Articles

ਵੱਡਾ ਘੱਲੂਘਾਰਾ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਸਿੱਖਾਂ ਦਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਪਿਆ ਹੈ।ਜਦ ਮੁਗਲਾਂ ਨੇ ਗੁਰੂ ਸਾਹਿਬ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤੇ ਫਿਰ ਉਹਨਾਂ ਦਾ ਬਦਲਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਦੇੜ ਤੋਂ ਪੰਜਾਬ ਵੱਲ ਭੇਜਿਆ ਆ ਕੇ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿੱਤੀ।ਸਾਹਿਬਜ਼ਾਦਿਆਂ ਦੇ ਕਾਤਲਾਂ ਨੂੰ ਤਸੀਹੇ ਦੇ ਕੇ ਮਾਰਿਆ ਫਿਰ ਬੰਦਾ ਸਿੰਘ ਬਹਾਦਰ ਨੇ ਆਪਣਾ ਸਿੱਖ ਰਾਜ ਸਥਾਪਤ ਕਰ ਲਿਆ।1716 ਵਿਚ ਬੰਦਾ ਸਿੰਘ ਬਹਾਦਰ ਨੂੰ ਬਹੁਤ ਸਾਰੇ ਸਿੰਘਾਂ ਸਮੇਤ ਦਿੱਲੀ ਵਿਚ ਸ਼ਹੀਦ ਕਰ ਦਿੱਤਾ।

18ਵੀਂ ਸਦੀ ਵਿਚ ਸਿੱਖਾਂ ਉਪਰ ਵਾਪਰੇ ਦੋ ਘੱਲੂਘਾਰਿਆਂ ਦਾ ਇਤਿਹਾਸ ਵੱਖਰਾ ਹੀ ਹੈ ਇਹ ਦੋਹੇ ਘੱਲੂਘਾਰੇ ਛੋਟੇ ਅਤੇ ਵੱਡੇ ਘੱਲੂਘਾਰੇ ਦੇ ਨਾਮ ਨਾਲ ਜਾਣੇ ਜਾਂਦੇ ਹਨ।ਛੋਟਾ ਘੱਲੂਘਾਰਾ 17 ਮਈ 1746 ਨੂੰ ਜਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ  ਛੰਭ ਚੋਂ ਵਾਪਰਿਆ।ਇਹ ਜਗ੍ਹਾ ਗੁਰਦਾਸਪੁਰ ਤੋਂ ਮਕੇਰੀਆਂ ਜਾਂਦੀ ਸੜਕ ਤੇ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।ਇਸ ਘੱਲੂਘਾਰੇ ਵਿਚ ਦਸ ਹਜ਼ਾਰ ਸਿੰਘ,ਬੀਬੀਆਂ ਅਤੇ ਬੱਚੇ ਸ਼ਹੀਦ ਹੋਏ।
ਵੱਡਾ ਘੱਲੂਘਾਰਾ ਇਸ ਛੋਟੇ ਘੱਲੂਘਾਰੇ ਤੋਂ 16 ਸਾਲ ਬਾਅਦ 5 ਫ਼ਰਵਰੀ 1762 ਨੂੰ ਰੋਹੀੜੇ (ਨੇੜੇ ਕੁੱਪ)ਜਿਲ੍ਹਾ ਸੰਗਰੂਰ ਦੀ ਧਰਤੀ ਤੇ ਵਾਪਰਿਆ।
ਮੁਗਲਾਂ ਦਾ ਰਾਜ ਲੱਗਭੱਗ ਖ਼ਤਮ ਹੋ ਚੱਲਿਆ ਸੀ।ਮਰਹੱਟੇ ਤਾਕਤ ਫੜ੍ਹਦੇ ਜਾ ਰਹੇ ਸਨ।ਉਹਨਾਂ ਦੀ ਤਾਕਤ ਘੱਟ ਕਰਨ ਲਈ ਅਬਦਾਲੀ ਨੇ ਮਰਹੱਟਿਆਂ ਤੇ ਹੱਲਾ ਬੋਲ ਦਿੱਤਾ।ਏਸ਼ੀਆ ਦੇ ਵੱਡੇ ਸੈਨਾਪਤੀਆਂ ਵਿਚ ਗਿਣੇ ਜਾਣ ਵਾਲੇ ਅਬਦਾਲੀ ਨੇ ਹਿੰਦੁਸਤਾਨ ਉਪਰ ਅੱਠ ਹਮਲੇ ਕੀਤੇ ਆਪਣੇ ਪੰਜਵੇਂ ਹਮਲੇ ਸਮੇਂ ਪਾਣੀਪਤ ਦੇ ਮੈਦਾਨ ਵਿਚ ਮਰਹੱਟਿਆਂ ਨਾਲ ਯੁੱਧ ਕਰਨ ਸਮੇਂ ਉਹਨਾਂ ਦਾ ਚੰਗੀ ਤਰਾਂ ਲੱਕ ਤੋੜ ਦਿੱਤਾ।ਅਬਦਾਲੀ ਮਰਹੱਟਿਆਂ ਨੂੰ ਲੁਟ ਕੇ ਇਕ ਮਹਾਨ ਜੇਤੂ ਦੇ ਰੂਪ ਵਿਚ  ਕਾਬਲ ਜਾ ਰਿਹਾ ਸੀ।ਪੰਜਾਬ ਵਿਚ ਦੀ ਲੰਘਦਿਆਂ ਖ਼ਾਲਸੇ ਨੇ ਉਸ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਦਾ ਫੈਂਸਲਾ ਕੀਤਾ।ਸਰਦਾਰ ਚੜ੍ਹਤ ਸਿੰਘ ਸੁਕਰਚੱਕੀਆ ਆਪਣੇ ਯੋਧਿਆਂ ਨਾਲ ਅਬਦਾਲੀ ਦੇ ਪਿੱਛੇ ਲੱਗ ਗਿਆ।ਜੋ ਅਬਦਾਲੀ ਮਾਲ ਮਰਹੱਟਿਆਂ ਤੋਂ ਲੁਟ ਕੇ ਲਿਜਾ ਰਿਹਾ ਸੀ ਉਹ ਸਾਰਾ ਹੱਲਾ ਬੋਲ ਕੇ ਆਪ ਲੁਟ ਲਿਆ ਇਹ ਵੇਖ ਕੇ ਅਬਦਾਲੀ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ।
ਅਬਦਾਲੀ ਨੂੰ ਤਿੰਨੇ ਚੁਗਲਾਂ ਮਹੰਤ ਆਕਲ ਦਾਸ ਹੰਡਾਲੀਆ ਜੰਡਿਆਲੇ ਵਾਲਾ,ਚੁਗਲਾ ਰਾਮ ਰੰਧਾਵਾ,ਰਾਜਾ ਘੁਮੰਡ ਅਤੇ ਹੋਰ ਨਵਾਬਾਂ ਚੌਧਰੀਆਂ ਨੇ ਸਿੰਘਾਂ ਬਾਰੇ ਉਕਸਾ ਕੇ ਸਿੰਘਾਂ ਤੇ ਛੇਵਾਂ ਹਮਲਾ ਕਰਕੇ ਖੋਜ ਖੁਰਾ ਮਿਟਾਉਣ ਲਈ ਕਿਹਾ।
ਜਦੋਂ ਸਿੰਘਾਂ ਨੂੰ ਅਬਦਾਲੀ ਦੇ ਛੇਵੇਂ ਹਮਲੇ ਦੀ ਸੂਹ ਮਿਲੀ ਕੇ ਅਬਦਾਲੀ ਬੜੀ ਤੇਜ਼ੀ ਨਾਲ ਮਾਲਵੇ ਦੇ ਇਲਾਕੇ ਵੱਲ ਸਿੰਘਾਂ ਤੇ ਹਲਾ ਬੋਲ ਕੇ ਉਹਨਾਂ ਦਾ ਖੋਜ ਖੁਰਾ ਮਿਟਾਉਣ ਆ ਰਿਹਾ ਹੈ।ਖ਼ਾਲਸੇ ਨੇ ਬੜੀ ਦੂਰ-ਅੰਦੇਸ਼ੀ ਵਾਲਾ ਫ਼ੈਸਲਾ ਕੀਤਾ ਕੇ ਸਭ ਤੋਂ ਪਹਿਲਾਂ ਟੱਬਰਾਂ ਅਤੇ ਬੱਚਿਆਂ ਦੀ ਰੱਖਿਆ ਕੀਤੀ ਜਾਵੇ ਜੇਕਰ ਪਰੀਵਾਰ ਬੱਚ ਰਹੇ ਤਾਂ ਸਿੱਖ ਕੌਮ ਬਚ ਰਹੇਗੀ ਜੇਕਰ ਸਿੱਖ ਕੌਮ ਬਚ ਰਹੀ ਤਾਂ ਸਿੱਖ ਧਰਮ ਬਚ ਰਹੇਗਾ।ਰੋਹੀੜੇ(ਕੁੱਪ)ਦੀ ਥੇਹ ਨੇੜੇ 50-55 ਹਜ਼ਾਰ ਦੀ ਗਿਣਤੀ ਵਿਚ ਸਿੱਖ ਇਕੱਠੇ ਹੋ ਗਏ ਇਸ ਗਿਣਤੀ ਵਿਚ ਬੱਚੇ ਬੁੱਢੇ ਔਰਤਾਂ ਵੀ ਸ਼ਾਮਲ ਸਨ।ਇਹਨਾਂ ਪਰੀਵਾਰਾਂ ਨੂੰ ਬਰਨਾਲੇ ਵਿਖੇ ਜਿੱਥੇ ਬਾਬਾ ਆਲਾ ਸਿੰਘ ਜੀ ਦਾ ਰਾਜ ਸੀ ਸੁਰੱਖਿਅਤ ਥਾਂ ਵੱਲ ਲਿਜਾਇਆ ਜਾ ਰਿਹਾ ਸੀ।ਸਿੱਖ ਸਰਦਾਰਾਂ ਨੂੰ ਉਮੀਦ ਸੀ ਕੇ ਅਬਦਾਲੀ ਨੂੰ ਸਿੱਖਾਂ ਤੱਕ ਪੁੱਜਣ ਲਈ ਕਈ ਦਿਨ ਲੱਗ ਜਾਣਗੇ ਅਬਦਾਲੀ 3 ਫ਼ਰਵਰੀ 1762 ਨੂੰ ਲਾਹੌਰ ਪਹੁੰਚ ਗਿਆ ਸਿੱਖਾਂ ਨੂੰ ਉਮੀਦ ਸੀ ਹਜੇ ਲਾਹੌਰ ਅਰਾਮ ਕਰਕੇ ਫਿਰ ਇੱਧਰ ਆਵੇਗਾ ਪਰ ਅਬਦਾਲੀ ਮਾਰੋ ਮਾਰ ਕਰਦਾ ਪੰਜਾਹ ਹਜ਼ਾਰ ਫ਼ੌਜ ਅਤੇ ਵੀਹ ਪੰਚੀ ਹਜ਼ਾਰ ਮੁਸਲਮ ਮੁਲਖਈਆਂ ਸਮੇਤ 5 ਫ਼ਰਵਰੀ ਨੂੰ ਰੋਹੀੜੇ ਆ ਸਿੱਖਾਂ ਨੂੰ ਘੇਰ ਲਿਆ।ਇਧਰੋਂ ਨਵਾਬ ਜੈਨ ਖਾਂ ਸਰਹਿੰਦ ਤੇ ਨਵਾਬ ਮਲੇਰਕੋਟਲਾ ਆਪਣੀ ਸੈਨਾ ਲੈ ਕੇ ਆ ਗਏ।
ਭਾਵੇਂ ਪੰਜਾਬ ਉੱਤੇ ਅਬਦਾਲੀ ਵਲੋਂ ਥਾਪੇ ਗਏ ਸੂਬੇਦਾਰਾਂ ਦਾ ਰਾਜ ਸੀ ਪਰ ਪੰਜਾਬ ਬਾਰ੍ਹਾਂ ਮਿਸਲਾਂ ਦੇ ਰੂਪ ਵਿਚ ਸਿੱਖਾਂ ਦੇ ਕਬਜ਼ੇ ਵਿਚ ਆ ਚੁੱਕਾ ਸੀ।ਦਲ ਖਾਲਸਾ ਜੱਸਾ ਸਿੰਘ ਅਹਲੂਵਾਲੀਏ ਦੀ ਅਗਵਾਈ ਵਿਚ ਮਜਬੂਤ ਦਲ ਬਣ ਚੁੱਕਾ ਸੀ।ਇਸ ਜੰਗ ਦੀ ਕਮਾਨ ਜੱਸਾ ਸਿੰਘ ਅਾਹਲੂਵਾਲੀਏ ਨੇ ਸੰਭਾਲ ਲਈ ਉਹਨਾਂ ਦਾ ਸਾਥ ਸਰਦਾਰ ਸ਼ਾਮ ਸਿੰਘ ਕਰੋੜ ਸਿੰਘੀਆ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਚੱਕੀਆ ਵਰਗੇ ਜਰਨੈਲ ਦੇ ਰਹੇ ਸਨ।ਘਮਸਾਨ ਦਾ ਜੰਗ ਜਾਰੀ ਹੋ ਚੁੱਕਾ ਸੀ।ਇਸ ਵਿਚ ਲੜਨ ਵਾਲੇ ਸਿੰਘਾਂ ਦੀ ਗਿਣਤੀ ਘੱਟ ਸੀ ਛੋਟੇ ਬੱਚੇ ਬੁਢਿਆਂ ਦੀ ਗਿਣਤੀ ਜਿਆਦਾ ਸੀ।
ਸਿੰਘਾਂ  ਨੂੰ ਆਪਣੀ ਮੌਤ ਨਾਲੋਂ ਜਿਆਦਾ ਚਿੰਤਾ ਵਹੀਰ ਨੂੰ ਬਚਾਉਣ ਦੀ ਸੀ।ਸਾਰੇ ਸਿੰਘ ਵਹੀਰ ਦੇ ਆਲੇ ਦੁਵਾਲੇ ਘੇਰਾ ਬੰਨ ਕੇ ਦੁਸ਼ਮਣਾ ਨਾਲ ਲੜ ਰਹੇ ਸਨ।ਜੱਸਾ ਸਿੰਘ ਅਹਲੂਵਾਲੀਆ ਵਹੀਰ ਨੂੰ ਕਹਿ ਰਹੇ ਸਨ ਲੜ ਲੜ ਕੇ ਤੁਰਦੇ ਜਾਓੁ।
ਅਬਦਾਲੀ ਅਤੇ ਉਸ ਦੇ ਜਰਨੈਲਾਂ ਵਲੀ ਖ਼ਾਨ, ਭੀਖਨ ਖ਼ਾਨ ਅਤੇ ਜੈਨ ਖ਼ਾਨ ਨੇ ਇਕਦਮ ਇਕੱਠਾ ਹਮਲਾ ਕਰਨ ਦੀ ਸਕੀਮ ਬਣਾਈ।ਇਸ ਹਮਲੇ ਨਾਲ ਸਿੰਘਾਂ ਦੇ ਪੈਰ ਉੱਖੜ ਗਏ।ਵਹੀਰ ਦੁਵਾਲੇ ਸਿੰਘਾਂ ਦਾ ਘੇਰਾ ਟੁੱਟ ਗਿਆ।ਵਹੀਰ ਦਾ ਬਹੁਤ ਨੁਕਸਾਨ ਹੋਇਆ।ਵੈਰੀਆਂ ਨੇ ਬਹੁਤ ਗਿਣਤੀ ਵਿਚ ਟੱਬਰ ਸ਼ਹੀਦ ਕਰ ਦਿੱਤੇ।ਪਰ ਥੋੜੇ ਸਮੇਂ ਬਾਅਦ ਸਿੰਘ ਫਿਰ ਵਹੀਰ ਦੁਆਲੇ ਘੇਰਾ ਬਨਾਉਣ ਵਿਚ ਸਫ਼ਲ ਹੋ ਗਏ।
ਸਿੰਘ ਤੁਰਦੇ ਤੁਰਦੇ ਕੁਤਬੇ ਬਾਮਣੀ ਤੋਂ ਅੱਗੇ ਹਠੂਰ ਦੀ ਢਾਬ ਉੱਤੇ ਪਹੁੰਚ ਗਏ।ਕੁਤਬੇ ਦੀ ਢਾਬ ਤੇ ਪਹੁੰਚ ਕੇ ਢਾਬ ਦੇ ਇਕ ਪਾਸੇ ਮੁਗਲ ਸੈਨਾਂ ਅਤੇ ਦੂਸਰੇ ਪਾਸੇ ਸਿੰਘ ਫ਼ੌਜਾਂ ਨੇ ਪਾਣੀ ਪੀਤਾ।ਲੜਾਈ ਲੜਦੀ ਹੋਈ ਕੁਝ ਫ਼ੌਜ ਬਰਨਾਲੇ ਵੱਲ ਨੂੰ ਅਤੇ ਕੁਝ ਫ਼ੌਜ ਹਠੂਰ ਹੁੰਦੀ ਹੋਈ ਹਨੇਰੇ ਦਾ ਫਾਇਦਾ ਲੈ ਕੇ ਦੂਰ ਦੂਰ ਪਿੰਡਾਂ ਵਿਚ ਖਿਲਰ ਗਈ।
ਇਸ ਜੰਗ ਵਿਚ ਜੱਸਾ ਸਿੰਘ ਅਹਲੂਵਾਲੀਏੇ ਦੇ ਸਰੀਰ ਉਪਰ 32 ਅਤੇ ਸ਼ਾਮ ਸਿੰਘ ਦੇ ਸਰੀਰ ਉਪਰ 16 ਫੱਟ ਲੱਗੇ ਸਨ ਕੋਈ ਸਿੰਘ ਅਜਿਹਾ ਨਹੀ ਸੀ ਜਿਸ ਦੇ ਸਰੀਰ ਉਪਰ ਜਖ਼ਮ ਦਾ ਨਿਸ਼ਾਨ ਨਾ ਹੋਵੇ ਇਹ ਲੜਾਈ ਰੋਹੀੜੇ ਦੇ ਮੈਦਾਨ ਤੋਂ ਲੈ ਕੇ ਗਹਿਲਾਂ ਤੱਕ ਲੱਗਭੱਗ ਵੀਹ ਮੀਲ ਦੇ ਏਰੀਏ ਵਿਚ ਲੜੀ ਗਈ।ਇਸ ਘੱਲੂਘਾਰੇ ਵਿਚ ਲਗਭਗ ਪੈਂਤੀ ਹਜ਼ਾਰ ਸਿੰਘ ਸ਼ਹੀਦ ਹੋਣ ਕਰਕੇ ਇਕ ਦਿਨ ਵਿਚ ਅੱਧੀ ਕੌਮ ਸ਼ਹੀਦ ਹੋ ਚੁੱਕੀ ਸੀ ਪਰ ਫਿਰ ਵੀ ਸਰਬੱਤ ਦਾ ਭਲਾ ਚਹੁੰਣ ਵਾਲੀ ਕੌਮ ਨੇ ਸ਼ਾਮ ਨੂੰ ਨਿਤਨੇਮ ਵਾਲੀ ਜੋ ਅਰਦਾਸ ਕੀਤੀ ਉਸ ਵਿਚ ਕਿਹਾ, `ਚਾਰ ਪਹਿਰ ਦਿਨ ਸੁਖ ਸ਼ਾਂਤੀ ਦਾ ਬਤੀਤ ਹੋਇਆ ਚਾਰ ਪਹਿਰ ਰਾਤ ਆਈ ਏ ਸੁਖ ਦੀ ਬਤੀਤ ਹੋਵੇ ‘।
15 ਫਰਵਰੀ 1762 ਨੂੰ ਅਬਦਾਲੀ ਜਦ ਸਰਹੰਦ ਤੋਂ ਲਾਹੌਰ ਵੱਲ ਮੁੜਿਆ ਰਸਤੇ ਵਿਚ ਉਸ ਨੇ ਸ੍ਰੀ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਗੁਰਧਾਮ ਢਹਿ ਢੇਰੀ ਕਰ ਦਿੱਤੇ।ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉੱਡਾ ਦਿੱਤਾ ਗਿਆ।      ਦਰਬਾਰ ਸਾਹਿਬ ਦੇ ਸਰੋਵਰ ਨੂੰ ਇਟਾਂ ਵੱਟੇ ਅਤੇ ਆਲੇ ਦਆਲੇ ਦੇ ਘਰ ਢਾਅ ਕੇ ਪੂਰ ਦਿੱਤਾ।ਸ੍ਰੀ ਅਕਾਲ ਤਖ਼ਤ ਸਾਹਿਬ ਵੀ ਢਹਿ ਢੇਰੀ ਕਰ ਦਿੱਤਾ।
ਜੋ ਚੁਗਲੀ ਕਰਕੇ ਸਿੰਘ ਸਿੰਘਣੀਆਂ ਅਤੇ ਬੱਚੇ ਅਬਦਾਲੀ ਨੂੰ ਫੜ੍ਹਾ ਦਿੱਤੇ ਗਏ ਉਹਨਾਂ ਨੂੰ ਗੁਰੂ  ਕੇ ਬਾਗ਼ ਦੀ ਖੁੱਲੀ ਜਗ੍ਹਾ ਵਿਚ ਕਤਲ ਕਰ ਦਿੱਤਾ ਗਿਆ।
ਸ੍ਰੀ ਹਰਿਮੰਦਰ ਸਾਹਿਬ ਦੀ ਹੋਈ ਬੇਅਦਬੀ ਨੇ ਘੱਲੂਘਾਰੇ ਦੇ ਜਖਮਾਂ ਨੂੰ ਹੋਰ ਤਾਜਾ ਕਰ ਦਿੱਤਾ।ਜੱਸਾ ਸਿੰਘ ਅਹਲੂਵਾਲੀਏ ਅਤੇ ਚੜ੍ਹਤ ਸਿੰਘ ਆਦਿ ਸਰਦਾਰਾ ਨੇ ਘੱਲੂਘਾਰੇ ਤੋਂ ਤਿੰਨ ਕੁ ਮਹੀਨੇ ਬਾਅਦ ਹੀ ਪੰਦਰਾਂ ਕੁ ਹਜ਼ਾਰ ਸਿੰਘਾਂ ਦੁਆਰਾ ਸਰਹੰਦ ਤੇ ਹਮਲਾ ਕਰਕੇ ਜੈਨ ਖ਼ਾਂ ਨੂੰ ਹਰਾ ਕੇ ਘੱਲੂਘਾਰੇ ਦਾ ਬਦਲਾ ਲਿਆ।
ਸਿੰਘ 17 ਅਕਤੂਬਰ1762 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਿਵਾਲੀ ਮਨਾਉਣ ਦਾ ਮਤਾ ਪਾਸ ਕਰਕੇ ਪਹੁੰਚ ਗਏ।ਉੱਥੇ ਚਾਲੀ ਕੁ ਹਜ਼ਾਰ ਸਿੰਘ ਸਿੰਘਣੀਆਂ ਦਾ ਇਕੱਠ ਹੋ ਗਿਆ।ਉਹਨਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਢਹਿ ਢੇਰੀ ਹੋਏ ਦਰਬਾਰ ਸਾਹਿਬ ਅਤੇ ਸਰੋਵਰ ਵਿੱਚੋ ਇੱਟਾਂ ਵੱਟੇ ਕੱਢਣ ਦੀ ਸੇਵਾ ਸ਼ੁਰੂ ਕਰ ਦਿੱਤੀ।ਅਬਦਾਲੀ ਨੂੰ ਪਤਾ ਲੱਗਣ ਤੇ ਆਪਣੀਆਂ ਫ਼ੌਜਾਂ ਲੈ ਕੇ ਪੁਤਲੀ ਘਰ ਅੰਮ੍ਰਿਤਸਰ ਨੇੜੇ ਪਹੁੰਚ ਗਿਆ।ਇਧਰੋਂ ਸਿੰਘ ਵੀ ਘੱਲੂਘਾਰੇ ਵਿਚ ਹੋਏ ਨੁਕਸਾਨ ਅਤੇ ਗੁਰੂ ਘਰ ਦੀ ਬੇਅਦਬੀ ਕਰਕੇ ਗੁੱਸੇ ਨਾਲ ਭਰੇ ਬੈਠੇ ਸਨ।ਸਿੰਘਾਂ ਦਾ ਅਬਦਾਲੀ ਦੀਆਂ ਫ਼ੌਜਾਂ ਨਾਲ ਯੁੱਧ ਲੱਗ ਗਿਆ।ਅਬਦਾਲੀ ਦੀ ਫ਼ੌਜ ਮਾਰੀ ਗਈ ਆਪ ਫ਼ੌਜ ਮਰਵਾ ਕੇ ਲਾਹੌਰ ਜਾ ਵੜਿਆ।ਸਿੰਘਾਂ ਨੇ ਸਾਲ ਵਿਚ ਹੀ ਘੱਲੂਘਾਰੇ ਅਤੇ ਗੁਰੂ ਘਰ ਦੀ ਹੋਈ ਬੇਅਦਬੀ ਦਾ ਬਦਲਾ ਲੈ ਲਿਆ।ਜਿਸ ਟਾਇਮ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਬਰੂਦ ਨਾਲ ਉਡਾਇਆ ਤਾਂ ਉਸ ਦੇ ਪਰੀਕਰਮਾਂ ਵਿਚ ਖੜੇ ਦੇ ਇਕ ਇਟ ਨੱਕ ਤੇ ਆ ਵੱਜੀ।ਉਸ ਜਖ਼ਮ ਨੂੰ ਮੁੜ ਅਰਾਮ ਨਾ ਆਇਆ ਅਤੇ ਕੈਂਸਰ ਦਾ ਰੋਗ ਬਣ ਕੇ ਉਸ ਦੀ ਮੌਤ ਹੋ ਗਈ।
ਰੋਹੀੜੇ ਸ਼ਹੀਦਾਂ ਦੀ ਯਾਦ ਵਿਚ ਬਹੁਤ ਸੁੰਦਰ ਗੁਰਦੁਵਾਰਾ ਸਾਹਿਬ ਬਣ ਚੁੱਕਾ ਹੈ।ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ  ਦਰਸ਼ਨੀ ਡਿਊਡੀ 121 ਫੁੱਟ ਉੱਚੀ ਬਣਾਈ ਗਈ ਹੈ।ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਆਪਣੇ ਪ੍ਰਬੰਧਕਾਂ ਤੋਂ ਕਰਵਾ ਰਹੇ ਹਨ।ਇੱਥੇ ਸ਼ਹੀਦਾ ਦੀ ਯਾਦ ਵਿਚ ਹਰ ਮਹੀਨੇ ਦਸਵੀਂ ਮਨਾਈ ਜਾਂਦੀ ਹੈ।ਹਰ ਸਾਲ ਸ਼ਹੀਦਾਂ ਦੀ ਯਾਦ ਵਿਚ 3,4,5 ਫ਼ਰਵਰੀ ਨੂੰ ਜੋੜ ਮੇਲ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਇਹ ਅਸਥਾਨ ਮਲੇਰਕੋਟਲਾ ਤੋਂ ਲੁਧਿਆਣਾ ਰੋਡ ਤੇ ਪੱਛਮ ਵੱਲ ਪੰਦਰਾਂ ਕੁ ਕਿਲੋਮੀਟਰ ਤੇ ਸਥਿਤ ਹੈ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin