Articles

ਸਚ ਸੁਣਾਇਸੀ ਸਚ ਕੀ ਬੇਲਾ

ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ

ਸੱਚ ਕੀ ਹੈ? ਝੂਠ ਦੀ ਗੈਰ-ਹਾਜਰੀ? ਕੂੜ-ਮੁਕਤ ਬਿਆਨੀਆਂ? ਕੁਫਰਹੀਣ ਸਟੇਟਮੈਂਟ ?
ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਅਸੀਂ ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ, ਵਿੱਕੀਪੀਡੀਆ ਦਾ ਸਿੰਪਲ ਇੰਗਲਿਸ ਡਿਕਸਨਰੀ, ਮਰੀਅਮ- ਵੈਬਸਟਰ ਡਿਕਸਨਰੀ, ਹਾਰਪਰ ਦੀ ਬਾਈਬਲ ਡਿਕਸਨਰੀ ਆਦਿ ਸਰੋਤਾਂ ਦਾ ਸਹਾਰਾ ਲਿਆ।
ਮਹਾਨਕੋਸ ਵਿਚ ਸੱਚ ਦੇ ਸੱਤ ਅਰਥ ਕੀਤੇ ਹਨ। ਇਸ ਸਬਦ ਦੀ ਜੜ੍ਹ ਸੰਸਕ੍ਰਿਤ ਵਿਚ ਦਸਦਿਆਂ ਇਹਨਾਂ ਅਰਥਾਂ ਵਿਚੋਂ ਸਚ ਦਾ ਇਕ ਅਰਥ ਬਤੌਰ ਸੰਗਯਾ ਸਤਯ, ਸਚ ਕੀਤਾ ਗਿਆ ਹੈ- ‘ਸਚ ਬਿਨ ਸਾਖੀ ਮੁਲੋ ਨਾ ਬਾਕੀ’(ਗੁਰਬਾਣੀ)। ਦੂਸਰਾ ਅਰਥ ਪਾਰਬ੍ਰਹਮ, ਸਤਯ ਰੂਪੀ ਕਰਤਾਰ ਕੀਤਾ ਗਿਆ ਹੈ- ‘ਸਚ ਕੀ ਬਾਣੀ ਨਾਨਕ ਆਖੇ’, ’ਆਦਿ ਸਚੁ ਜੁਗਾਦਿ ਸਚੁ’ (ਗੁਰਬਾਣੀ) ਅਤੇ ਤੀਸਰਾ ਅਰਥ ਆਨੰਦ ਕੀਤਾ ਗਿਐ- ‘ਤਤਿਹ ਤਤੁ ਸਚ ਮਿਲਿਆ ਸਚ ਪਾਵਾ’, ’ਸਚੁ ਮਿਲੈ ਸਚੁ ਉਪਜੈ’ (ਗੁਰਬਾਣੀ)।
ਮਹਾਨਕੋਸ ਵਿਚ ਸਚ,ਸੱਚ,ਸਚੁ ਸਬਦਾਂ ਦਾ ਸਮੁਚਾ ਅਰਥ ਝੂਠ ਦਾ ਅਭਾਵ ਜਾਂ (ਜੋ)ਮਿਥਿਆ ਦੇ ਵਿਰੁਧ(ਹੋਵੇ) ਕੀਤਾ ਗਿਆ ਹੈ।
ਸੱਚ\ਸੱਚਾਈ ਨੂੰ ਅੰਗਰੇਜੀ ਵਿਚ ‘ਟਰੂਥ’ ਕਹਿੰਦੇ ਹਨ।ਸਬਦ-ਵਿਗਿਆਨ ਅਨੁਸਾਰ ਅੰਗਰੇਜੀ ਦੇ ਇਸ ਸਬਦ ਦੀਆਂ ਜੜ੍ਹਾਂ ਲਾਤੀਨੀ ਭਾਸਾ ਅਤੇ ਮਿਡਲ ‘ਤੇ ਓਲਡ ਇੰਗਲਿਸ ਵਿਚ ਦਸੀਆਂ ਗਈਆਂ ਹਨ।ਲਾਤੀਨੀ ਭਾਸਾ ਦੇ ਸਬਦ ‘ਵਰ’,ਜਿਸ ਚੋਂ ‘ਵੱਰੈਸਿਟਿ’ ਅਤੇ ‘ਵਰਡਿਕਟ’ ਸਬਦ ਨਿਕਲੇ ਹਨ,ਵਿਚ ਸਚ ਦੀਆਂ ਜੜ੍ਹਾਂ ਦਸੀਆਂ ਗਈਆਂ ਹਨ।‘ਵਰ’ ਜਾਂ ‘ਵੱਰੈਸਿਟਿ’ ਦਾ ਅਰਥ ਸਚ ਤੋਂ ਹੈ।ਮਧਕਾਲੀ ਅਤੇ ਪੁਰਾਤਨ ਅੰਗਰੇਜੀ ਦੇ ਸਬਦਾਂ ‘ਟਰਿਊਥ’ ਅਤੇ ‘ਟਰੈਓਥ’ ਵਿਚੋਂ ‘ਟਰੂਥ’(ਸਚ) ਸਬਦ ਦੇ ਨਿਕਲਣ ਦੀ ਗਲ ਕਹੀ ਗਈ ਹੈ।
ਵਿਕੀਪੀਡੀਆ ਅਨੁਸਾਰ ਕਾਇਨਾਤ ਵਿਚ ਸੱਚ ਇਕ ਵਿਲਖਣ ਸਕਤੀ ਹੈ।ਸੱਚਾਈ ਹੀ ਸੱਚ ਹੈ! ‘ਦਾ ਸਿੰਪਲ ਇੰਗਲਿਸ ਵਿਕਸਨਰੀ’ ਅਨੁਸਾਰ ਸੱਚ ਉਹ ਹੈ ਜੋ ਸੱਚੀ ਗਲ ਹੈ।ਸੱਚ ਰਾਇ\ਮਤ,ਤਥ ਆਦਿ ਤੋਂ ਉਪਰ ਹੈ।ਬਾਈਬਲ ਡਿਕਸਨਰੀ ਵਿਚ ਰਬ ਨੂੰ ਹੀ ਸੱਚ ਕਿਹਾ ਗਿਐ।ਮਰੀਅਮ ਵੈਬਸਟਰ ਡਿਕਸਨਰੀ ਵਿਚ ਇਸ ਨੂੰ ਵਾਸਤਵਿਕ ਸੈਆਂ,ਘਟਨਾਵਾਂ ਅਤੇ ਤੱਥਾਂ ਦਾ ਸਰੂਪ ਕਿਹਾ ਗਿਐ,ਯਥਾਰਕਤਾ ਦਸਿਆ ਗਿਐ। ਸੱਚ ਨੂੰ ਝੂਠ ਦੇ ਉਲਟ ਹੋਣ ਦੀ ਸੰਗਿਆ ਵੀ ਦਿਤੀ ਗਈ ਹੈ।
ਵਿਕੀਪੀਡੀਆ ਵਿਚ ਤਾਂ ਸੱਚ ਦੀਆਂ ਕਈ ਵਿਸੇਸਤਾਈਆਂ ਦਾ ਵਰਨਣ ਵੀ ਕੀਤਾ ਗਿਐ, ਜਿਵੇਂ-1.ਸੱਚ ਹਰ ਤਰਕਸੰਗਤ ਬੰਦਾ ਮੰਨ ਲੈਂਦੈ ਅਤੇ ਇਸ ਉਪਰ ਕੋਈ ਬਹਿਸਬਾਜੀ ਜਾਂ ਤਰਕ-ਵਿਤਰਕ ਦੀ ਗੁੰਜਾਇਸ ਨਹੀਂ ਹੁੰਦੀ,2.ਸੱਚ ਦਾ ਵਿਰੋਧ ਹੁੰਦੈ ਕਿਉਂਕਿ ਸੱਚ ਗਿਟੇ ਲਗਦੈ।ਜਿੰਨਾ ਕੋਈ ਮਚੂ ਸਮਝੋ ਸੱਚ ਸੁਣ ਕੇ ਸਹਿਣ ਨਹੀਂ ਕਰ ਸਕਿਆ।ਉਂਜ ਵੀ ਝੂਠਿਆਂ,ਭ੍ਰਸ਼ਿਟਾਂ,ਚੋਰਾਂ,ਠੱਗਾਂ ਦੀ ਸਾਡੇ ਮੁਲਕ ਵਿਚ ਬਹੁਗਿਣਤੀ ਹੋਣ ਕਾਰਨ ਸਚ ਸੁਣ ਕੇ ਤੜਿੰਗ ਲਗਣਾ ਹੀ ਲਗਣਾ ਹੈ। ਵੈਸੇ ਵੀ ਗੈਲੀਲੀਓ,ਆਈਨਸਟਾਈਨ,ਨਿਊਟਨ ਵਰਗੇ ਹੋਰ ਕਈ ਵਿਗਿਆਨੀਆਂ ਦਾ ਪਹਿਲੇ ਪਹਿਲ ਡਟ ਕੇ ਵਿਰੋਧ ਹੋਇਆ ਅਤੇ ਗੈਲੀਲੀਓ ਨੂੰ ਤਾਂ ਸਮੇਂ ਦੇ ਧਾਰਮਿਕ ਠੇਕੇਦਾਰਾਂ ਨੇ ਮੌਤ ਦੇ ਘਾਟ ਹੀ ਉਤਾਰ ਦੇਣਾ ਸੀ, ਜੇ ਉਹ ਉਹਨਾਂ ਦੀ ਗੱਲ ਨਾ ਮੰਨਦਾ।ਸੁਕਰਾਤ ਵਰਗਿਆਂ ਨੂੰ ਜਹਿਰ ਦਾ ਪਿਆਲਾ ਪੀਣਾ ਪਿਆ।ਮਧਕਾਲੀਨ ਫਰਾਂਸ ਦੀ ਵੀਰਾਂਗਣਾ‘ਜੋਨ ਆਫ ਆਰਕ’,ਜੋ ਕਿਸਾਨ ਦੀ ਬੇਟੀ ਸੀ, ਨੂੰ 19 ਸਾਲ ਦੀ ਨਿੱਕੀ ਉਮਰੇ 1431 ‘ਚ ਜ਼ਿੰਦਾ ਜਲਾ ਦਿਤਾ ਗਿਆ(ਭਾਵੇਂ ਸਦੀਆਂ ਬਾਅਦ 1920 ਵਿਚ ਉਸ ਨੂੰ ਵਿਧੀਵਧ ਢੰਗ ਨਾਲ ‘ਸੰਤ’ ਦਾ ਖਿਤਾਬ ਦਿਤਾ ਗਿਆ!)।ਮਨਸੂਰ,ਸਰਮਦ ਅਤੇ ਗੂਰੂਆਂ-ਪੀਰਾਂ ਨੂੰ ਅਜੀਮ ਕੁਰਬਾਨੀਆਂ ਦੇਣੀਆਂ ਪਈਆਂ।3.ਸਚ ਹਰ ਥਾਂ ਢੁਕਵਾਂ\ਉਚਿਤ ਹੈ,4.ਸਚ ਨੂੰ ਪੜਤਾਲ\ਪੁਸਟੀ ਦੀ ਲੋੜ ਨਹੀਂ ਹੁੰਦੀ।ਹਥ ਕੰਗਣ ਨੂੰ ਆਰਸੀ ਕੀ ਅਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ!
ਸੱਚ ਨਿਰਪੇਖ (ਐਬਸੋਲਿਊਟ) ਅਤੇ ਸਾਪੇਖ (ਰੈਲੇਟਿਵ) ਵੀ ਹੁੰਦੈ। ਨਿਰਪੇਖ ਸੱਚ ਹਰ ਸਮੇਂ ਅਤੇ ਹਰ ਥਾਂ ਸੱਚ ਹੀ ਹੁੰਦੈ।ਜੋ ਕਿਤੇ ਹੈ ਕਿਤੇ ਨਹੀਂ,ਕਦੀ ਹੈ ਕਦੀ ਨਹੀਂ,ਕਿਸੇ ਕੋਲ ਹੈ ਕਿਸੇ ਕੋਲ ਨਹੀਂ,ਕਿਸੇ ਲਈ ਹੈ ਕਿਸੇ ਲਈ ਨਹੀਂ ਉਹ ਨਿਰਪੇਖ ਸੱਚ ਨਹੀਂ ਹੁੰਦਾ। ਸਾਪੇਖ ਸੱਚ ਉਹਨਾਂ ਘਟਨਾਂ\ਘਟਨਾਵਾਂ ਵਾਰੇ ਹੈ ਜੋ ਦੂਸਰੀਆਂ ਘਟਨਾ\ਘਟਨਾਵਾਂ ਨਾਲ ਸਬੰਧਤ ਹੋ ਵਾਪਰਦੀਆਂ ਹਨ। ਪਰ ਯੂਨਾਨੀ ਦਾਨਿਸਵਰ ਪਲੂਟੋ ਸਾਪੇਖ ਸੱਚ ਨੂੰ ਨਹੀਂ ਮੰਨਦਾ।
ਹੱਕ, ਸੱਚ ਅਤੇ ਰੱਬ ਇਕ ਕਿਸਮ ਦੇ ਸਮਾਨਾਰਥੀ ਸਬਦ ਹਨ।ਹਕ ਅਤੇ ਰਬ ਦੋਵੇਂ ਅਰਬੀ ਦੇ ਸਬਦ ਹਨ ਅਤੇ ਹਕ ਅਤੇ ਸਚ ਦਾ ਇਕ ਅਰਥ ਪਰਮਪਿਤਾ ਪ੍ਰਮਾਤਮਾ ਵੀ ਹੈ। ਉਪਰ ਬਾਈਬਲ ਦੇ ਹਵਾਲੇ ਨਾਲ ਵੀ ਇਹ ਗਲ ਦਸੀ ਜਾ ਚੁਕੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਵੀ(ਹਕ ਹੁਕਮ ਸਚੁ ਖੁਦਾਇਆ’)।ਗੁਰਬਾਣੀ ਵਿਚ ਤਾਂ ਸਚ ਬਾਰੇ ਅਨੇਕਾਂ ਟੂਕਾਂ ਹਨ।ਇਥੇ ਕੁਝ ਕੁ ਦਾ ਜ਼ਿਕਰ ਕਰਦੇ ਹਾਂ-
-‘ਸਚੁ ਸਚੇ ਨੋ ਸਾਬਾਸਿ ਹੈ’,’ਸਚੁ ਪਰਮੇਸਰ ਨਿਤ ਨਵਾ’,’ਸਚੁ ਸਚਾ ਸਭ ਦੂ ਵਡਾ ਹੈ’,ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ’,’ਸਚੁ ਕਮਾਵੈ ਸੋਈ ਕਾਜੀ’,’ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ’,’ਸਚੁ ਕਰਣੀ ਸਬਦੁ ਹੈ ਸਾਰੁ’,’ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ’,’ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ,’’’ਸਚੈ ਮੈਲੁ ਨ ਲਗਈ’,’ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ’।।ਆਦਿ।
ਗੁਰਬਾਣੀ ਵਿਚ ਸੱਚ ਦਾ ਰੁਤਬਾ ਸ੍ਰੇਸਟ ਹੈ।ਇਸ ਤੋਂ ਸਭ ਥੱਲੇ ਹਨ ਪਰ ਸੱਚੇ-ਸੁੱਚੇ ਆਚਰਨ ਨੂੰ ਇਸ ਤੋਂ ਵੀ ਉਪਰ ਮੰਨਿਆਂ ਗਿਆ ਹੈ-Tਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁU।।
ਭਾਈ ਗੁਰਦਾਸ ਜੀ ਨੇ ਵੀ ਸੱਚ ਵਾਰੇ ਕਈ ਥਾਂ ਲਿਖਿਆ ਹੈ-‘ਜੇ ਮੱਖੀ ਮੁਹਿ ਮਕੜੀ ਕਿਉ ਹੋਵੈ ਬਾਜ\ਸੱਚ ਸਚਾਵਾ ਕਾਢੀਐ ਕੂੜ ਕੂੜਾ ਪਾਜ’ ਅਤੇ ‘ਬਾਬੇ ਕਹਿਆ ਨਾਥ ਜੀ ਸਚ ਚੰਦ੍ਰਮਾ ਕੂੜ ਅੰਧਾਰਾ।\ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿ੍ਹਆ ਸੰਸਾਰਾ’।(ਬਾਣੀ ‘ਚ ਵੀ ‘ਕੂੜ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹਿ ਚੜਿਆ’ ਦੀ ਸਥਿਤੀ ਦਾ ਜ਼ਿਕਰ ਹੈ)।
ਪੰਜਾਬੀ ਮਾਂ ਬੋਲੀ ਵਿਚ ਸੱਚ ਨਾਲ ਸਬੰਧਤ ਅਨੇਕਾਂ ਅਖਾਣ\ਮੁਹਾਵਰੇ ਹਨ-ਸੱਚ ਆਖਿਆਂ ਭਾਂਬੜ ਮਚਦਾ ਹੈ\ਮਿਰਚਾਂ ਲਗਦੀਆਂ ਹਨ,ਸੱਚ ਆਖਣਾ ਅਧੀ ਲੜਾਈ,ਸਚ ਮਿਰਚਾਂ ‘ਤੇ ਝੂਠ ਗੁੜ,ਸੱਚ ਦਾਤਾ ਕੂੜ ਮੰਗਤਾ,ਸੱਚ ਸਾਬਤ ਕੂੜ ਫਿਰਦਾ ਫਾਵਾ,ਸੱਚ ਚੰਦਰਮਾ,ਕੂੜ ਅੰਧੇਰਾ,ਸੱਚ ਨਹੀਂ ਕਹਿਣਾ ‘ਤੇ ਵਹੀਆਂ ਲੈ ਕੇ ਡਹਿਣਾ,ਸੱਚ ਨੂੰ ਆਂਚ ਕੀ,ਸੱਚ ਨੂੰ ਕੀ ਅਗ ਦਾ ਡਰ,ਸੱਚ ਦੀ ਜੈ ਹੈ,ਕੂੜ ਦੀ ਖੈ ਹੈ,ਸੱਚੀ ਕਹੇ ਖੁਸੀ ਰਹੇ,ਸਚੋ ਸੱਚ ਦਸ ਵੇ ਜੋਗੀ,ਸੋਲਾਂ ਆਂਨੇ ਸੱਚ,ਸੱਚ ਦਾ ਬੀਜ ਨਾਸ ਨਹੀਂ ਹੁੰਦਾ, ਆਦਿ।
ਅਦਾਲਤਾਂ ਵਿਚ ਕੇਸਾਂ ਦੀ ਸੁਣਵਾਈ ਸਮੇਂ ਧਾਰਮਿਕ ਪੁਸਤਕ ਉਪਰ ਹਥ ਰਖਵਾ ਕੇ ਸਹੁੰ ਚੁਕਾਈ ਜਾਂਦੀ ਹੈ ਕਿ ‘ਮੈਂ ਜੋ ਬੋਲਾਂਗਾ ਸੱਚ ਬੋਲਾਂਗਾ ‘ਤੇ ਸੱਚ ਦੇ ਸਿਵਾ ਕੁਛ ਨਹੀਂ ਬੋਲਾਂਗਾ(ਭਾਂਵੇਂ ਬੋਲਣ ਵਾਲਾ ਸਹੁੰ ਚੁਕਣ ਉਪਰੰਤ ਸੁਧਾ ਝੂਠ ਹੀ ਕਿਉਂ ਨਾ ਬੋਲੇ!)।
ਕਈ ਫਿਲਮਾਂ ਵਿਚ ਸੱਚ ਦਾ ਜ਼ਿਕਰ ਹੈ।‘ਲੂਸੀਫਰ’ ਨਾਂ ਦੀ ਇਕ ਫਿਲਮ ਵਿਚ ਕੈਬਰੇ ਡਾਂਸ ਉਪਰ ਇਕ ਗੀਤ ਹੈ ‘ਓ ਯਾਰਾ ਰਫਤਾਰਾ ਨਾਚੇ ਨਾਚੇ’ ਜਿਸ ਦੇ ਅਰੰਭ ਵਿਚਲੇ ਬੋਲ ਹਨ-‘ਕਯਾ ਸੱਚ ਹੈ ਔਰ ਕਯਾ ਹੈ ਮਾਯਾ,\ਕੋਈ ਯਹਾਂ ਸਮਝ ਨਹੀਂ ਪਾਇਆ’।
ਸਾਹਿਤ ਵਿਚ ਤਾਂ ਸੱਚ ਦਾ ਰਜ ਕੇ ਚਰਚਾ ਹੈ।ਨਾਮਵਰ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਇਕ ਪ੍ਰਸਿਧ ਨਾਵਲ ਦਾ ਤਾਂ ਨਾਂ ਹੀ ‘ਸੱਚ ਨੂੰ ਫਾਂਸੀ’ ਹੈ !
ਸੱਚ ਬੋਲਣ ਲਈ ਜੁਰਅਤ ਚਾਹੀਦੀ ਹੈ ਪਰ ਸੱਚ ਸੁਨਣ ਲਈ ਵੀ ਜਿਗਰਾ ਚਾਹੀਦੈ।ਅਜੋਕੇ ਅਸਿਹਣਸੀਲਤਾ ਅਤੇ ਤੱਤਭੜਤੇ ਦੌਰ ਵਿਚ ਸੱਚ ਕਹਿਣਾ ਸੂਰਮਤਾਈ ਹੈ।ਕਮਜਰਫ ਲੋਕ ‘ਮਾਈ ਵੇ’(ਮੇਰੇ ਦਸੇ ਰਾਹ ਚਲੋ) ਜਾਂ ‘ਸਕਾਈ ਵੇ\ਹਾਈਵੇ’(ਨਹੀੰ ਤਾਂ ਚਲਦੇ ਬਣੋ)ਦੇ ਸਿਧਾਂਤ ਦੇ ਧਾਰਨੀ ਹੋਈ ਜਾ ਰਹੇ ਹਨ। ਦਰਅਸਲ ਸੱਚ ਨੂੰ ਸਦਾ ਫਾਂਸੀ ਹੀ ਨਸੀਬ ਹੁੰਦੀ ਹੈ। ਸੱਚੀਆਂ ਪਾਤਸਾਹੀਆਂ ਅਤੇ ਪੈਗੰਬਰਾਂ ਲਈ ਤੱਤੀਆਂ ਤਵੀਆਂ,ਸਲੀਬਾਂ ਅਤੇ ਸੂਲੀਆਂ ਸਦਾ ਹੀ ਤਿਆਰ ਰਹਿੰਦੀਆਂ ਹਨ।ਅਜ ਕਲ੍ਹ ਸੱਚ ਨੂੰ ਦੇਸ-ਧ੍ਰੋਹ ਗਰਦਾਨਿਆਂ ਜਾ ਰਿਹੈ ਅਤੇ ਸਥਾਪਤੀ ਤੋਂ ਵਖਰੇ ਵਿਚਾਰਾਂ ਵਾਲਿਆਂ ਨੂੰ ਬਾਰਡਰ ਪਾਰ ਭੇਜਣ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ ਹਨ।
ਭਲਾ ਸੋਚਿਆ ਜਾਵੇ ਕਿ ਹਮੇਸਾਂ ਸਚ ਨੂੰ ਹੀ ਕਿਉਂ ਕਸਟ ਝਲਣੇ ਪੈਂਦੇ ਹਨ? ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ?ਫਾਂਸੀ ਚੜ੍ਹਨਾ ਪੈਂਦਾ ਹੈ? ਮੰਨਿਆਂ ਕਿ ਸੋਨਾ ਕੁਠਾਲੀ ਵਿਚ ਪੈ ਕੇ ਖਰਾ ਹੋ ਜਾਂਦੈ ਪਰ ਖਰੇ ਸੋਨੇ ਨੂੰ ਖੋਟਿਆਂ ਹਥੋਂ ਤਸੀਹੇ ਕਿਉਂ ਮਿਲਦੇ ਹਨ?ਜੰਗ ਖਾਧਾ ਲੋਹਾ ਉਸ ਦੀ ਹੋਣੀ ਕਿਉਂ ਘੜਦੈ? ਸਮਾਂ ਆ ਗਿਐ ਕਿ ਕੂੜ-ਕੁਫਰ ਦੀਆਂ ਸਫਾਂ ਲਪੇਟੀਆਂ ਜਾਣ,ਸਚ ਦੀ ਬਜਾਏ ਝੂਠ ਨੂੰ ਫਾਹੇ ਲਾਇਆ ਜਾਏ-
ਕਯੋਂ ਹਰ ਇਕ ਬਾਰ ਮਸੀਹਾ ਕੋ ਪੁਕਾਰਾ ਜਾਏ,
ਅਬ ਸਰੇਦਾਰ ਕਿਸੀ ਔਰ ਕੋ ਮਾਰਾ ਜਾਏ।
ਮੌਤ ਕੀ ਰਾਹ ਕੋ ਇਤਨਾਂ ਤੋ ਸੰਵਾਰਾ ਜਾਏ,
ਆਜ ਤੋ ਈਸਾ ਕੋ ਸੂਲੀ ਸੇ ਉਤਾਰਾ ਜਾਏ!U
ਖੈਰ,ਸਚ ਜਾਂ ਹੂੰਦੈ ਜਾਂ ਨਹੀਂ।ਇਸ ਦੀ ਮਿਣਤੀ-ਗਿਣਤੀ ਨਹੀਂ ਕੀਤੀ ਜਾ ਸਕਦੀ, ਇਹ ਨਾਪ-ਤੋਲ ਵਾਲੀ ਵਸਤ ਨਹੀਂ।ਬੇਸਕ ਅਰਧ-ਸਚ ਦੀ ਗਲ ਵੀ ਹੁੰਦੀ ਹੈ ਅਤੇ ਦਾਨਿਸਵਰ ਲੋਕ ’ਪ੍ਰਤਖ ਸਚ’,’ਬੇਅੰਤ’ ਅਤੇ ‘ਪਰਮ ਸਚ’ ਦੀ ਬਾਤ ਵੀ ਕਰਦੇ ਹਨ।‘ਮੇਰਾ ਸਚ’,’ਤੇਰਾ ਸਚ’ ਅਤੇ ਨਿਰੋਲ ‘ਸਚ’ ਦੀ ਚਰਚਾ ਵੀ ਹੁੰਦੀ ਹੈ।ਪੰਜਾਬੀ ਦੇ ਪ੍ਰਸਿਧ ਸਾਇਰ ਸੁਰਜੀਤ ਪਾਤਰ ਦਾ ਇਕ ਬਹੁਤ ਹੀ ਪ੍ਰਚਲਤ ਸੇਅਰ ਹੈ-‘ਏਨਾ ਸਚ ਨਾ ਬੋਲ ਕੇ ਕਲਾ ਰਹਿ ਜਾਵੇਂ,\ਚਾਰ ਕੁ ਬੰਦੇ ਰਖ ਲੈ ਮੋਢਾ ਦੇਣ ਲਈ’।ਇਹ ਸੇਅਰ ਬਹੁਤ ‘ਕੋਟ’ ਹੁੰਦੈ।ਪਰ ਪਾਤਰ ਨੇ ਆਪਣੇ ਇਸ ਸੇਅਰ ਨੂੰ ਇਕ ਹੋਰ ਥਾਂ ‘ਅਪਡੇਟ’ ਕੀਤੈ-‘ਖਲਕਤ ਮਰਦੀ ਪਈ ਮਸੀਹਾ\ ਜੇ ਹੋਣਾ ਏਂ ਅਜ ਕਲ੍ਹ ਹੋ ਜਾ,\ਸਚ ਕਹਿ ਦੇ ਪੀ ਲੈ ਵਿਸ ਪਿਆਲਾ,\ਦੇ ਦੇ ਜਾਨ ਮੁਕੰਮਲ ਹੋ ਜਾ।
ਕਈ ਲੋਕ ਸਹੂਲਤ ਅਨੁਸਾਰ ਸਚ ਬੋਲਦੇ ਹਨ।ਸਚ ਬੋਲਣਾ ਹੀ ਜਰੂਰੀ ਨਹੀਂ ਸਗੋਂ ਸਮੇਂ ਸਿਰ ਸਚ ਬੋਲਣਾ ਹੋਰ ਵੀ ਜਰੂਰੀ ਹੈ।ਕੁਵੇਲੇ ਦਾ ਬੋਲਿਆ ਸਚ ਕੂੜ ਨਾਲੋਂ ਵੀ ਮਾੜੈ-‘ਕੁਛ ਲੋਕ ਖਾਮੋਸ ਹੈਂ ਸਾਇਦ ਯੇ ਸੋਚ ਰਹੇਂ ਹੈਂ,\ ਕਿ ਸਚ ਬੋਲੇਂਗੇ ਜਬ ਸਚ ਕੇ ਦਾਮ ਬੜੇਂਗੇ’।
ਗੁਰਬਾਣੀ ਵਿਚ ਤਾਂ ਸਾਫ ਨਿਬੇੜਾ ਕਰ ਦਿਤਾ ਗਿਐ ਕਿ-‘ਸਚੁ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ!

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin