
ਕਰੀਬ ਅੱਧੇ ਕੁ ਘੰਟੇ ਤੋਂ ਐਸ ਟੀ ਡੀ ‘ਚ ਬੈਠਾ ਭਾਊ ਅਮਰੀਕਾ ਤੋਂ ਆਉਣ ਵਾਲੇ ਫੋਨ ਦੀ ਉਡੀਕ ਕਰ ਰਿਹਾ ਸੀ। ਦੋ ਦਿਨ ਪਹਿਲਾਂ ਹੀ ਅਜੇ ਵੀਹ ਸਾਲ ਕੱਟ ਕੇ ਆਏ ਭਾਊ ਦੀ ਦਾਹੜੀ ਬੱਗੀ ਹੋ ਚੁੱਕੀ ਸੀ। ਉਸ ਨੂੰ ਆਪਣੇ ਬਾਰੇ ਤਾਂ ਅਹਿਸਾਸ ਸੀ ਕਿ ਜੇਲ੍ਹ ਵਿੱਚ ਵੀਹ ਸਾਲ ਓਸ ਘੜੀ ਨੂੰ ਕੋਸਦਿਆ ਓਹ ਕਦੇ ਸੁੱਖ ਦੀ ਨੀਂਦ ਨਹੀਂ ਸੌਂ ਸਕਿਆ ਕੇ ਕਿਉਂ ਓਸ ਚੰਦਰੀ ਕਲੈਹਣੀ ਰਾਤ ਨਾ ਭਾਅ ਦੇ ਨਾਲ ਗਿਆ। ਪਰ, ਸ਼ਾਇਦ ਇਹ ਅੰਦਾਜ਼ਾ ਨਹੀਂ ਸੀ ਕੇ ਨਿੱਕੇ ਦੀਆਂ ਅੱਖਾਂ ਵਿੱਚ ਵੀ ਗੁੱਸੇ ਦੀ ਲਾਲੀ ਨੇ ਵੱਡੇ ਭਾਈ ਦੇ ਵੈਰ ਨੂੰ ਇਹਨਾਂ ਵੀਹਾਂ ਸਾਲਾਂ ‘ਚ ਠੰਡਾ ਨਹੀਂ ਪੈਣ ਦਿੱਤਾ ਹੋਣਾ। ਆੜ੍ਹਤੀਆਂ ਦੇ ਚਲਦੇ ਕੇਸ ਵਿੱਚ ਇਕ ਭਾਅ ਦੀ ਗਵਾਹੀ ਹੀ ਸੀ, ਜਿਹਨੇ ਮਾਹਤੜ ਬੋਲ਼ਿਆਂ ਦੇ ਟੱਬਰ ਦੀ ਆਸ ਜਿਉਂਦੀ ਰੱਖੀ ਹੋਈ ਸੀ। ਭਾਊ ਦਾ ਕਤਲ ਕਰਕੇ, ਆੜ੍ਹਤੀਏ ਨੇ ਕੇਸ ਜਿੱਤ, ਬੋਲ਼ਿਆਂ ਵਾਲੀ ਪੈਲੀ ਹੀ ਨਹੀਂ ਵਾਹੀ, ਸਗੋਂ ਥਾਣੇਦਾਰ ‘ਤੇ ਪੰਚਾਇਤ ਨੂੰ ਪੈਸੇ ਦੇ ਕੇ ਕਤਲ ਦਾ ਰਾਜ਼ੀਨਾਵਾ ਵੀ ਧੱਕੇ ਨਾਲ ਹੀ ਕਰ ਲਿਆ। ਕੌਣ ਵੈਰ ਪਾਲਦਾ ਸਰਕਾਰੇ-ਦਰਬਾਰੇ ਪਹੁੰਚ ਰੱਖਣ ਵਾਲਿਆਂ ਨਾਲ। ਬੁੱਢੀਆਂ ਨੂੰ ਬੰਦਾ ਟਿੱਚ ਜਾਣਦਾ ‘ਤੇ ਸਹਿਮੀਆਂ ਮਾਵਾਂ ਨੂੰ ਪਤੀ ਦੇ ਤੁਰ ਜਾਣ ਪਿੱਛੋਂ ਪੁੱਤ ਹੋਰ ਵੀ ਪਿਆਰੇ ਹੋ ਜਾਂਦੇ। ਜੀਅ ਦਾ ਘਾਟਾ ਤਾਂ ਸੰਤਾਨ ਦੇ ਡਰੋਂ ਬਸ ਸਬਰ ਦਾ ਘੁੱਟ ਭਰਨ ਲਈ ਮਜਬੂਰ ਕਰ ਦਿੰਦਾ। ਠਾਣੇਦਾਰ ਨੂੰ ਰਕਮ ਖਵਾ ਕਤਲ ਮੇਰੇ ਸਿਰ ਪਾ ਦਿੱਤਾ। ਮੇਰਾ ਤਾ ਭਾਈ ਸੀ ਓ ਕਦੇ ਸੀਰੀ ਵਾਲਾ ਖਿਆਲ ਹੀ ਨਹੀਂ ਆਇਆ ਮਨ ਵਿੱਚ। ਭਾਅ ਨੇ ਪੁਰਾਣੀਆਂ ਪਿਓ-ਦਾਦਿਆਂ ਦੀਆਂ ਕਾਇਮ ਕੀਤੀਆਂ ਸਾਂਝਾਂ ਵਿੱਚ ਕਦੇ ਰਾਹੇ-ਬਗਾਹੇ ਸਾਡੀ ਨੀਵੀ ਬਰਾਦਰੀ ਦਿਲ ਵਿੱਚ ਫੁਟਣ ਹੀ ਨਹੀਂ ਦਿੱਤੀ। ਫੋਨ ਦੀ ਘੰਟੀ ਦੀ ਟਰਨ-ਟਰਨ ਨੇ ਆਪਣੇ ਖਿਆਲਾਂ ਵਿੱਚ ਡੁੱਬੇ ਭਾਊ ਨੂੰ ਇਕ ਦਮ ਸਿੱਧਾ ਕਰ ਦਿੱਤਾ। “ਦੱਸ ਹੁਣ! ਕੀ ਕਰਨਾ ‘ਤੇ ਕਿਵੇਂ ਕਰਨਾ ਨਿੱਕਿਆ?” ਭਾਊ ਨੇ ਫੋਨ ਚੁੱਕ ਕੇ ਕੰਨ ਨੂੰ ਲਾਉਂਦਿਆਂ ਪੁੱਛਿਆ। “ਕਰਨਾ ਕੀ ਭਾਊ ! ਆੜ੍ਹਤੀਆਂ ਮਾਰਨਾ! ਕੱਲਾ ਭਰਾ ਨੀ, ਸਮਝ ਪਿਉ ਵੀ ਮਾਰਿਆ ਸੀ! ਏ ਤੂੰ ਦੱਸਣਾ? ਬਈ ਕਦੋਂ ਮਾਰਨਾ?” ਨਿੱਕੇ ਨੇ ਭਾਊ ਨੂੰ ਦੋ ਟੁੱਕ ਆਖ ਦਿੱਤੀ।” ਠੀਕ ਨਿੱਕਿਆ! ਏਦੂੰ ਘੱਟ ਬਣਦਾ ਵੀ ਨਹੀਂ। ਸਾਲ ਬੇਸ਼ੱਕ ਵੀਹ ਹੋਗੇ ਆ, ਪਰ ਬੇਕਸੂਰ ‘ਤੇ ਨਿਹੱਕ ਭਾਅ ਦਾ ਕਤਲ ਕਰਕੇ ਰਾਜ਼ੀਨਾਵਾ! ਓਏ! ਓ ਤਾਂ ਸੋਚਦੇ ਸਭ ਭੁੱਲ-ਭੁੱਲਾ ਗਏ ਆ! ਭਾਅ ਦੇ ਜਾਣ ਪਿੱਛੋਂ। ਰਾਜ਼ੀਨਾਵਾ ਹੋ ਗਿਆ ਸੀ।” ਭਾਊ ਨੇ ਵੀਹਾਂ ਸਾਲਾਂ ਤੋਂ ਪਲ਼ਦੀ ਦਿਲ ਦੀ ਗੱਲ ਆਖ ਦਿੱਤੀ। “ਕਈ ਕੁਝ ਬਦਲਿਆ ਵੀਹਾਂ ਸਾਲਾਂ ਵਿੱਚ ਪਰ ਮੈਂ ਹਾਲੇ ਵੀ ਏਸ ਸੱਟ ਦੀ ਪੀੜ ਨੂੰ ਉਵੇਂ ਦਾ ਉਵੇਂ ਝੱਲੀ ਜਾਂਦਾ। ਫੱਟ ਅੱਲੇ ਨੇ ਹਾਲੇ ਵੀ, ਭਾਊ! ਬੇਕਸੂਰ ਭਰਾ ਕਤਲ ਕੀਤਾ। ਰਾਜ਼ੀਨਾਵਾ! ਤੇਰੀ ਜਵਾਨੀ ਜੇਲ੍ਹ ‘ਚ ਗਾਲ਼ੀ! ਏਨਾਂ ਧੱਕੇ ਨਾਲ! ਪਹਿਲਾਂ ਭਰਾਵਾਂ ਨੇ ਹੀ ਦੁੱਖ-ਸੁੱਖ ਵੇਖੇ ਸੀ। ਆ ਨਿਆਣਿਆਂ ਦੇ ਮੋਹ ‘ਤੇ ਰਿਸ਼ਤੇਦਾਰਾਂ ਨੇ ਧੌਣ ਨੀਵੀਂ ਕਰਕੇ ਜੀਣ ਦੀ ਆਦਤ ਪਾ ਦਿੱਤੀ, ਵਰਨਾ ਕੋਈ ਜੀਣ ਦਾ ਹੱਜ ਥੋੜ੍ਹਾ। ਸਾਰੇ ਕਹਿੰਦੇ ਰਹੇ ਵਾਪਸ ਨਾ ਆਈਂ ਵੈਰ ਵੱਧਦਾ। ਪਿਉ ਤਾਂ ਕਦੇ ਵੇਖਿਆ ਨਹੀਂ ਸੀ, ਪਰ ਭਾਅ ਨੇ ਕਦੀ ਪਿਉ ਦੀ ਕਮੀ ਮਹਿਸੂਸ ਵੀ ਨਹੀਂ ਹੋਣ ਦਿੱਤੀ। ਓ ਕਿਹੜਾ ਕੰਮ ਜਿਹੜੇ ‘ਚ ਉਹਨੇ ਆਪਣੇ ਆਪ ਨੂੰ ਪਹਿਲਾਂ ਰੱਖਿਆ। ਜਿੱਥੇ ਕਿਤੇ ਮੈਨੂੰ ਕਹਿੰਦਾ ਰਿਹਾ ਨਿੱਕਿਆ ਤੂੰ ਮੌਜਾਂ ਕਰ! ਮੇਲੇ-ਮੱਸਿਆ, ਵਿਆਹ-ਮੁਕਲਾਵੇ ਓਨ ਕਹਿਣਾ ਬੇਬੇ ਨਿੱਕੇ ਨੂੰ ਲੈ ਜਾ, ਮੈਂ ਡੰਗਰ-ਵੱਛਾ ਸਾਂਭੂ। ਪੜ੍ਹਾਈ-ਲਿਖਾਈ ਦੀ ਗੱਲ ਆਈ ਤਾਂ ਬੇਬੇ ਨੂੰ ਕਹਿੰਦਾ, ‘ਮੈਂ ਵੇਖੂੰ ਕੰਮ-ਧੰਦਾ ਨਿੱਕਾ ਪੜਾਈਏ! ਅਫਸਰ ਬਣਜੂ।’ ਜਦੋਂ ਮਾਮੇ ਨੇ ਅਮਰੀਕਾ ਵਾਲੇ ਵੀਜੇ ਦੀ ਆਖੀ ਸੀ ਕਹਿੰਦਾ, ‘ਮਾਮਾ! ਨਿੱਕਾ ਭੇਜਦੇਂ! ਸੈੱਟ ਹੋ ਜਾਊ।’ ਕਿਤੇ ਤਾਂ ਆਪਣਾ ਆਪ ਅੱਗੇ ਰੱਖਦਾ, ਪਰ ਨਹੀਂ! ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਸੀ।” ਪਿਛਲੀਆਂ ਚੇਤੇ ਕਰਦਿਆਂ-ਕਰਦਿਆਂ ਨਿੱਕੇ ਦਾ ਗੱਚ ਭਰ ਆਇਆ। ਉਹ ਰੋਣ ਲੱਗ ਪਿਆ। “ਰੋ ਨਾ! ਚੁਪ ਕਰ! ਓਏ! ਤੇਰਾ ਢਿੱਡ ਲੁਕਿਆ ਥੋੜ੍ਹਾ ਕਿਤੇ ਮੈਥੋਂ! ਸਭ ਪਤਾ ਮੈਨੂੰ ਨਿੱਕਿਆ! ਫਿਕਰ ਨਾ ਕਰ! ਦਿਲ ਵੱਡਾ ਕਰ। ਆ ਗਿਆਂ ਬਾਹਰ, ਮੈਂ! ਓਏ! ਏਹਦੇ ਤਾਂ ਡੱਕਰੇ ਕਰਨੇ ਮੈਂ! ਭਾਵੇਂ ਫਾਂਸੀ ਲੱਗ ਜਾਵਾਂ। ਮੈਂ ਤਾਂ ਓਸ ਰਾਤ ਨੂੰ ਅੱਜ ਤੱਕ ਕੋਸਦਾਂ, ਕਿਉਂ ਕੱਲਾ ਜਾਣ ਦਿੱਤਾ। ਜੇ ਮੈਂ ਨਾਲ ਹੁੰਦਾ ਕਿੰਦਾਂ ਜੁਰਅਤ ਪੈਂਦੀ ਕਿਸੇ ਦੀ ਹੱਥ ਪਾਉਣ ਦੀ। ਕੱਲਾ ਇਕ ਤੇ ਦੋ ਗਿਆਰਾਂ ਹੋ ਜਾਂਦੇ ਆ। ਨਿੱਕਿਆ! ਤੇਰੇ ਨਾਲ ਤੇ ਓਹਦੇ ਕੰਜਰ ਦੇ ਸਾਹ ਚਲਦੇ ਸੀ ਜਿਵੇਂ! ਜਿਸ ਦਿਨ ਤੈਨੂੰ ਮਰੀਕਾ ਚੜਾ ਕੇ ਆਏਂ, ਪਹਿਲਾਂ ਤਾਂ ਪੀਣੋ ਹੀ ਨਾ ਹਟੇ ‘ਤੇ ਫਿਰ ਰਾਤ ਨੂੰ ਮੇਰੇ ਮੋਢੇ ਸਿਰ ਰੱਖ ਰੋਂਦਾ ਰਿਹਾ। ਕਹਿੰਦਾ, ‘ਘਰ ਅੱਜ ਓਪਰਾ ਜਿਹਾ ਲੱਗੀ ਜਾਂਦਾ ਸੋਹਰੀ ਦਾ। ਹੁਣ ਕਿਸ ਤੋਂ ਸੁਣਨਾ ਗੌਣ-ਪਾਣੀ ਭਾਊ!’ ਫੇਰ ਕਹਿੰਦਾ, ‘ਜਦੋਂ ਨਿੱਕੇ ਨੂੰ ਪੱਕਾ ਕਾਰਡ ਮਿਲ ਗਿਆ, ਓਨ ਝੱਟ ਆ ਵੜਿਆ ਕਰਨਾ ਜਹਾਜ਼ ਚੜ ਕੇ।’ ਬੀਰਾ ਦੋ ਕੁ ਸਾਲਾਂ ਦੀ ਹੀ ਸੀ ਮਸਾਂ। ਜਦੋਂ ਉਹਨੇ ਤੋਤਲੀਆਂ ਸ਼ੁਰੂ ਕੀਤੀਆਂ ਤਾਂ ਭਾਬੀ ਨੇ ਕਹਿਣਾ, ‘ਭਾਪਾ ਕੈਹ! ਬੀਬੀ ਕੈਹ! ਚੀਜੀ ਮਿਲੂ!’ ‘ਤੇ ਏਨ ਕਹਿਣਾ, ‘ਚਾਚਾ ਕਹਿ ਪਹਿਲਾਂ! ਫਿਰ ਕੁੱਛੜ ਚੁੱਕਣਾ ਮੈਂ!’ ਬੀਰੇ ਨੇ ਨਾ ਤੇ ਭਾਪਾ ਕਹਿਣਾ ਸਿੱਖਿਆ ‘ਤੇ ਨਾ ਚਾਚਾ, ਓਹ ਸਗੋਂ ਪਤੰਦਰ ‘ਣਿੱਕਾ-ਣਿੱਕਾ’ ਕਰਨ ਲੱਗ ਪਿਆ। ਭਾਅ ਨੇ ਭਾਬੀ ਨੂੰ ਹੱਸਣਾ,’ਪੜਾ ਲ਼ਾ ਪਾਠ ਹੋਰ ਭਾਪੇ-ਬੀਬੀ ਦਾ ਇਹਨੂੰ! ਚਾਚਾ ਮਰੀਕਾ ਬੈਠਾ ਛਿੱਕਾਂ ਮਾਰਦਾ ਹੋਣਾ।’ ਚਾਚੀ ਜਿਉਂਦੀ ਸੀ ਉਦੋਂ! ਇਕ ਦਿਨ ਭਾਅ ਨੂੰ ਕਹਿੰਦੀ, ‘ਵੱਡਿਆ ਬਲਬੀਰ ਤਾਂ ਆਪਣੇ ਚਾਚੇ ਵਾਂਗ ਸਿਆਣੇ ਨਿਕਲਣਾ! ਵੇਖ ਖਾਂ! ਕਿਵੇਂ ਖਿਡਾਉਣੇ ਸਵਾਰ-ਸਵਾਰ ਰੱਖਦਾ।’ ਭਾਅ ਕਹਿੰਦਾ,’ ਭੁਲਜਾ ਮਾਤਾ! ਨਿੱਕੇ ਨੂੰ ਜਿਥੇ ਵੀ ਤੋਰਿਆ ਆਪਾਂ, ਇਕ ਨੰਬਰ ਤੇ ਰਿਹਾ।ਤੇਰਾ ਆਖਾ ਕਦੇ ਨਹੀਂ ਮੋੜਿਆ ਓਸ, ‘ਤੇ ਇਹਨੂੰ ਕਹੀਦਾ ਕੁਝ ‘ਤੇ ਏਹ ਕਰਦਾ ਕੁਝ ਏ।’ ਏਹ ਨਿੱਕੇ ਦੀ ਕੀ ਰੀਸ ਕਰੂ।’ ਚਾਚੀ ਕਹਿੰਦੀ, ‘ਏਹ ਚਾਰਾਂ ਸਾਲਾਂ ਦਾ ਜਵਾਕ ਅਜੇ!’ ਇਹ ਗੱਲਾਂ ਕਰਨੀਆਂ ਉਹਦਾ ਨਿੱਤ ਦਾ ਕੰਮ ਹੋ ਗਿਆ ਸੀ।” ਨਿੱਕੇ ਨੂੰ ਦਿਲਾਸਾ ਦਿੰਦਿਆਂ, ਭਾਅ ਨਾਲ ਹੰਢਾਈਆਂ ਹੱਡ-ਬੀਤੀਆਂ ਨੂੰ ਚੇਤੇ ਕਰਦਾ ਭਾਊ ਆਪਣੇ ਹੱਝੂ ਵਹਿਣੋ ਨਾ ਰੋਕ ਸਕਿਆ। ਅੰਤ,ਭਾਊ ਨੇ ਬੜੇ ਵਾਸਤੇ ਪਾ ਨਿੱਕੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੱਲ-ਗੱਲ ਤੇ ਕਹੇ, ‘ਨਿੱਕਿਆ ਨਾ ਆ ਏਥੇ! ਮੈਂ ਆੜ੍ਹਤੀਏ ਨੂੰ ਆਪ ਹੀ ਗੱਡੀ ਚਾੜ੍ਹਨ ਦਾ ਇੰਤਜ਼ਾਮ ਕਰਲੂ। ਤੂੰ ਮਸਾਂ ਮਸਾਂ ਸੈੱਟ ਹੋਇਆ, ਬਾਲ-ਬੱਚਾ ਸਾਂਭ। ਪਰ ਨਿੱਕੇ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ‘ਅੱਠਾਂ ਦਿਨਾਂ ਨੂੰ ਏਸੇ ਟੈਮ ਫੋਨ ਕਰੂੰ ਮੈਂ ! ਜਗਾ, ਦਿਨ ਤੇ ਹਥਿਆਰ ਦਾ ਕੰਮ ਤੇਰੇ ਜਿੰਮੇ। ਪਰ ਤੈਨੂੰ ਸੌਂਅ ਮੇਰੀ! ਜੇ ਇਹ ਕੰਮ ਕਿਤੇ ਕੱਲ੍ਹੇ ਨੇ ਕਰਨ ਬਾਰੇ ਸੋਚਿਆ ਵੀ!”