Articles

ਸਕਾਰਾਤਮਕ ਨਜ਼ਰੀਆ

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਤੁਸੀਂ ਕੀ ਹੋ ਅਤੇ ਭਵਿੱਖ ਵਿੱਚ ਤੁਸੀਂ ਕੀ ਹੋਵੋਂਗੇ, ਇਹ ਤੁਹਾਡੇ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ। ਕੋਈ ਚਿੱਕੜ ਵਿੱਚ ਉੱਗੇ ਕਲਮ ਉੱਪਰ ਧਿਆਨ ਕੇਂਦਰਿਤ ਕਰੇਗਾ ਅਤੇ ਕੋਈ ਇਕੱਲਾ ਚਿੱਕੜ ਵੇਖੇਗਾ। ਆਮ ਹੀ ਗੱਲ ਸੁਣਨ ਨੂੰ ਮਿਲ ਜਾਂਦੀ ਹੈ ਕਿ ਅੱਧੇ ਪਾਣੀ ਦੇ ਗਿਲਾਸ ਨੂੰ ਵੇਖਣ ਦੇ ਦੋ ਤਰੀਕੇ ਹਨ ਸਕਾਰਾਤਮਕ ਸੋਚ ਵਾਲਾ ਵਿਅਕਤੀ ਹਮੇਸ਼ਾ ਅੱਧੇ ਭਰੇ ਗਿਲਾਸ ਬਾਰੇ ਸੋਚੇਗਾ ਅਤੇ ਨਕਾਰਾਤਮਕ ਸੋਚ ਰੱਖਣ ਵਾਲੇ ਵਿਅਕਤੀ ਨੂੰ ਅੱਧਾ ਗਿਲਾਸ ਖਾਲੀ ਨਜ਼ਰ ਆਵੇਗਾ। ਕੋਈ ਵਿਅਕਤੀ ਅੱਜ ਤੱਕ ਪੂਰਨ ਨਹੀਂ ਹੋਇਆ। ਹਰ ਵਿਅਕਤੀ ਵਿੱਚ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ । ਪਰ ਸਾਡੀ ਸੋਚ ਦਾ ਦਾਇਰਾ ਵਿਸ਼ਾਲ ਹੋਣਾ ਬਹੁਤ ਜਰੂਰੀ ਹੈ। ਜਿਸ ਤਰ੍ਹਾਂ ਦੀ ਸਾਡੀ ਸੋਚ ਹੋਵੇਗੀ, ਉਸੇ ਤਰ੍ਹਾਂ ਦੀ ਸ਼ਖਸੀਅਤ ਉੱਭਰ ਕੇ ਲੋਕਾਂ ਮੂਹਰੇ ਆਵੇਗੀ। ਇੱਥੇ ਇਹ ਵੀ ਗੱਲ ਯਕੀਨੀ ਹੈ ਕਿ ਹਰ ਕੋਈ ਤੁਹਾਡੇ ਹੱਕ ਵਿੱਚ ਨਹੀਂ ਖੜਾ ਹੋਵੇਗਾ। ਜਿੱਥੇ ਤੁਹਾਡੇ ਪ੍ਸ਼ੰਸ਼ਕ ਹੋਣਗੇ ਉੱਥੇ ਤੁਹਾਡੇ ਨਿੰਦਕ ਵੀ ਹੋਣਗੇ, ਜਿੱਥੇ ਤੁਹਾਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਨ ਵਾਲੇ ਤੁਹਾਡੇ ਨਾਲ ਖੜੇ ਹੋਣਗੇ, ਇਸਦੇ ਉੱਲਟ ਜਿਸ ਪੌੜੀ ਉੱਪਰ ਚੜ੍ਹ ਕੇ ਤੁਸੀਂ ਉੱਪਰ ਜਾ ਰਹੇ ਹੋ ਉਹ ਖਿੱਚਣ ਵਾਲੇ ਵੀ ਬਹੁਤ ਲੋਕ ਹੋਣਗੇ। ਹੁਣ ਇਹ ਨਿਰਭਰ ਸਾਡੇ ਉੱਪਰ ਕਰਦਾ ਹੈ ਕਿ ਅਸੀਂ ਧਿਆਨ ਕਿਸ ਉੱਪਰ ਕੇਂਦਰਿਤ ਕਰਨਾ ਹੈ, ਮਾੜੀਆਂ ਚੀਜ਼ਾਂ ਉੱਪਰ ਜਾਂ ਉਹਨਾਂ ਹਲਾਤਾਂ ਉੱਪਰ ਜੋ ਸਾਨੂੰ ਅੱਗੇ ਵੱਧਣ ਲਈ ਪ੍ਰੋਤਸਾਹਿਤ ਕਰ ਰਹੇ ਹਨ। ਜਿੰਦਗੀ ਇੱਕ ਸੰਘਰਸ਼ ਹੈ, ਇਸ ਵਿੱਚ ਆਏ ਦਿਨ ਕੋਈ ਨਵੀਂ ਚਣੌਤੀ ਤੁਹਾਡੇ ਮੂਹਰੇ ਆ ਖੜੀ ਹੋਵੇਗੀ, ਕਈ ਵਾਰ ਤਾਂ ਹਾਲਾਤ ਏਦਾਂ ਦੇ ਬਣ ਜਾਂਦੇ ਹਨ ਕਿ ਜਿਸ ਬਾਰੇ ਕਦੇ ਸੋਚਿਆ ਨਹੀਂ ਹੁੰਦਾ , ਅਜਿਹੀਆਂ ਘੜੀਆਂ ਵਿੱਚ ਮਨੁੱਖ ਦਾ ਡੋਲਣਾ ਸੁਭਾਵਿਕ ਹੈ, ਪਰ ਹਿੰਮਤੀ ਲੋਕ ਡਿੱਗਦੇ ਹਨ ਅਤੇ ਫਿਰ ਉੱਠਦੇ ਹਨ, ਉਹ ਹਰ ਮਾੜੇ ਚੰਗੇ ਹਾਲਾਤ ਦਾ ਸਾਹਮਣਾ ਕਰਦੇ ਹਨ ਤੇ ਨਵੀਂ ਸਵੇਰ ਨਾਲ ਨਵੀਂ ਸ਼ੁਰੂਆਤ ਕਰਦੇ ਹਨ।

ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਕਾਮਯਾਬ ਹੋਵੇ, ਉਸਦੀ ਇੱਕ ਵੱਖਰੀ ਪਹਿਚਾਣ ਹੋਵੇ, ਪਰ ਇਸ ਪਿੱਛੇ ਇੱਕ ਰਾਜ ਹੈ, ਸਕਾਰਾਤਮਕ ਸੋਚ ਅਤੇ ਦਿ੍ੜ ਵਿਵਹਾਰ ਦਾ। ਜਿੰਨਾ ਲੋਕਾਂ ਨੇ ਇਹਨਾਂ ਦੋਹਾਂ ਨੂੰ ਆਪਣੇ ਸਾਥੀ ਮੰਨ ਮੰਜ਼ਿਲ ਵੱਲ ਵੱਧਣ ਬਾਰੇ ਸੋਚਿਆ ਉਹ ਹਮੇਸ਼ਾ ਚੋਟੀ ਨੂੰ ਸਰ ਕਰਕੇ ਵਾਪਿਸ ਪਰਤੇ ਹਨ। ਸਾਡੀ ਸਾਰਥਕ ਸੋਚ ਸਾਨੂੰ ਬਹੁਤ ਅਗਾਂਹ ਲੈ ਜਾਂਦੀ ਹੈ ਜਦੋਂ ਕਿ ਨਕਾਰਾਤਮਕ ਸੋਚ ਹਮੇਸ਼ਾ ਪਿਛਾਂਹ ਖਿਚੋ ਹੁੰਦੀ ਹੈ।
ਹੁਣ ਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਆਪਣੀ ਮੰਜ਼ਿਲ ਕਿਹੜੀ ਅਤੇ ਕਿਵੇਂ ਮਿਥਣੀ ਹੈ, ਅਸੀਂ ਕਿਸ ਸੋਚ ਦੇ ਧਾਰਣੀ ਬਨਣਾ ਹੈ ਇਹ ਵੀ ਸਾਡੇ ਉੱਪਰ ਹੀ ਨਿਰਭਰ ਕਰਦਾ ਹੈ, ਚੰਗੀ ਸੋਚ ਦੇ ਬੀਜ ਹਮੇਸ਼ਾ ਅਗਾਂਹ ਵਧੂ ਹੁੰਦੇ ਹਨ, ਸੋ ਸਾਡਾ ਯਤਨ ਰਹਿਣਾ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਚੰਗੀ, ਉੱਚੀ ਸੁੱਚੀ ਸੋਚ ਦੇ ਧਾਰਣੀ ਹੋਈਏ ਅਤੇ ਹਮੇਸ਼ਾ ਮੰਜ਼ਿਲਾਂ ਦੀਆਂ ਪੈੜਾਂ ਨੱਪਦੇ ਰਹੀਏ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin