
ਸੰਨ 96 ਦੇ ਅਖੀਰ ਜਿਹੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਚੁਣੇ ਜਾਣ ਤੋਂ ਦੋ ਢਾਈ ਕੁ ਸਾਲ ਬਾਅਦ ਪੱਕੀ ਤਰੀਕ ਤਾਂ ਮੈਨੂੰ ਯਾਦ ਨਹੀਂ ਪਰ ਇਹ ਗੱਲ ਸੰਨ 99 ਦੇ ਉਨ੍ਹਾਂ ਦਿਨਾਂ ਦੀ ਹੈ ਜਦ ਅੱਜ ਵਾਂਗ ਬਾਦਲ-ਗਰਦੀ ਨੇ ਹੈਂਕੜ ਦਿਖਾਉਂਦਿਆਂ ਭਾਈ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਲਾਹ ਦਿੱਤਾ ਸੀ।
ਭਾਈ ਰਣਜੀਤ ਸਿੰਘ ਆਏ ਢਾਹਾਂ-ਕਲੇਰਾਂ ਹਸਪਤਾਲ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਨੂੰ ਮਿਲਣ ਵਾਸਤੇ!ਪੁਰਾਣੇ ਅਕਾਲੀ ਹੋਣ ਕਾਰਨ ਬਾਬਾ ਢਾਹਾਂ ਜੀ ਮੈਥੋਂ ਬਹੁਤ ਪ੍ਰਭਾਵਤ ਸਨ!ਚਾਹ-ਪਾਣੀ ਛਕਣ ਵੇਲੇ ਬੁੱਧ ਸਿੰਘ ਢਾਹਾਂ ਹੁਣਾ ਭਾਈ ਰਣਜੀਤ ਸਿੰਘ ਨਾਲ ਮੇਰਾ ਤੁਆਰਫ ਕਰਾਉਂਦਿਆਂ ਮੇਰੇ ਬਾਰੇ ਦੱਸਿਆ ਕਿ ਇਹ ਸ਼੍ਰੋਮਣੀ ਕਮੇਟੀ ਦੇ ਵਿਦਵਾਨ ਮੈਂਬਰ ਹਨ ਅਤੇ ਪ੍ਰਭਾਵਸ਼ਾਲੀ ਬੁਲਾਰੇ ਹੋਣ ਦੇ ਨਾਲ ਨਾਲ ਲਿਖਦੇ ਵੀ ਬਹੁਤ ਸੋਹਣਾ ਐਂ…… !
ਮੈਂ ਦੇਖ ਰਿਹਾ ਸਾਂ ਕਿ ਬੁੱਧ ਸਿੰਘ ਢਾਹਾਂ ਤੋਂ ਮੇਰੀ ਤਾਰੀਫ ਸੁਣਦਿਆਂ ਭਾਈ ਰਣਜੀਤ ਸਿੰਘ ਦੇ ਚਿਹਰੇ ਉੱਤੇ ਮੇਰੇ ਪ੍ਰਤੀ ‘ਨਾਂਹ-ਵਾਚੀ’ ਚਿਹਨ ਜਿਹੇ ਬਣ ਰਹੇ ਸਨ।
ਉਹ ਮਾਯੂਸ ਜਿਹੇ ਹੋ ਕੇ ਬੋਲੇ:-
“ਹੈ ਗੇ ਤਾਂ ਇਹ ਬਾਦਲ ਦੀ ਗਾਈਂ (ਗਊ) ਹੀ ਹਨ…ਕਿਆ ਕਰਨਾ ਇਨ੍ਹਾਂ ਦੇ ‘ਸੋਹਣਾ ਬੋਲਣ ਨੂੰ’ ਜਾਂ ਲਿਖਣ ਨੂੰ ! ਇਨ੍ਹਾਂ ਦੀ ਲੈਕਚਰਬਾਜ਼ੀ ਅਤੇ ਸੋਹਣਾ ਲਿਖਣੇ ਦਾ ਕੌਮ ਨੂੰ ਕਿਆ ਭਾਅ ?”