Articles

ਵਿਆਹ ਬਨਾਮ ਵਪਾਰ 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਵਿਆਹ ਇੱਕ ਪਵਿੱਤਰ ਰਿਸ਼ਤਾ ਹੈ। ਦੋ ਰੂਹਾਂ ਦਾ ਮੇਲ ਦੋ ਪਰਿਵਾਰਾਂ ਦਾ ਮੇਲ। ਉਹ ਰਿਸ਼ਤਾ ਜੋ ਮਾਤਾ ਪਿਤਾ ਦੇ ਬਾਅਦ ਦਿਲ ਦੇ ਸਭ ਤੋਂ ਵੱਧ ਕਰੀਬ ਹੁੰਦਾ ਹੈ। ਉਹ ਰਿਸ਼ਤਾ ਜੋ ਆਪਣੇ ਧਰਮ , ਇਸ਼ਟ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਵੀਕਾਰ ਕੀਤਾ ਜਾਂਦਾ ਹੈ। ਜ਼ਿੰਦਗੀ ਦੇ ਉਹ ਦੋ ਸਾਥੀ ਜਿੰਨਾ ਦੀ ਖੁਸ਼ੀ ਗਮੀ ਸਾਂਝੀ ਹੁੰਦੀ ਹੈ।

ਪਰ ਜਦੋਂ ਲੋਕ ਅਜਿਹੇ ਰਿਸਤਿਆਂ ਵਿੱਚੋਂ ਵੀ ਮੁਨਾਫ਼ੇ ਲੱਭਣ ਲੱਗ ਜਾਣ ਤਾਂ ਇਹਨਾਂ ਰਿਸ਼ਤਿਆਂ ਨੂੰ ਵਪਾਰ ਬਣਨ ਲੱਗਿਆ ਕੁਝ ਜਿਆਦਾ ਸਮਾਂ ਨਹੀਂ ਲੱਗਦਾ। ਇਸ ਪਾਕ ਰਿਸ਼ਤੇ ਵਿੱਚੋਂ ਲੋਕ ਸਮੇਂ ਸਮੇਂ ਤੋਂ ਆਪਣੀਆਂ ਮੁਨਾਫ਼ੇਬਾਜ਼ੀਆ ਭਾਲਦੇ ਰਹੇ, ਕਦੇ ਦਾਜ ਦੇ ਰੂਪ ਵਿੱਚ ਕਦੇ ਪੜੇ ਲਿਖੇ ਮੁੰਡੇ ਲਈ ਸਰਕਾਰੀ ਨੌਕਰੀ ਵਾਲੀ ਕੁੜੀ ਦੇ ਰੂਪ ਵਿੱਚ ਕਦੇ ਆਈਲੈਟਸ ਪਾਸ ਕੁੜੀ ਦੇ ਰੂਪ ਵਿੱਚ। ਕਦੇ ਆਪਣੇ ਲਾਲਚ ਖਾਤਰ ਲੋਕਾਂ ਨੇ ਕਈ ਧੀਆਂ ਨੂੰ ਦਾਜ਼ ਦੀ ਬਲੀ ਚਾੜਿਆ । ਲੋਕਾਂ ਦੀ ਸੋਚ ਬਦਲੀ ਤੇ ਲੋਕਾਂ ਨੇ ਆਪਣੀਆਂ ਧੀਆਂ ਨੂੰ ਪੜਾ ਲਿਖਾ ਕੇ ਕਾਬਿਲ ਬਣਾਉਣ ਬਾਰੇ ਸੋਚਿਆ , ਤਾਂ ਜੋ ਭਵਿੱਖ ਵਿੱਚ ਕਦੇ ਕਿਸੇ ਦੀਆਂ ਮੁਹਤਾਜ਼ ਨਾ ਹੋਣ। ਪਰ ਫਿਰ ਦੌਰ ਸ਼ੁਰੂ ਹੋਇਆ ਲੋਕਾਂ ਦਾ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤਣ ਦਾ। ਜਿੱਥੇ ਲੋਕ ਕੁੜੀਆਂ ਕੋਲੋਂ ਦਾਜ਼ ਮੰਗਦੇ ਸਨ, ਉੱਥੇ ਲੋਕ ਆਪਣੇ ਕੋਲੋਂ ਪੈਸੇ ਲਗਾ ਕੁੜੀਆਂ ਨੂੰ ਨੂੰਹਾਂ ਬਣਾ ਵਿਦੇਸ਼ ਤੋਰਣ ਲੱਗੇ । ਸਮਾਂ ਆਪਣੀ ਚਾਲੇ ਚੱਲਦਾ ਗਿਆ ਅਤੇ ਇਹ ਰੁਝਾਨ ਪੰਜਾਬ ਵਿੱਚ ਬਹੁਤ ਤੇਜ਼ ਹੋ ਗਿਆ। ਬਾਰਵੀਂ ਉਪਰੰਤ ਜਦੋਂ ਬੱਚੀ ਦੁਆਰਾ ਆਈਲੈਟਸ ਪਾਸ ਕੀਤੀ ਜਾਂਦੀ ਤਾਂ ਵਿਦੇਸ਼ ਭੇਜਣ ਦਾ ਖਰਚਾ ਚੁੱਕਣ ਵਾਲੇ ਲੜਕੇ ਪਰਿਵਾਰ ਨਾਲ ਬੱਚੀ ਦਾ ਵਿਆਹ ਕਰ ਦਿੱਤਾ ਜਾਂਦਾ, ਜੋ ਦੋਹਾਂ ਪਰਿਵਾਰਾਂ ਦੀ ਸਭ ਤੋਂ ਵੱਡੀ ਗਲਤੀ ਮੰਨੀ ਜਾ ਸਕਦੀ ਹੈ।
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਇੱਕ ਨੋਜਵਾਨ ਦੁਆਰਾ ਕੀਤੀ ਖੁਦਕੁਸ਼ੀ ਦੀ ਘਟਨਾ ਬਹੁਤ ਫੈਲੀ ਹੋਈ ਹੈ। ਇਸ ਘਟਨਾ ਉਪਰੰਤ ਪਤਾ ਨਹੀਂ ਕਿੰਨੀਆਂ ਹੋਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿੰਨਾ ਵਿੱਚ ਸਹੁਰਿਆਂ ਦੇ ਲੱਖਾਂ ਪੈਸੇ ਲਗਵਾ ਨਵਵਿਆਹੁਤਾ ਕੁੜੀਆਂ ਨਾ ਵਾਪਿਸ ਪਰਤੀਆਂ ਅਤੇ ਨਾ ਆਪਣੇ ਪਤੀਆਂ ਨੂੰ ਕੋਲ ਬੁਲਾਇਆ। ਜਿਸ ਸੁਪਨੇ ਨੂੰ ਪੂਰਾ ਕਰਨ ਦੇ ਚੱਕਰ ਵਿੱਚ ਲੜਕੇ ਪਰਿਵਾਰ ਲੱਖਾਂ ਪੈਸਾ ਲਗਵਾ ਬੇਗਾਨੀਆਂ ਧੀਆਂ ਨੂੰ ਬਾਹਰ ਭੇਜਦੇ ਉਹਨਾਂ ਦੇ ਸੁਪਨੇ ਤਾਂ ਕੀ ਪੂਰੇ ਹੋਣੇ ਹੁੰਦੇ ਹਨ ਉਹ ਆਪਣੇ ਦੁੱਧ ਮੱਖਣਾਂ ਨਾਲ ਪਲੇ ਪੁੱਤ ਵੀ ਗਵਾ ਬੈਠਦੇ ਹਨ। ਇਹਨਾਂ ਸਭ ਘਟਨਾਵਾਂ, ਗੱਲਾਂ ਨਾਲ ਦਿਲ ਵਲੂੰਧਰਿਆ ਜਾਂਦਾ ਹੈ।
ਪਰ ਗਲਤ ਤਾਂ ਅਸੀਂ ਵੀ ਹਾਂ, ਜਿਸ ਰਿਸ਼ਤੇ ਦੀ ਬੁਨਿਆਦ ਹੀ ਲਾਲਚ ਨੂੰ ਮੁੱਖ ਰੱਖ ਕੇ ਹੋਈ ਹੋਵੇਗੀ, ਉਹ ਕਿੰਨਾ ਕੁ ਚਿਰ ਨਿਭੇਗਾ। ਪਹਿਲਾਂ ਲੋਕ ਰਿਸ਼ਤੇ ਕਰਨ ਸਮੇਂ ਪਰਿਵਾਰ ਦੇਖਦੇ, ਖਾਨਦਾਨ ਵੇਖਦੇ, ਧੀ ਪੁੱਤ ਦੇ ਗੁਣ ਦੇਖਦੇ, ਪੁੱਛ ਪੜਤਾਲ ਕਰਦੇ,ਗੁਰੂ ਘਰ ਜਾ ਚੰਗੇ ਵਰ ਦੀ ਅਰਦਾਸ ਬੇਨਤੀ ਕਰਦੇ , ਪਰ ਅੱਜ ਲੋਕ ਚਾਰ ਪੰਜ ਲੜਕੀਆਂ ਦੀਆਂ ਆਈਲੈਟਸ ਸਰਟੀਫਿਕੇਟ ਅਤੇ ਹੋਰ ਜਰੂਰੀ ਦਸਤਾਵੇਜ਼ ਚੁੱਕ ਏਜੰਟਾਂ ਦੇ ਬੂਹੇ ਬੈਠੇ ਹੁੰਦੇ ਹਨ, ਇਹਨਾਂ ਵਿਚੋਂ ਕਿਹੜੀ ਕੁੜੀ ਦਾ ਵੀਜ਼ਾ ਜਲਦੀ ਲੱਗੇਗਾ, ਜਿਸ ਫਾਈਲ ਉੱਪਰ ਏਜੰਟ ਹੱਥ ਰੱਖ ਦਿੰਦਾ ਹੈ , ਉਸੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਹੈ, ਸੋ ਕਹਿਣ ਤੋਂ ਭਾਵ ਕਿ ਅਸੀਂ ਤਾਂ ਇਸ ਪਵਿੱਤਰ ਰਿਸ਼ਤੇ ਨੂੰ ਵਪਾਰ ਬਣਾ ਚੁੱਕੇ ਹਾਂ।
ਜਿੰਦਗੀ ਦਾ ਅਸਲ ਮਕਸਦ ਕੀ ਹੈ? ਚੰਗਾ ਪਰਿਵਾਰ! ਪਰ ਜਦੋਂ ਜੀਵਨ ਸਾਥੀ ਚੁਨਣ ਵੇਲੇ ਅਸੀਂ ਲੋਕ ਸਿਰਫ਼ ਆਈਲੈਟਸ ਦੇ ਸਕੋਰ ਵੇਖਾਂਗੇ ਤਾਂ ਅਜਿਹੇ ਧੋਖੇ ਹੋਣੇ ਸੁਭਾਵਿਕ ਹਨ। ਅਜਿਹੀਆਂ ਘਟਨਾਵਾਂ ਬਾਕੀ ਸਾਰਿਆਂ ਨੂੰ ਸਿੱਖਿਆ ਜਰੂਰ ਦੇ ਜਾਂਦੀਆਂ ਹਨ ਕਿ ਵਿਆਹ ਵਰਗੇ ਰਿਸ਼ਤੇ ਨੂੰ ਵਪਾਰ ਨਾ ਬਣਾਇਆ ਜਾਵੇ। ਲਾਲਚ ਵੱਸ ਹੋ ਇਸ ਰਿਸ਼ਤੇ ਦੀ ਪਵਿੱਤਰਤਾ ਨੂੰ ਭੰਗ ਨਾ ਕੀਤਾ ਜਾਵੇ। ਮਾਪੇ ਆਪਣੇ ਬੱਚਿਆਂ ਦੀ ਸੌਦੇਬਾਜੀ ਕਰਨੀ ਬੰਦ ਕਰਨ। ਸਗੋਂ ਆਪਣੇ ਬੱਚਿਆਂ ਨੂੰ ਮੁੰਡੇ ਕੁੜੀਆਂ ਦੋਨਾਂ ਨੂੰ ਏਨਾ ਕਾਬਿਲ ਬਣਾਉ ਕਿ ਆਪਣੇ ਸੁਪਨੇ ਉਹ ਆਪ ਪੂਰੇ ਕਰ ਸਕਣ। ਇਸ ਤੋਂ ਇਲਾਵਾ ਜੇ ਲੜਕਿਆਂ ਦਾ ਸੁਪਨਾ ਵਿਦੇਸ਼ ਜਾਣ ਦਾ ਹੈ ਤਾਂ ਆਪਣੇ ਆਪ ਨੂੰ ਏਨੇ ਕਾਬਿਲ ਬਣਾਉਂ ਕਿ ਸੁਪਨਿਆਂ ਨੂੰ ਸਕਾਰ ਕਰਨ ਲਈ ਕਿਸੇ ਦੇ ਹੱਥਾਂ ਜਾਂ ਮੂੰਹ ਵੱਲ ਨਾ ਦੇਖਣਾ ਪਵੇ। ਸਮਾਜ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਕਿਸੇ ਇੱਕ ਦੇ ਹਾਲਾਤ ਹੁੰਦੇ ਹਨ ਅਤੇ ਬਾਕੀ ਸਭ ਲਈ ਸਬਕ, ਸੋ ਇਸ ਘਟਨਾ ਤੋਂ ਸਾਰਿਆਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਵਿਆਹ ਨੂੰ ਵਪਾਰ ਨਾ ਬਣਾ ਕੇ ਰਿਸ਼ਤਾ ਹੀ ਰਹਿਣ ਦਿੱਤਾ ਜਾਵੇ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin