Articles

ਵੋਟਾਂ ਤੋਂ ਪਹਿਲਾਂ ਗੋਦ ਲਿਆ ਕਿਸਾਨ ਵੋਟਾਂ ਤੋਂ ਬਾਅਦ ਲਾਵਾਰਿਸ ਕਿਉਂ?

ਹਾਂ, ਇਹ ਬਿਲਕੁਲ ਸੱਚਾਈ ਹੈ ਕਿ ਵੋਟਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੀਆਂ ‘ਮਨ-ਲੁਭਾਉਣੀਆ’ ਗੱਲਾਂ ਵਿਚ ਆਕੇ, ਖੁਸ਼ੀ ਨਾਲ ਝੂਮਣ ਵਾਲਾ ਕਿਸਾਨ ਅਚਾਨਕ ਹੀ ਵੋਟਾਂ ਤੋਂ ਬਾਅਦ ਉਦਾਸ ਅਤੇ ਲਾਵਾਰਿਸ ਹੋ ਜਾਂਦਾ ਹੈ।ਵੈਸੇ ਤਾਂ ਸਾਡੇ ਮੁਲਕ ਦੀ ਤਕਰੀਬਨ ਹਰ ਇਕ ਛੋਟੀ-ਵੱਡੀ ਸਿਆਸੀ ਪਾਰਟੀ ਕਿਰਸਾਨੀ ਦਾ ਮਸੀਹਾ ਬਨਣ ਦੀ ਹੋੜ ਵਿਚ ਹੁੰਦੀ ਹੈ, ਪ੍ਰੰਤੂ ਮਾੜੀ ਕਿਸਮਤ ਨੂੰ ਜਿੱਤਣ ਤੋਂ ਬਾਅਦ ਸਰਕਾਰਾਂ ਜਾਂ ਹਾਰਨ ਵਾਲੀਆਂ ਧੀਰਾਂ ਵੀ ਬਾਅਦ ਵਿਚ ਕਿਸੇ ਕਿਸਾਨ ਦੀ ਕੋਈ ਸਾਰ ਨਹੀ ਲੈਂਦੀਆਂ।ਸਿਰਫ ਆਪਣੀਆਂ ਸਿਆਸੀ ‘ਰੋਟੀਆਂ ਸੇਕੀਆਂ’ ਜਾਂਦੀਆਂ  ਹਨ। ਤਾਂ ਕੀ ਕਿਸਾਨ ਇਹਨਾਂ ਸਿਆਸਤਦਾਨਾਂ ਲਈ ਸਿਰਫ ਇਕ ਵੋਟ-ਬੈਂਕ ਤੱਕ ਹੀ ਸੀਮਤ ਰਹਿ ਗਏ ਹਨ। ਸਾਡਾ ਦੇਸ਼ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਸਾਡੇ ਮੁਲਕ ਦੇ ਮਿਹਨਤੀ ਕਿਸਾਨਾ ਨੇ ਬਹੁਤ ਘੱਟ ਸਮੇਂ ਵਿੱਚ ਹੀ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ  ‘ਆਤਮ ਨਿਰਭਰ’ ਬਣਾ ਦਿੱਤਾ ਸੀ। ਇਸੇ ਦੌਰਾਨ ਸਾਡੇ ਖੇਤੀ ਮਾਹਿਰਾਂ ਨੇ ਫਸਲੀ ਪੈਦਾਵਾਰ ਵਧਾਉਣ ਲਈ ਅਨੇਕਾਂ ਉਤਪਾਦਾਂ ਨਿਰਮਾਣ ਕੀਤਾ, ਜਿਸ ਨਾਲ ਕਿਰਸਾਨੀ ਨੂੰ ਸੁਖਾਲੀ ਬਣਾਇਆ ਜਾ ਸਕੇ। ਪ੍ਰੰਤੂ ਪੈਦਾਵਾਰ ਵੱਧਣ ਦੇ ਨਾਲ ਹੀ ਕਿਸਾਨਾਂ ਦੇ ਖਰਚੇ ਵੀ ਵੱਧਣ ਲੱਗੇ। ਰਸਾਇਣਕ ਖਾਦਾਂ, ਕੀਟਨਾਸ਼ਕਾਂ, ਬੀਜ਼ਾ ਅਤੇ ਤੇਲ ਦੀਆਂ ਕੀਮਤਾਂ ਅੱਜ ਅਸਮਾਨ ਛੂਹ ਰਹੀਆਂ ਹਨ। ਅੱਜ ਦਾ ਛੋਟਾ ਕਿਸਾਨ ਤਾਂ ਬਸ ਇਹਨਾਂ ਚਾਰ ਪਦਾਰਥਾਂ ਨੂੰ ਪੂਰਾ ਕਰਨ ਦੀ ਕਸ਼ਮਕਸ਼ ਵਿਚ ਰਹਿ ਗਿਆ ਹੈ। ਸਰਕਾਰਾਂ ਦੀਆਂ ਕਿਰਸਾਨੀ ਦੇ ਪ੍ਰਤੀ ਇਹਨਾਂ ਗਲਤ ਨੀਤੀਆਂ ਕਾਰਨ ਹੀ ਸਾਡਾ ਕਿਸਾਨ ਕਰਜ਼ੇ ਦੇ ਭਾਰ ਹੇਠਾਂ ਦੱਬਦਾ ਚੱਲਾ ਗਿਆ। ਇਸ ਕਰਜ਼ੇ ਦੇ ਬੋਝ ਨੂੰ ਹੀ ਨਾ ਸਹਾਰਦੇ ਹੋਏ ਸਾਡੇ ਕਈ ਕਿਸਾਨ ਵੀਰ ਖੁਦਕੁਸ਼ੀ ਕਰ ਗਏ। ਸਰਕਾਰਾਂ ਪਾਸੋਂ ਕੀਤੇ, ਝੂਠੇ ਵਾਅਦੇ ਜੋ ਕਦੀ ਪੂਰੇ ਨਹੀ ਕੀਤੇ ਜਾਂਦੇ, ਉਹ ਵੀ ਕਿਸਾਨਾਂ ਵਿੱਚ ਮਾਯੂਸੀ ਪੈਦਾ ਕਰਦੇ ਹਨ। ਖਾਸਕਰ ਸਾਡੇ ਦੇਸ਼ ਵਿਚ ਛੋਟੇ ਕਿਸਾਨ ਦੀ ਹਾਲਤ ਜਿਆਦਾ ਤਰਸਯੋਗ ਹੈ, ਜੋ ਵਿਚਾਰਾ ‘ਨਵੀਂ ਕਮੀਜ਼ ਲੈਣ ਦੇ’ ਯੋਗ ਨਹੀ ਅਤੇ ਆਪਣੀ ‘ਪਾਟੀ ਹੋਈ ਕਮੀਜ਼’ ਕਿਸੇ ਨੂੰ ਦਿਖਾਉਣੀ ਨਹੀ ਚਾਹੁੰਦਾ। ਕਿਰਸਾਨੀ ਦੇ ਪਤਨ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਸਾਡੇ ਵੱਡੇ-ਵੱਡੇ ਕਿਸਾਨ ਆਗੂ ਜੋ ਖੁਦ ਨੂੰ ਕਿਸਾਨਾਂ ਦਾ ਮਸੀਹਾ ਦੱਸਦੇ ਹਨ, ਉਹ ਇਹਨਾਂ ਸਿਆਸੀ ਪਾਰਟੀਆਂ ਦੇ ਗੁਲਾਮ ਬਣ ਗਏ ਹਨ। ਜਿਹੜੀ ਵੀ ਸਿਆਸੀ ਧਿਰ ਇਹਨਾਂ ਨੂੰ ਵੱਡੀ-ਬੁਰਕੀ ਸੁੱਟ ਦਿੰਦੀ ਹੈ, ਫਿਰ ਇਹ ਆਪਣਾ ਨੈਤਿਕ ਫਰਜ਼ ਤਿਆਗ ਕੇ ਉਹਨਾਂ ਅੱਗੇ ਗੋਡੇ ਟੇਕ ਦਿੰਦੇ ਹਨ।ਅੱਜ ਪੰਜਾਬ ਅਤੇ ਦੇਸ਼ ਅੰਦਰ ਹਜ਼ਾਰਾਂ ਦੇ ਹਿਸਾਬ ਨਾਲ ਕਿਸਾਨ ਜਥੇਬੰਦੀਆ ਹਨ।ਪ੍ਰੰਤੂ ਮੈਨੂੰ ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਕਿ ਬਸ ਇਕ-ਦੋ ਨੂੰ ਛੱਡ ਕੇ ਬਾਕੀ ਸਾਰੀਆਂ ਨੂੰ ਹੀ ਸਿਆਸੀ ਹੱਥਾਂ ਨੇ ਹਾਈਜੈਕ ਕੀਤਾ ਹੋਇਆ ਹੈ।ਜੋ ਆਪਣੇ ਸਿਆਸੀ ਮਾਹੌਲ ਮੁਤਾਬਕ ਇਹਨਾਂ ਦਾ ਉਪਯੋਗ ਕਰਦੀਆ ਹਨ।ਵੋਟਾਂ ਤੋਂ ਪਹਿਲਾਂ ਲੱਗਭਗ ਹਰ ਸਿਆਸੀ ਪਾਰਟੀ ਦਾ ਮੁੱਖ ਫੋਕਸ ਕਿਸਾਨਾਂ ਉਤੇ ਹੀ ਹੁੰਦਾ ਹੈ, ਕਿ ਇਹਨਾਂ ਨੂੰ ਕਿਵੇਂ ਬੇਵਕੂਫ ਬਣਾ ਕੇ ਵੋਟਾਂ ਹਾਸਲ ਕੀਤੀਆਂ ਜਾਣ। ਕਰਜ਼ਾ- ਮੁਆਫੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਨਾਂ ਉੱਪਰ ਦੇਸ਼ ਦੀਆਂ ਵੱਡੀਆਂ ਸਿਆਸੀ ਧਿਰਾਂ ਸਾਨੂੰ ਪਤਾ ਨਹੀ ਕਿੰਨੀ ਵਾਰ ਬੇਵਕੂਫ ਬਣਾ ਚੁੱਕੀਆਂ ਹਨ। ਇਹ ਸਾਰੀਆਂ ਗੱਲਾਂ ਹਰ ਵਾਰ ਇਕ ਜੁਮਲਾ ਹੀ ਸਿੱਧ ਕਿਉ ਹੁੰਦੀਆਂ ਹਨ? ਇਸ ਤੋਂ ਇਲਾਵਾ ਕੁਝ ਕਮੀਆਂ ਸਾਡੇ ਕਿਸਾਨ ਭਰਾਵਾਂ ਵਿਚ ਵੀ ਜਰੂਰ ਹਨ। ਜੋ ਆਪਣੇ ਤੋਂ ਵੱਡਿਆਂ ਦੀ ਰੀਸ ਕਰਦੇ-ਕਰਦੇ ਆਪਣੀ ‘ਚਾਦਰ ਤੋਂ ਜ਼ਿਆਦਾ ਪੈਰ ਪਸਾਰਨੇ’ ਸ਼ੂਰੂ ਕਰ ਦਿੰਦੇ ਹਨ। ਜੇਕਰ ਅਜੇ ਵੀ ਅਸੀ ਨਾ ਸਮਝੇ ਅਤੇ ਸਰਕਾਰਾਂ ਨੇ ਕਿਰਸਾਨੀ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀ ਜਾਪਦਾ, ਜਦੋਂ ਕੋਈ ਵੀ ਇਸ ਧੰਦੇ ਵੱਲ ਮੂੰਹ ਨਹੀ ਕਰੇਗਾ। ਮੇਰੀ ਸਾਡੇ ਸਾਰੇ ਹੀ ਸਿਆਸਤਦਾਨਾਂ ਨੂੰ ਬੇਨਤੀ ਹੈ ਕਿ ਲੋਕਾਂ ਨੂੰ ਝੂਠੇ ਲਾਰੇ ਲਾਕੇ ਬੇਵਕੂਫ ਬਣਾਉਣਾ ਛੱਡੋ। ‘ਕਬੂਤਰ ਦੇ ਅੱਖਾਂ ਬੰਦ ਕਰ ਲੈਣ ਨਾਲ ਬਿੱਲੀ ਗਾਇਬ ਨਹੀ ਹੁੰਦੀ’। ਸਾਡੇ ਦੇਸ਼ ਦਾ ਜੋ ਨੁਕਸਾਨ ਹੋਣਾ ਹੈ, ਉਹ ਤਾਂ ਹੋ ਹੀ ਰਿਹਾ ਹੈ। ਚਾਹੇ ਜਿੰਨੇ ਮਰਜੀ ਬੇਬੁਨਿਆਦ ਵਾਅਦੇ ਅਤੇ ਦਾਅਵੇ ਕਰੀ ਚੱਲੋ। ਇਸੇ ਦੇ ਅਨੁਕੂਲ ਮੈਂ ਅੰਤ ਵਿਚ ਕਿਰਸਾਨੀ ਦੇ ਹਾਲਾਤਾਂ ਉੱਪਰ ਚਾਰ ਸਤਰਾਂ ਤੁਹਾਡੇ ਅੱਗੇ ਪੇਸ਼ ਕਰਦਾ ਹਾਂ—
ਅੰਨਦਾਤਾ ਦੀ ਕੀ ਗੱਲ ਕਰਾਂ,
ਉਹਦਾ ਕਿਹੜਾ ਮਸਲਾ ਹੱਲ ਕਰਾਂ।
ਉਹ ਨਿੱਤ-ਨਿੱਤ ਜਾਂਦਾ ਮਰਦਾ ਹੈ,
ਇੱਕ ਦਿਨ ਖਾਂਦਾ, ਇੱਕ ਦਿਨ ਭੁੱਖ ਜ਼ਰਦਾ ਹੈ।
ਫਿਰ ਵੀ ਢਿੱਡ ਦੇਸ਼ ਦਾ ਭਰਦਾ ਹੈ,
ਹਾਕਮੋ! ਕੁਝ ਤਾਂ ਸੋਚੋ।

Related posts

ਸੰਸਦ ਦੇ ਦੂਸ਼ਿਤ ਵਾਤਾਵਰਨ ਲਈ ਕੌਣ ਜ਼ਿੰਮੇਵਾਰ ?

admin

ਵਿਸ਼ਵ ਸਾੜੀ ਦਿਵਸ 2024: ਸੁੰਦਰਤਾ, ਪਰੰਪਰਾ ਅਤੇ ਸ਼ਕਤੀਕਰਨ ਦਾ ਜਸ਼ਨ !

admin

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

admin