Story

ਸਮਝੌਤਾ

ਲੇਖਕ: ਗੁਰਜੀਤ ਕੌਰ “ਮੋਗਾ”

ਰਜਨੀ ਦੇ ਵਿਆਹ ਹੋਏ ਨੂੰ ਪੰਦਰਾਂ ਵਰ੍ਹੇ ਹੋ ਚੁੱਕੇ ਸੀ। ਹੁਣ ਤਾਂ ਰਜਨੀ ਦੇ ਬੱਚੇ ਵੀ ਬਰਾਬਰ ਦੇ ਹੋ ਗਏ ਸਨ । ਰਜਨੀ ਨੇ ਬੜੀ ਮਸ਼ੁਕਿਲ ਨਾਲ ਆਪਣੇ ਆਪ ਨੂੰ ਸਹੁਰੇ ਪਰਿਵਾਰ ਮੁਤਾਬਿਕ ਢਾਲਿਆ ਕਿਂਉਕਿ ਉਸਦੇ ਵਿਚਾਰਾਂ ਤੋਂ ਬਿਲਕੁੱਲ ਉਲਟ ਵਿਚਾਰਾਂ ਵਾਲਾ ਪਰਿਵਾਰ ਰਜਨੀ ਨੂੰ ਮਿਲਿਆ ਸੀ। ਉਸਨੇ ਆਪਣੇ ਆਪ ਨੂੰ ਸਮਝਾ ਬੁਝਾ ਕੇ ਜਿੰਦਗੀ ਕਟੱਣ ਦਾ ਨਿਰਣਾ ਕਰ ਲਿਆ ਸੀ।ਆਪਣੇ ਬਾਪ ਦੀ ਪੱਗ ਦੀ ਖਾਤਿਰ, ਉਸਨੇ ਆਪਣੀ ਜਿੰਦਗੀ ਦੀਆਂ ਖੁਸ਼ੀਆਂ ਨੂੰ ਤਿਆਗ ਦਿੱਤਾ । ਉਸਦੀਆਂ ਅਧੂਰੀ ਸਧਰਾਂ ਉਸਦੇ ਹੌਕਿਆ ਥੱਲੇ ਦਬੀਆਂ ਹੀ ਚਲੀਆਂ ਗਈਆਂ। ਜਦੋਂ ਵੀ ਉਸਦੇ ਪੇਕਿਆਂ ਤੋਂ ਕੋਈ ਰਜਨੀ ਨੂੰ ਮਿਲਣ ਲਈ ਆਉਂਦਾ ਉਸਦਾ ਸਹੁਰਾ ਪਰਿਵਾਰ ਗਲੀਂ-ਬਾਤੀਂ ਉਸ ਨਾਲ ਲੜਾਈ ਵਿਢ ਲੈਂਦਾ । ਜਿੰਦਗੀ ਦੇ ਕਈ ਔਖੇ ਸੌਖੇ ਤਜਰਬਿਆਂ ਨੇ ਰਜਨੀ ਨੂੰ ਬਹੁਤ ਕੁੱਝ ਸਿਖਾ ਦਿੱਤਾ।

ਇਕ ਸੋਹਣੀ ਸਨੱਖੀ, ਉੱਚੀ ਲੰਮੀ ਤੇ  ਚੁਲਬੁੱਲ਼ੀ ਜਿਹੀ ਮੁਟਿਆਰ ਰਜਨੀ ਸੀ। ਜਦੋਂ ਨਵ- ਵਿਆਹੀ ਆਈ ਤਾਂ  ਹਰ ਕੋਈ ਉਸਦੀ ਖੂਬਸੂਰਤੀ ਦੇ ਚਰਚੇ ਕਰਦਾ ਨਾ ਥੱਕਦਾ। ਉਹ ਖੂਬਸੂਰਤ ਹੋਣ ਦੇ ਨਾਲ-ਨਾਲ ਸਚੁੱਜੀ ਤੇ ਸਮਝਦਾਰ ਵੀ ਸੀ ਪਰ ਸਹੁਰੇ ਪਰਿਵਾਰ ‘ਚ ਰਹਿ ਕੇ ਉਸਦਾ ਰੰਗ-ਰੂਪ ਸਭ ਢਲ ਗਿਆ।ਅੰਦਰੋ ਗਿਲੇ ਗੋਹੇ ਵਾਂਗ ਧੁਖਦੀਂ, ਰਜਨੀ ਸੁੱਕ ਕੇ ਤੀਲਾ ਬਣ ਗਈ। ਹਾਸਾਂ ਤਾਂ ਜਿਵੇਂ ਉਸਦੇ ਚਿਹਰੇ ਤੋਂ ਖੰਭ ਲਾ ਉਡਾਰੀ ਹੀ ਮਾਰ ਗਿਆ ਹੋਵੇ ।
ਕਦੇ-ਕਦੇ ਉਸਨੂੰ ਆਪਣਾ ਲਿਆ ਫੈਸਲਾ ਗਲਤ ਵੀ ਲਗਦਾ ਪਰ ਦੂਸਰੇ ਪਲ ਹੀ ਉਸਨੂੰ ਆਪਣੀ ਸੱਸ ਦੇ ਕਹੇ ਬੋਲ ਯਾਦ ਆ ਜਾਂਦੇ ਕਿ ‘’ਔਰਤ ਦਾ ਇਕ ਵਾਰ ਆਪਣੇ ਘਰੋਂ ਪੈਰ ਪੁਟਿਆ ਉਸਦੀ ਸਾਰੀ ਜਿੰਦਗੀ ਰੋਲ ਕੇ ਰੱਖ ਦਿੰਦਾ ਹੈ।‘’ ਕਦੇ ਉਸਦੀ ਭੂਆ ਦੇ ਬੋਲ ਉਸਦੇ ਕੰਨੀ ਗੂੰਜਦੇ  ਉਹ ਕਹਿੰਦੀ ਹੁੰਦੀ ਸੀ  ‘’ਪੁੱਤ ਔਰਤਾਂ ਦੀ ਜਿੰਦਗੀ ਤਾਂ ਕਿੱਲੇ ਨਾਲ ਬੰਨੀਆਂ ਮੱਝਾਂ ਗਾਵਾਂ ਵਰਗੀ ਹੁੰਦੀ ਐ ਜਿਥੇ ਮਰਜੀ ਲਾਹ ਕੇ ਮਾਲਿਕ ਸੰਗਲ ਫੜਾ ਦੇਣ ।’’ ਕਈ ਵਾਰ ਉਹ ਸੋਚਦੀ ਉਸਦਾ ਬਾਪ ਵੀ ਤਾਂ ਦਾਰੂ ਪੀ ਕੇ ਮਾਂ ਨੂੰ ਕੁੱਟ ਸੁਟਦਾ ਸੀ। ਮਾਂ ਫਿਰ ਵੀ ਘਰ ਦਾ ਸਾਰਾ ਕੰਮ-ਧੰਦਾ ਕਰਦੀ, ਤੁਰੀ ਫਿਰਦੀ । ਉਹ ਆਪਣੇ ਆਪ ਨੂੰ ਹੌਂਸਲਾ ਦੇ ਕੇ ਦਿਨ ਕਟੱਦੀ ਰਹੀ ।
ਪਰ ਅੱਜ ਕਾਂ ਵੀ ਬਨੇਰੇ ਬੈਠਾ ਬੋਲੀ ਜਾ ਰਿਹਾ ਸੀ।”ਅਜ ਕੋਈ ਰਿਸ਼ਤੇਦਾਰ ਆਉਣ ਵਾਲਾ ਐ ” ਅਜੇ ਇਹ ਸਭ ਰਜਨੀ ਸੋਚ ਹੀ ਰਹੀ ਸੀ ਕਿ ਉਸਦੀ ਨਿਗਾਹ ਦਰਵਾਜ਼ੇ ਵੱਲ ਗਈ।
ਦਰਵਾਜਾ ਖੜਕਿਆ…ਰਜਨੀ ਦੀ ਮਾਂ ਦਰਵਾਜ਼ੇ ਕੋਲ ਖੜੀ । ਮਾਂ ਨੂੰ ਦੇਖ ਰਜਨੀ ਦੀ ਖੁਸ਼ੀ ਦੁਗਣੀ ਤਿਗਣੀ ਹੋ ਗਈ। ਪ੍ਰੀਤੋ ਵੀ ਪੇਕਿਆਂ ਤੋਂ ਮੁੜਦੀ ਰਜਨੀ ਕੋਲ ਆ ਰੁੱਕੀ । ਹਰ ਵਾਰ ਦੀ ਤਰਾਂ ਪਰਿਵਾਰ ਦੇ ਕਿਸੇ ਵੀ ਜੀਅ ਨੇ ਰਜਨੀ ਦੀ ਮਾਂ ਨੂੰ ਬੁਲਾਉਣਾ ਮੁਨਾਸਿਬ ਨਾ ਸਮਝਿਆ । ਰਜਨੀ ਨੇ ਮਾਂ ਨੂੰ ਸੁਖ-ਸਾਂਦ ਪੁਛਦਿਆਂ ਚਾਹ ਪਾਣੀ ਦਾ ਇੰਤਜਾਮ ਕੀਤਾ। ਉਸਦੀ ਮਾਂ ਵੀ ਚੁੱਪ-ਚਾਪ ਵਿਹੜੇ ਵਿੱਚ ਬੈਠੀ ਰਹੀ । ਮਾਪੇ ਕਰਨ ਵੀ ਕਿ ਜਦੋਂ ਡਾਹਢਿਆ ਨਾਲ ਵਾਹ ਪੈ ਜਾਵੇ ਤਾਂ ਧੀ ਨੂੰ ਤਾਂ ਛੱਡ ਨਹੀਂ ਸਕਦੇ। ਆਪਣੇ ਦੇ ਦਿਲ ਦੇ ਟੁਕੜੇ ਨੂੰ ਉਹ ਕਿਵੇਂ ਮਨੋ ਵਿਸਾਰ ਸਕਦੇ ਹਨ । ਪਰ ਰਜਨੀ ਦੇ ਸਹੁਰਿਆਂ ਨੂੰ ਉਸਦੇ ਪੇਕਿਆਂ ਦਾ ਆਉਣਾ ਜਾਣਾ ਉੱਕਾ ਹੀ ਪਸੰਦ ਨਹੀ ਸੀ । ਰਜਨੀ ਦੇ ਪੇਕੇ ਤਾਂ ਵਿਚਾਰੇ ਉਨਾਂ ਦੇ ਘਰ ‘ਚ’ ਕੋਈ ਦਖਲ ਅੰਦਾਜ਼ੀ ਵੀ ਨਹੀ ਸਨ ਕਰਦੇ ਪਰ ਫਿਰ ਵੀ ਰਜਨੀ ਨੂੰ ਇਸਦਾ ਜੁਆਬ ਅੱਜ ਤਕ ਨਹੀਂ ਸੀ ਮਿਲਿਆ । ਆਵਦੀ ਤੇ ਆਵਦੇ ਪੇਕਿਆਂ ਦੀ ਹੁੰਦੀ ਬੇਕਦਰੀ ਉਸ ਲਈ ਕਈ ਵਾਰ ਅਸਿਹ ਬਣ ਜਾਂਦੀ । ਰਜਨੀ ਨੇ ਚਾਹ ਬਣਾ ਕੇ ਮਾਂ ਦੇ ਅੱਗੇ ਰੱਖ ਦਿੱਤੀ ਤੇ ਕੋਲ ਬੈਠ ਕੇ ਗੱਲਾਂ ਕਰਨ ਲੱਗੀ ।
ਸ਼ਾਮ ਦਾ ਵੇਲਾ ਸੀ। ਮਾਂ ਦੇ ਮੁੜਨ ਦਾ ਵਕਤ ਵੀ ਲੰਘ ਚੁੱਕਿਆ ਸੀ । ਰਜਨੀ ਨੂੰ ਮਾਂ ਨੂੰ ਘਰੇ ਰਾਤ ਕਟਾਉਣੀ ਪਹਾੜ ਵਰਗੀ ਲੱਗ ਰਹੀ ਸੀ । ਰਜਨੀ ਦੇ ਬੱਚੇ ਟਿਊਸ਼ਨ ਤੋਂ ਆ ਕੇ ਨਾਨੀ ਨੂੰ ਮਿਲੇ ਤੇ ਫਿਰ ਆਪੋ ਆਪਣੇ ਕੰਮਾਂ ‘ਚ’ ਮਸ਼ਰੂਫ ਹੋ ਗਏ । ਰਜਨੀ ਦਾ ਪਤੀ ਤਾਂ ਬਿਲਕੁੱਲ ਆਪਣੀ ਮਾਂ ਵਾਲੀ ਬੋਲੀ ਬੋਲਦਾ। ਉਸਦਾ ਸਹੁਰਾ ਵੀ ਕਈ ਵਾਰ ਲੜ ਕੇ ਰਜਨੀ ਨੂੰ ਕਹਿ ਚੁੱਕਾ ਸੀ ਕਿ ਇਹ ਮੇਰੇ ਘਰ ਨਾ ਵੜਨ । ਔਰਤ ਸਭ ਕੁੱਝ ਜ਼ਰ ਲੈਂਦੀ ਹੈ, ਪਰ ਆਪਣੇ ਪੇਕਿਆਂ ਬਾਰੇ ਕੁੱਝ ਨਹੀਂ ਸੁਣ ਸਕਦੀ । ਭਾਵੇਂ ਰਜਨੀ ਦੇ ਪੇਕੇ ਕਿਸੇ ਵੀ ਗਲੋਂ ਅਣਜਾਣ ਨਹੀਂ ਸਨ ਪਰ ਜਿਉਂਦੇ ਜੀਅ ਉਹ ਧੀ ਨੂੰ ਛੱਡ ਨਹੀਂ ਸੀ ਸਕਦੇ ।
ਰਜਨੀ ਨੇ ਰਾਤ ਦਾ ਖਾਣਾ ਬਣਾਇਆ। ਮਾਂ ਨੂੰ ਰੋਟੀ ਖਵਾ ਕੇ ਰਜਨੀ ਨੇ ਰਸੌਈ ਸਮੇਟ ਕੇ ਮਾਂ ਦੇ ਪੈਣ ਦਾ ਇੰਤਜ਼ਾਰ ਕੀਤਾ । ਰਾਤ ਕੱਟ ਕੇ ਸਵੇਰੇ ਰਜਨੀ ਨੇ ਆਪਣੀ ਮਾਂ ਨੂੰ ਘਰ ਦੇ ਨੇੜਿਉਂ ਹੀ ਪਹਿਲੀ ਬਸ ਚੜਾ ਦਿੱਤਾ । ਉਸਦੇ ਅੰਦਰਲੇ ਸਹਿਮ ਨੇ ਸੁੱਖ ਦਾ ਸਾਂਹ ਲਿਆ । ਬਸ ਆਪਣੀ ਮੰਜ਼ਿਲ ਵੱਲ ਤੁਰ ਪਈ ਰਜਨੀ ਅਪਲਾ ਔਰਤ ਬਣ ਲੜਖੜਾਉਂਦੇ ਕਦਮਾਂ ਨਾਲ ਘਰ ਆ ਗਈ । ਆਪਣੇ ਨਾਲ ਹੁੰਦੀਆਂ ਜ਼ਿਆਦਤੀਆਂ ਨੇ ਉਸਦੇ ਮਨ ‘ਚ ਖੋਰੂ ਪਾਉਣਾ ਸ਼ੁਰੂ ਕਰ ਦਿੱਤਾ । ਔਰਤ ਦੀ ਮਜਬੂਰੀ ਵੀ ਕਈ ਵਾਰ ਉਸਨੂੰ ਅੰਦਰੋਂ ਬੁਰੀ ਤਰਾਂ ਨਾਲ ਤੋੜ ਦਿੰਦੀ ਹੈ । ਰਜਨੀ ਦੇ ਮਨ ਵਿੱਚ ਹੁੰਦੀ ਉਥਲ-ਪੁਥਲ ਨੇ ਉਸਦੇ ਸਰੀਰ ਨੂੰ ਸੁੰਨ ਜਿਹਾ ਕਰ ਦਿੱਤਾ ਉਸਨੇ ਫਿਰ ਆਪਣੀ ਬੇਬਸੀ ਅੱਗੇ ਝੁਕੱਣਾ ਹੀ ਮੁਨਾਸਿਬ ਸਮਝਿਆ । ਹਾਲਾਤ ਨਾਲ ਸਮਝੌਤਾ ਹੀ ਜਿੰਦਗੀ ਜਿਉਣ ਦੇ ਰਾਹ ਪਧਰੇ ਕਰਦਾ ਹੈ । ਮਸਾਂ ਉਸਨੇ ਆਪਣਾ ਆਪ ਨੂੰ ਸੰਭਾਲਿਆ… ਸਵੇਰ ਦੇ ਛੇ ਵੱਜ ਚੁੱਕੇ ਸਨ । ਆਪਣੇ ਸੁੱਤੇ ਬੱਚਿਆਂ ਵੱਲ ਵੇਖਦਿਆਂ ਉਸਨੇ ਆਪਣੇ ਮਨ ਨੂੰ ਹੋਸਲਾਂ ਦਿੱਤਾ । ਉਖੜੇ ਹੋਏ ਜ਼ਖਮ ਤੇ ਫਿਰ ਸਮਝੋਤੇ ਦੀ ਮਲਮ ਲਗਾ ਬੱਚਿਆਂ ਦੇ ਹੌਂਸਲੇ ਦੀ ਪੱਟੀ ਕਰਕੇ ਉਹ ਆਪਣੇ ਕੰਮ ਵਿੱਚ ਰੁੱਝ ਗਈ ।
ਸ਼ਾਇਦ ਰਜਨੀ ਦੀਆਂ ਭਾਵਨਾਵਾਂ ਵੀ  ਓਹੀ ਔਰਤ ਸਮਝ ਸਕਦੀ ਜੋ ਇਸ ਦੌਰ ਵਿਚੋਂ ਗੁਜਰ ਰਹੀ ਹੋਵੇ।ਭਾਂਵੇ ਕਿ ਸਭ ਕੁਝ ਹੈ ਰਜਨੀ ਕੋਲ ਪਰ ਫਿਰ ਵੀ ਅੰਦਰਲੀ ਅਜ਼ਾਦੀ ਲਈ ਘੋਲ ਕਰਦੀ ਉਹ ਹਰ ਦਿਨ ਨਜ਼ਰ ਆਉਂਦੀ ਹੈ।

Related posts

ਜਿੰਦਗੀ ਬਣੀ ਹਨ੍ਹੇਰਾ (ਕਹਾਣੀ)

admin

ਸਰਾਪ (ਕਹਾਣੀ)

admin

ਸਮਾਂ ਬਦਲ ਗਿਆ !

admin