Articles

ਸਮਾਜ ਨੂੰ ਬਚਾਉਣਾ ਹੈ ਤਾਂ ਮਸ਼ੀਨਾਂ ਦੇ ਮਾਸਟਰ ਬਣਕੇ ਜੀਓ ਨਾ ਕਿ ਮਸ਼ੀਨਾ ਦੇ ਗੁਲਾਮ ਬਣਕੇ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਮੰਨੋ ਜਾਂ ਨਾ ਮੰਨੋ, ਇਸ ਦੁਨੀਆ ਚ ਕੋਈ ਵੀ ਬੰਦਾ ਏਨਾ ਬੀਜੀ ਨਹੀਂ ਹੁੰਦਾ ਕਿ ਕਿਸੇ ਦਾ ਫ਼ੋਨ ਨਾ ਸੁਣ ਸਕੇ, ਕਿਸੇ ਨਾਲ ਦੋ ਮਿੰਟ ਖੜ੍ਹਾ ਹੋ ਕੇ ਇਤਮਨਾਨ ਨਾਲ ਗੱਲ ਨਾ ਕਰ ਸਕੇ, ਆਏ ਸੁਨੇਹੇ ਦਾ ਜਵਾਬ ਨਾ ਦੇ ਸਕੇ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਹੋਰ ਸਕੇ ਸੰਬੰਧੀਆਂ ਨਾਲ ਕੁੱਜ ਕੁ ਪਲ ਸਾਂਝੇ ਨਾ ਕਰ ਸਕੇ । ਸਭਨਾ ਕੋਲ ਹੀ ਬਾਕੀਆਂ ਵਾਂਗ 24 ਘੰਟੇ ਹੁੰਦੇ ਹਨ, ਜਾਗਣ ਸੈਣ ਵਾਸਤੇ ਦਿਨ ਰਾਤ ਵੀ ਇੱਕੋ ਜਿਹੇ ਹੁੰਦੇ ਹਨ, ਸਮਾਂ ਵੀ ਸਾਲ ਮਹੀਨੇ ਤੇ ਹਫ਼ਤਿਆਂ ਚ ਵੰਡਕੇ ਸਭ ‘ਤੇ ਇੱਕੋ ਜਿਹਾ ਹੀ ਲਾਗੂ ਹੁੰਦਾ ਹੈ । ਇੱਥੋਂ ਤੱਕ ਕਿ ਬਹੁਤਿਆਂ ਦੇ ਕੰਮ ਕਰਨ ਦੀ ਸਮਾਂ ਤੇ ਉਸ ਦੀ ਲੰਬਾਈ ਵੀ ਇੱਕੋ ਜਿਹੀ ਹੀ ਹੁੰਦੀ ਹੈ, ਪਰ ਫਿਰ ਵੀ ਬਹੁਤਿਆਂ ਨਾਲ ਇਹੋ ਹੀ ਹੁੰਦਾ ਹੈ ਕਿ ਉਹ ਫ਼ੋਨ ਕਰਦੇ ਹਨ ਤਾਂ ਅਗਿਓ ਨਾ ਹੀ ਸੁਣਿਆ ਜਾੰੰਦਾ ਹੈ ਤੇ ਨਾ ਹੀ ਬਾਅਦ ‘ਚ ਫ਼ੋਨ ਕਾਲ ਰਿਟਰਨ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫ਼ੋਨ ਕਿਓਂ ਕੀਤਾ ਗਿਆ ਸੀ । 21 ਵੀ ਸਦੀ ਦੇ ਵਿਗਿਆਨਕ ਜੁੱਗ ਦਾ ਇਹ ਵਰਤਾਰਾ ਕੀ ਦੱਸਦਾ ਹੈ ? ਕੀ ਇਹ ਵਰਤਾਰਾ ਇਹ ਦੱਸਦਾ ਹੈ ਕਿ ਅਜੋਕਾ ਮਨੁੱਖ ਏਨੀ ਜ਼ਿਆਦਾ ਭੱਜ ਦੌੜ ਦਾ ਸ਼ਿਕਾਰ ਹੈ ਕਿ ਉਸ ਕੋਲ ਆਪਣੇ ਨੇੜਲਿਆ ਨਾਲ ਗੱਲ ਕਰਨ ਦਾ ਸਮਾਂ ਹੀ ਨਹੀਂ ਰਹਿ ਗਿਆ, ਜਾਂ ਫਿਰ ਇਹ ਦਰਸਾਉਂਦਾ ਹੈ ਕਿ ਮਨੁੱਖੀ ਰਿਸ਼ਤਿਆਂ ਚ ਇਕ ਦੂਸਰੇ ਪ੍ਰਤੀ ਬੇਪਰਵਾਹੀ ਪੈਦਾ ਹੋ ਗਈ ਹੈ ਜਾਂ ਫਿਰ ਇਹ ਗੱਲ ਹੈ ਕਿ ਕਿਸੇ ਦੂਸਰੇ ਨਾਲ ਅਜੋਕਾ ਮਨੁੱਖ ਗੱਲ ਵੀ ਹੁਣ ਆਪੋ ਆਪਣੇ ਸ਼ੋਸ਼ਲ ਸਟੇਟਸ ਮੁਤਾਬਿਕ ਹੀ ਕਰਨ ਲੱਗ ਪਿਆ ਹੈ, ਇਸੇ ਕਾਰਨ ਕਰਕੇ ਈਗੋ ਹੰਕਾਰ ਵੀ ਕਾਰਨ ਹੋ ਸਕਦਾ ਹੈ, ਕਿਸੇ ਨੂੰ ਇਹ ਦੱਸਣਾ ਵੀ ਹੋ ਸਕਦਾ ਹੈ ਕਿ ਜਿਸ ਨੂੰ ਉਹ ਸੰਪਰਕ ਕਰ ਰਿਹਾ ਹੈ, ਉਸ ਦੀ ਜ਼ਿੰਦਗੀ ਵਿੱਚ ਸੰਪਰਕ ਕਰਨ ਵਾਲੇ ਵਾਸਤੇ ਹੁਣ ਕੋਈ ਜਗਾ ਹੀ ਬਾਰੀ ਨਹੀਂ ਰਹਿ ਗਈ । ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਜੋਕਾ ਮਨੁੱਖ ਆਪਣੇ ਸੰਪਰਕ ਹੁਣ ਪਹਿਲ ਦੂਜ ਤੇ ਤੀਜ ਦੇ ਹਿਸਾਬ ਤਰਤੀਬ ਕਰਨ ਲੱਗ ਗਿਆ ਹੈ ਜਿਸ ਮੁਤਾਬਿਕ ਇਹ ਤਹਿ ਕਰ ਲਿਆ ਜਾਂਦਾ ਹੈ ਕਿ ਕੀਹਦੇ ਨਾਲ ਸੰਪਰਕ ਰੱਖਣਾ ਜ਼ਰੂਰੀ ਹੈ ਤੇ ਕੀਹਦੇ ਨਾਲ ਨਹੀਂ, ਵਪਾਰਕ ਪੱਖੋਂ ਨਫ਼ਾ ਨੁਕਸਾਨ ਦੇਖ ਵੀ ਇਹ ਤਹਿ ਕੀਤਾ ਜਾਣ ਲੱਗ ਪਿਆ ਹੋਵੇਗਾ ਕਿ ਕਿਸ ਵਿਅਕਤੀ ਨਾਲ ਕਿੰਨੇ ਕੁ ਸੰਪਰਕ ਰੱਖ ਕੇ ਕਿੰਨਾ ਕੁ ਫ਼ਾਇਦਾ ਜਾਂ ਨੁਕਸਾਨ ਹੋ ਸਕਦਾ ਹੈ । ਕਈ ਬਹੁਤੇ ਬੀਜੀ ਸਕੈਜਿਊਲ ਵਾਲੇ ਲੋਕਾਂ ਕੋਲ ਸਮੇਂ ਦੀ ਘਾਟ ਵੀ ਹੁੰਦੀ ਹੋਵੇਗੀ ਜਿਸ ਕਰਕੇ ਉਹ ਆਪਣੇ ਨੇੜਲਿਆ ਨਾਲ ਛੇਤੀਂ ਛੇਤੀਂ ਸੰਪਰਕ ਬਣਾਈ ਨਹੀਂ ਰੱਖ ਸਕਦੇ ਤੇ ਕਈ ਅਜਿਹੇ ਵੀ ਹੋਣਗੇ ਕਿ ਉਹਨਾ ਕੋਲ ਸਮੇਂ ਦੀ ਕਦੇ ਵੀ ਕੋਈ ਘਾਟ ਨਹੀਂ ਹੁੰਦੀ ਪਰ ਉਹ ਆਪਣੇ ਨੇੜਲਿਆ ਉੱਤੇ ਰੋਕੀ ਟੌਹਰ ਜਮਾਉਣ ਵਾਸਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹ ਹਮੇਸ਼ਾ ਹੀ ਬਹੁਤ ਬੀਜੀ ਰਹਿੰਦੇ ਹਨ । ਇਸ ਤਰਾਂ ਕਰਨ ਵਾਲੇ ਲੋਕ ਦਰਅਸਲ ਇਸ ਵਹਿਮ ਦਾ ਸ਼ਿਕਾਰ ਹੁੰਦੇ ਹਨ ਕਿ ਉਹਨਾਂ ਮੁਤਾਬਿਕ ਲੋਕਾਂ ਵਿੱਚ ਆਪਣੇ ਆਪ ਨੂੰ ਬਹੁਤਾ ਬੀਜੀ ਸਾਬਤ ਤਰਨ ਦਾ ਮਤਲਬ ਸਮਾਜਿਕ ਸਟੇਟਸ ਦਾ ਅੱਪ ਹੋ ਜਾਣਾ ਤੇ ਮਾਣ ਸਤਿਕਾਰ ਦਾ ਵੱਧ ਜਾਣਾ ਹੁੰਦਾ ਹੈ ਜਦ ਕਿ ਉਹਨਾ ਦੇ ਇਸ ਵਹਿਮ ਦਾ ਨਤੀਜਾ ਇਹ ਨਿਕਲਦਾ ਹੈ ਕਿ ਕੁੱਜ ਸਮਾਂ ਪਾ ਕੇ ਦੂਸਰੇ ਵੀ ਉਹਨਾ ਦੀ ਪ੍ਰਵਾਹ ਕਰਨੀ ਬੰਦ ਕਰ ਦਿੰਦੇ ਹਨ ਤੇ ਫਿਰ ਉਹ ਇਕੱਲਾ ਹੀ ਰਹਿ ਜਾਂਦਾ ਹੈ ।

ਅਸੀਂ ਮੰਨਦੇ ਹਾਂ ਕਿ ਹੁਣਵਾਂ ਜੁੱਗ ਇਕ ਬਹੁਤ ਤੇਜ਼ ਰਫ਼ਤਾਰ ਜੁੱਗ ਹੈ, ਅਜੋਕਾ ਮਨੁੱਖ ਮਸ਼ੀਨਾ ‘ਤੇ ਸਵਾਰ ਹੋ ਕੇ ਚੱਲ ਨਹੀਂ ਬਲਕਿ ਦੌੜ ਰਿਹਾ ਹੈ, ਇਹ ਗੱਲ ਵੀ ਸਹੀ ਹੈ ਕਿ ਮਸ਼ੀਨਾ ਨੇ ਮਨੁੱਖੀ ਜੀਵਨ ਦੀ ਗਤੀ ਨੂੰ ਬਹੁਤ ਤੇਜ਼ ਅਤੇ ਅਸਾਨ ਕਰ ਦਿੱਤਾ ਹੈ, ਦਫ਼ਤਰਾਂ ਦੀਆ ਫ਼ਾਇਲਾਂ ਤੇ ਅਧਿਕਾਰੀਆ ਦੇ ਕੰਮ-ਕਾਜ ਦਾ ਬੋਝ ਕੰਪਿਊਟਰ ਸੰਭਾਲ ਰਹੇ ਹਨ , ਸੰਚਾਰ ਪ੍ਰਬੰਧ ਬਹੁਤ ਤੇਜ਼ ਹੋ ਗਿਆ ਹੈ, ਸ਼ੋਸ਼ਲ ਮੀਡੀਏ ਰਾਹੀਂ ਹਰ ਤਰਾਂ ਦੀਆ ਸੂਚਨਾਵਾਂ ਦਾ ਅਦਾਨ ਪ੍ਰਦਾਨ ਮਿੰਟਾਂ ਸਕਿੰਟਾਂ ਚ ਬਿਲੀਅਨ ਲੋਕਾਂ ਵਿਚਰਾਰ ਹੋ ਸਕਦਾ ਹੈ, ਸਫਰ ਕਰਨਾ ਏਨਾ ਤੇਜ਼ ਤੇ ਅਸਾਨ ਹੋ ਗਿਆ ਹੈ ਕਿ ਮਨੁੱਖ ਸਵੇਰੇ ਘਰੋ ਨਿਕਲਕੇ ਸ਼ਾਮ ਤੱਕ ਪੂਰੀ ਦੁਨੀਆਂ ਦੀ ਸੈਰ ਕਰਕੇ ਵਾਪਸ ਆਪਣੇ ਘਰ ਪਰਤਕੇ ਸ਼ਾਮ ਦਾ ਖਾਣਾ ਖਾ ਸਕਦਾ ਹੈ, ਗਰਮੀ ਸਰਦੀ ਤੋ ਬਚਣ ਵਾਸਤੇ ਲੋੜ ਮੁਤਾਬਿਕ ਯੰਤਰ ਉਪਲਭਦ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਅਜੋਕਾ ਮਨੁੱਖ ਸਮੇਂ ਦੀ ਘਾਟ ਦੀ ਸ਼ਿਕਾਇਤ ਕਰਦਾ ਹੈ ਤੇ ਇਹ ਬਹਾਨਾ ਲਗਾ ਕੇ ਉਹ ਇਕ ਦੂਸਰੇ ਤੋ ਦੂਰ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਮਾਈਕਰੋ ਪਰਿਵਾਰਾਂ ਦਾ ਪ੍ਰਚਲਣ ਵੱਧ ਰਿਹਾ ਹੈ, ਪਰਿਵਾਰ ਟੁੱਟ ਤੇ ਬਿਖਰ ਰਹੇ ਹਨ, ਸਮਾਜਕ ਤਾਣੇ ਬਾਣੇ ਦਾ ਇੰਜਰ ਪਿੰਜਰ ਢਿੱਲਾ ਢੱਪਾ ਹੋ ਰਿਹਾ ਹੈ । ਇਸ ਤੋ ਵੀ ਹੋਰ ਅੱਗੇ ਜੋ ਰਿਹਾ ਹੈ ਉਹ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਮਨੁੱਖੀ ਕਦਰਾਂ ਕੀਮਤਾਂ ਤਾਰ ਤਾਰ ਹੋ ਰਹੀਆਂ ਹਨ, ਸਮਾਜ ਵਿੱਚ ਵਿਭਚਾਰ, ਅਨਾਚਾਰ, ਦੁਰਾਚਾਰ ਤੇ ਅਸ਼ਲੀਲਤਾ ਦਿਨੋ ਦਿਨ ਵਧਦੇ ਤੇ ਭਾਰੂ ਹੁੰਦੇ ਜਾ ਰਹੇ ਹਨ, ਗੀਤਕਾਰਾਂ ਤੇ ਗਾਇਕਾਂ ਦੇ ਗੀਤਾਂ ‘ਚ ਹਥਿਆਰਾਂਦਾ ਜ਼ਿਕਰ ਤੇ ਪਰਮੋਸ਼ਨ ਆਮ ਹੋ ਗਿਆ ਹੈ, ਬੋਲੀ ਚ ਸ਼ਾਲੀਨਤਾ ਦਾ ਜ਼ਾਬਤਾ ਖਤਮ ਹੁੰਦਾ ਜਾ ਰਿਹਾ ਹੈ ਤੇ ਗਾਲੀ ਗਲੋਚ ਦੇ ਨਾਲ ਨਾਲ ਹੀ ਖਤਵੇਪਨ ਤੇ ਅਸ਼ਲੀਲਤਾ ਭੜਕਾਉਣ ਵਾਲੇ ਦੁਅਰਥੇ ਦੀ ਭਰਮਾਰ ਹੋ ਰਹੀ ਹੈ । ਅਜੋਕੇ ਪੰਜਾਬੀ ਗੀਤਾਂ ਚ ਪੰਜਾਬੀ ਸੱਭਿਆਚਾਰ ਦੀਆ ਚਿੱਟੇ ਦਿਨ ਧੱਜੀਆਂ ਉਡਾ ਕੇ ਗੁੰਡਾ ਕਲਚਰ, ਲੜਾਈ ਝਗੜੇ ਤੇ ਧੜੇਬੰਦੀ ਨੂੰ ਉਤਸ਼ਾਹਤ ਕਰਕੇ ਤੇ ਭਾਈਚਾਰਕ ਕਦਰਾਂ ਕੀਮਤਾਂ ਨੂੰ ਚੀਨਾ ਚੀਨਾ ਕੀਤਾ ਜਾ ਰਿਹਾ ।

ਮੁੱਕਦੀ ਗੱਲ ਇਹ ਕਿ ਬੇਸ਼ੱਕ ਅਸੀਂ ਅੱਜ ਮਸ਼ੀਨੀ ਜੁੱਗ ਦੇ ਵਾਸੀ ਹਾਂ ਪਰ ਕਿਤੇ ਨ ਕਿਤੇ ਇਹਨਾਂ ਮਸ਼ੀਨੀ ਨੇ ਸਾਡੇ ਮਨ ਦੀ ਸ਼ਾਂਤੀ ਵੀ ਭੰਗ ਕੀਤੀ ਹੈ, ਸਮਾਜਿਕ ਤਾਣਾ ਬਾਣਾ ਤੇ ਰਿਸ਼ਤਿਆਂ ਦੇ ਪੇਚ ਵੀ ਢਿੱਲੇ ਕੀਤੇ ਹਨ । ਇਕ ਸਮਾਰਟ ਫ਼ੋਨ ਨੇ ਮਨੁੱਖ ਨੂੰ ਇਕੱਲਾ ਕਰਕੇ ਰੱਖ ਦਿੱਤਾ ਹੈ । ਬਹੁਤੇ ਲੋਕ ਇਸ ਤਰਾਂ ਮਹਿਸੂਸ ਕਰਨ ਲੱਗ ਪਏ ਹਨ ਕਿ ਜੇਕਰ ਉਹਨਾ ਕੋਲ ਵਧੀਆ ਸਮਾਰਟ ਫ਼ੋਨ ਹੈ ਤੇ ਉਸ ਵਿੱਚ ਦਮਦਾਰ ਨੈੱਟ ਪੈਕ ਹੈ ਤਾਂ ਫਿਰ ਇਹ ਫ਼ੋਨ ਹੀ ਉਹਨਾਂ ਦਾ ਪੂਰਾ ਸੰਸਾਰ ਹੈ ਜਿਸ ਕਰਕੇ ਉਹਨਾ ਨੂੰ ਹੋਰ ਕਿਸੇ ਦੂਸਰੇ ਦੀ ਲੋੜ ਨਹੀਂ । ਹਾਲਾਤ ਇਹ ਬਣ ਚੁੱਕੇ ਹਨ ਕਿ ਜਿਸ ਦੇ ਸ਼ੋਸ਼ਲ ਮੀਡੀਏ ਨੇ ਮਨੁੱਖ ਨੂੰ ਮਨੁੱਖ ਨਾਲ ਜੋੜਨ ਦੀ ਅਹਿਮ ਭੂਮਿਕਾ ਨਿਭਾਉਣੀ ਤੇ ਕੁੱਜ ਹੱਦ ਤੱਕ ਨਿਭਾਈ ਵੀ ਹੈ, ਇਕੱਲਾ ਹਨੇਰਾ ਹੰਢਾਉਣ ਵਾਲਿਆਂ ਨੂੰ ਪੂਰਾ ਸੰਸਾਰ ਵੀ ਦਿੱਤਾ, ਪਰ ਸੱਚ ਇਹ ਵੀ ਹੈ ਜਿਸ ਦੇ ਸ਼ੋਸ਼ਲ ਮੀਡੀਏ ‘ਤੇ ਹਜ਼ਾਰਾਂ ਮਿੱਤਰ ਹਨ, ਅਸਲ ਜ਼ਿੰਦਗੀ ਵਿੱਚ ਉਹ ਕੱਲਾ ਹੈ ।

ਮਨੁੱਖ ਦੀਆ ਨਿੱਜੀ ਅੰਤਰੀਵ ਭਾਵਨਾਵਾਂ ਸ਼ੋਸ਼ਲ ਮੀਡੀਏ ਦਾ ਨਾ ਹੀ ਹਿੱਸਾ ਹੁੰਦੀਆਂ ਹਨ ਤੇ ਨਾ ਹੀ ਵਿਸ਼ਾ ਹੁੰਦੀਆਂ ਹਨ, ਉਹਨਾਂ ਨੂੰ ਮਨੁੱਖ ਨਾਲ ਹੀ ਸਾਂਝਾ ਕੀਤਾ ਜਾ ਸਕਦਾ ਹੈ । ਉਹ ਅੰਦਰੂਨੀ ਮਨੋਤਰੰਗਾ ਨੂੰ ਸ਼ੋਸ਼ਲ ਮੀਡੀਏ ਦੀਆ ਤਰੰਗਾਂ ਨਾਲ ਸਾਂਝਾ ਕਰਨ ਵਾਲਾ ਮਨੁੱਖ ਹਮੇਸ਼ਾ ਦੁੱਖ ਸਹੇੜਦਾ ਹੈ ਜਾਂ ਲੋਕਾਂ ਦੇ ਮਜ਼ਾਕ ਜਾਂ ਤਰਸ ਦਾ ਪਾਤਰ ਬਣਦਾ ਹੈ, ਅਕਸਰ ਹੀ ਅਜਿਹਾ ਕਰਕੇ ਉਹ ਸੱਚੀ ਹਮਦਰਦੀ ਬਟੋਰਨ ਚ ਅਸਫਲ ਵੀ ਰਹਿੰਦਾ ਤੇ ਬੁੱਤ ਸਾਰੇ ਤਾਅਨੇ ਮੋਹਣਿਆਂ ਦਾ ਸ਼ਿਕਾਰ ਵੀ ਬਣਦਾ ਹੈ । ਸਮਾਜ ਤੋ ਬਿਨਾ ਨਾ ਹੀ ਮਨੁੱਖ ਦੀ ਕੋਈ ਹੋਂਦ ਤੇ ਹਸਤੀ ਰਹਿੰਦੀ ਹੈ ਨਾ ਹੀ ਸਮਾਜ ਦੀ । ਸੋ ਸਮੇਂ ਦੀ ਲੋੜ ਏਹੀ ਮੰਗ ਕਰਦੀ ਹੈ ਕਿ ਮਨੁੱਖ ਨੂੰ ਮਸ਼ੀਨਾ ਦਾ ਸਹੀ ਲਾਭ ਲੈਂਦਿਆਂ ਸਮਾਂ ਕੱਢਕੇ ਇਕ ਦੂਸਰੇ ਨਾਲ ਰਾਬਤਾ ਬਣਾਈ ਰੱਖਣਾ ਚਾਹੀਦਾ ਹੈ, ਹਫ਼ਤੇ ਦੱਸ ਦਿਨ ਬਾਅਦ ਇਕ ਦੂਸਰੇ ਨਾਲ ਦੁਆ ਸਲਾਮ ਕਰ ਲੈਣੀ ਚਾਹੀਦੀ ਹੈ, ਦਿਲ ਦੇ ਸਾਂਝੀਦਾਰਾਂ ਨਾਲ ਮਨ ਦੇ ਵਲਵਲੇ ਤੇ ਹਾਵ ਭਾਵ ਸਾਂਝੇ ਕਰ ਲੈਣੇ ਚਾਹੀਦੇ ਹਨ, ਦਿਲ ਖੋਹਲ ਲੈਣਾ ਚਾਹੀਦਾ ਹੈ ਕਿਉਂਕਿ ਇਸ ਤਰਾਂ ਨਾ ਕੀਤਾ ਤਾਂ ਬਹੁਤ ਸਾਰੀਆਂ ਮਰੀਰਕ ਤੇ ਮਾਨਸਿਕ ਪਰਮਾਰਾਂ ਲੱਗਣਗੀਆਂ ਜੋ ਦਿਲ ‘ਤੇ ਮਾਰੂ ਅਸਰ ਕਰਨਗੀਆਂ ਤੇ ਇਹ ਦਿਲ ਫਿਰ ਡਾਕਟਰਾਂ ਨੇ ਆਪਣੇ ਔਜਾਰਾ ਨਾਲ ਖੋਹਲ ਦੇਵਾਂ ਹੈ । ਸੋ ਸਮਾਜ ਵਿੱਚ ਰਹਿਕੇ ਸਮਾਜਕ ਬਣੋ ਨਾ ਕਿ ਮਸ਼ੀਨਾ ਚ ਰਹਿ ਕੇ ਮਸ਼ੀਨੀ ਬਣੋ । ਅਗਲੀ ਗੱਲ਼ ਇਹ ਕਿ ਮਸ਼ੀਨਾਂ ਦਾੇ ਮਾਸਟਰ ਬਣਕੇ ਉਹਨਾਂ ਦਾ ਲਾਹਾ ਲਓ, ਜੇਕਰ ਮਸ਼ੀਨਾ ਦੇ ਗੁਲਾਮ ਹੋ ਕੇ ਜੀਓਗੇ ਤਾਂ ਮਨੁੱਖੀ ਜ਼ਿੰਦਗੀ ਵਿੱਚ ਜਿੱਥੇ ਹਾਦਸੇ ਤੇ ਦੁਖਾਂਤ ਵਧਣਗੇ ਉੱਥੇ ਮਨੁੱਖੀ ਜੀਵਨ ਨਰਕ ਵੀ ਬਣੇਗਾ ਤੇ ਸਮਾਜ ਵੀ ਬਿਖਰ ਜਾਏਗਾ ।

Related posts

‘ਆਪ’ ਦੇ ਸੰਜੀਵ ਅਰੋੜਾ ਦੀ ‘ਜਿੱਤ’ ਅਤੇ ਬਾਕੀ 13 ਉਮੀਦਵਾਰ ਕਿਵੇਂ ਹੋਏ ‘ਚਿੱਤ’ ?

admin

ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ, ਚੋਣ ਹਾਰਨ ਦਾ ਸਾਨੂੰ ਬੇਹੱਦ ਅਫ਼ਸੋਸ: ਰਾਜਾ ਵੜਿੰਗ

admin

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲ ਕਰਕੇ ਤਣਾਅ ਘਟਾਉਣ ਦੀ ਅਪੀਲ !

admin