Magazine

ਸ਼ਾਂਤ ਤੇ ਮਨਮੋਹਕ ਲੋਮਬੋਕ ਟਾਪੂ

ਇੰਡੋਨੇਸ਼ੀਆ ਦਾ ਲੋਮਬੋਕ ਕੁਦਰਤ ਦੀ ਗੋਦ ‘ਚ ਵਸਿਆ ਇਕ ਖੂਬਸੂਰਤ ਟਾਪੂ ਹੈ। ਟਾਪੂ ਦੇ ਦੱਖਣੀ ਸਿਰੇ ‘ਤੇ ਸਥਿਤ ਹੈ ਕੂਤਾ। ਖਿੜੀ ਧੁੱਪ ਵਿਚ ਸ਼ਾਂਤ ਸਮੁੰਦਰੀ ਟਾਪੂ ‘ਤੇ ਕੁਝ ਸਮਾਂ ਗੁਜ਼ਾਰਨ ਵਾਲਿਆਂ ਲਈ ਇਹ ਇਕ ਬਿਹਤਰੀਨ ਸਥਾਨ ਹੈ।
ਨੇੜੇ ਸਥਿਤ ਮਸ਼ਹੂਰ ਸੈਲਾਨੀ ਸਥਾਨ ਬਾਲੀ ਤੋਂ ਇਹ ਪੂਰੀ ਤਰ੍ਹਾਂ ਵੱਖ ਹੈ। ਜਿਥੇ ਬਾਲੀ ਵਿਚ ਸੈਲਾਨੀਆਂ ਦੀ ਭੀੜ ਆਮ ਗੱਲ ਹੈ, ਉਥੇ ਹੀ ਲੋਮਬੋਕ ਇਕਦਮ ਸ਼ਾਂਤ ਤੇ ਕੁਦਰਤ ਦੇ ਕ੍ਰਿਸ਼ਮਿਆਂ ਨਾਲ ਭਰਿਆ ਪਿਆ ਹੈ।
ਕੂਤਾ ਦੇ ਨੇੜੇ ਇਕ ਪਿੰਡ ਵਿਚ ਅੰਗਰੇਜ਼ੀ ਪੜ੍ਹਾਉਣ ਵਾਲਾ ਇਕ ਟੀਚਰ ਸੁਰਹਾਰਦੀ ਦੱਸਦਾ ਹੈ ਕਿ ਇੰਡੋਨੇਸ਼ੀਆ ਦੇ ਜ਼ਿਆਦਾਤਰ ਟਾਪੂਆਂ ਦੀ ਤਰ੍ਹਾਂ ਹੀ ਲੋਮਬੋਕ ਮੁਸਲਿਮ ਬਹੁਗਿਣਤੀ ਵਾਲਾ ਹੈ। ਇਥੇ ਆਉਣ ਵਾਲੇ ਵਿਦੇਸ਼ੀ ਇਸ ਤੱਥ ਨੂੰ ਭੁੱਲ ਜਾਂਦੇ ਹਨ ਕਿਉਂਕਿ ਉਨ੍ਹਾਂ ‘ਚੋਂ ਜ਼ਿਆਦਾਤਰ ਇਥੇ ਆਉਣ ਤੋਂ ਪਹਿਲਾਂ ਬਾਲੀ ਜਾਂਦੇ ਹਨ, ਜਿਥੇ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈ।
ਅਕਸਰ ਸੁਰਹਾਰਦੀ ਆਪਣੇ ਵਿਦਿਆਰਥੀਆਂ ਨੂੰ ਕੂਤਾ ਦੇ ਸਮੁੰਦਰੀ ਤਟ ‘ਤੇ ਸੂਰਜ ਇਸ਼ਨਾਨ ਕਰ ਰਹੇ ਯਾਤਰੀਆਂ ਕੋਲ ਲੈ  ਜਾਂਦੇ ਹਨ। ਉਨ੍ਹਾਂ ਦਾ ਟੀਚਾ ਵਿਦਿਆਰਥੀਆਂ ਨੂੰ ਸੈਲਾਨੀਆਂ ਨਾਲ ਗੱਲਬਾਤ ਕਰਕੇ ਅੰਗਰੇਜ਼ੀ ਬੋਲਣ ਦੀ ਪ੍ਰੈਕਟਿਸ ਕਰਵਾਉਣਾ ਹੁੰਦਾ ਹੈ। ਅਜਿਹੇ ਹੀ ਇਕ ਦਿਨ ਉਨ੍ਹਾਂ ਨੇ ਆਪਣੀਆਂ ਤਿੰਨ ਵਿਦਿਆਰਥਣਾਂ ਆਰਤੀ, ਲਿਤਾਂਗ ਅਤੇ ਸੁਸ਼ੀਲਾ ਨੂੰ ਕੁਝ ਡੱਚ ਸੈਲਾਨੀਆਂ ਨਾਲ ਮਿਲਵਾਇਆ।
ਪਹਿਲਾਂ ਤਾਂ ਸੈਲਾਨੀਆਂ ਨੂੰ ਲੱਗਾ ਕਿ ਉਹ ਉਨ੍ਹਾਂ ਨਾਲ ਗੱਲ ਕਰਕੇ ਸੁਰਹਾਰਦੀ ਦੀ ਮਦਦ ਕਰ ਰਹੇ ਹਨ ਪਰ ਜਲਦੀ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਵਿਦਿਆਰਥੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਇਲਾਕੇ ਦੀ ਸੰਸਕ੍ਰਿਤੀ, ਪੰ੍ਰਪਰਾ ਤੇ ਰੀਤੀ-ਰਿਵਾਜਾਂ ਤੋਂ ਲੈ ਕੇ ਖਾਣ-ਪੀਣ ਬਾਰੇ ਬਹੁਤ ਕੁਝ ਜਾਣਨ ਦਾ ਮੌਕਾ ਮਿਲ ਰਿਹਾ ਹੈ।
ਜਲਦੀ ਹੀ ਆਲੇ-ਦੁਆਲੇ ਬੈਠੇ ਹੋਰ ਸੈਲਾਨੀ ਵੀ ਵਿਦਿਆਰਥੀਆਂ ਦੀਆਂ ਗੱਲਾਂ ਸੁਣਨ ਲਈ ਉਨ੍ਹਾਂ ਦੇ ਨੇੜੇ ਆ ਜਾਂਦੇ ਹਨ।
ਲੋਮਬੋਕ ਟਾਪੂ ‘ਤੇ ਸੜਕ ਕਿਨਾਰੇ ਛੋਟੇ-ਛੋਟੇ ਸਟਾਲਸ ‘ਤੇ ਸਥਾਨਕ ਪਕਵਾਨਾਂ ਦਾ ਸੁਆਦ ਮਾਣਨ ਵਾਲੇ ਦੇਖ ਸਕਦੇ ਹਨ ਕਿ ਇਥੇ ਲੋਕ ਭੋਜਨ ਵਿਚ ‘ਸਾਂਬਲ’ ਨਾਂ ਦੇ ਤਿੱਖੇ ਚਿੱਲੀ ਸਾਸ ਦੀ ਵਰਤੋਂ ਕਰਦੇ ਹਨ।
ਸੁਰਹਾਰਦੀ ਦੱਸਦੇ ਹਨ ਕਿ ਇਸ ਲਈ ਸਥਾਨਕ ਭਾਸ਼ਾ ਵਿਚ ਲੋਮਬੋਕ ਦਾ ਅਰਥ ‘ਲਾਲ-ਕਾਲੀ ਮਿਰਚ’ ਹੈ। ਲੋਮਬੋਕ ਵਿਚ ਵੀ ਕੁਝ ਸਾਲਾਂ ਤੋਂ ਸੈਲਾਨੀ ਵਧ ਰਹੇ ਹਨ। ਅਜਿਹੇ ‘ਚ ਸੁਰਹਾਰਦੀ ਨੂੰ ਉਮੀਦ ਹੈ ਕਿ ਅੰਗਰੇਜ਼ੀ ਵਿਚ ਨਿਪੁੰਨ ਹੋਣ ‘ਤੇ ਉਨ੍ਹਾਂ ਦੇ ਵਿਦਿਆਰਥੀਆਂ ਲਈ ਇਥੇ ਰੋਜ਼ਗਾਰ ਦੇ ਚੰਗੇ ਮੌਕੇ ਮਿਲ ਸਕਦੇ ਹਨ।
ਲੋਮਬੋਕ ਵਿਚ ਸੈਲਾਨੀਆਂ ਦੀ ਦਿਲਚਸਪੀ ਵਧਣ ਕਾਰਨ ਹੋਰ ਚਰਚਿਤ ਸੈਲਾਨੀ ਥਾਵਾਂ ਦੇ ਮੁਕਾਬਲੇ ਇਸ ਦਾ ਕਾਫੀ ਹੱਦ ਤੱਕ ਸ਼ਾਂਤ ਹੋਣਾ ਹੈ। ਇਹ ਉਨ੍ਹਾਂ ਸੈਲਾਨੀਆਂ ‘ਚ ਖਾਸ ਤੌਰ ‘ਤੇ ਲੋਕਪ੍ਰਿਯ ਹੈ, ਜੋ ਸਮੁੰਦਰੀ ਤੱਟ ਦਾ ਆਨੰਦ ਇਕਦਮ ਸ਼ਾਂਤ ਮਾਹੌਲ ਵਿਚ ਲੈਣਾ ਚਾਹੁੰਦੇ ਹਨ।
ਕੁਝ ਸੈਲਾਨੀ ਟਾਪੂ ਦੇ ਉੱਤਰੀ ਸਿਰੇ ਵੱਲ ਜਾਣਾ ਪਸੰਦ ਕਰਦੇ ਹਨ, ਜਿਥੇ ਘੱਟ ਲੋਕ ਰਹਿੰਦੇ ਹਨ ਅਤੇ ਉਥੇ ਹੀ ਇੰਡੋਨੇਸ਼ੀਆ ਦਾ ਦੂਸਰਾ ਸਭ ਤੋਂ ਉੱਚਾ ਜਵਾਲਾਮੁਖੀ ‘ਗੁਨੁੰਗ ਰਿਨਜਾਨੀ’ ਸਥਿਤ ਹੈ। ਉਥੇ ਸਿਨਡਾਂਗ ਗਿਲ ਦੇ ਜੰਗਲਾਂ ਦੀ ਸੈਰ ਅਤੇ ਸ਼ਾਨਦਾਰ ਯੇਰੂਕ ਝਰਨੇ ਨੂੰ ਵੀ ਦੇਖਿਆ ਜਾ ਸਕਦਾ ਹੈ। 
ਟਾਪੂ ਦੇ ਪੱਛਮ ਅਤੇ ਮੱਧ ਦੇ ਇਲਾਕਿਆਂ ਵਿਚ ਚੌਲ ਦੇ ਖੇਤ ਤੇ ਮੰਦਿਰ ਫੈਲੇ ਹਨ। ਪੌੜੀਦਾਰ ਬਗੀਚੇ ਅਤੇ ਵਿਸ਼ਾਲ ਝਰਨੇ ਵੀ ਇਨ੍ਹਾਂ ਇਲਾਕਿਆਂ ਦੇ ਕੁਝ ਹੋਰ ਆਕਰਸ਼ਣ ਹਨ।  ਇਨ੍ਹਾਂ ਮੰਦਿਰਾਂ ‘ਚੋਂ ਜ਼ਿਆਦਾਤਰ ਹਿੰਦੂ ਮੰਦਿਰ ਹਨ ਕਿਉਂਕਿ ਲੋਮਬੋਕ 17 ਵੀਂ ਸਦੀ ਵਿਚ ਹੀ ਮੁਸਲਿਮ ਬਣਿਆ।
ਸਥਾਨਕ ਮਸਾਲਿਆਂ ਦੇ ਬਾਜ਼ਾਰ ਵਿਚ ਜਾਣ ‘ਤੇ ਰਵਾਇਤੀ ‘ਸਾਸਕ’ ਸੰਸਕ੍ਰਿਤੀ ਦਾ ਸਪੱਸ਼ਟ ਅਹਿਸਾਸ ਹੁੰਦਾ ਹੈ। ਟਾਪੂ ਦੇ 32 ਲੱਖ ਲੋਕਾਂ ‘ਚੋਂ ਜ਼ਿਆਦਾਤਰ ‘ਸਾਸਕ’ ਹਨ।
ਭਾਵੇਂ ਇਥੇ ਜ਼ਿਆਦਾਤਰ ਲੋਕ ਖੁਦ ਨੂੰ ਮੁਸਲਿਮ ਦੱਸਦੇ ਹੋਣ ਪਰ ਉਹ ਰਵਾਇਤੀ ਵੇਤੂ ਤੇਲੂ ਧਰਮ ਦਾ ਹੀ ਪਾਲਣ ਕਰਦੇ ਹਨ।
‘ਸਾਸਕ’ ਲੋਕ ਬੁਣਾਈ ਦੀ ਸਮਰੱਥਾ ਲਈ ਵੀ ਪ੍ਰਸਿੱਧ ਹਨ। ਉਨ੍ਹਾਂ ਦੇ ਕਈ ਪਿੰਡਾਂ ਖਾਸ ਕਰਕੇ ਸਾਦੇ ਅਤੇ ਰਾਮਬਿਤਾਨ ਵਿਚ ਸੈਲਾਨੀਆਂ ਦੀ ਭੀੜ ਇਸ ਲਈ ਹੋ ਜਾਂਦੀ ਹੈ ਕਿਉਂਕਿ ਉਹ ਵੱਡੀ ਗਿਣਤੀ ਵਿਚ ਉਥੇ ਉਨ੍ਹਾਂ ਮਕਾਨਾਂ ਨੂੰ ਦੇਖਣ ਜਾਂਦੇ ਹਨ, ਜਿਨ੍ਹਾਂ ਨੂੰ ਪਿੰਡ ਦੇ ਲੋਕ ਅਲੰਗ-ਅਲੰਗ ਨਾਮੀ ਘਾਹ ਨਾਲ ਬੁਣ ਕੇ ਤਿਆਰ ਕਰਦੇ ਹਨ।
ਜਦੋਂ ਤੋਂ ਤਿੰਨ ਸਾਲ ਪਹਿਲਾਂ ਲੋਮਬੋਕ ਦੇ ਦੱਖਣ ਵਿਚ ਇਕ ਕੌਮਾਂਤਰੀ ਹਵਾਈ ਅੱਡਾ ਖੁੱਲ੍ਹਿਆ ਹੈ, ਇਲਾਕੇ ਵਿਚ ਕਈ ਹੋਟਲ ਕੰਪਨੀਆਂ ਤੇ ਟੂਰਿਜ਼ਮ ਆਪ੍ਰੇਟਰਾਂ ਨੇ ਖੁਦ ਨੂੰ ਸਥਾਪਤ ਕਰ ਲਿਆ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਕੂਤਾ ਦੇ ਸਮੁੰਦਰੀ ਤੱਟ ‘ਤੇ ਹਨ, ਜੋ ਪਹਿਲਾਂ ਸਿਰਫ ਸਮੁੰਦਰ ਵਿਚ ਸਰਫਿੰਗ ਦੇ ਸ਼ੌਕੀਨਾਂ ਵਿਚ ਹੀ ਲੋਕਪ੍ਰਿਯ ਸੀ। ਮਾਵੁਨ ਅਤੇ ਤਾਨਜੰਗ ਆਨ ਨਾਂ ਦੇ ਤੱਟ ਤਾਂ ਜਿਵੇਂ ਸਿਰਫ ਉਨ੍ਹਾਂ ਲਈ ਹੀ ਰਾਖਵੇਂ ਸਨ।
ਲੋਮਬੋਕ ਦੇ ਆਲੇ-ਦੁਆਲੇ ਲਗਭਗ 25 ਛੋਟੇ ਟਾਪੂ ਹਨ। ਇਨ੍ਹਾਂ ‘ਚੋਂ ਗਿਲੀ ਮੇਨੋ, ਗਿਲੀ ਏਅਰ ਅਤੇ ਗਿਲੀ ਤ੍ਰਾਵਾਂਗਨ ਨਾਂ ਦੇ 3 ਟਾਪੂ ਤਾਂ ਅਜੇ ਵੀ ਕਾਫੀ ਲੋਕਪ੍ਰਿਯ ਹਨ। ਭਾਵੇਂ ਅਜੇ ਤੱਕ ਅਣਛੋਹੇ ਟਾਪੂ ਇਸ ਦੇ ਦੱਖਣ-ਪੱਛਮ ਵਿਚ ਸਥਿਤ ਹਨ। ਗਿਲੀ ਗੇਦੇ ਨਾਂ ਦੇ ਇਸ ਟਾਪੂ ‘ਤੇ ਅਮੇਰਿਕਨ ਪੀਟਰ ਅਤੇ ਉਨ੍ਹਾਂ ਦੀ  ਇੰਡੋਨੇਸ਼ੀਆਈ ਪਤਨੀ ਤਿਤਿਨ ਦਾ ਹੋਟਲ ਹੈ। ਹੋਟਲ ਦਾ ਨਾਂ ਸੀਕ੍ਰੇਟ ਆਈਲੈਂਡ ਰਿਜ਼ਾਰਟ ਰੱਖਣ ਪਿੱਛੇ ਉਨ੍ਹਾਂ ਦਾ ਉਦੇਸ਼ ਇਹੀ ਦੱਸਣਾ ਹੈ ਕਿ ਬੇਹੱਦ ਘੱਟ ਲੋਕਾਂ ਨੇ ਇਸ ਟਾਪੂ ਦਾ ਨਾਂ ਸੁਣਿਆ ਹੈ। ਇਹ ਧਰਤੀ ‘ਤੇ ਸਵਰਗ ਵਾਂਗ ਹੈ।
ਟਾਪੂ ਦੇ ਜਿਨ੍ਹਾਂ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਨ੍ਹਾਂ ‘ਚੋਂ ਜ਼ਿਆਦਾ ਸੈਲਾਨੀ ਨਹੀਂ, ਮੱਛੀ ਫੜ ਕੇ ਆਪਣਾ ਗੁਜ਼ਾਰਾ ਕਰਦੇ ਹਨ। ਕੁਝ ਮਛੇਰੇ ਸੈਲਾਨੀਆਂ ਨੂੰ ਆਪਣੇ ਨਾਲ ਮੱਛੀ ਫੜਨ ਜਾਂ ਗੋਤਾਖੋਰੀ ਲਈ ਸਮੁੰਦਰ ਵਿਚ ਕੁਝ ਅਣਜਾਣ ਟਾਪੂਆਂ ‘ਤੇ ਵੀ ਲੈ ਜਾਂਦੇ ਹਨ।
ਉੱਤਰੀ ਟਾਪੂਆਂ ਦੇ ਉਲਟ ਦੱਖਣ ਵਿਚ ਮੂੰਗਾਂ ਚੱਟਾਨਾਂ ਅਜੇ ਵੀ ਪਹਿਲਾਂ ਵਾਂਗ ਮਜ਼ਬੂਤ ਹਨ। ਉਨ੍ਹਾਂ ਦੇ ਵਿਚਕਾਰ ਤੈਰਦੇ ਕੱਛੂ ਅਤੇ ਸਾਰਕ ਮੱਛੀਆਂ ਵੀ ਦਿਖਾਈ ਦਿੰਦੀਆਂ ਹਨ। ਇਕ ਹੋਰ ਟਾਪੂ ਗਿਲੀ ਨਾਨਗੂ ਵਿਚ ਸ਼ਾਇਦ  ਸਭ ਤੋਂ ਸੁੰਦਰ ਸਫੇਦ ਰੇਤ ਵਾਲੇ ਸਮੁੰਦਰੀ ਤੱਟ ਹਨ।

Related posts

ਕੀ ਅਜੌਕੀ ਸਿੱਖ ਲੀਡਰਸ਼ਿਪ ਮਹੱਤਵਹੀਣ ਹੋ ਚੁਕੀ ਹੈ?

admin

ਜ਼ਰਾ ਬਚਕੇ ਮੋੜ ਤੋਂ . . . ਭਾਗ – 2

admin

ਨਾਨਕ (ਨਾਦ) ਬਾਣੀ ਵਿੱਚ ਵਿਗਿਆਨਕ ਸੋਚ”   

admin