ਹਾਲ ਹੀ ਵਿੱਚ ਫਿਲਮ ‘ਦਸਵੀਂ’ ਵਿੱਚ ਨਜ਼ਰ ਆਈ ਨਿਮਰਤ ਕੌਰ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਦੋ ਤਸਵੀਰਾਂ ਦਾ ਇੱਕ ਕੋਲਾਜ ਸ਼ੇਅਰ ਕੀਤਾ। ਇੱਕ ਫੋਟੋ 15 ਕਿਲੋ ਭਾਰ ਵਧਾਉਣ ਤੋਂ ਬਾਅਦ ਦੀ ਹੈ। ਇਸ ਦੇ ਨਾਲ ਉਸ ਦੇ ਪੰਜ ਕਿਲੋ ਭਾਰ ਘਟਾਉਣ ਅਤੇ ਫਿਰ ਵਧਾਉਣ ਬਾਰੇ ਗੱਲ ਕੀਤੀ।ਤਸਵੀਰ ਦੇ ਨਾਲ ਸ਼ੇਅਰ ਕੀਤੇ ਇਮੋਸ਼ਨਲ ਨੋਟ ਵਿੱਚ ਉਸ ਨੇ ਸਮਾਜ ਦੀ ਸੋਚ ਤੇ ਆਪਣੇ ਵਧਦੇ ਭਾਰ ਬਾਰੇ ਹੋਈ ਟ੍ਰੋਲਿੰਗ ਬਾਰੇ ਲਿਖਿਆ। ਉਹ ਦੱਸਦੀ ਹੈ ਕਿ ‘ਦਸਵੀਂ’ ਵਿੱਚ ਆਪਣੇ ਕਿਰਦਾਰ ਬਿਮਲਾ ਦੇਵੀ ਲਈ ਉਸ ਨੇ ਭਾਰ ਵਧਾਇਆ ਸੀ। ਇਸ ਨੋਟ ਦੇ ਜ਼ਰੀਏ ਉਹ ਉਨ੍ਹਾਂ ਨੂੰ ਸੰਦੇਸ਼ ਦੇ ਰਹੀ ਹੈ, ਜੋ ਲੋਕਾਂ ਨੂੰ ਉਨ੍ਹਾਂ ਦੇ ਵਧਦੇ ਭਾਰ ਬਾਰੇ ਟਰੋਲ ਕਰਦੇ ਅਤੇ ਗਲਤ ਮਲਤ ਕੁਮੈਂਟ ਵੀ ਕਰਦੇ ਹਨ। ਉਸ ਨੇ ਲਿਖਿਆ, ‘‘ਮੈਨੂੰ ਵਧਦੇ ਭਾਰ ਅਤੇ ਖਾਣ ਪੀਣ ਦੀਆਂ ਆਦਤਾਂ ਬਾਰੇ ਭੱਦੇ ਕੁਮੰਟਸ ਦਾ ਕਾਫੀ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ‘ਦਸਵੀਂ’ ਲਈ ਜਦੋਂ ਮੈਂ ਸਾਈਜ਼ ਵਧਾਇਆ ਤਾਂ ਆਮ ਦੇ ਮੁਕਾਬਲੇ ਮੈਨੂੰ 15 ਕਿਲੋ ਭਾਰ ਵਧਾਉਣਾ ਪਿਆ, ਜਿਸ ਬਾਰੇ ਸ਼ੁਰੂ ਵਿੱਚ ਮੇਰੇ ਮਨ ਵਿੱਚ ਡਰ ਸੀ, ਪਰ ਆਲੇ ਦੁਆਲੇ ਦੇ ਲੋਕਾਂ ਦੇ ਪ੍ਰੇਰਿਤ ਕਰਨ ਉੱਤੇ ਮੈਨੂੰ ਇਸ ਪ੍ਰਕਿਰਿਆ ਵਿੱਚ ਮਜ਼ਾ ਆਉਣ ਲੱਗਾ। ਮੈਂ ਭਾਰ ਵਧਾਉਂਦੇ ਸਮੇਂ ਹਾਈ ਕੈਲੋਰੀ ਦੀ ਵਰਤੋਂ ਕੀਤੀ, ਜਿਸ ਉੱਤੇ ਲੋਕਾਂ ਨੇ ਟਿੱਪਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ ਜੱਜ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਕੁਝ ਗਲਤ ਕਰ ਗਈ ਹਾਂ, ਇਸ ਤੋਂ ਇਲਾਵਾ ਫਾਲਤੂ ਦੇ ਮਜ਼ਾਕ ਕੀਤੇ, ਜਿਵੇਂ ਮਠਿਆਈ ਦੀ ਜਗ੍ਹਾਤੈਨੂੰ ਕੀ ਖਾਣਾ ਚਾਹੀਦਾ ਹੈ।”ਜ਼ਿਕਰਯੋਗ ਹੈ ਕਿ ਫਿਲਮ ‘ਦਸਵੀਂ’ ਵਿੱਚ ਨਿਮਰਤ ਨੇ ਇੱਕ ਸੂਬੇ ਦੇ ਮੁੱਖ ਮੰਤਰੀ ਦੀ ਪਤਨੀ ਦਾ ਰੋਲ ਨਿਭਾਇਆ। ਇਸ ਵਿੱਚ ਪਹਿਲਾਂ ਉਹ ਇੱਕ ਹਾਊਸ ਵਾਈਫ ਸੀ, ਜਿਸ ਲਈ ਨਿਮਰਤ ਨੂੰ ਭਾਰ ਵਧਾਉਣਾ ਪਿਆ। ਜਦੋਂ ਉਸ ਦੇ ਪਤੀ ਨੂੰ ਜੇਲ੍ਹ ਜਾਣਾ ਪੈਂਦਾ ਹੈ ਤਾਂ ਉਸ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਤਾਂ ਉਸ ਦੇ ਰੰਗ-ਢੰਗ ਬਦਲ ਜਾਂਦੇ ਹਨ।
