ਆਸਟ੍ਰੇਲੀਆ ਦੇ 50 ਸਭ ਤੋਂ ਵੱਡੇ ਸ਼ਹਿਰਾਂ ਲਈ ਸੱਤ ਮੁੱਖ ਕਾਰਕਾਂ ਦਾ ਸਰਵੇਖਣ ਕੀਤਾ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇੱਕ ਹਰੇ-ਭਰੇ ਭਵਿੱਖ ਦੀ ਦੌੜ ਵਿੱਚ ਕਿਹੜੇ ਸ਼ਹਿਰ ਅਗਵਾਈ ਕਰ ਰਹੇ ਹਨ ਅਤੇ ਕਿਹੜੇ ਪਿੱਛੇ ਰਹਿ ਰਹੇ ਹਨ। ਇਸ ਸਰਵੇਖਣ ਦੇ ਵਿੱਚ ਕੱੁਝ ਆਸਟ੍ਰੇਲੀਅਨ ਸ਼ਹਿਰ ਸਥਿਰਤਾ ਵਿੱਚ ਦੂਜਿਆਂ ਨਾਲੋਂ ਕਈ ਕਦਮ ਅੱਗੇ ਹਨ, ਜਿਸ ਵਿੱਚ ਇੱਕ ਸੂਬਾ ਸਾਰਿਆਂ ਦੀ ਅਗਵਾਈ ਕਰ ਰਿਹਾ ਹੈ।
ਆਈਸੀਲੈਕਟ ਵਲੋਂ ਕੀਤੇ ਗਏ ਸਰਵੇਖਣ ਦੇ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਦੇ ਚੋਟੀ ਦੇ 10 ਸਭ ਤੋਂ ਵੱਧ ਟਿਕਾਊ ਸ਼ਹਿਰਾਂ ਵਿੱਚੋਂ ਚਾਰ ਨਿਊ ਸਾਉਥ ਵੇਲਜ਼ ਦੇ ਵਿੱਚ ਸਥਿਤ ਹਨ ਅਤੇ ਇਹਨਾਂ ਵਿੱਚੋਂ ਤਿੰਨ ਨਿਊ ਸਾਉਥ ਵੇਲਜ਼ ਦੇ ਦੂਰ ਉੱਤਰ ਦੇ ਵਿੱਚ ਸਥਿਤ ਹਨ। ਆਈਸੀਲੈਕਟ ਵਲੋਂ ਆਸਟ੍ਰੇਲੀਆ ਦੇ 50 ਸਭ ਤੋਂ ਵੱਡੇ ਸ਼ਹਿਰਾਂ ਲਈ ਸੱਤ ਮੁੱਖ ਕਾਰਕਾਂ ਉਪਰ ਕੀਤੇ ਗਏ ਵਿਸ਼ਲੇਸ਼ਣ ਵਿੱਚ ਇਹ ਜਾਨਣ ਦੀ ਕੋਸਿ਼ਸ਼ ਕੀਤੀ ਗਈ ਹੈ ਕਿ ਇੱਕ ਹਰੇ ਭਵਿੱਖ ਦੀ ਦੌੜ ਵਿੱਚ ਕਿਹੜੇ ਸ਼ਹਿਰੀ ਖੇਤਰ ਸਭ ਦੀ ਅਗਵਾਈ ਕਰ ਰਹੇ ਹਨ ਅਤੇ ਕਿਹੜੇ ਪਿੱਛੇ ਰਹਿ ਰਹੇ ਹਨ।
ਕਾਰਬਨ ਨਿਕਾਸ, ਨਵਿਆਉਣਯੋਗ ਊਰਜਾ ਦੀ ਵਰਤੋਂ, ਸਾਫ਼ ਊਰਜਾ ਨਿਵੇਸ਼, ਸੋਲਰ ਪੈਨਲ ਦੀ ਵਰਤੋਂ ਅਤੇ ਰੁੱਖਾਂ ਦੀ ਛੱਤਰੀ ਕਵਰੇਜ ਸਮੇਤ ਮੁੱਖ ਕਾਰਕਾਂ ਦੇ ਆਧਾਰ ‘ਤੇ, ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਸਭ ਤੋਂ ਵਧੀਆ ਸ਼ਹਿਰ ਹੈ। ਸਭ ਤੋਂ ਘੱਟ ਕਾਰਬਨ ਨਿਕਾਸ ਹੋਣ ਕਰਕੇ ਕੈਨਬਰਾ ਅਤੇ ਕੁਈਨਬੇਨ ਆਸਟ੍ਰੇਲੀਆ ਦੇ ਸਭ ਤੋਂ ਟਿਕਾਊ ਸ਼ਹਿਰਾਂ ਦਾ ਰੁਤਬਾ ਹਾਸਿਲ ਕਰਦੇ ਹਨ। ਆਸਟ੍ਰੇਲੀਅਨ ਕੈਪੀਟਲ ਟੈਰੇਟਰੀ (ਏਸੀਟੀ) ਦੀ ਕੁੱਲ 100 ਪ੍ਰਤੀਸ਼ਤ ਊਰਜਾ, ਨਵਿਆਉਣਯੋਗ ਊਰਜਾ ਤੋਂ ਆਉਂਦੀ ਹੈ ਜਦੋਂ ਕਿ ਇਸਦੇ ਮੁਕਾਬਲੇ ਨਿਊ ਸਾਉਥ ਵੇਲਜ਼ ਦਾ ਸਿਰਫ 35 ਪ੍ਰਤੀਸ਼ਤ ਹਿੱਸਾ ਨਵਿਆਉਣਯੋਗ ਊਰਜਾ ਤੋਂ ਆਉਂਦਾ ਹੈ। ਇਹ ਖੇਤਰ ਸਾਂਝੇ ਰੂਪ ਵਿੱਚ 97.94/100 ਦੇ ਸਕੋਰ ਨਾਲ ਸੂਚਕਾਂਕ ਵਿੱਚ ਸਿਖਰ ‘ਤੇ ਹੈ।
ਨਿਊ ਸਾਉਥ ਵੇਲਜ਼ ਦੇ ਸ਼ਹਿਰ ਪੋਰਟ ਮੈਕੁਐਰੀ, ਬਾਲੀਨਾ ਅਤੇ ਕੌਫਸ ਹਾਰਬਰ ਵੀ ਚੋਟੀ ਦੇ 10 ਸ਼ਹਿਰਾਂ ਵਿੱਚ ਸ਼ਾਮਲ ਹਨ, ਜਿਹਨਾਂ ਵਿੱਚੋਂ ਹਰੇਕ ਨੇ 80 ਤੋਂ ਉੱਪਰ ਦਾ ਸੂਚਕਾਂਕ ਸਕੋਰ ਪ੍ਰਾਪਤ ਕੀਤਾ ਹੈ। ਪੋਰਟ ਮੈਕੁਐਰੀ ਸੱਤਵੇਂ ਸਥਾਨ ‘ਤੇ ਹੈ ਜਿਥੇ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਦੀ ਦਰ 8.88 ਟੀਸੀੳ ਹੈ, ਸੂਰਜੀ ਸਥਾਪਨਾ ਘਣਤਾ 51.4 ਪ੍ਰਤੀਸ਼ਤ ਹੈ ਅਤੇ ਪ੍ਰਤੀ ਨਿਵਾਸ 2.61 ਪ੍ਰਤੀ ਘੰਟਾ ਕਿਲੋਵਾਟ ਸੂਰਜੀ ਸਮਰੱਥਾ ਹੈ। ਨਿਊ ਸਾਉਥ ਵੇਲਜ਼ ਦੇ ਵਿੱਚ ਬਾਲੀਨਾ ਵੀ 9ਵੇਂ ਸਥਾਨ ‘ਤੇ ਹੈ ਜਿਥੇ ਪ੍ਰਤੀ ਵਿਅਕਤੀ ਨਿਕਾਸ ਥੋੜ੍ਹਾ ਘੱਟ 8.56 ਟੀਸੀੳ ਹੈ ਅਤੇ ਜਿਆਦਾ ਸੂਰਜੀ ਘਣਤਾ 57.6 ਪ੍ਰਤੀਸ਼ਤ ਹੈ।
ਕੌਫਸ ਹਾਰਬਰ ਸਿਰਫ਼ 8.64 ਟੀਸੀੳ ਨਿਕਾਸੀ ਅਤੇ 50 ਪ੍ਰਤੀਸ਼ਤ ਤੋਂ ਥੋੜ੍ਹਾ ਘੱਟ ਸੂਰਜੀ ਘਣਤਾ ਦੇ ਨਾਲ ਸੂਚੀ ਵਿੱਚ ਸ਼ਾਮਲ ਹੈ। ਪੋਰਟ ਮੈਕੁਐਰੀ ਅਤੇ ਕੌਫਸ ਹਾਰਬਰ ਕ੍ਰਮਵਾਰ 66.3 ਪ੍ਰਤੀਸ਼ਤ ਅਤੇ 65.5 ਪ੍ਰਤੀਸ਼ਤ ਟ੍ਰੀ ਕੈਨੋਪੀ ਕਵਰ ਦੇ ਮਾਮਲੇ ਵਿੱਚ ਨਿਊ ਸਾਉਥ ਵੇਲਜ਼ ਦੇ ਵਿੱਚ ਸਭ ਤੋਂ ਅੱਗੇ ਹਨ, ਜਦੋਂ ਕਿ ਬਾਲੀਨਾ 43.5 ਪ੍ਰਤੀਸ਼ਤ ਦੇ ਨਾਲ ਥੋੜ੍ਹਾ ਪਿੱਛੇ ਹੈ।
ਕੁਈਨਜ਼ਲੈਂਡ ਦਾ ਸਨਸ਼ਾਈਨ ਕੋਸਟ ਹੈਰਾਨੀਜਨਕ ਤੌਰ ‘ਤੇ ਪ੍ਰਤੀ ਘਰ ਸੂਰਜੀ ਸਮਰੱਥਾ ਵਿੱਚ ਸਭ ਤੋਂ ਅੱਗੇ ਹੈ ਜਿਥੇ ਪ੍ਰਤੀ ਘਰ ਔਸਤਨ 3.16 ਕਿਲੋਵਾਟ ਪ੍ਰਤੀ ਘੰਟਾ ਸੂਰਜੀ ਸਮਰੱਥਾ ਹੈ।
ਸਾਉਥ ਆਸਟ੍ਰੇਲੀਆ ਵਿੱਚ ਸਭ ਤੋਂ ਵਧੀਆ ਸਾਫ਼ ਊਰਜਾ ਵਿਕਾਸ ਸੰਭਾਵਨਾ ਹੈ ਜਿਥੇ ਪ੍ਰਤੀ 100,000 ‘ਤੇ 47.1 ਸਾਫ਼ ਊਰਜਾ ਮਾਨਤਾ ਪ੍ਰਾਪਤ ਇੰਸਟਾਲਰ ਅਤੇ ਡਿਜ਼ਾਈਨਰ ਹੈ।
ਸਥਿਰਤਾ ਦੇ ਮਾਮਲੇ ਵਿੱਚ ਸਾਉਥ ਆਸਟ੍ਰੇਲੀਆ ਦੇ ਸ਼ਹਿਰਾਂ ਨੇ ਦੂਜਾ, ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ। ਹੋਬਾਰਟ ਪੰਜਵੇਂ ਸਥਾਨ ‘ਤੇ ਆਇਆ, ਉਸ ਤੋਂ ਬਾਅਦ ਸਨਸ਼ਾਈਨ ਕੋਸਟ, ਪੋਰਟ ਮੈਕੁਐਰੀ, ਲੌਂਸੈਸਟਨ, ਬਾਲੀਨਾ ਅਤੇ ਕੌਫਸ ਹਾਰਬਰ ਦਾ ਸਥਾਨ ਆਇਆ।
ਕੈਨਬਰਾ, ਐਡੀਲੇਡ ਅਤੇ ਹੋਬਾਰਟ ਵਰਗੇ ਰਾਜਧਾਨੀ ਸ਼ਹਿਰਾਂ ਨੇ ਘੱਟ ਕਾਰਬਨ ਨਿਕਾਸ ਅਤੇ ਮਜ਼ਬੂਤ ਨਵਿਆਉਣਯੋਗ ਊਰਜਾ ਉਤਪਾਦਨ ਦੇ ਕਾਰਣ ਅਸਾਧਾਰਣ ਰੂਪ ਨਾਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।
ਹਾਲਾਂਕਿ, ਸਾਰੇ ਖੇਤਰ ਰਫ਼ਤਾਰ ਨਹੀਂ ਫੜ ਰਹੇ ਹਨ। ਡਾਰਵਿਨ ਨੂੰ ਸੂਚਕਾਂਕ ਵਿੱਚ ਸਭ ਤੋਂ ਘੱਟ ਟਿਕਾਊ ਸ਼ਹਿਰ ਦਾ ਨਾਮ ਦਿੱਤਾ ਗਿਆ ਸੀ, ਜਿਸ ਦੇ ਮੁੱਖ ਕਾਰਣ ਨਵਿਆਉਣਯੋਗ ਊਰਜਾ ਵਿੱਚ ਘੱਟ ਰਾਜ-ਪੱਧਰੀ ਨਿਵੇਸ਼ ਅਤੇ ਸੀਮਤ ਸਾਫ਼ ਊਰਜਾ ਉਤਪਾਦਨ ਹਨ।
ਆਈਸੀਲੈਕਟ ਯੂਟਿਲਿਟੀਜ਼ ਦੀ ਜਨਰਲ ਮੈਨੇਜਰ ਜੂਲੀਆ ਪਾਸਜ਼ਕਾ ਨੇ ਕਿਹਾ ਹੈ ਕਿ, ‘ਅੰਕੜੇ ਆਸਟ੍ਰੇਲੀਆ ਦੀ ਟਿਕਾਊ ਸ਼ਹਿਰਾਂ ਦੇ ਵਿਕਾਸ ਵਿੱਚ ਪ੍ਰਗਤੀ ਨੂੰ ਦਰਸਾਉਂਦੇ ਹਨ, ਪਰ ਇਹ ਵੀ ਦੱਸਦੇ ਹਨ ਕਿ ਕਿਹੜੇ ਰਾਜਾਂ ਨੂੰ ਹੋਰ ਜਿਆਦਾ ਕੰਮ ਦੀ ਲੋੜ ਹੈ। ਸਾਡੀਆਂ ਖੋਜਾਂ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਸਥਿਰਤਾ ਸੰਬੰਧੀ ਕੁਝ ਪ੍ਰਭਾਵਸ਼ਾਲੀ ਪ੍ਰਗਤੀ ਨੂੰ ਉਜਾਗਰ ਕਰਦੀਆਂ ਹਨ।”