ਕਿਸੇ ਖਿੱਤੇ ਜਾਂ ਕੌਮ ਦੇ ਲੋਕਾਂ ਦੇ ਜੀਵਨ, ਰਹਿਣ ਸਹਿਣ ਤੇ ਓਥੋਂ ਦੇ ਲੋਕਾਂ ਦੇ ਵਿਚਰਨ ਦੇ ਬਿਰਤਾਂਤ ਨੂੰ ਕਿਸੇ ਵੀ ਲਿਖਤ ਦੇ ਰੂਪ ਵਿਚ ਪੇਸ਼ ਕਰਨਾ ਸਾਹਿਤ ਹੁੰਦਾ ਹੈ। ਓਸ ਸਾਹਿਤ ਦੇ ਅਨੇਕਾਂ ਰੂਪ ਹਨ ਜਿਵੇਂ ਕਿ ਕਵਿਤਾ, ਲੇਖ, ਗੀਤ, ਕਹਾਣੀ, ਗ਼ਜ਼ਲ, ਵਾਰ, ਕਿੱਸਾ ਆਦਿ ਜੋ ਕਿ ਇੱਕ ਪੁਸਤਕ ਰੂਪ ਵਿੱਚ ਹੀ ਮਿਲਦੇ ਹਨ। ਜਿਸ ਬੋਲੀ ਵਿੱਚ ਸਭ ਤੋਂ ਵੱਧ ਰਚਨਾਵਾਂ ਰਚੀਆਂ ਜਾਂਦੀਆਂ ਹਨ ਉਸ ਬੋਲੀ, ਤੇ ਉਸ ਕੌਮ ਦਾ ਸਾਹਿਤ ਸਭ ਤੋਂ ਅਮੀਰ ਹੁੰਦਾ ਹੈ। ਇਸੇ ਤਰ੍ਹਾਂ ਅਜੌਕੇ ਦੌਰ ਵਿਚ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਲਈ ਪੰਜਾਬ ਦੇ ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣਾ ਯੋਗਦਾਨ ਪਾਇਆ ਹੈ।
ਸੋ ਗੱਲ ਕਰਦੇ ਹਾਂ ਅਜੌਕੇ ਦੌਰ ਵਿੱਚ ਵਿਦਿਆਰਥੀ ਜੀਵਨ ਤੇ ਪੁਸਤਕਾਂ ਬਾਰੇ। ਪੁਸਤਕਾਂ ਅਤੇ ਵਿਦਿਆਰਥੀ ਦਾ ਨਹੁੰ ਮਾਸ ਵਾਲਾ ਰਿਸ਼ਤਾ ਹੈ। ਇੰਨ੍ਹਾਂ ਦੋਹਾਂ ਦੀ ਏਸ ਨੇੜ੍ਹਤਾ ਦੇ ਕਾਰਨ ਹੀ ਦੁਨੀਆਂ ਦੇ ਹਰੇਕ ਖਿੱਤੇ ਵਿੱਚ ਪੁਸਤਕਾਂ ਦੀ ਆਪਣੀ ਇੱਕ ਵਿਲੱਖਣ ਮਹਾਨਤਾ ਹੈ। ਪੁਸਤਕਾਂ ਮਹਿਜ਼ ਦਿਲ ਪਰਚਾਵੇ ਦਾ ਸਾਧਨ ਹੀ ਨਹੀਂ ਸਗੋਂ ਮਨੁੱਖੀ ਕਦਰਾਂ ਕੀਮਤਾਂ ਦੀ ਤਰਜ਼ਮਾਨੀ ਵੀ ਕਰਦੀਆਂ ਹਨ । ਕਿਤਾਬਾਂ ਗਿਆਨ, ਮਨੋਰੰਜਨ, ਪ੍ਰੇਰਨਾ ਅਤੇ ਜੀਵਨ ਦਾ ਉਪਦੇਸ਼ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਕਿਤਾਬਾਂ ਸਾਡੀਆਂ ਸਭ ਤੋਂ ਚੰਗੀਆਂ ਸਾਥੀ ਹਨ, ਜੋ ਜੀਵਨ ਭਰ ਸਾਡਾ ਸਾਥ ਦਿੰਦੀਆਂ ਹਨ।
ਪੁਸਤਕਾਂ ਹਰ ਦੇਸ਼ ਦੀ ਸੱਭਿਅਤਾ ਤੇ ਸੰਸਕ੍ਰਿਤੀ ਦਾ ਪੈਮਾਨਾ ਹੁੰਦੀਆ ਹਨ। ਜਿਸ ਕਰਕੇ ਮਾਪਿਆਂ ਨੂੰ ਬਾਲ ਅਵਸਥਾ ਦੇ ਬੱਚਿਆਂ ਨੂੰ ਅਤੇ ਸਕੂਲ ਵਿੱਚ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਚਿਣਗ ਲਗਾਉਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦੀ ਬੌਧਿਕਤਾ ਦਾ ਨਿਰੰਤਰ ਵਿਕਾਸ ਹੋ ਸਕੇ। ਹਰ ਪੁਸਤਕ ਹਮੇਸ਼ਾ ਹੀ ਸਾਡੇ ਗਿਆਨ ਵਿੱਚ ਹਮੇਸ਼ਾ ਹੀ ਚਾਨਣ ਦੀ ਰਿਸ਼ਮ ਬਿਖੇਰਦੀ ਹੈ। ਪੁਸਤਕਾਂ ਜ਼ਿੰਦਗੀ ਦਾ ਉਹ ਸੋਮਾ ਹਨ ਜੋ ਸਾਨੂੰ ਅਤੀਤ, ਅਜੌਕੇ ਤੇ ਭਵਿੱਖ ਬਾਰੇ ਪੂਰਨ ਜਾਣਕਾਰੀ ਪ੍ਰਦਾਨ ਕਰਦੀਆਂ ਹਨ।
ਪੁਸਤਕਾਂ ਓਹ ਸਾਧਨ ਹਨ ਜਿੰਨ੍ਹਾਂ ਰਾਹੀਂ ਸੱਭਿਅਤਾ ਦਾ ਵਿਕਾਸ ਹੁੰਦਾ ਹੈ। ਪੁਸਤਕਾਂ ਸਾਡੀਆਂ ਸਭ ਤੋਂ ਵਧੀਆ ਮਿੱਤਰ ਤੇ ਰਾਹ ਦਸੇਰਾ ਹੁੰਦੀਆਂ ਹਨ। ਅਸੀਂ ਹਰ ਸਮੇਂ ਪੁਸਤਕਾਂ ਤੋਂ ਯੋਗ ਅਗਵਾਈ ਲੈ ਸਕਦੇ ਹਾਂ। ਇਹ ਸਾਡੀਆਂ ਸਭ ਤੋਂ ਵੱਧ ਸ਼ੁਭਚਿੰਤਕ ਤੇ ਸਾਥੀ ਹਨ। ਪੁਸਤਕਾਂ ਸਾਡੇ ਚਰਿੱਤਰ ਨਿਰਮਾਣ ਵਿੱਚ ਸਰਵੋਤਮ ਭੂਮਿਕਾ ਨਿਭਾਉਂਦੀਆਂ ਹਨ। ਸਾਨੂੰ ਇਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਇੱਕ ਸੱਚਾ ਦੋਸਤ ਜੀਵਨ ਵਿੱਚ ਸਹੀ ਮਾਰਗ ਦਰਸ਼ਕ ਹੁੰਦਾ ਹੈ ਉਸੇ ਤਰਾਂ ਕਿਤਾਬਾਂ ਵੀ ਸਾਡੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ।
ਜਦੋਂ ਅਸੀਂ ਬੱਚਿਆਂ ਨੂੰ ਉਨ੍ਹਾਂ ਦੇ ਮਨੋਰੰਜਨ ਦੀਆਂ ਪੁਸਤਕਾਂ ਨਹੀਂ ਦੇਵਾਂਗੇ ਤਾਂ ਉਹ ਆਪਣਾ ਵਿਹਲਾ ਸਮਾਂ, ਟੀ.ਵੀ. ਮੋਬਾਇਲ ਤੇ ਗੇਮਾਂ ਖੇਡ ਕੇ ਬਿਤਾਉਣਗੇ। ਜਿਸ ਨਾਲ਼ ਉਨ੍ਹਾਂ ਦੀ ਨਜ਼ਰ ਤੇ ਨਜ਼ਰੀਏ ਤੇ ਗ਼ਲਤ ਪ੍ਰਭਾਵ ਪੈਂਦਾ ਹੈ। ਜੇਕਰ ਹੋਰ ਸਕੇ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਉਹਨਾਂ ਨੂੰ ਮਹਿੰਗੇ ਤੋਹਫ਼ਿਆਂ ਦੀ ਬਜ਼ਾਏ ਚੰਗੀਆਂ ਪੁਸਤਕਾਂ ਦੇ ਕੇ ਉਨ੍ਹਾਂ ਨੂੰ ਪੁਸਤਕਾਂ ਦੀ ਚੇਟਕ ਲਗਾਈਏ, ਜੋ ਉਹਨਾਂ ਦਾ ਸਰਵਪੱਖੀ ਵਿਕਾਸ ਵਿੱਚ ਸਹਾਈ ਹੋਣ। ਅਜੋਕੇ ਸਮੇਂ ਬੱਚਿਆਂ ਦੀ ਜ਼ਿੰਦਗੀ ਨੂੰ ਉੱਤਮ ਤੇ ਰੋਸ਼ਨ ਬਣਾਉਣ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਅਜਿਹਾ ਉਸਾਰੂ ਤੇ ਢੁੱਕਵਾਂ ਮਾਹੌਲ ਸਿਰਜਣ ਦੀ ਲੋੜ ਹੈ, ਜਿਸ ਵਿੱਚ ਬੱਚੇ ਬਚਪਨ ਤੋਂ ਹੀ ਸਾਹਿਤਕ ਪੁਸਤਕਾਂ ਨਾਲ ਅਪਣੱਤ ਪੈਦਾ ਕਰ ਸਕਣ ਤੇ ਵਿਹਲੇ ਸਮੇਂ ਵਿੱਚ ਪੁਸਤਕਾਂ ਪੜ੍ਹ ਕੇ ਉਚੇਚਾ ਗਿਆਨ ਪ੍ਰਾਪਤ ਕਰ ਸਕਣ।
ਇੱਕ ਚੰਗੇ ਸਮਾਜ ਵਿੱਚ ਪੁਸਤਕਾਂ ਦੀ ਅਹਿਮ ਭੂਮਿਕਾ ਜਾਣੀ ਜਾਂਦੀ ਹੈ। ਪੁਸਤਕਾਂ ਹੀ ਲੋਕਾਈ ਨੂੰ ਗਿਆਨ ਦੇ ਨਾਲ਼ ਨਾਲ਼ ਸਿੱਖਿਅਤ ਅਤੇ ਕਿੱਤਾਮਈ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ। ਪੁਸਤਕਾਂ ਹੀ ਸਾਨੂੰ ਜੀਵਨ ਜਾਂਚ ਸਿਖਾ ਕੇ ਸਾਡਾ ਰਾਹ ਰੋਸ਼ਨ ਕਰਦੀਆਂ ਹਨ, ਸਾਡਾ ਮਨੋਰੰਜਨ ਕਰਦੀਆਂ ਹਨ, ਸਾਨੂੰ ਜ਼ਿੰਦਗੀ ਵਿੱਚ ਚੰਗਾ ਬਣਨ ਲਈ ਪ੍ਰੇਰਿਤ ਕਰਦੀਆਂ ਹਨ।
ਚੰਗੀਆਂ ਸੇਧਮਈ ਪੁਸਤਕਾਂ ਸਾਡੇ ਚਰਿੱਤਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਿੱਚ ਇੱਕ ਚੰਗੇ ਸਾਥੀ ਦਾ ਫ਼ਰਜ਼ ਵੀ ਨਿਭਾਉਂਦੀਆਂ ਹਨ। ਇੱਕ ਚੰਗੀ ਪੁਸਤਕ ਸੁਹਿਰਦ ਦੋਸਤ ਵਰਗੀ ਹੁੰਦੀ ਹੈ। ਪੁਸਤਕ ਪੜ੍ਹਨ ਨਾਲ ਵਿਦਿਆਰਥੀ ਦਾ ਗਿਆਨ ਤਾਂ ਵਧਦਾ ਹੀ ਹੈ, ਸਗੋਂ ਉਸਦੀ ਬੁੱਧੀ ਦਾ ਵੀ ਵਿਕਾਸ ਹੁੰਦਾ ਹੈ, ਜਿਸ ਨਾਲ਼ ਹੀ ਉਸਦੀ ਦਿਸ਼ਾ ਤੇ ਦ੍ਰਿਸ਼ਟੀਕੋਣ ਵੀ ਤੀਖਣ ਹੋ ਜਾਂਦਾ ਹੈ।
ਸਾਹਿਤ ਅਤੇ ਜਨਰਲ ਨਾਲਿਜ਼ ਦੀਆਂ ਪੁਸਤਕਾਂ ਵਿੱਦਿਆਰਥੀ ਦੇ ਮਨ ਵਿੱਚ ਅਜਿਹਾ ਗਿਆਨ ਭਰਦੀਆਂ ਹਨ ਜੋ ਕਿ ਵਿਦਿਆਰਥੀ ਜੀਵਨ ਵਿੱਚ ਹੋਣ ਵਾਲੀਆਂ ਹਰ ਕਿਸਮ ਦੀਆਂ ਪ੍ਰੀਖਿਆਵਾਂ ਤੇ ਟੈਸਟਾਂ ਵਿੱਚ ਸਹਾਈ ਹੁੰਦੀਆਂ ਹਨ। ਚੰਗੀਆਂ ਪੁਸਤਕਾਂ ਹਮੇਸ਼ਾ ਹੀ ਸਾਡੇ ਜੀਵਨ ਵਿੱਚ ਉਸਾਰੂ ਭੂਮਿਕਾਵਾਂ ਨਿਭਾਉਂਦੀਆਂ ਰਹੀਆਂ ਹਨ।
ਹਰ ਘਰ ਵਿੱਚ ਇੱਕ ਲਾਇਬ੍ਰੇਰੀ ਹੋਣਾ ਵੀ ਅਤਿ ਜ਼ਰੂਰੀ ਹੈ। ਜਿਸ ਘਰ ਲਾਇਬ੍ਰੇਰੀ ਹੁੰਦੀ ਹੈ ਉਹ ਘਰ ਕਿਸੇ ਸਵਰਗ ਤੋਂ ਘੱਟ ਨਹੀਂ ਹੁੰਦਾ। ਜਿੰਨੀਆਂ ਪੁਸਤਕਾਂ ਤੁਹਾਡੀ ਲਾਇਬ੍ਰੇਰੀ ਵਿੱਚ ਹੋਣਗੀਆਂ ਓਨਾ ਹੀ ਤੁਹਾਡੇ ਬੌਧਿਕਤਾ ਦਾ ਘੇਰਾ ਵਿਸ਼ਾਲ ਹੋਵੇਗਾ। ਹਰ ਇੱਕ ਪੁਸਤਕ ਸਾਡੇ ਜੀਵਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੀ ਹੈ। ਸ਼ਾਇਦ ਇਸੇ ਕਰਕੇ ਇੱਕ ਚੰਗੀ ਪੁਸਤਕ ਸਾਡੇ ਸਭ ਤੋਂ ਚੰਗੇ ਸਾਥੀ ਵਜੋਂ ਆਪਣਾ ਬਹੁਮੁੱਲਾ ਰੋਲ ਅਦਾ ਕਰਦੀ ਹੈ। ਸਾਨੂੰ ਕਿਤਾਬਾਂ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ।