ਇਤਿਹਾਸਕ ਅਤੇ ਖੁਦਮੁਖ਼ਤਿਆਰ ਵਿੱਦਿਅਕ ਸੰਸਥਾ ਖਾਲਸਾ ਕਾਲਜ ਦਾ ਅੱਜ 133ਵਾਂ ਸਥਾਪਨਾ ਦਿਵਸ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜ੍ਹੀ ਸ਼ਰਧਾ ਸਹਿਤ ਮਨਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਗਮ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਯੂ. ਐਸ. ਏ. ਇਤਿਹਾਸਕਾਰ ਸ: ਗੁਰਿੰਦਰਜੀਤ ਸਿੰਘ ਜੋਸਨ ਅਤੇ ਸਿੱਖ ਇਤਿਹਾਸ ਮਾਹਿਰ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰੂ ਚਰਨਾਂ ’ਚ ਹਾਜ਼ਰੀ ਲਗਵਾਈ।
ਇਸ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸੰਸਥਾ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਟੱਡੀ ਸੈਂਟਰ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ ਗਿਆ।
ਇਸ ਉਪਰੰਤ ਸਥਾਪਨਾ ਦਿਵਸ ਦੇ ਸਬੰਧ ’ਚ ਬਾਅਦ ਦੁਪਿਹਰ ਕਰਵਾਏ ਗਏ ਸੈਮੀਨਾਰ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਅੱਜ ਤੋਂ 133 ਸਾਲਾਂ ਪਹਿਲਾਂ ਕਾਲਜ ਦਾ ਨੀਂਹ ਪੱਥਰ ਉਸ ਸਮੇਂ ਦੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਸਰ ਜੇਮ ਬਰੌਡਵੁੱਡ ਲਾਇਲ ਨੇ 5 ਮਾਰਚ 1892 ਨੂੰ ਰੱਖਿਆ। ਉਨ੍ਹਾਂ ਕਿਹਾ ਕਿ ਕਾਲਜ ਆਪਣੇ ਸ਼ੁਰੂਆਤ ਦੌਰ ਸਮੇਂ ਪਹਿਲਾਂ ਕਲੱਕਤਾ ਯੂਨੀਵਰਸਿਟੀ (ਹੁਣ ਕੋਲਕਾਤਾ ਨਾਮ ਨਾਲ ਪ੍ਰਸਿੱਧ) ਫ਼ਿਰ ਪੰਜਾਬ ਯੂਨੀਵਰਸਿਟੀ, ਲਾਹੌਰ ਅਧੀਨ ਰਿਹਾ ਅਤੇ ਹੁਣ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਧੀਨ ਸਫ਼ਲਤਾਵਾਂ ਦੀਆਂ ਪੁਲਾਂਘਾ ਪੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪ੍ਰਸਿੱਧ ਖ਼ਾਲਸਾ ਕਾਲਜ ਨੇ ਆਪਣੇ 133 ਸਾਲਾਂ ਦੇ ਲੰਮੇਂ ਵਕਫ਼ੇ ਦੌਰਾਨ ਅਨੇਕਾਂ ਨਾਮਵਰ ਬਿਜਨੈਸ, ਰਾਜਨੀਤਿਕ, ਗਾਇਕ ਤੇ ਅਦਾਕਾਰਾਂ ਦੇ ਨਾਵਾਂ ਦੀ ਲੰਮੀ ਕਤਾਰ ਦਰਜ ਹੈ।
ਇਸ ਮੌਕੇ ਡਾ. ਗੋਗੋਆਣੀ ਨੇ ਕਿਹਾ ਕਿ ਪੰਜਾਬ ’ਤੇ ਅੰਗਰੇਜਾਂ ਦੇ ਕਬਜ਼ੇ ਤੋਂ ਪਿੱਛੋਂ ਪੱਛਮੀ ਸਿੱਖਿਆ ਅਤੇ ਧਰਮ ਦਾ ਪ੍ਰਭਾਵ ਪੈਣਾ ਆਰੰਭ ਹੋ ਗਿਆ ਸੀ। ਇਸ ਪ੍ਰਤੀਕ੍ਰਮ ਵਜੋਂ ਆਪਣੇ ਵਿਰਸੇ ਨਾਲ ਮੋਹ ਦੀ ਭਾਵਨਾ ’ਚੋਂ ‘ਸਿੰਘ ਸਭਾ ਲਹਿਰ’ ਦਾ ਜਨਮ ਹੋਇਆ। ਇਸ ਲਹਿਰ ਨੇ ਸਿੱਖ ਮੱਤ ਦਾ ਪੁਨਰ-ਨਿਰਮਾਣ ਕਰਕੇ ਆਧੁਨਿਕ ਗਿਆਨ ਪੈਦਾ ਕਰਨ ਦੀ ਜਾਗ ਲਾਈ। ਸੁਭਾਵਿਕ ਹੀ ਅਜਿਹਾ ਗਿਆਨ, ਵਿਗਿਆਨਿਕ ਲੀਹਾਂ ’ਤੇ ਦਿੱਤੀ ਗਈ ਸਿੱਖਿਆ ਰਾਹੀਂ ਹੀ ਪ੍ਰਾਪਤ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਸ ਲਹਿਰ ਨੇ ਪੰਜਾਬ ’ਚ ਸਿੱਖਿਆ ਸੰਸਥਾਵਾਂ ਖੋਲ੍ਹਣ, ਪੰਜਾਬੀ ਦੀ ਪੜ੍ਹਾਈ ਅਤੇ ਇਸਤਰੀਆਂ ਨੂੰ ਸਿੱਖਿਆ ਦਿੱਤੇ ਜਾਣ ’ਤੇ ਜ਼ੋਰ ਦਿੱਤਾ। ਕਾਲਜ ਦੀ ਸਥਾਪਨਾ ਵੀ ‘ਸਿੰਘ ਸਭਾ ਲਹਿਰ’ ਦੀਆਂ ਅਜਿਹੀਆਂ ਲਗਾਤਾਰ ਕੋਸ਼ਿਸ਼ਾਂ ਦਾ ਹੀ ਪ੍ਰਤੀਫ਼ਲ ਸੀ।
ਇਨ੍ਹਾਂ ਉੇਦੇਸ਼ਾਂ ਨੂੰ ਮੁੱਖ ਰੱਖਕੇ ਖਾਲਸਾ ਕਾਲਜ ਲਈ ਕੋਟ ਸੈਦ ਮਹਿਮੂਦ (ਹੁਣ ਕੋਟ ਖਾਲਸਾ) ਵਿਖੇ 101 ਏਕੜ ਜ਼ਮੀਨ ਖ਼ਰੀਦੀ ਗਈ। ਉਸ ਸਮੇਂ ਦੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਸਰ ਜੇਮ ਬਰੌਡਵੁੱਡ ਲਾਇਲ ਨੇ 5 ਮਾਰਚ 1892 ਨੂੰ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਸ ਸਮੇਂ ਕਰੀਬ 100 ਮੈਂਬਰੀ ਗਵਰਨਿੰਗ ਕੌਂਸਲ ਦਾ ਗਠਨ ਕੀਤਾ ਗਿਆ ਅਤੇ 30 ਮੈਂਬਰਾਂ ਦੀ ਕਾਰਜਕਾਰੀ ਕਮੇਟੀ ਬਣਾਈ ਗਈ। ਉਨ੍ਹਾਂ ਕਿਹਾ ਕਿ 3 ਅਪ੍ਰੈਲ 1892 ਨੂੰ ਡਾ. ਵਿਲੀਅਮ ਐੱਚ ਰੱਤੀਗਨ ਨੇ ਕੌਂਸਲ ਦੇ ਪ੍ਰਧਾਨ ਵਜੋ ਅਤੇ ਸ: ਅਤਰ ਸਿੰਘ ਨੇ ਮੀਤ ਪ੍ਰਧਾਨ ਦੇ ਤੌਰ ’ਤੇ ਚਾਰਜ ਸੰਭਾਲਿਆ। 18 ਦਸੰਬਰ 1892 ਨੂੰ ਕਾਰਜਕਾਰੀ ਕਮੇਟੀ ਦੀ ਚੋਣ ਹੋਈ, ਜਿਸ ’ਚ ਭਾਈ ਜਵਾਹਰ ਸਿੰਘ ਨੂੰ ਕੌਂਸਲ ਦਾ ਪਹਿਲਾ ਆਨਰੇਰੀ ਸਕੱਤਰ ਚੁਣਿਆ ਗਿਆ।
ਇਸ ਮੌਕੇ ਸ: ਜੋਸਨ ਨੇ ਕਿਹਾ ਕਿ ਕਾਲਜ ਦੀ ਅਦਭੁਤ ਤੇ ਵਿਲੱਖਣ ਭਵਨ ਕਲਾ ਨਾ ਸਿਰਫ਼ ਪੰਜਾਬ, ਭਾਰਤ ਸਗੋਂ ਪੂਰੇ ਵਿਸ਼ਵ ’ਚ ਆਪਣੇ ਅਨੋਖੇ ਨਮੂਨੇ ਵਜੋਂ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਰਚ 1892 ਨੂੰ ਇਹ ਇਮਾਰਤ ਇੰਡੋ-ਯੂਨਾਨੀ ਅਤੇ ਗੌਥਿਕ ਆਰਕੀਟੈਕਚਰਲ ਸਟਾਈਲ ’ਚ ਬਣੀ ਹੈ, ਜਿਸ ’ਚ ਪੁਰਾਤਨ ਭਾਰਤੀ ਅਤੇ ਮੁਗਲ ਸਕੂਲ ਆਫ਼ ਆਰਕੀਟੈਕਚਰ, ਸਿੱਖ ਸਕੂਲ ਆਫ਼ ਆਰਕੀਟੈਕਚਰ ਦੀ ਖਾਸ ਝਲਕ ਵੇਖਣ ਨੂੰ ਮਿਲਦੀ ਹੈ, ਜਿਸਨੂੰ ਹੀ ਰੂਹ ਖਿੜ ਉਠਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਅੱਗੋਂ ਗੁਜਰਦੀ ਜਰਨੈਲੀ ਸੜਕ ਤੋਂ ਲੰਘਣ ਵਾਲੇ ਦੇਸ਼-ਵਿਦੇਸ਼ ਤੋਂ ਆਉਂਦੇ ਸੈਲਾਨੀਆਂ ਨੂੰ ਇਮਾਰਤ ਇਨ੍ਹਾਂ ਪ੍ਰਭਾਵਿਤ ਕਰਦੀ ਹੈ ਕਿ ਕੋਈ ਵੀ ਇਸਦੇ ਨਜ਼ਾਰੇ ਨੂੰ ਅੰਦਰੋਂ ਵੇਖਣ ਤੋਂ ਬਿਨ੍ਹਾਂ ਰਹਿ ਨਹੀਂ ਸਕਦਾ ਅਤੇ ਇਮਾਰਤ ਨੂੰ ਨਜ਼ਰ ਹਟਾਉਣ ਨੂੰ ਮਨ ਨਹੀਂ ਕਰਦਾ। ਕਾਲਜ ਦੀ ਇਮਾਰਤ ’ਚ ਖ਼ੂਬੀ ਅਜਿਹੀ ਵੀ ਹੈ ਕਿ ਇਸਦੀ ਤਸਵੀਰ ਨੂੰ ਚੁਫ਼ੇਰਿਓ ਖਿੱਚਣ ਦਾ ਇਕ ਅਲੱਗ ਹੀ ਅਨੁਭਵ ਮਹਿਸੂਸ ਹੁੰਦਾ ਹੈ। ਇਮਾਰਤ ਦਾ ਨਜ਼ਾਰਾ ਇਓਂ ਪ੍ਰਤੀਤ ਹੁੰਦਾ ਹੈ ਜਿਵੇਂ ਕਿਸੇ ਮਹਾਰਾਜੇ ਦਾ ‘ਸ਼ਾਹੀ ਦਰਬਾਰ’ ਸਜਿਆ ਹੋਵੇ। ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਕਾਲਜ ਦੇ ਇਤਿਹਾਸ ਅਤੇ ਪ੍ਰਾਪਤੀਆਂ ਚਾਨਣਾ ਪਾਉਣ ਉਪਰੰਤ ਆਏ ਮਹਿਮਾਨਾਂ ਨੂੰ ਯਾਦਗਾਰੀ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਇਸ ਮੌਕੇ ’ਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸੰਸਥਾ ਦੇ ਪ੍ਰਿੰਸੀਪਲ, ਅਧਿਆਪਕਾਂ, ਸਟਾਫ਼ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਖ਼ਾਲਸਾ ਕਾਲਜ ਵਿੱਦਿਆ ਦਾ ਚਾਨਣ ਮੁਨਾਰਾ ਹੈ, ਜਿੱਥੋਂ ਪੜ੍ਹੇ ਕੇ ਵਿਦਿਆਰਥੀ ਪੂਰੇ ਸੰਸਾਰ ’ਚ ਆਪਣਾ ਅਤੇ ਅਦਾਰੇ ਦਾ ਨਾਮ ਰੌਸ਼ਨਾ ਰਹੇ ਹਨ। ਇਸ ਮੌਕੇ ਰਜਿਸਟਰਾਰ ਡਾ. ਦਵਿੰਦਰ ਸਿੰਘ, ਡਾ. ਤਮਿੰਦਰ ਸਿੰਘ ਭਾਟੀਆ, ਡਾ. ਦੀਪਕ ਦੇਵਗਨ, ਡਾ. ਹਰਭਜਨ ਸਿੰਘ ਰੰਧਾਵਾ, ਡਾ. ਆਤਮ ਸਿੰਘ ਰੰਧਾਵਾ, ਸ: ਹਰਦੇਵ ਸਿੰਘ, ਡਾ. ਦਲਜੀਤ ਸਿੰਘ, ਸ: ਹੀਰਾ ਸਿੰਘ ਆਦਿ ਸਟਾਫ਼ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।