ਆਬੂਧਾਬੀ – ਭਾਰਤੀ ਫਿਲਮੀ ਸਿਤਾਰਿਆਂ ਨਾਲ ਸਜੇ 22ਵੇਂ ਇੰਟਰਨੈਸ਼ਨਲ ਇੰਡੀਅਨ ਫਿਲਮ ਅਕਾਦਮੀ (ਆਈਫਾ) ਐਵਾਰਡਜ਼ ਪ੍ਰੋਗਰਾਮ ਸ਼ਨਿਚਰਵਾਰ ਨੂੰ ਆਬੂਧਾਬੀ ਦੇ ਇਤਿਹਾਦ ਅਰੀਨ ’ਚ ਧੂਮਧਾਮ ਨਾਲ ਸੰਪੰਨ ਹੋ ਗਿਆ। ਵਿੱਕੀ ਕੌਸ਼ਲ ਨੂੰ ਫਿਲਮ ‘ਸਰਦਾਰ ਊਧਮ’ ਲਈ ਸਰਬੋਤਮ ਅਦਾਕਾਰ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ। ਸਰਬੋਤਮ ਅਦਾਕਾਰਾ ਦਾ ਐਵਾਰਡ ਕ੍ਰਿਤੀ ਸੈਨਨ ਨੂੰ ਫਿਲਮ ‘ਮਿਮੀ’ ਲਈ ਦਿੱਤਾ ਗਿਆ।
ਐਵਾਰਡ ਮਿਲਣ ਤੋਂ ਬਾਅਦ ਖ਼ੁਸ਼ੀ ’ਚ ਫੁੱਲੇ ਨਾ ਸਮਾਏ ਵਿੱਕੀ ਨੇ ਕਿਹਾ, ‘ਸੱਤ ਸਾਲ ਪਹਿਲਾਂ ਜਦੋਂ ਮੈਂ ਆਡੀਸ਼ਨ ਦੇਣ ਲਈ ਦਰਵਾਜ਼ੇ ਖਡ਼ਕਾਉਂਦਾ ਹੁੰਦਾ ਸੀ, ਉਦੋਂ ਕੰਮ ਨਹੀਂ ਮਿਲਦਾ ਸੀ। ਮੈਂ ਮਾਂ ਨੂੰ ਕਿਹਾ ਸੀ ਕਿ ਪਤਾ ਨਹੀਂ ਸਭ ਕਿਵੇਂ ਹੋਵੇਗਾ? ਉਦੋਂ ਮਾਂ ਨੇ ਕਿਹਾ ਸੀ ਕਿ ਤੇਰਾ ਕੰਮ ਇਹ ਦੇਖਣਾ ਨਹੀਂ ਕਿ ਉਹ ਕਿਵੇਂ ਹੋਵੇਗਾ, ਤੇਰਾ ਕੰਮ ਹੈ ਭਰੋਸਾ ਰੱਖਣਾ ਕਿ ਹਾਂ ਇਹ ਹੋਵੇਗਾ।’ ਆਈਫਾ ਦੀ ਮੇਜ਼ਬਾਨੀ ਸਲਮਾਨ ਖ਼ਾਨ, ਰਿਤੇਸ਼ ਦੇਸ਼ਮੁਖ ਤੇ ਮਨੀਸ਼ ਪਾਲ ਨੇ ਕੀਤੀ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਦੇ ਸਾਬਕਾ ਰਾਸ਼ਟਰਪਤੀ ਸ਼ੇਖ ਖ਼ਲੀਫਾ ਬਿਨ ਜਾਇਦ ਅਲ ਨਹਿਯਾਨ ਨੂੰ ਸ਼ਰਧਾਂਜਲੀ ਦੇਣ ਲਈ ਇਕ ਮਿੰਟ ਦਾ ਮੌਨ ਰੱਖਿਆ ਗਿਆ ਜਿਨ੍ਹਾਂ ਦਾ ਪਿਛਲੇ ਮਹੀਨੇ ਦੇਹਾਂਤ ਹੋ ਗਿਆ ਸੀ।
ਮਹਾਮਾਰੀ ਕਾਰਨ ਦੋ ਸਾਲ ਤਕ ਆਈਫਾ ਐਵਾਰਡ ਨਹੀਂ ਕਰਵਾਏ ਗਏ ਸਨ। ਸਮਾਗਮ ’ਚ ਬਾਈਕ ਨਾਲ ਐਂਟਰੀ ਕਰਨ ਵਾਲੇ ਸਲਮਾਨ ਖ਼ਾਨ ਨੇ ਕਿਹਾ, ‘ਅੱਜ ਆਬੂਧਾਬੀ ਦੇ ਲੋਕਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਮੰਨੋ ਸਾਡੇ ਦਰਮਿਆਨ ਦੋ ਸਾਲ ਦਾ ਫ਼ਾਸਲਾ ਸੀ ਹੀ ਨਹੀਂ। ਅਸੀਂ ਹਮੇਸ਼ਾ ਨਾਲ ਸਨ ਤੇ ਨਾਲ ਰਹਾਂਗੇ। ਇਹ ਨਵਾਂ ਸਾਲ ਹੈ, ਨਵਾਂ ਆਈਫਾ ਹੈ।’ ਇਸ ਦੌਰਾਨ ਟਾਈਗਰ ਸ਼ਰਾਫ ਨੇ ਹੀਰੋਪੰਤੀ, ਵਾਰ ਦੇ ਗਾਣੇ ‘ਜੈ-ਜੈ ਸ਼ਿਵਸ਼ੰਕਰ…’ ’ਤੇ ਸਮਾਂ ਬੰਨ੍ਹਿਆ, ਉੱਥੇ ਹੀ ਨੋਰਾ ਫਤੇਹੀ ਨੇ ‘ਕੁਸੁ ਕੁਸੁ… ਦਿਲਬਰ ਦਿਲਬਰ…’ ਗਾਣੇ ’ਤੇ ਪੇਸ਼ਕਾਰੀ ਦਿੱਤੀ। ਅਨੰਨਿਆ ਪਾਂਡੇ ਨੇ ਪਹਿਲੀ ਵਾਰੀ ਲਾਈਵ ਸਟੇਜ ਪਰਫਾਰਮੈਂਸ ਦਿੱਤੀ। ਉਨ੍ਹਾਂ ਪੁਸ਼ਪਾ ਫਿਲਮ ਦੇ ਗਾਣੇ ‘ਸਾਮੀ…, ਯੇ ਜਵਾਨੀ ਹੈ ਦੀਵਾਨੀ…’ ’ਤੇ ਡਾਂਸ ਕੀਤਾ। ਸਾਰਾ ਅਲੀ ਖ਼ਾਨ ਨੇ ‘ਗੋਰੀਆ ਚੁਰਾਇਆ ਮੇਰਾ ਜੀਆ…, ਚਕਾ ਚਕ…, ਆਂਖ ਮਾਰੇ…’ ਗਾਣਿਆਂ ’ਤੇ ਪਰਫਾਰਮ ਕੀਤਾ। ਕਾਰਤਿਕ ਆਰਿਅਨ ਕੋਵਿਡ ਪਾਜ਼ੇਟਿਵ ਹੋਣ ਕਾਰਨ ਆਈਫਾ ’ਚ ਪਰਫਾਰਮ ਕਰਨ ਲਈ ਨਹੀਂ ਆ ਸਕੇ। ਐਵਾਰਡ ਸਮਾਗਮ ’ਚ ਚਾਰ ਚੰਦ ਲਗਾਏ ਅਭਿਸ਼ੇਕ ਬੱਚਨ ਤੇ ਸ਼ਾਹਿਦ ਕਪੂਰ ਨੇ। ਜਿੱਥੇ ਅਭਿਸ਼ੇਕ ਦਰਸ਼ਕਾਂ ਦਰਮਿਆਨ ਹੁੰਦੇ ਹੋਏ ‘ਹਮ ਇੰਡੀਆ ਵਾਲੇ…’ ਗਾਣੇ ’ਤੇ ਡਾਂਸ ਕਰਨ ਸਟੇਜ ’ਤੇ ਪੁੱਜੇ, ਉੱਥੇ ਸ਼ਾਹਿਦ ਨੇ ਬੱਪੀ ਲਹਿਰੀ ਦੇ ਗਾਣਿਆਂ ’ਤੇ ਡਾਂਸ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਬਣੇ ਜੇਤੂ
– ਸਰਬੋਤਮ ਫਿਲਮ : ਸ਼ੇਰਸ਼ਾਹ
– ਸਰਬੋਤਮ ਨਿਰਦੇਸ਼ਕ : ਵਿਸ਼ਣੂਵਰਮਨ (ਫਿਲਮ ਸ਼ੇਰਸ਼ਾਹ)
– ਸਰਬੋਤਮ ਅਦਾਕਾਰ : ਵਿੱਕੀ ਕੌਸ਼ਲ (ਫਿਲਮ ਸਰਦਾਰ ਊਧਮ)
– ਸਰਬੋਤਮ ਅਦਾਕਾਰਾ : ਕ੍ਰਿਤੀ ਸੈਨਨ (ਫਿਲਮ ਮਿਮੀ)
– ਸਰਬੋਤਮ ਸਹਿ-ਅਦਾਕਾਰਾ : ਸਈ ਤਾਮਹਣਕਰ (ਫਿਲਮ ਮਿਮੀ)
– ਸਰਬੋਤਮ ਸਹਿ-ਅਦਾਕਾਰ : ਪੰਕਜ ਤ੍ਰਿਪਾਠੀ (ਫਿਲਮ ਲੂਡੋ)
– ਸਰਬੋਤਮ ਕਹਾਣੀ ਓਰੀਜਨਲ : ਅਨੁਰਾਗ ਬਾਸੂ (ਫਿਲਮ ਲੂਡੋ)
– ਸਰਬੋਤਮ ਕਹਾਣੀ (ਅਡੈਪਟਿਡ) : ਕਬੀਰ ਖ਼ਾਨ, ਸੰਜੇ ਪੂਰਨ ਸਿੰਘ ਚੌਹਾਨ (ਫਿਲਮ 83)
– ਸਰਬੋਤਮ ਸੰਗੀਤਕਾਰ : ਏਆਰ ਰਹਿਮਾਨ (ਫਿਲਮ ਅਤਰੰਗੀ ਰੇ), ਤਨਿਸ਼ਕ ਬਾਗਚੀ, ਜਸਲੀਨ ਰਾਇਲ, ਜਾਵੇਦ-ਮੋਹਸਿਨ, ਵਿਕਰਮ ਮੋਂਤ੍ਰੋਸੇ, ਬੀ ਪਰਾਕ, ਜਾਨੀ (ਫਿਲਮ ਸ਼ੇਰਸ਼ਾਹ)
– ਸਰਬੋਤਮ ਗੀਤਕਾਰ : ਕੌਸਰ ਮੁਨੀਰ-ਲਹਿਰਾ ਦੋ… (ਫਿਲਮ 83)
– ਸਰਬੋਤਮ ਗਾਇਕ : ਜੁਬਿਨ ਨੌਟਿਆਲ, ਰਾਤਾ ਲੰਬੀਆ (ਫਿਲਮ ਸ਼ੇਰਸ਼ਾਹ)
– ਸਰਬੋਤਮ ਗਾਇਕਾ : ਅਸੀਸ ਕੌਰ, ਰਾਤਾ ਲੰਬੀਆ (ਫਿਲਮ ਸ਼ੇਰਸ਼ਾਹ)
– ਸਰਬੋਤਮ ਉੱਭਰਦਾ ਅਦਾਕਾਰ : ਅਹਾਨ ਸ਼ੈੱਟੀ (ਫਿਲਮ ਤਡ਼ਪ)
– ਸਰਬੋਤਮ ਉੱਭਰਦੀ ਅਦਾਕਾਰਾ : ਸ਼ਰਵਰੀ ਵਾਘ (ਬੰਟੀ ਤੇ ਬਬਲੀ-2)
ਵਿੱਕੀ ਨੂੰ ਸਰਬੋਤਮ ਅਦਾਕਾਰ ਤੇ ਕ੍ਰਿਤੀ ਨੂੰ ਸਰਬੋਤਮ ਅਦਾਕਾਰਾ ਦਾ ਐਵਾਰਡ