
ਕੁਝ ਦਿਨਾਂ ਤੋਂ ਦਿੱਲੀ ਵਿਖੇ ਕਿਸਾਨ ਮੰਗਾਂ ਦੇ ਹੱਕ ਵਿੱਚ ਜਬਰਦਸਤ ਕਿਸਾਨ ਅੰਦੋਲਨ ਚੱਲ ਰਿਹਾ ਹੈ। ਅਜਿਹੇ ਨਾਜ਼ਕ ਸਮੇਂ ਵਿੱਚ ਉੱਤਰ ਪ੍ਰਦੇਸ਼ ਦੇ ਮਹਾਨ ਕਿਸਾਨ ਨੇਤਾ ਚੌਧਰੀ ਮਹਿੰਦਰ ਸਿੰਘ ਟਿਕੈਤ ਨੂੰ ਯਾਦ ਕਰਨਾ ਅਤੇ ਉਸ ਤੋਂ ਸੇਧ ਲੈਣੀ ਬਣਦੀ ਹੈ। ਮਹਿੰਦਰ ਸਿੰਘ ਟਿਕੈਤ ਅਜਿਹਾ ਲੋਹ ਪੁਰਸ਼ ਸੀ ਜਿਸ ਨੇ ਅਨੇਕਾਂ ਵਾਰ ਅਹਿੰਸਕ ਤਰੀਕਆਂ ਨਾਲ ਪ੍ਰਦਰਸ਼ਨ ਕਰ ਕੇ ਸਰਕਾਰਾਂ ਤੋਂ ਸਫਲਤਾ ਪੂਰਵਕ ਕਿਸਾਨ ਮੰਗਾਂ ਮੰਨਵਾਈਆਂ ਸਨ। ਉਸ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ। ਮਹਿੰਦਰ ਸਿੰਘ ਟਿਕੈਤ ਦਾ ਜਨਮ 6 ਅਕਤੂਬਰ 1935 ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜਿਲ੍ਹੇ ਦੇ ਸਿਸੋਲੀ ਪਿੰਡ ਵਿੱਚ ਹੋਇਆ ਸੀ। ਆਪਣੇ ਪਿਤਾ ਦੀ ਮੌਤ ਹੋਣ ‘ਤੇ ਉਹ ਸਿਰਫ ਅੱਠ ਸਾਲ ਦੀ ਉਮਰ ਵਿੱਚ ਜਾਟਾਂ ਦੀ ਬਾਲਿਅਨ ਖਾਪ ਦਾ ਚੌਧਰੀ ਥਾਪਿਆ ਗਿਆ। ਛੋਟੀ ਉਮਰ ਵਿੱਚ ਹੀ ਉਹ ਚੌਧਰੀ ਚਰਨ ਸਿੰਘ ਦਾ ਪੈਰੋਕਾਰ ਬਣ ਗਿਆ ਤੇ ਕਿਸਾਨ ਸੰਘਰਸ਼ ਵਿੱਚ ਕੁੱਦ ਪਿਆ। ਚੌਧਰੀ ਚਰਨ ਸਿੰਘ ਵੱਲੋਂ 1978 ਵਿੱਚ ਕੀਤੀ ਭਾਰਤੀ ਕਿਸਾਨ ਯੂਨੀਅਨ ਦੀ ਸਥਾਪਨਾ ਤੋਂ ਪ੍ਰੇਰਣਾ ਲੈ ਕੇ ਮਹਿੰਦਰ ਸਿੰਘ ਟਿਕੈਤ ਨੇ 17 ਅਕਤੂਬਰ 1986 ਨੂੰ ਪੱਛਮੀ ਉੱਤਰ ਪ੍ਰਦੇਸ਼ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਸਥਾਪਨਾ ਕੀਤੀ ਤੇ ਇਸ ਦਾ ਪਹਿਲਾ ਪ੍ਰਧਾਨ ਚੁਣ ਲਿਆ ਗਿਆ। ਹੁਣ ਇਸ ਯੂਨੀਅਨ ਦੀ ਕਮਾਂਡ ਉਸ ਦੇ ਬੇਟੇ ਰਕੇਸ਼ ਸਿੰਘ ਟਿਕੈਤ ਦੇ ਹੱਥ ਵਿੱਚ ਹੈ।
1987 ਵਿੱਚ ਮਹਿੰਦਰ ਸਿੰਘ ਟਿਕੈਤ ਨੇ ਮੁਜ਼ੱਫਰਨਗਰ ਜਿਲ੍ਹੇ ਵਿੱਚ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿਜਲੀ ਬਿੱਲ ਮਾਫ ਕਰਵਾਉਣ ਲਈ ਪਹਿਲਾ ਮੁਜ਼ਾਹਰਾ ਕੀਤਾ। ਜੁਲਾਈ 1990 ਵਿੱਚ ਉਸ ਨੇ ਦੋ ਲੱਖ ਕਿਸਾਨਾਂ ਨੂੰ ਨਾਲ ਲੈ ਕੇ ਯੂ.ਪੀ. ਦੀ ਰਾਜਧਾਨੀ ਲਖਨਊ ਵਿਖੇ ਧਰਨਾ ਸ਼ੁਰੂ ਕਰ ਦਿੱਤਾ। ਉਸ ਦੀਆਂ ਮੁੱਖ ਮੰਗਾਂ ਵਿੱਚ ਗੰਨੇ ਦੇ ਵਧੇਰੇ ਰੇਟ ਅਤੇ ਬਿਜਲੀ ਦੇ ਬਿੱਲ ਮਾਫ ਕਰਵਾਉਣੇ ਸ਼ਾਮਲ ਸਨ। 15 ਦਿਨ ਦੇ ਧਰਨੇ ਨਾਲ ਹੀ ਯੂ.ਪੀ. ਸਰਕਾਰ ਦੀਆਂ ਚੂਲਾਂ ਹਿੱਲ ਗਈਆਂ ਕਿਉਂਕਿ ਉਸ ਨੇ ਸਾਰੇ ਪਾਸੇ ਤੋਂ ਲਖਨਊ ਨੂੰ ਜਾਮ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਖੁਦ ਆਪ ਧਰਨੇ ਵਿੱਚ ਜਾ ਕੇ ਉਸ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ। 1992 ਵਿੱਚ ਉਸ ਨੇ ਦੁਬਾਰਾ ਲੱਖਾਂ ਕਿਸਾਨਾਂ ਸਮੇਤ ਲਖਨਊ ਵਿਖੇ ਧਰਨਾ ਸ਼ੁਰੂ ਕੀਤਾ ਤਾਂ ਜੋ ਕਿਸਾਨਾਂ ਦੇ 10000 ਰੁਪਏ ਤੱਕ ਦੇ ਕਰਜ਼ੇ ਮਾਫ ਕੀਤੇ ਜਾਣ ਅਤੇ ਐਕੂਆਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦੇ ਵੱਧ ਰੇਟ ਮਿਲ ਸਕਣ। ਸਰਕਾਰ ਨੂੰ ਇਸ ਵਾਰ ਵੀ ਉਸ ਦੀਆਂ ਮੰਗਾਂ ਮੰਨਣੀਆਂ ਪਈਆਂ।
ਜਿਸ ਕਾਰਨਾਮੇ ਲਈ ਉਸ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ, ਉਹ ਹੈ ਉਸ ਦਾ ਦਿੱਲੀ ਵਿਖੇ ਬੋਟ ਕਲੱਬ ਧਰਨਾ। 1988 ਵਿੱਚ ਉਸ ਨੇ ਪੰਜ ਲੱਖ ਕਿਸਾਨਾਂ ਸਮੇਤ ਨਵੀਂ ਦਿੱਲੀ ਵਿੱਚ ਸਥਿੱਤ ਬੋਟ ਕਲੱਬ ਵਿਖੇ ਧਰਨਾ ਦਿੱਤਾ। ਕੀੜੀਆਂ ਵਾਂਗ ਆਏ ਕਿਸਾਨਾਂ ਨੇ ਬੋਟ ਕਲੱਬ ਤੋਂ ਲੈ ਕੇ ਵਿਜੇ ਚੌਂਕ ਤੱਕ ਦੇ ਪੌਸ਼ ਇਲਾਕੇ ਵਿੱਚ ਤੰਬੂ ਗੱਡ ਲਏ। ਕੁਝ ਦਿਨ ਤਾਂ ਸਰਕਾਰ ਅੜੀ ਰਹੀ, ਪਰ ਜਦੋਂ ਸਾਰਾ ਸਰਕਾਰੀ ਕੰਮ ਕਾਜ ਰੁਕ ਗਿਆ ਤਾਂ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੇ ਉਸ ਦੀਆਂ ਗੰਨੇ ਦੇ ਵੱਧ ਰੇਟ ਦੇਣ, ਬਿਜਲੀ ਤੇ ਪਾਣੀ ਦੇ ਬਿੱਲ ਮਾਫ ਕਰਨ ਸਮੇਤ 35 ਮੰਗਾਂ ਮੰਨ ਲਈਆਂ। ਉਸ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਤੇ ਜੇਲ੍ਹ ਭੇਜਿਆ ਗਿਆ, ਪਰ ਹਰ ਵਾਰ ਕਿਸਾਨਾਂ ਦੇ ਦਬਾਅ ਕਾਰਨ ਰਿਹਾਅ ਕਰਨਾ ਪਿਆ। 2 ਅਪਰੈਲ 2008 ਨੂੰ ਤਾਂ ਉਸ ਨੂੰ ਗ੍ਰਿਫਤਾਰ ਕਰਨ ਲਈ 10000 ਪੁਲਿਸ ਵਾਲਿਆਂ ਨੂੰ ਉਸ ਦੇ ਪਿੰਡ ਦੁਆਲੇ ਘੇਰਾ ਪਾਉਣਾ ਪਿਆ ਸੀ।
ਸਭ ਤੋਂ ਖਾਸ ਗੱਲ ਇਹ ਹੈ ਕਿ ਉਸ ਦੇ ਪ੍ਰਦਰਸ਼ਨ ਹਮੇਸ਼ਾਂ ਸ਼ਾਂਤਮਈ ਅਤੇ ਸਖਤ ਅਨੁਸ਼ਾਸ਼ਨ ਵਾਲੇ ਹੁੰਦੇ ਸਨ। ਉਸ ਨੇ ਕਦੇ ਵੀ ਕਿਸੇ ਸਰਕਾਰੀ ਸੰਪਤੀ ਜਾਂ ਸੁਰੱਖਿਆ ਬਲ ਨੂੰ ਨੁਕਸਾਨ ਨਹੀਂ ਸੀ ਪਹੁੰਚਾਇਆ। ਇਹ ਬਹੁਤ ਘੱਟ ਵਾਰ ਹੋਇਆ ਸੀ ਕਿ ਉਸ ਅਧੀਨ ਲੱਗੇ ਧਰਨੇ ਜਾਂ ਪ੍ਰਦਰਸ਼ਨ ਵੇਲੇ ਹੋਈ ਹੁੱਲੜਬਾਜ਼ੀ ਕਾਰਨ ਪੁਲਿਸ ਨੂੰ ਲਾਠੀਚਾਰਜ ਆਦਿ ਕਰਨਾ ਪਿਆ ਹੋਵੇ। 15 ਮਈ 2011 ਨੂੰ ਕੈਂਸਰ ਕਾਰਨ ਇਸ ਚਮਤਕਾਰੀ ਕਿਸਾਨ ਨੇਤਾ ਦੀ ਮੁਜ਼ੱਫਰਨਗਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।