾਲੇ ਬਾਗ਼ ਦੇ ਖੂਨੀ ਕਾਂਡ ਦਾ 103ਵਾਂ ਸਾਲ ਹੈ, ਪਰ ਬਦਲਿਆ ਕੁੱਝ ਵੀ ਨਹੀਂ ।103 ਸਾਲ ਪਹਿਲਾਂ ਉੱਥੇ ਨਿਰਦੋਸ਼ਿਆ ਨੂੰ ਅਕਾਰਨੇ ਗੋਲੀ ਨਾਲ ਭੁੰਨ ਦਿੱਤਾ ਗਿਆ ਸੀ ਤੇ ਹੁਣ ਇਥੇ ਹਾਲਾਤ ਹੀ ਅਜਿਹੇ ਬਣਾ ਦਿੱਤੇ ਗਏ ਨੇ ਕਿ ਪੰਜਾਬੀਆਂ ਨੂੰ ਜੀਊੰਦਿਆ ਨੂੰ ਹੀ ਮਰਿਆਂ ਨਾਲ਼ੋਂ ਬਦਤਰ ਕਰ ਦਿੱਤਾ ਗਿਆ ਹੈ ।ਮਰਨ ਵਾਲਾ ਤਾਂ ਦੁਨੀਆ ਦੀਆ ਸਾਰੀਆਂ ਮੁਸੀਬਤਾਂ ਤੋਂ ਮੁਕਤ ਹੋ ਜਾਂਦਾ ਹੈ, ਪਰ ਜਿਸ ਜ਼ਿੱਲਤ ਭਰੀ ਜ਼ਿੰਦਗੀ ਜੀਊਣ ਵਾਸਤੇ ਪੰਜਾਬੀ ਮਜਬੂਰ ਕਰ ਦਿੱਤੇ ਗਏ ਹਨ, ਇਹ ਨਿਸਚੈ ਹੀ ਸਾਡੇ ਸਭਨਾ ਦੇ ਵਾਸਤੇ ਵੈਸਾਖੀ ਦਾ ਤਿਓਂਹਾਰ ਮਨਾਉਂਣ ਦੇ ਨਾਲ ਨਾਲ਼ ਗੰਭੀਰਚਿੰਤਾ ਦਾ ਵਿਸ਼ਾ ਹੈ ।
ਕਰੋਨਾ ਨਾਮ ਦਾ ਇਕ ਛੋਟਾ ਕੀਟਾਣੂ ਪਿਛਲੇ ਤਿੰਨ ਕੁ ਸਾਲ ਤੋਂ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾ ਰਿਹਾ ਹੈ ।ਹਰ ਹਿਰਦੇ ਚ ਡਰ ਸਹਿਮ ਤੇ ਖ਼ੌਫ਼ ਹੈ ।ਦੁਨੀਆ ਵਿੱਚ ਬਹੁਤ ਸਾਰਾ ਜਾਨੀ ਨੁਕਸਾਨ ਹੋ ਚੁੱਕਾ ਹੈ ਤੇ ਇਹ ਸਿਲਸਿਲਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ, ਲੌਕ ਡਾਊਨ ਤੇ ਕਰਫਿਊ ਕਾਰਨ ਲੋਕਾਂ ਦੀ ਪਰਿਵਾਰਕ ਤੇ ਸਮਾਜਿਕ ਜੀਵਨ ਬਿਖਰ ਕੇ ਰਹਿ ਗਿਆ ਹੈ, ਆਮਦਨ ਚ ਖੜੋਤ ਹੈ,ਹਰ ਪਾਸੇ ਆਰਥਿਕ ਮੰਦੀ ਹੈ ।ਇਸ ਤਰਾਂ ਦੇ ਡਰਾਉਣੇ ਮਾਹੌਲ ਵਿੱਚ ਕਿਸੇ ਚਿਹਰੇ ‘ਤੇ ਰੌਣਕ ਭਲਾ ਕਿਵੇਂ ਆ ਸਕਦੀ ਹੈ ? ਮੌਤ ਦੇ ਸਾਏ ਵਿੱਚੋਂ ਵਿਚਰਦੇ ਹੋਏ ਕਦੇਵੀ ਅਜਿਹਾ ਹੋ ਹੀ ਨਹੀਂ ਸਕਦਾ, ਚਿੰਤਾ, ਗ਼ਮ ਤੇ ਡਰ ਚ ਸੁਰ ਵੀ ਸ਼ੋਰ ਬਣ ਜਾਂਦਾ ਹੈ, ਸੰਗੀਤ ਵੀ ਕੂਕਰੌਲਾ ਬਣ ਜਾਂਦਾ ਹੈ ਤੇ ਅਜਿਹੇ ਮੌਕਿਆ ਉੱਤੇ ਜਾਨ ਦਾ ਬਚਾ ਹੀ ਪਹਿਲੀ ਤੇ ਆਖਰੀ ਚੋਣ ਬਣ ਜਾਂਦਾ ਹੈ ।
ਸੋ ਅਜ ਵੈਸਾਖੀ ਦੇ ਸ਼ੁਭ ਦਿਹਾੜੇ ‘ਤੇ ਮੇਰੇ ਮਨ ਚ ਰਲੇ ਮਿਲੇ ਅਹਿਸਾਸ ਪੈਦਾ ਹੋ ਰਹੇ ਹਨ ਜੋ ਮੇਰੇ ਅੰਦਰ ਕਿੰਤੂ ਦਰ ਕਿੰਤੂ ਉਠਾ ਕੇਦੁਬਿੱਧਾ ਪੈਦਾ ਕਰ ਰਹੇ ਹਨ ਕਿ ਅੱਜ ਵੈਸਾਖੀ ਦਾ ਤਿਓਹਾਰ ਮਨਾਵਾਂ ਕਿ ਨਾ, ਜੇਕਰ ਮਨਾਵਾਂ ਤਾਂ ਕਿਵੇਂ ਮਨਾਵਾਂ ਜੇਕਰ ਨਾ ਮਨਾਵਾਂਤਾਂ ਵੱਖਰਾ ਕੀ ਕਰਾਂ ਜੋ ਸਭ ਤੋਂ ਨਿਆਰਾ ਜਾਂ ਵਿਲੱਖਣ ਹੋਵੇ ਜੋ ਪੰਜਾਬੀਆਂ ਨੂੰ ਕੋਈ ਵੱਡਾ ਸੁਨੇਹਾ ਦਿੰਦਾ ਹੋਵੇ ।
ਬਸ ਏਹ ਉਕਤ ਸਭ ਸੋਚ ਕੇ ਕਲਮ ਚੁਕਦਾ ਹਾਂ ਤੇ ਅਜ ਦੇ ਇਸ ਬਹੁਤ ਹੀ ਪਵਿੱਤਰ ਤੇ ਇਤਿਹਾਸਕ ਦਿਹਾੜੇ ਦੇ ਸ਼ੁੱਭ ਮੌਕੇ ‘ਤੇ ਆਪਣੇ ਮਨ ਚ ਪੈਦਾ ਹੋਏ ਅਹਿਸਾਸਾਂ ਨੁੰ ਕਾਗਜ ਦੀ ਹਿੱਕ ‘ਤੇ ਇਹ ਸੋਚਦਾ ਹੋਇਆ ਉਕਰਨ ਲੱਗ ਜਾਂਦਾ ਹਾਂ ਕਿ ਮੇਰੇ ਵਲੋਂ ਸ਼ਾਇਦ ਤਿਓਹਾਰ ਮਨਾਉਣ ਦਾ ਏਹੀ ਇਕ ਵਧੀਆ ਤੇ ਤਰਕਸੰਗਤ ਢੰਗ ਹੈ ।
ਇਸ ਸੁਭ ਮੌਕੇ ਤੇ ਮੈਂ ਆਪਣੇ ਗੁਰੂਆਂ ਦੁਆਰਾ ਬਖਸ਼ੇ ਅਨਮੋਲ ਜੀਵਨ ਫਲਸਫੇ ‘ਤੇ ਪੂਰੀ ਪ੍ਰਤੀਬੱਧਤਾ ਨਾਲ ਚੱਲਣ ਦਾ ਪ੍ਰਣ ਕਰਦਾ ਹਾਂ , ਜਲਿਆਂ ਵਾਲੇ ਬਾਗ ਦੇ ਕੌਮੀ ਸ਼ਹੀਦਾ ਦੀ ਕੁਰਬਾਨੀ ਨੂੰ ਯਾਦ ਕਰਦਾ ਹੋਇਆ ਸੱਚੀ ਸ਼ਰਧਾਂਜਲੀ ਭੇਂਟ ਕਰਦਾ ਹਾਂ, ਪੰਜਾਬਦੇ ਭਲੇ ਲਈ, ਪੰਜਾਬੀਆਂ ਦੀ ਤੰਦਰੁਸਤੀ ਤੇ ਖੁਸ਼ਹਾਲੀ ਲਈ ਮਨੋ ਦਿਲੋਂ ਅਰਦਾਸ ਕਰਦਾ ਹਾਂ ।ਇਸ ਦੇ ਨਾਲ ਹੀ ਸਭਨਾ ਨੂੰ ਵੈਸਾਖੀ ਦੀ ਵਧਾਈ ਦੇਣ ਦੀ ਬਜਾਏ ਇਹ ਬੇਨਤੀ ਕਰਦਾ ਹਾਂ ਕਿ ਇਸ ਦਿਨ ਨੂੰ ਰਸਮੀ ਤੌਰ ‘ਤੇ ਵਧਾਈਆ ਦੇ ਅਦਾਨ ਪਰਦਾਨ ਤੋਂ ਮੁਕਤ ਕਰਕੇ ਦਿਲੋ ਮਨੋਂ ਇਸ ਦਿਨ ਦੀ ਇਤਿਹਾਸਕ ਤੇ ਵਿਰਸਾਗਤ ਮਹੱਤਾ ਨੂੰ ਸਮਝਣ ਤੇ ਇਸ ਤਿਓਹਾਰ ਨੂੰ ਸਾਰਥਿਕ ਬਣਾਉਣ ।ਇਸ ਤਰਾਂ ਦੇ ਮਹਾਨ ਤਿਓਹਾਰਾਂ ਨੂੰ ਹਸਮੀ ਜਾਂ ਯਾਂਤਰਿਕ ਨਾ ਬਣਾਉਣ ਕਿਉਕਿ ਇਹ ਤਿਓਹਾਰ ਸਾਡੇ ਅਤੇ ਸਾਡੀਆ ਅਗਲੇਰੀਆਨਸਲਾ ਵਾਸਤੇ ਬਹੁਤ ਅਹਿਮ ਹਨ ਤੇ ਇਹਨਾਂ ਦੀ ਅਹਿਮੀਅਤ ਨੂੰ ਸਮਝੇ ਬਿਨਾ ਦਰਅਸਲ ਇਹਨਾਂ ਨੂੰ ਕਦਾਚਿਤ ਵੀ ਮਨਾਇਆ ਹੀ ਨਹੀ ਜਾ ਸਕਦਾ ।

Related posts

If Division Is What You’re About, Division Is What You’ll Get

admin

Study Finds Dementia Patients Less Likely to Be Referred to Allied Health by GPs

admin

ਵਿਸ਼ਵ ਪੇਂਡੂ ਮਹਿਲਾ ਦਿਵਸ: ਪੇਂਡੂ ਔਰਤਾਂ ਸਮਾਜ ਦੀਆਂ ਆਰਕੀਟੈਕਟ ਹਨ

admin