ਜਸਪ੍ਰੀਤ ਮਾਂਗਟ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਪੰਜਾਬ ਦੀਆਂ ਚਰਚਿਤ ਕਵਿੱਤਰੀਆਂ ਦੇ ਵਿੱਚ ਮਾਂਗਟ ਦਾ ਨਾਮ ਬੜੇ ਮਾਣ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਮਿੱਠੜੇ ਬੋਲ, ਨਰਮ ਤੇ ਸੰਗਾਊ ਸੁਭਾਅ ਵਾਲਾ ਸਲੀਕਾ ਮਾਂਗਟ ਜੀ ਦੇ ਹਿੱਸੇ ਦਾ ਵਿਸ਼ੇਸ਼ ਗੁਣ ਹੈ। ਸਾਹਿਤਕ ਪਿੜ੍ਹ ਅੰਦਰ ਆਪਣੀ ਕਲਮ ਦੀ ਨੋਕ ਜ਼ਰੀਏ ਇੰਨ੍ਹਾਂ ਨੇ ਜੋ ਵੀ ਰਚਿਆ ਰੂਹ ਤੋਂ ਲਿਖਿਆ, ਜੋ ਵੀ ਸਿਰਜਿਆ ਉਹ ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਸਥਾਨਕ ਪੱਧਰ ਤੇ ਕਿਸੇ ਨਾ ਕਿਸੇ ਰੂਪ ਵਿੱਚ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਮਿਲਦਾ ਹੈ।
ਸਾਹਿਤ ਅਤੇ ਸਮਾਜ ਦਾ ਆਪਸ ਵਿੱਚ ਨਹੁੰ ਮਾਸ ਵਾਲਾ ਰਿਸ਼ਤਾ ਹੈ। ਸਾਹਿਤ ਅਤੇ ਸਮਾਜ ਦੇ ਏਸ ਗੂੜ੍ਹੇ ਨਾਤੇ ਦੇ ਕਾਰਨ ਹੀ ਸ਼ਾਇਦ ਸਾਹਿਤ ਨੂੰ ਸਮਾਜ ਦਾ ਦਰਪਣ ਵੀ ਕਿਹਾ ਜਾਂਦਾ ਹੈ। ਓਸ ਦਰਪਣ ‘ਚੋਂ ਜਦ ‘ਰੂਹਾਂ ਦੀ ਗੱਲ ਨਿਕਲੇ’ ਜਾਂ ਰੂਹਾਂ ਦਾ ਪ੍ਰਤੀਬਿੰਬ ਦਿਖਾਈ ਦੇਵੇ ਤਾਂ ਅਜਿਹੇ ਗਹਿਰੇ ਸਮੁੰਦਰ ‘ਚ ਸ਼ਬਦਾਂ ਦੇ ਅਪਾਰ ਵਹਾ ਸਦਕਾ ਕਲਮ ਦੀ ਨੋਕ ਜ਼ਰੀਏ ਉਨ੍ਹਾਂ ਹਰਫ਼ਾਂ ਨੂੰ ਸਿਰਰਣ ‘ਚ ਜਸਪੀ੍ਤ ਮਾਂਗਟ ਕਾਫ਼ੀ ਮਾਹਿਰ ਹੈ। ਇੱਕ ਜਗ੍ਹਾ ਉਹ ਰੂਹ ਦੇ ਰਿਸ਼ਤਿਆਂ ਦੇ ਗੀਤ ਗੁਣਗੁਣਾਉਂਦੀ ਹੋਈ ਕਹਿੰਦੀ ਹੈ …
ਪ੍ਰਦੇਸੀਆ ਵੇ ਜਾਲਮਾਂ
ਕਿਹੜੀਆਂ ਕਮਾਈਆਂ
ਐਤਕੀਂ ਤਾਂ ਪਾ ਗਿਆ
ਬੜੀ ਲੰਬੀ ਦੂਰੀ ਵੇ
ਕਿਹੜੀ ਚੰਦਰੀ ਮਜਬੂਰੀ
ਸਾਨੂੰ ਮਾਰ ਗਈ,
ਪ੍ਰਦੇਸੀਆ ਵੇ ਜਾਲਮਾਂ…..ਜੇਕਰ ਵੇਖਿਆ ਜਾਵੇ ਸਾਹਿਤ ਮਹਿਜ਼ ਇਕ ਦਿਲ ਪਰਚਾਵੇ ਦਾ ਸਾਧਨ ਹੀ ਨਹੀਂ ਬਲਕਿ ਮਨੁੱਖੀ ਕਦਰਾਂ ਕੀਮਤਾਂ ਦਾ ਵੀ ਚਿਤਰਨ ਕਰਦਾ ਹੈ। ਜੇਕਰ ਸਾਹਿਤ ਦੇ ਨਾਲ ਸਮਾਜ ਨੂੰ ਆਪਣੇ ਧੁਰ ਅੰਦਰੋਂ ਨਿਕਲੇ ਜਜ਼ਬਾਤੀ ਹਰਫਾਂ ਜ਼ਰੀਏ ਅਜਿਹੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਜਿਸ ਨਾਲ਼ ਕੁਝ ਸਿੱਖਿਆ ਜਾਂ ਸਮਝਿਆ ਜਾ ਸਕੇ ਉਹ ਰਚਨਾ ਜਾਂ ਲਿਖਤ ਨੂੰ ਹੀ ਪਾਠਕਾਂ ਦੀ ਕਚਹਿਰੀ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ। ਸਮਾਜ ਵਿੱਚ ਵਿਚਰਦਿਆਂ ਮਨੁੱਖ ਦੀਆਂ ਕੌਝੀਆਂ ਕਰਤੂਤਾਂ ਤੋਂ ਚਿੰਤਤ ਇੱਕ ਥਾਂ ਬੜੇ ਭਾਵੁਕ ਲਹਿਜ਼ੇ ‘ਚ ਆਖਦੀ ਹੈ …ਸੁੱਟ ਕੇ ਤੇਜ਼ਾਬ ਚਿਹਰੇ ਉੱਤੇ ਵੈਰੀਓ!
ਉਸ ਰਾਤ ਤੁਸੀਂ ਕਿਵੇਂ ਸੁੱਤੇ ਵੈਰੀਓ!ਜਸਪ੍ਰੀਤ ਨੂੰ ਲਿਖਣ ਦਾ ਏਨਾ ਜਨੂੰਨ ਕਿ ਕੋਈ ਸਮਾਂ ਨਹੀਂ ਜਦ ਵੀ ਵਕਤ ਮਿਲਿਆ ਕੁਝ ਨਾ ਕੁਝ ਲਿਖ ਦਿੱਤਾ। ਹਰ ਵਕਤ ਹੀ ਕਾਗਜ਼ ਤੇ ਕਲਮ ਇੰਨ੍ਹਾਂ ਦੇ ਹੱਥਾਂ ਦਾ ਸ਼ਿੰਗਾਰ ਬਣੀ ਰਹਿੰਦੀ ਹੈ। ਹਰ ਇਨਸਾਨ ਜਿੰਦਗੀ ਜਿਉਣ ਲਈ ਜਿਉਂਦੈ ਐਪਰ ਮਾਂਗਟ ਜ਼ਿੰਦਗੀ ਦੇ ਓਸ ਮੋੜ ਤੋਂ ਮੁੜੇ ਹਨ ਜਿੱਥੋਂ ਸ਼ਾਇਦ ਕੋਈ ਵਾਪਿਸ ਨਹੀਂ ਮੁੜਦਾ, ਬਸ! ਸਮੇਂ ਦੀ ਕੋਈ ਐਸੀ ਕਰਵਟ ਸੀ ਕਿ ਕਾਗ਼ਜ਼ ਤੇ ਕਲਮ ਦੇ ਗੂੜ੍ਹੇ ਸਾਥ ਨੇ ਸਾਹਿਤ ਦੀ ਐਸੀ ਚੇਟਕ ਲਗਾਈ ਕਿ ਉਹ ਸਾਰੇ ਦੁਖ ਦਰਦ ਤਕਲੀਫ਼ਾਂ ਜਿੰਦਗੀ ‘ਚੋਂ ਮਨਫ਼ੀ ਹੋ ਗਈਆਂ।
ਸਮਾਜਿਕ ਰਿਸਤਿਆਂ, ਪ੍ਰੀਤਮ ਤੇ ਸਖੀਆਂ ਦੀ ਤਾਂਘ ਮਨ ਦੀਆਂ ਤਰੰਗਾਂ ਨੂੰ ਹੋਰ ਹੁਲਾਰਾ ਦੇਣ ਲੱਗੀ। ਦੂਰ ਖੇਤਾਂ ਦੀਆਂ ਸੁੰਨੀਆਂ ਪਹੀਆਂ ਨੂੰ ਤੱਕਦੀ ਤੇ ਉਸਦੀ ਕਲਮ ਆਪ ਮੁਹਾਰੇ ਕੁਝ ਨਾ ਕੁਝ ਲਿਖਣ ਲਈ ਮਜ਼ਬੁਰ ਕਰਦੀ :
ਦਿਨ ਤੇ ਤਿੳੁਹਾਰ, ਤੇਰੇ ਬਿਨਾਂ ਸੁੰਨੇ ਲੱਗਦੇ!
ਤੂੰ ਨਹੀਂ ਨਾਲ ਜਿੱਥੇ, ਰਾਹ ਨੀ ਚੰਗੇ ਲੱਗਦੇ!
ਏਥੇ ਹੀ ਬਸ ਨਹੀਂ ਜਸਪ੍ਰੀਤ ਨੇ ਕਈ ਲੇਖਕਾਂ, ਖਿਡਾਰੀਆਂ, ਰਾਜਨਿਤਿਕ, ਸਮਾਜਿਕ ਤੇ ਪੰਜਾਬੀ ਵਿਰਸੇ ਨੂੰ ਰੂਪਮਾਨ ਕਰਦੇ ਆਰਟੀਕਲ, ਕਿਤਾਬਾਂ ਦੇ ਰੀਵੀਊ, ਸਾਹਿਤਕ ਰਿਪੋਰਟਾਂ ਆਦਿ ਲਿਖਕੇ ਸਾਹਿਤ ਦੇ ਖੇਤਰ ਵਿੱਚ ਅੰਤਰ-ਰਾਸ਼ਟਰੀ ਪੱਧਰ ਤੇ ਆਪਣੀ ਨਿਵੇਕਲੀ ਪਹਿਚਾਣ ਵੀ ਸਥਾਪਿਤ ਕੀਤੀ ਹੈ।
ਜੇਕਰ ਪੁਸਤਕ ਦੇ ਟਾਈਟਲ ਕਵਰ ਦੀ ਗੱਲ ਕਰੀਏ ਤਾਂ ਇੰਨ੍ਹਾਂ ਦੀ ਪਲੇਠੀ ਕਾਵਿ ਕਿਰਤ “ਰਿਸ਼ਤੇ ਰੂਹਾਂ ਦੇ” ਵਾਂਗ ਇਸ ਪੁਸਤਕ ਦਾ ਸਰਵਰਕ ਵੀ ਦਾਸ ਨੂੰ ਡਿਜ਼ਾਈਨ ਕਰਨ ਦੇ ਕਾਰਜ਼ ਦੀ ਜਿੰਮੇਵਾਰੀ ਵੀ ਮਾਂਗਟ ਜੀ ਨੇ ਸੋਂਪੀ ਗਈ ਜੋ ਕਿ ਆਪ ਸਭਨਾਂ ਦੇ ਹੱਥਾਂ ਵਿੱਚ ਸਿਸ਼ੋਭਿਤ ਹੈ। ਕੋਸ਼ਿਸ਼ ਕੀਤੀ ਗਈ ਹੈ, ਜਿਹੋ ਜਾ ਪੁਸਤਕ ਦਾ ਨਾਮ ਹੈ ਉਹੋ ਜਿਹਾ ਕਿਤਾਬ ਦਾ ਰੂਪ (ਸਰਵਰਕ) ਹੋਵੇ, ਇਸ ਵਿੱਚ ਦਾਸ ਕਿੰਨਾ ਕੁ ਕਾਮਯਾਬ ਹੋਇਆ ਹੈ? ਇਹ ਸਭ ਪਾਠਕ ਵਰਗ ਤੇ ਛੱਡਦੇ ਹਾਂ।