ਆਸਟ੍ਰੇਲੀਅਨ ਸਰਕਾਰ ਦੇ ਵੱਲੋਂ ਇਜ਼ਰਾਈਲ ਦੇ ਵਿਦੇਸ਼ ਮੰਤਰੀ ਦਾ ਵੀਜ਼ਾ ਕੈਂਸਲ ਕੀਤੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਆਸਟ੍ਰੇਲੀਅਨ ਸਰਕਾਰ ਵੱਲੋਂ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਇਜ਼ਰਾਈਲ ਫਲਸਤੀਨੀ ਅਥਾਰਟੀ ਵਿੱਚ ਆਸਟ੍ਰੇਲੀਅਨ ਪ੍ਰਤੀਨਿਧੀਆਂ ਦੇ ਵੀਜ਼ੇ ਰੱਦ ਕਰ ਦੇਵੇਗਾ।
ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੋਨ ਸਾਆਰ ਨੇ ਕਿਹਾ ਹੈ ਕਿ, “ਇਹ ਫੈਸਲਾ ਕੈਨਬਰਾ ਵੱਲੋਂ ਸਿਮਚਾ ਰੋਥਮੈਨ ਸਮੇਤ ਪ੍ਰਮੁੱਖ ਇਜ਼ਰਾਈਲੀ ਸਿਆਸਤਦਾਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਆਇਆ ਹੈ। ਮੈਂ ਫਲਸਤੀਨੀ ਅਥਾਰਟੀ ਵਿੱਚ ਆਸਟ੍ਰੇਲੀਅਨ ਪ੍ਰਤੀਨਿਧੀਆਂ ਦੇ ਵੀਜ਼ੇ ਰੱਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਜ਼ਰਾਈਲ ਵਿੱਚ ਆਸਟ੍ਰੇਲੀਅਨ ਰਾਜਦੂਤ ਨੂੰ ਹੁਣੇ ਹੀ ਇਸ ਮਾਮਲੇ ਬਾਰੇ ਸੂਚਿਤ ਕੀਤਾ ਗਿਆ ਹੈ। ਮੈਂ ਕੈਨਬਰਾ ਵਿੱਚ ਇਜ਼ਰਾਈਲੀ ਦੂਤਾਵਾਸ ਨੂੰ ਇਜ਼ਰਾਈਲ ਵਿੱਚ ਦਾਖਲੇ ਲਈ ਕਿਸੇ ਵੀ ਅਧਿਕਾਰਤ ਆਸਟ੍ਰੇਲੀਅਨ ਵੀਜ਼ਾ ਅਰਜ਼ੀਆਂ ਦੀ ਧਿਆਨ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਭਾਵਨਾ ਭੜਕ ਰਹੀ ਹੈ, ਜਿਸ ਵਿੱਚ ਯਹੂਦੀਆਂ ਅਤੇ ਯਹੂਦੀ ਸੰਸਥਾਵਾਂ ਵਿਰੁੱਧ ਹਿੰਸਾ ਵੀ ਸ਼ਾਮਲ ਹੈ, ਪਰ ਆਸਟ੍ਰੇਲੀਅਨ ਸਰਕਾਰ ਝੂਠੇ ਦੋਸ਼ਾਂ ਰਾਹੀਂ ਇਸਨੂੰ ਹੋਰ ਭੜਕਾਉਣ ਦਾ ਯਤਨ ਕਰ ਰਹੀ ਹੈ। ਇੰਝ ਲੱਗਦਾ ਹੈ ਕਿ ਇਜ਼ਰਾਈਲੀ ਸ਼ਖਸੀਅਤਾਂ ਦੇ ਦੌਰੇ ਨਾਲ ਭਾਈਚਾਰਕ ਏਕਤਾ ਨੂੰ ਖਤਰਾ ਪੈਦਾ ਹੋ ਜਾਵੇਗਾ ਆਸਟ੍ਰੇਲੀਆ ਦੀ ਮੁਸਲਿਮ ਆਬਾਦੀ ਨੂੰ ਨੁਕਸਾਨ ਹੋਵੇਗਾ।”
ਇਜ਼ਰਾਈਲ ਦੇ ਵਲੋਂ ਲਿਆ ਗਿਆ ਇਹ ਕਦਮ ਆਸਟ੍ਰੇਲੀਆ ਦੇ ਵਲੋਂ ਫਲਸਤੀਨ ਨੂੰ ਇੱਕ ਸਟੇਟ ਵਜੋਂ ਮਾਨਤਾ ਦੇਣ ਦੇ ਫੈਸਲੇ ਅਤੇ ਸਾਬਕਾ ਮੰਤਰੀ ਆਇਲੇਟ ਸ਼ੇਕੇਡ ਅਤੇ ਨੇਸੈੱਟ ਦੀ ਸੰਵਿਧਾਨ, ਕਾਨੂੰਨ ਅਤੇ ਨਿਆਂ ਕਮੇਟੀ ਦੇ ਚੇਅਰਮੈਨ ਐਮਕੇ ਸਿਮਚਾ ਰੋਟਮੈਨ ਸਮੇਤ ਹੋਰ ਕਈ ਇਜ਼ਰਾਈਲੀ ਸ਼ਖਸੀਅਤਾਂ ਨੂੰ ਵੀਜ਼ਾ ਦੇਣ ਤੋਂ ਆਸਟ੍ਰੇਲੀਆ ਵੱਲੋਂ ਅਣਉਚਿਤ ਇਨਕਾਰ ਕਰਨ ਦੇ ਪਿਛੋਕੜ ਦੇ ਵਿੱਚ ਆਇਆ ਹੈ।
ਅਸਲ ਦੇ ਵਿੱਚ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਅੱਜ ਸਿਮਚਾ ਰੋਥਮੈਨ ਦੇ ਆਸਟ੍ਰੇਲੀਆ ਪਹੁੰਚਣ ਤੋਂ ਠੀਕ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਅਤੇ ਉਨ੍ਹਾਂ ‘ਤੇ ਤਿੰਨ ਸਾਲ ਦੀ ਪਾਬੰਦੀ ਲਗਾ ਦਿੱਤੀ ਸੀ। ਸਿਮਚਾ ਰੌਥਮੈਨ ਜੋ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਹਨ ਦੇ ਵਲੋਂ ਆਸਟ੍ਰੇਲੀਆ ਦੇ ਯਹੂਦੀ ਪੂਜਾ ਸਥਾਨਾਂ ਅਤੇ ਸਕੂਲਾਂ ਵਿੱਚ ਭਾਸ਼ਣ ਦੇਣ ਦੇ ਪਿਛਲੇ ਦਿਨਾਂ ਦੇ ਦੌਰਾਨ ਕੱੁਝ ਇੱਕ ਵਾਪਰੀਆਂ ਘਟਨਾਵਾਂ ਦੇ ਨਾਲ-ਨਾਲ ਇਜ਼ਰਾਈਲੀ ਪੀੜਤਾਂ ਨਾਲ ਮੀਟਿੰਗਾਂ ਕਰਨ ਅਤੇ ਨਿਸ਼ਾਨਾ ਬਣਾਈਆਂ ਗਈਆਂ ਸੰਸਥਾਵਾਂ ਦਾ ਦੌਰਾ ਕੀਤਾ ਜਾਣਾ ਸੀ।
ਆਸਟ੍ਰੇਲੀਅਨ ਯਹੂਦੀ ਐਸੋਸੀਏਸ਼ਨ ਦੇ ਚੀਫ਼ ਐਗਜ਼ੀਕਿਊਟਿਵ ਰੌਬਰਟ ਗ੍ਰੇਗਰੀ ਨੇ ਇਸ ਸਾਰੇ ਮਾਮਲੇ ਸਬੰਧੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ, “ਐਲਬਨੀਜ਼ ਸਰਕਾਰ ਵੱਲੋਂ ਇੱਕ ਯਹੂਦੀ ਸੰਸਦ ਮੈਂਬਰ ਦਾ ਵੀਜ਼ਾ ਸਨਸਨੀਖੇਜ਼ ਤੌਰ ‘ਤੇ ਰੱਦ ਕਰਨ ਤੋਂ ਬਾਅਦ ਇਜ਼ਰਾਈਲੀ ਅੰਤਰਰਾਸ਼ਟਰੀ ਨਾਗਰਿਕਾਂ ਨਾਲ ਆਪਣੇ ਵਿਵਹਾਰ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੇ ਨਿਸ਼ਾਨੇ ਉਪਰ ਹੈ। ਪਰ ਇਜ਼ਰਾਈਲੀ ਸੰਸਦ ਮੈਂਬਰ ਦਾ ਵੀਜ਼ਾ ਅਚਾਨਕ ਉਸ ਦਿਨ ਰੱਦ ਕਰ ਦਿੱਤਾ ਗਿਆ ਜਿਸ ਦਿਨ ਉਹ ਆਪਣੀ ਉਡਾਣ ‘ਤੇ ਚੜ੍ਹਨ ਵਾਲੇ ਸਨ। ਇਸ ਕਦਮ ਨਾਲ ਐਲਬਨੀਜ਼ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਹੂਦੀ ਮਹਿਮਾਨਾਂ ਨਾਲ ਮਾੜਾ ਵਿਵਹਾਰ ਕੀਤੇ ਜਾਣ ਦਾ ਇੱਕ ਰੁਝਾਨ ਬਣ ਗਿਆ ਹੈ। ਰੋਥਮੈਨ ਦੀ ਫੇਰੀ ਦਾ ਮਕਸਦ ਆਸਟ੍ਰੇਲੀਆ ਦੇ ਯਹੂਦੀ ਭਾਈਚਾਰੇ ਨਾਲ ਏਕਤਾ ਦਿਖਾਉਣ ਲਈ ਸੀ, ਜੋ ਕਿ ਯਹੂਦੀ-ਵਿਰੋਧਵਾਦ ਦੀ ਲਹਿਰ ਦੇ ਨਾਲ ਲੜ ਰਿਹਾ ਹੈ। ਇਹ ਇੱਕ ਅਜਿਹੀ ਸਰਕਾਰ ਦਾ ਇੱਕ ਯਹੂਦੀ-ਵਿਰੋਧੀ ਗਲਤ ਕਦਮ ਹੈ ਜੋ ਯਹੂਦੀ ਭਾਈਚਾਰੇ ਅਤੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣ ‘ਤੇ ਉਤਾਰੂ ਹੈ। ਸੰਸਦ ਮੈਂਬਰ ਦੇ ਸਾਰੇ ਕਾਗਜ਼ਾਤ ਸਹੀ ਢੰਗ ਨਾਲ ਅਤੇ ਸਮੇਂ ਸਿਰ ਭਰੇ ਗਏ ਸਨ ਅਤੇ ਵੀਜ਼ਾ ਬਿਨਾਂ ਕਿਸੇ ਪਰੇਸ਼ਾਨੀ ਦੇ ਮਨਜ਼ੂਰ ਕਰ ਲਿਆ ਗਿਆ ਸੀ। ਆਖਰੀ ਸਮੇਂ ਵੀਜ਼ਾ ਰੱਦ ਕਰਨ ਦਾ ਸਮਾਂ ਬਦਨੀਤੀਪੂਰਨ ਸੀ ਅਤੇ ਇਸਦਾ ਮਕਸਦ ਆਸਟ੍ਰੇਲੀਅਨ ਯਹੂਦੀ ਭਾਈਚਾਰੇ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਸੀ। ਐਸੋਸੀਏਸ਼ਨ ਨੂੰ ਉਦੋਂ ਤੋਂ ਆਸਟ੍ਰੇਲੀਅਨ ਯਹੂਦੀਆਂ ਦੀ ਵੱਧ ਰਹੀ ਗਿਣਤੀ ਤੋਂ ਜਾਣੂ ਹੋ ਗਈ ਹੈ ਜੋ ਹੁਣ ਐਲਬਨੀਜ਼ ਸਰਕਾਰ ਦੇ ਵਿੱਚ ਖੁਦ ਨੂੰ ਅਸਵੀਕਾਰਯੋਗ ਮਹਿਸੂਸ ਕਰ ਰਹੇ ਹਨ ਅਤੇ ਦੇਸ਼ ਛੱਡਣ ਦੀ ਯੋਜਨਾ ਬਣਾ ਰਹੇ ਹਨ। ਅਜਿਹਾ ਲੱਗਦਾ ਹੈ ਕਿ ਸਰਕਾਰ ਹਜ਼ਾਰਾਂ ਗਾਜ਼ਾ ਵਾਸੀਆਂ ਨੂੰ ਇੰਪੋਰਟ ਕਰਕੇ ਉਨ੍ਹਾਂ ਦੀ ਥਾਂ ਲੈਣ ਲਈ ਤਿਆਰ ਹੈ। ਇਜ਼ਰਾਈਲ ਦੁਆਰਾ ਇਸ ਦੇ ਜਵਾਬ ਵਿੱਚ ਸਖ਼ਤ ਕਦਮ ਚੁੱਕਣਾ ਪੂਰੀ ਤਰ੍ਹਾਂ ਉਚਿਤ ਹੈ ਅਤੇ ਅਸੀਂ ਟਰੰਪ ਪ੍ਰਸ਼ਾਸਨ ਵਿੱਚ ਆਪਣੇ ਸੰਪਰਕਾਂ ਨੂੰ ਸੂਚਿਤ ਕੀਤਾ ਹੈ ਜੋ ਆਸਟ੍ਰੇਲੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਦੇ ਵਿੱਚ ਹਨ।”