Articles

ਵਾਓ, ਝੱਖੜ, ਝੋਲਿਉ, ਘਰ ਆਵੇ ਤਾਂ ਜਾਣ !

ਹਾੜ੍ਹੀ ਦੀ ਰਾਣੀ ਦੇ ਤੌਰ 'ਤੇ ਜਾਣੀ ਜਾਂਦੀ ਕਣਕ ਅੱਜ ਪੰਜਾਬੀਆਂ ਦੀ ਖਾਸ ਫਸਲ ਹੈ | ਇਸਨੂੰ ਮਨੁੱਖੀ ਖੁਰਾਕ ਦਾ ਸਰੋਤ ਅਤੇ ਕਿਸਾਨੀ ਆਰਥਿਕਤਾ ਦਾ ਧੁਰਾ ਮੰਨਿਆ ਜਾਂਦਾ ਹੈ।
ਲੇਖਕ: ਸੁਖਪਾਲ ਸਿੰਘ ਗਿੱਲ,
ਅਬਿਆਣਾਂ ਕਲਾਂ

ਹਰੀ ਕ੍ਰਾਂਤੀ ਤੋਂ ਬਾਅਦ ਕਣਕ ਦੇ ਬੋਹਲ ਸਾਂਭਣੇ ਔਖੇ ਹੋ ਜਾਂਦੇ ਹਨ। ਕੁਦਰਤ ਦੇ ਵਿਗੜੇ ਸਮਤੋਲ ਨੇ ਇਸ ਫ਼ਸਲ ਨੂੰ ਮੌਸਮ ਦੀ ਮਾਰ ਥੱਲੇ ਲਿਆਂਦਾ ਹੈ। ਘਰ ਆਈ ਨੂੰ ਹੀ ਕਣਕ ਜਾਣਿਆ ਜਾਂਦਾ ਹੈ।ਮੌਸਮ ਦੀ ਖਰਾਬ ਕੀਤੀ ਫ਼ਸਲ ਖਾਣਯੋਗ ਨਹੀਂ ਹੁੰਦੀ। ਇਹੋ ਜਿਹੀ ਕਣਕ  ਫ਼ਸਲ ਪਸ਼ੂਆਂ ਦੇ ਕੰਮ ਆਉਂਦੀ ਹੈ।ਕਣਕ ਕਿਸਾਨ ਅਤੇ ਕਿਰਤ ਇੱਕ ਦੂਜੇ ਦੇ ਪੂਰਕ ਹਨ। ਹਰੀ ਕ੍ਰਾਂਤੀ ਦੇ ਸਮੇਂ ਤੋਂ ਤਾਂ ਇਹਨਾਂ ਦਾ ਪੰਜਾਬੀ ਕਿਸਾਨ ਨਾਲ ਗੂੜ੍ਹਾ ਸੰਬੰਧ ਬਣ ਗਿਆ | ਇਸ ਤੋ ਪਹਿਲਾਂ ਪੰਜਾਬੀ ਕਿਸਾਨ ਦੀ ਕਿਰਤ ਵਿੱਚੋਂ ਕਣਕ ਨੂੰ ਬੇਹੱਦ ਸੰਜਮ ਨਾਲ ਵਰਤ ਕੇ ਬੇਰੜੇ ਦੀ ਰੋਟੀ ਖਾਧੀ ਜਾਂਦੀ ਸੀ। ਜਿਸ ਵਿੱਚ ਕਣਕ , ਜੌਂ , ਛੋਲੇ ਅਤੇ ਬਾਜਰਾ ਆਦਿ ਹੁੰਦੇ ਸਨ। ਨਿਰੀ ਕਣਕ ਦੀ ਰੋਟੀ ਮਹਿਮਾਨ ਨਿਵਾਜੀ ਲਈ ਹੁੰਦੀ ਸੀ। ਇਸ ਤਰ੍ਹਾਂ ਚੀਨੀ ਵੀ ਮਹਿਮਾਨਾਂ ਲਈ ਹੁੰਦੀ ਸੀ। ਇਹਨਾਂ ਦੇ ਨਾਂਹ- ਪੱਖੀ  ਪ੍ਰਭਾਵ ਦੇਖੇ ਹੀ ਨਹੀਂ ਗਏ। ਹੁਣ ਸਮੇਂ ਨੇ ਵਾਪਸੀ ਮੁੱਖ ਮੋੜਿਆ ਹੈ। ਉਹੀ ਬੇਰੜੇ ਦੀ ਰੋਟੀ ਅਤੇ ਚੀਨੀ ਦੀ ਜਗ੍ਹਾ ਗੁੜ੍ਹ ਵਰਤਿਆ ਜਾਂਦਾ ਹੈ। ਵਿਕੀਪੀਡੀਆ ਅਨੁਸਾਰ ਕਣਕ ਘਾਹ ਪਰਜਾਤੀ ਦੀ ਫ਼ਸਲ ਹੈ | ਇਹ ਫ਼ਸਲ ਵਿਸ਼ਵ ਵਿਆਪੀ ਹੈ। ਦੁਨੀਆਂ ਵਿੱਚ ਵੱਧ ਰਕਬੇ ਵਿੱਚ ਕਣਕ ਦੀ ਫਸਲ ਬੀਜੀ ਜਾਂਦੀ ਹੈ। ਇਸ ਦਾ ਵਪਾਰ ਦੀ ਵਿਸ਼ਵ ਵਿਆਪੀ ਹੈ।

ਹਾੜ੍ਹੀ ਦੀ ਰਾਣੀ ਦੇ ਤੌਰ ‘ਤੇ ਜਾਣੀ ਜਾਂਦੀ ਕਣਕ ਅੱਜ ਪੰਜਾਬੀਆਂ ਦੀ ਖਾਸ ਫਸਲ ਹੈ | ਇਸਨੂੰ ਮਨੁੱਖੀ ਖੁਰਾਕ ਦਾ ਸਰੋਤ ਅਤੇ ਕਿਸਾਨੀ ਆਰਥਿਕਤਾ ਦਾ ਧੁਰਾ ਮੰਨਿਆ ਜਾਂਦਾ ਹੈ। ਇਸ ਵਿੱਚ ਬਾਰ੍ਹਾਂ ਫੀਸਦੀ ਪ੍ਰੋਟੀਨ ਹੈ | ਕਣਕ ਨੂੰ ਪਕਾ ਕੇ ਖਾਧਾ ਜਾਂਦਾ ਹੈ। ਇਸ ਤੋਂ ਕਦੀ ਹੋਰ ਖਾਧ ਪਦਾਰਥ ਵੀ ਬਣਦੇ ਹਨ। ਇਸ ਨੂੰ ਪਸ਼ੂਆ ਦੇ ਚਾਰੇ ਲਈ ਵੀ ਵਰਤਿਆ ਜਾਂਦਾ ਹੈ। ਛਾਣ-ਬੂਰਾਂ ਵੀ ਕਣਕ ਦੇ ਆਟੇ ਨੂੰ ਛਾਣ ਕੇ ਨਿਕਲਿਆ ਬਰੂਦਾ ਹੁੰਦਾ ਹੈ। ਮੈਡੀਕਲ ਖੇਤਰ ਨੇ ਕਾਫੀ ਸਮੇਂ ਤੋਂ ਕਣਕ ਤੋਂ ਮਨੁੱਖੀ ਸਰੀਰ ਨੂੰ ਹੁੰਦੀ ਅਲਰਜ਼ੀ ਵੀ ਖੋਜੀ ਹੈ। ਅਜਿਹੇ ਮਰੀਜ ਕਣਕ ਦੇ ਬਣੇ ਪਦਾਰਥਾਂ ਨੂੰ ਨਹੀਂ ਖਾਂਦੇ। ਬੀਅਰ ਵੀ ਇਸ ਵਿੱਚੋਂ ਕਸ਼ੀਦੀ ਜਾਂਦੀ ਹੈ। ਕੇਂਦਰੀ ਪੂਲ ‘ਚ ਹਰ ਸਾਲ ਪੰਜਾਬ ਵੱਧ ਕਣਕ ਭੇਜਦਾ ਹੈ। 2025 – 26 ਵਿੱਚ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2425 ਰੁ ਤੈਅ ਕੀਤਾ ਗਿਆ ਹੈ।

ਇਸ ਰੌਣਕ ਮੁੱਖੀ ਫਸਲ ਨੂੰ ਖੁਸ਼ਹਾਲੀ ਵਾਲੀ ਫਸਲ ਮੰਨਿਆ ਜਾਂਦਾ ਹੈ| ਵੈਸਾਖ ਮਹੀਨੇ ਇਸ ਦੀ ਆਮਦ ਜੰਗੀ ਪੱਧਰ ‘ਤੇ ਸ਼ੁਰੂ ਹੋ ਜਾਂਦੀ ਹੈ। ਕਣਕ ਦਾ ਸਮਾਜਿਕ ਸੱਭਿਆਚਾਰਕ ਅਤੇ ਆਰਥਿਕ ਪੱਖ ਖੁਸ਼ਬੋਆ ਬਿਖੇਰਦਾ ਹੈ। ਪੰਜਾਬੀਆਂ ਦੀ ਜਿੰਦ ਜਾਨ ਵਿਸਾਖੀ ਦੇ ਮੇਲੇ ਨਾਲ ਕਣਕ ਦਾ ਗੂੜਾ ਸੰਬੰਧ ਹੈ। ਕਣਕ ਦੀ ਕਿਰਤ ਅਤੇ ਫਸਲ ਤੋਂ ਵਿਹਲੇ ਕਿਸਾਨ ਚਾਰ ਧੇਲੇ ਜੇਬ ਵਿੱਚ ਪਾ ਕੇ ਵਿਸਾਖੀ ਦੇ ਮੇਲੇ ਤੇ ਜਾਂਦੇ ਹਨ। ਇਸ ਨੂੰ ਧਨੀਰਾਮ ਚਾਤ੍ਰਿਕ ਨੇ ਇਉਂ ਨਕਸ਼ੇ ਨਜ਼ਰੀਏ ਵਿੱਚ ਪਰੋਇਆ ਹੈ-:

” ਤੂੜੀ ਤੰਦ  ਸਾਂਭ ਹਾੜ੍ਹੀ, ਵੇਚ ਕੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਮੀਹਾਂ ਦੀ ਉਡੀਕ ਤੇ ਸਿਆੜ ਕੱਡ ਕੇ ,ਮਾਲ, ਟਾਂਡਾ ਸਾਂਭਣੇ ਨੂੰ ਬੰਦਾ ਛੱਡ ਕੇ, ਪੱਗ, ਝੱਗਾ, ਚਾਂਦਰ ਨਵ ਸਿਵਾਏ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇਕੇ ਕੱਛੇ ਮਾਰ ਵੰਝਲੀ ਅੰਨਦ ਛਾਅ ਗਿਆ, ਮਾਰਦਾ ਦਮਾਮ ਜੱਟ ਮੇਲੇ ਆ ਗਿਆ ।

ਸੁਨਹਿਰੀ ਹੁੰਦੀ ਕਣਕ ਨਾਲ ਹਲਕੀ ਪੀਲੀ ਭਾਅ ਵੱਜਦੀ ਹੈ | ਬਨਸਪਤੀ ਦਾ ਪੁੰਗਾਰਾ ਆ ਜਾਂਦਾ ਹੈ । ਮੌਲਾਂ ਦਾ ਮੋਸਮ ਵੀ ਇਸ ਰੁੱਤ ਨੂੰ ਕਿਹਾ ਜਾਂਦਾ ਹੈ। ਪੰਜਾਬੀ ਸਾਹਿਤ ਵਿੱਚ ਵੈਸਾਖ ਮਹੀਨੇ ਵਿੱਚ ਕਣਕ ਨੂੰ ਕਵਿਤਾ ਜ਼ਰੀਏ ਇਉਂ ਰੂਪਮਾਨ ਕੀਤਾ ਹੈ-:

“ਪੱਕ ਪਈਆਂ ਕਣਕਾਂ, ਲੁਗਾਠ ਰੱਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ”

ਜਿੱਥੇ ਕਣਕ ਦਾ ਕਿਸਾਨ ਅਤੇ ਕਿਰਤ ਨਾਲ ਸਬੰਧ ਹੈ | ਉੱਥੇ ਕਣਕ ਦਾ ਕੁਦਰਤ ਅਤੇ ਕਰੋਪੀ ਨਾਲ ਵੀ ਰਿਸ਼ਤਾ ਹੈ। ਆਮ ਤੌਰ ਤੇ ਪੱਕੀ ਕਣਕ ਉੱਪਰ ਗੜ੍ਹੇ, ਹਨੇਰੀਆਂ ਦੀ ਬਰਸਾਤ  ਬਹੁਤੀ ਵਾਰ ਹੋ ਜਾਂਦੀ ਹੈ | ਇਸ ਲਈ ਕਿਹਾ ਵੀ ਜਾਂਦਾ ਹੈ:

“ਕਿੱਥੇ ਰੱਖ ਲਾਂ, ਲੁਕੋ ਕੇ ,ਤੈਨੂੰ ਕਣਕੇ ,ਨੀ ਰੁੱਤ ਬੇਈਮਾਨ ਹੋ ਗਈ”।

ਕਣਕ ‘ਤੇ ਹੁੰਦੀ ਕੁਦਰਤੀ ਕਰੋਪੀ ਨੂੰ ਸਾਹਿਤ ਨੇ ਤਰਾਸ਼ਿਆ ਹੈ:

“ਗੜਿਓ ਅਹਿਣੋਂ ਕੁੰਗੀਓ, ਪੈਂਦਾ ਨਹੀਂ ਵਿਸਾਹ —,

ਪੱਕੀ ਖੇਤੀ ਵੇਖ ਕੇ ਗਰਬ ਕਰੇ ਕਿਰਸਾਨ,
ਵਾਹੋ ,ਝੱਖੜ ,ਝੋਲਿਓ, ਘਰ ਆਵੇ ਤਾਂ ਜਾਣ,

ਫ਼ਸਲ ਦੀ ਆਮਦ ਨੂੰ ਕਿਸਾਨ ਨੇ ਕੁਦਰਤ ਦੇ ਭਰੋਸੇ ਛੱਡ ਦਿੱਤਾ ਹੈ।

Related posts

ਸ਼ਕਤੀ, ਸ਼ਹਾਦਤ ਅਤੇ ਸਵਾਲ: ਜਲ੍ਹਿਆਂਵਾਲਾ ਬਾਗ ਦੀ ਅੱਜ ਦੀ ਸਾਰਥਕਤਾ !

admin

ਤੇਰੇ ਵਾਂਗੂੰ ਵਿਸਾਖੀ ਨੂੰ ਕਿਸਨੇ ਮਨਾਉਣਾ !

admin

ਚਿੜੀਆਘਰ ਦੀ ਮਨੋਰੰਜਕ ਯਾਤਰਾ !

admin