
ਵਿਸਾਖੀ ਦੀ ਮਹੱਤਤਾ ਕਈ ਪੱਖਾਂ ਤੋਂ ਹੈ। ਪੰਜਾਬੀ ਨਵਾਂ ਸਾਲ ਸ਼ੁਰੂ ਹੋਣ ਦੇ ਨਾਲ ਵਿਸਾਖੀ ਵਾਲੇ ਦਿਨ ਵੈਸਾਖ ਮਹੀਨੇ ਦਾ ਆਰੰਭ ਵਾਲਾ ਦਿਨ ਹੁੰਦਾ ਹੈ। ਇਹ ਤਿਉਹਾਰ ਮੌਸਮ ਤਬਦੀਲੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਵਿਸਾਖੀ ਨੂੰ ਕਣਕਾਂ ਵਾਢੀ ਲਈ ਤਿਆਰ ਹੋ ਜਾਂਦੀਆਂ ਹਨ। ਸਾਰੇ ਪਾਸੇ ਸੁਨਿਹਰੀ ਰੰਗ ਦੀਆਂ ਕਣਕਾਂ ਠਾਠਾਂ ਮਾਰਦੀਆਂ ਹਨ। ਕਿਸਾਨ ਦੇ ਚਿਹਰੇ ਫਸਲਾਂ ਦੇਖ ਕੇ ਖਿੜੇ ਹੁੰਦੇ ਹਨ ਅਤੇ ਉਹ ਰੰਗ ਬਰੰਗੇ ਕਪੜੇ ਪਾ, ਸਿੰਗਾਰ ਲਾ ਖੁਸ਼ੀਆਂ ਮਨਾਉਂਦੇ ਭੰਗੜੇ, ਬੋਲੀਆਂ ਪਾਉਂਦੇ ਹਨ। ਵਿਸਾਖੀ ਵਾਲੇ ਦਿਨ ਕਈ ਮੇਲੇ ਲਗਦੇ ਹਨ। ਹਰ ਖਿੱਤੇ ਦੇ ਲੋਕ ਆਪਣੇ ਆਪਣੇ ਢੰਗ ਨਾਲ ਖੁਸ਼ੀ ਨਾਲ ਮੇਲੇ ਮਨਾਉਂਦੇ ਹਨ ਅਤੇ ਭਾਂਤ-ਭਾਂਤ ਦੇ ਪਕਵਾਨ ਬਣਾਉਂਦੇ ਹਨ। ਨਾਚ, ਭੰਗੜੇ, ਗੀਤ ਸੰਗੀਤ ਆਦਿ ਮਨਪ੍ਰਚਾਵੇ ਲਈ ਕਰੇ ਜਾਂਦੇ ਹਨ। ਵਿਸਾਖੀ ਨੂੰ ਮੇਖ ਵੀ ਕਹਿੰਦੇ ਹਨ। ਲੋਕ ਅਖਾਣ ਵੀ ਕਣਕ ਦੀ ਵਾਢੀ ਨੂੰ ਸੈਨਤਾਂ ਮਾਰਦਾ ਹੈ:
‘ਜੱਟਾ ਆਈ ਮੇਖ, ਕੱਚੀ ਪੱਕੀ ਨਾ ਦੇਖ’ ।
ਸਿੱਖਾਂ ਲਈ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਸਾਲ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਇੱਕ ਭਰਵੇਂ ਇਕੱਠ ਵਿੱਚ ਖਾਲਸਾ ਪੰਥ ਦੀ ਸ਼ਾਜਨਾ ਕਰ ਕੇ ਜਾਤ ਪਾਤ, ਊਚ-ਨੀਚ ਦੇ ਭੇਦ-ਭਾਵ ਨੂੰ ਮਿਟਾ ਕੇ ਇੱਕ ਨਵਾਂ ਸੰਕਲਪ ਲੈ ਕੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਨੂੰ ਸੁਰੂ ਕੀਤਾ। ਗੁਰੂ ਜੀ ਨੇ ਪਹਿਲਾਂ ਪੰਜ ਪਿਆਰਿਆ ਨੂੰ ਅੰਮ੍ਰਿਤ ਛਕਾਇਆ ਫਿਰ ਉਨ੍ਹਾਂ ਤੋਂ ਆਪ ਅੰੰਮ੍ਰਿਤ ਛਕ ਕੇ ਨਿਵੇਕਲੀ ਗੱਲ ਕੀਤੀ। ਇਹ ਪੰਜ ਪਿਆਰੇ ਵੱਖ-ਵੱਖ ਜਾਤਾਂ ਵਿੱਚੋਂ ਸਨ। ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸੇ ਦਾ ਜਨਮ ਦਿਹਾੜਾ ਮਨਾਉਂਦਾ ਹੈ। ਸਾਰੇ ਗੁਰਦੁਆਰਿਆਂ, ਵਿਸ਼ੇਸ਼ ਕਰਕੇ ਤਲਵੰਡੀ ਸਾਬੋ ਵਿਖੇ ਖਾਲਸਾ ਸ਼ਾਜਨਾ ਦਿਵਸ ਬੜੀ ਧੁਮ-ਧਾਮ ਨਾਲ ਕੀਰਤਨ, ਕਥਾ ਸਮਾਗਮ ਕਰਵਾ ਕੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਰੋਵਰਾਂ ਵਿੱਚ ਇਸਨਾਨ ਕਰਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ।
ਵਿਸਾਖੀ ਵਾਲੇ ਦਿਨ ਹੀ ਸਾਲ 1801 ਨੂੰ ਬਾਬਾ ਸਾਹਿਬ ਸਿੰਘ ਬੇਦੀ ਨੇ ਇੱਕ ਵੱਡੇ ਦਰਬਾਰ ਵਿੱਚ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਉਪਾਧੀ ਦਿੱਤੀ ਸੀ।
ਅੰਮ੍ਰਿਤਸਰ ਵਿਖੇ ਰਾਜਾ ਜਸਵੰਤ ਸਿੰਘ ਦੇ ਵਕੀਲ ਹਮੀਤ ਸਿੰਘ ਜੱਲਾ੍ਹ ਦਾ ਬਾਗ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵਕੀਲ ਸੀ। ਹਮੀਤ ਸਿੰਘ ਦਾ ਗੋਤ ਜਲ੍ਹਾ ਹੋਣ ਕਰਕੇ ਇਸ ਬਾਗ ਦਾ ਨਾਮ ਜਲ੍ਹਿਆਂ ਵਾਲਾ ਬਾਗ ਪੈ ਗਿਆ। ਅੰਗਰੇਜ਼ ਹਕੂਮਤ ਤੋਂ ਤੰਗ ਦੇਸ਼ ਵਾਸੀਆਂ ਨੇ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਜਲ੍ਹਿਆਂ ਵਾਲੇ ਬਾਗ ਵਿੱਚ ਰੌਲਟ ਐਕਟ ਦੇ ਵਿਰੋਧ ਵਿੱਚ ਇੱਕ ਵੱਡਾ ਇਕੱਠ ਰੱਖਿਆ ਸੀ ਜਿਸ ਉੱਪਰ ਜਨਰਲ Eਡਵਾਇਰ ਨੇ ਹਜ਼ਾਰਾਂ ਨਿਰਦੋਸ਼, ਨਿਹੱਥੇ ਪੰਜਾਬੀਆਂ ਨੂੰ ਗੋਲੀਆਂ ਨਾਲ ਭੁੰਨ ਦੇਣ ਦਾ ਹੁਕਮ ਦਿੱਤਾ ਸੀ ਕਿਉਂਕਿ ਇਸ ਬਾਗ ਵਿੱਚੋਂ ਬਾਹਰ ਨਿਕਲਣ ਦਾ ਇੱਕੋ ਹੀ ਰਸਤਾ ਸੀ ਜਿਸ ਕਰਕੇ ਭੀੜ ਖਿੰਡ ਨਹੀਂ ਸਕੀ। ਇਸ ਘਟਨਾ ਨੇ ਸਾਰੇ ਦੇਸ਼ ਵਿੱਚ ਤਹਿਲਕਾ ਮਚਾ ਦਿੱਤਾ ਸੀ। ਆਜ਼ਾਦੀ ਦੀ ਲੜਾਈ ਨੂੰ ਇਸ ਕਾਂਡ ਨੇ ਹੋਰ ਮਘਾ ਦਿੱਤਾ। ਇਸ ਹੱਤਿਆ ਕਾਂਡ ਦਾ ਬਦਲਾ ਸੁਨਾਮ ਦੇ ਵਾਸੀ ਊਧਮ ਸਿੰਘ ਨੇ ਇੰਗਲੈਂਡ ਵਿੱਚ ਜਨਰਲ Eਡਵਾਇਰ ਨੂੰ ਗੋਲੀ ਨਾਲ ਮਾਰ ਕੇ ਲਿਆ ਸੀ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਇਥੇ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ। ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲਾ ਬਾਗ ਵਿੱਚ ਬਣੇ ਸ਼ਹੀਦੀ ਸਮਾਰਕ ਵਿਖੇ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸਰਧਾਂਜ਼ਲੀ ਭੇਟ ਕੀਤੀ ਜਾਂਦੀ ਹੈ। ਸੋ ਪੰਜਾਬੀਆਂ ਲਈ ਵਿਸਾਖੀ ਵਾਲਾ ਦਿਨ ਚੜ੍ਹਦੀਕਲਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।