
ਜੂਲ ਵਰਨ (ਪੂਰਾ ਨਾਂ ਜੂਲ ਗੈਬ੍ਰੀਅਲ ਵਰਨ, Jules Gabriel Verne) ਇੱਕ ਫਰਾਂਸੀਸੀ ਲੇਖਕ ਸੀ। ਉਹ ਵਿਗਿਆਨ-ਗਲਪ ਲਿਖਣ ਵਾਲੇ ਪਹਿਲੇ ਲੇਖਕਾਂ ਵਿੱਚੋਂ ਇੱਕ ਸੀ। ਉਸਦੀਆਂ ਕੁਝ ਕਿਤਾਬਾਂ ਵਿੱਚ ‘ਜਰਨੀ ਟੂ ਦ ਸੈਂਟਰ ਆਫ਼ ਦ ਅਰਥ’ (1864), ‘ਫਰਾਮ ਦ ਅਰਥ ਟੂ ਦ ਮੂਨ’ (1865), ‘ਟਵੰਟੀ ਥਾਊਜ਼ੈਂਡ ਲੀਗਜ਼ ਅੰਡਰ ਦ ਸੀ’ (1870) ਅਤੇ ‘ਅਰਾਊਂਡ ਦ ਵਰਲਡ ਇਨ ਏਟੀ ਡੇਜ਼’ (1873) ਸ਼ਾਮਲ ਹਨ।
ਉਸਦਾ ਜਨਮ 8 ਫਰਵਰੀ 1828 ਨੂੰ ਫਰਾਂਸ ਦੇ ਨੈਨਟੇਸ ਸ਼ਹਿਰ ਵਿੱਚ ਹੋਇਆ ਸੀ। ਉਸਦੇ ਪਿਤਾ ਇੱਕ ਵਕੀਲ ਸਨ ਅਤੇ ਸ਼ੁਰੂ ਵਿੱਚ ਵਰਨ ਵੀ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ। ਜਦੋਂ ਉਹ ਉਨੀ ਸਾਲ ਦਾ ਸੀ, ਤਾਂ ਉਸਨੇ ਸਾਹਿਤ ਦੀਆਂ ਲੰਬੀਆਂ-ਲੰਬੀਆਂ ਰਚਨਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪਰ ਉਸਦੇ ਪਿਤਾ ਚਾਹੁੰਦੇ ਸਨ ਕਿ ਉਹ ਇੱਕ ਵਕੀਲ ਵਜੋਂ ਪੈਸਾ ਕਮਾਏ, ਨਾ ਕਿ ਇੱਕ ਲੇਖਕ ਵਜੋਂ। 1847 ਵਿੱਚ, ਉਸਦੇ ਪਿਤਾ ਨੇ ਉਸਨੂੰ ਕਾਨੂੰਨ ਦੀ ਪੜ੍ਹਾਈ ਸ਼ੁਰੂ ਕਰਨ ਲਈ ਪੈਰਿਸ ਭੇਜਿਆ।
1848 ਵਿੱਚ ਜੂਲ ਵਰਨ ਘਰ ਆਇਆ ਅਤੇ ਉਹਨੂੰ ਇਕ ਲੜਕੀ ਨਾਲ ਪਿਆਰ ਹੋ ਗਿਆ। ਪਰ ਕੁੜੀ ਦੇ ਮਾਪੇ ਨਹੀਂ ਚਾਹੁੰਦੇ ਸਨ ਕਿ ਉਹ ਉਸ ਨਾਲ ਵਿਆਹ ਕਰੇ। ਜਦੋਂ ਵਰਨ ਨੂੰ ਪਤਾ ਲੱਗਿਆ ਕਿ ਕੁੜੀ ਦਾ ਵਿਆਹ ਕਿਸੇ ਹੋਰ ਨਾਲ ਹੋ ਗਿਆ ਹੈ – ਇੱਕ ਅਮੀਰ, ਬਜ਼ੁਰਗ ਆਦਮੀ ਨਾਲ, ਤਾਂ ਉਹ ਉਦਾਸ ਹੋ ਗਿਆ। ਆਪਣੀਆਂ ਕਹਾਣੀਆਂ ਵਿੱਚ ਜੂਲ ਵਰਨ ਅਕਸਰ ਉਨ੍ਹਾਂ ਔਰਤਾਂ ਬਾਰੇ ਲਿਖਦਾ ਹੈ, ਜੋ ਅਜਿਹੇ ਲੋਕਾਂ ਨਾਲ ਸ਼ਾਦੀ ਕਰਦੀਆਂ ਹਨ, ਜਿਨ੍ਹਾਂ ਨੂੰ ਉਹ ਪਿਆਰ ਨਹੀਂ ਕਰਦੀਆਂ।
1848 ਦੀ ਫਰਾਂਸੀਸੀ ਕ੍ਰਾਂਤੀ ਨੇ ਰਾਜੇ ਨੂੰ ਗੱਦੀਓਂ ਲਾਹ ਦਿੱਤਾ, ਅਤੇ ਲੂਈਸ-ਨੈਪੋਲੀਅਨ ਬੋਨਾਪਾਰਟ ਨੂੰ ਫਰਾਂਸ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ। (ਇੱਕ ਗਣਰਾਜ ਇੱਕ ਅਜਿਹਾ ਦੇਸ਼ ਹੁੰਦਾ ਹੈ ਜਿਸਦਾ ਕੋਈ ਰਾਜਾ ਜਾਂ ਰਾਣੀ ਨਹੀਂ ਹੁੰਦਾ, ਸਗੋਂ ਉਸਦਾ ਇੱਕ ਰਾਸ਼ਟਰਪਤੀ ਹੁੰਦਾ ਹੈ।)
ਵਰਨ 1851 ਤੱਕ ਕਾਨੂੰਨ ਦੀ ਪੜ੍ਹਾਈ ਕਰਦਾ ਰਿਹਾ, ਪਰ ਉਹ ਇਸ ਦੌਰਾਨ ਲੇਖਨ ਵਿਚ ਵੀ ਰੁੱਝਿਆ ਰਿਹਾ ਅਤੇ ਦੂਜੇ ਲੇਖਕਾਂ ਅਤੇ ਕਲਾਕਾਰਾਂ ਨੂੰ ਮਿਲਦਾ ਰਿਹਾ। ਵਰਨ ਉਤੇ ਵਿਕਟਰ ਹਿਊਗੋ, ਅਲੈਗਜੈਂਡਰ ਡਿਊਮਾ, ਐਡਗਰ ਐਲਨ ਪੋ, ਡੇਨੀਅਲ ਡੀਫੋ ਆਦਿ ਦਾ ਬਹੁਤ ਪ੍ਰਭਾਵ ਸੀ। ਆਖਰਕਾਰ 1852 ਵਿੱਚ, ਉਸਨੇ ਵਕੀਲ ਬਣਨਾ ਛੱਡ ਕੇ ਪੂਰੇ ਸਮੇਂ ਦਾ ਪੇਸ਼ੇਵਰ ਲੇਖਕ ਬਣਨ ਦਾ ਫੈਸਲਾ ਕੀਤਾ। ਉਸਦੇ ਪਿਤਾ ਇਸ ਫੈਸਲੇ ਤੋਂ ਬਹੁਤ ਨਾਖੁਸ਼ ਸਨ, ਪਰ ਵਰਨ ਜ਼ਿੱਦੀ ਅਤੇ ਮਜ਼ਬੂਤ ਇਰਾਦੇ ਵਾਲਾ ਸੀ, ਇਸ ਲਈ ਉਸਨੇ ਆਪਣੀ ਯੋਜਨਾ ਤੇ ਕੰਮ ਕਰਨਾ ਜਾਰੀ ਰੱਖਿਆ। ਉਹ ਇਸ ਕੰਮ ਵਿਚ ਸਫਲਤਾ ਪ੍ਰਾਪਤ ਕਰਨ ਲਈ ਪੈਰਿਸ ਚਲਾ ਗਿਆ। ਪਹਿਲਾਂ ਤਾਂ ਉਸਨੂੰ ਕੋਈ ਪ੍ਰਸਿੱਧੀ ਨਹੀਂ ਮਿਲੀ। ਸਮਾਂ ਬੀਤਣ ਨਾਲ ਉਹ ਵਿਗਿਆਨ ਦਾ ਪ੍ਰਸ਼ੰਸਕ ਬਣ ਗਿਆ ਅਤੇ ਆਪਣੇ ਲੇਖਨ ਲਈ ਮਸ਼ਹੂਰ ਹੋ ਗਿਆ। ਵਿਗਿਆਨ ਅਤੇ ਲੇਖਨ ਪ੍ਰਤੀ ਉਸਦੇ ਪਿਆਰ ਨੇ ਉਸਨੂੰ ਅਜਿਹੀਆਂ ਕਹਾਣੀਆਂ ਅਤੇ ਨਾਵਲ ਲਿਖਣ ਲਈ ਪ੍ਰੇਰਿਤ ਕੀਤਾ, ਜਿਨ੍ਹਾਂ ਨੂੰ ਹੁਣ “ਵਿਗਿਆਨ ਗਲਪ” ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਜੂਲ ਵਰਨ ‘ਵਿਗਿਆਨ-ਗਲਪ ਸ਼ੈਲੀ’ ਦਾ ਨਿਰਮਾਤਾ ਸੀ।
ਵਰਨ ਲਿਖਣ ਲਈ ਜੀਉਂਦਾ ਰਿਹਾ। ਉਸਨੇ ਬਹੁਤ ਸਾਰੀਆਂ ਵਿਧਾਵਾਂ ਵਿੱਚ ਲਿਖਿਆ। ਇਨ੍ਹਾਂ ਵਿੱਚ ਕਾਲਪਨਿਕ ਨਾਵਲ, ਰੰਗਮੰਚ ਦੀਆਂ ਰਚਨਾਵਾਂ ਅਤੇ ਨਾਵਲ ਸ਼ਾਮਲ ਹਨ। 1886 ਵਿੱਚ ਉਸਦੇ ਨੌਜਵਾਨ ਭਤੀਜੇ ਗੈਸਟਨ ਨੇ ਵਰਨ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਭਤੀਜਾ ਚਾਹੁੰਦਾ ਸੀ ਕਿ ਉਹਦੇ ਚਾਚੇ ਨੂੰ “ਅਮਰਤਾ” ਪ੍ਰਾਪਤ ਹੋਵੇ ਅਤੇ ਫਰੈਂਚ ਅਕਾਦਮੀ ਵੱਲੋਂ ਸਵਕ੍ਰਿਤੀ ਮਿਲੇ। ਉਸ ਤੋਂ ਬਾਅਦ, ਵਰਨ ਦੀ ਲੱਤ ਵਿੱਚ ਸਥਾਈ ਤੌਰ ‘ਤੇ ਲੰਗੜਾਪਨ ਆ ਗਿਆ। ਇਸ ਦੇ ਨਤੀਜੇ ਵਜੋਂ ਉਸਦੀ ਲਿਖਣ ਸ਼ੈਲੀ ਵਿਚ ਹੋਰ ਜ਼ਿਆਦਾ ਬਦਲਾਅ ਆ ਗਿਆ ।
ਵਰਨ ਨੇ ਜਨਵਰੀ 1857 ਵਿੱਚ ਆਪਣੇ ਪਿਤਾ ਦੇ ਆਸ਼ੀਰਵਾਦ ਨਾਲ ਐਮੀ ਡੂ ਫਰੈਸੇ ਡੀ ਵਿਏਨ ਨਾਲ ਵਿਆਹ ਕਰ ਲਿਆ । ਅਗਸਤ 1861 ਵਿੱਚ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ। ਉਸਨੇ ਆਪਣੀ ਮੌਤ ਤੱਕ ਲਿਖਣਾ ਜਾਰੀ ਰੱਖਿਆ। 24 ਮਾਰਚ 1905 ਨੂੰ, 77 ਸਾਲ ਦੀ ਉਮਰ ਵਿੱਚ ਵਰਨ, ਜੋ ਕਿ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ, ਦੀ ਫਰਾਂਸ ਦੇ ਐਮੀਐਂਸ ਵਿੱਚ ਆਪਣੇ ਘਰ ਵਿੱਚ ਮੌਤ ਹੋ ਗਈ।
ਜੂਲ ਵਰਨ ਨੇ ਕਾਨੂੰਨ ਦੀ ਪੜ੍ਹਾਈ ਕਰਨ ਪਿੱਛੋਂ ਕੁਝ ਚਿਰ ਸਟਾਕਬ੍ਰੋਕਰ ਵਜੋਂ ਵੀ ਕੰਮ ਕੀਤਾ। ਪਰ ਉਹਨੇ ਖੁਦ ਨੂੰ ਲੇਖਕ ਹੀ ਮੰਨਿਆ। ਉਹਦਾ ਪਹਿਲਾ ਨਾਟਕ 1850 ਵਿਚ ਤਿਆਰ ਹੋਇਆ ਸੀ। ਉਹਦੀ ਪਹਿਲੀ ਸਫਲ ਸਾਹਸਿਕ ਕਹਾਣੀ ‘ਵੀਕਸ ਇਨ ਏ ਬੈਲੂਨ’ ਸੀ, ਜੋ 1863 ਵਿਚ ਪ੍ਰਕਾਸ਼ਿਤ ਹੋਈ ਸੀ।
ਜੂਲ ਵਰਨ ਨੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਬਾਰੇ ਲਿਖਿਆ, ਜੋ ਉਸ ਦੇ ਜ਼ਿੰਦਾ ਹੋਣ ਵੇਲੇ ਹੋਂਦ ਵਿਚ ਨਹੀਂ ਸਨ। ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਬਾਅਦ ਵਿੱਚ ਵਾਸਤਵਿਕ ਬਣ ਗਈਆਂ। ਵਰਨ ਇੱਕ ਵਿਗਿਆਨੀ ਹੋਣ ਤੋਂ ਬਹੁਤ ਦੂਰ ਸੀ, ਪਰ ਤਕਨਾਲੋਜੀ ਪ੍ਰਤੀ ਉਸਦੇ ਜਨੂੰਨ ਅਤੇ ਉਸ ਸਮੇਂ ਦੀ ਤਰੱਕੀ ਨੇ ਕਈ ਅਜਿਹੀਆਂ ਖੋਜਾਂ ਨੂੰ ਜਨਮ ਦਿਤਾ ਜੋ ਆਉਣ ਵਾਲੇ ਸਮੇਂ ਹੋਈਆਂ ਅਤੇ ਸਮੇਂ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਆਮ ਹਿੱਸਾ ਬਣ ਗਈਆਂ।