ਮੌਜੂਦਾ ਸਮੇਂ ਵਿੱਚ ਜਦੋਂ ਅਸੀਂ ਨੌਜਵਾਨ ਵਰਗ ਵੱਲ ਝਾਤ ਮਾਰੀਏ ਤਾਂ ਉਹ ਦੁਨੀਆਂ ਵਿੱਚ ਗੁੰਮ, ਨਿਰਾਸ਼, ਨੀਰਸ, ਦਿਸ਼ਾਹੀਣ ਹੋਇਆ ਦਿਸਦਾ ਹੈ ਕਿਉਂਕਿ ਅੱਜ ਦਾ ਨੌਜਵਾਨ ਥੋੜੇ ਸਮੇਂ ਵਿੱਚ ਲੰਮੀਆਂ ਪੁਲਾਘਾਂ ਪੁੱਟਣਾ ਚਾਹੁੰਦਾ ਹੈ, ਪਰ ਅਜਿਹਾ ਨਾ ਹੋਣ ਤੇ ਉਹ ਸਮਾਜ ਪ੍ਰਤੀ ਜਿੰਮੇਵਾਰੀਆਂ ਤੋਂ ਦੂਰ ਭੱਜਦਾ ਹੈ। ਪਰ ਸਮਾਜ ਵਿੱਚ ਹਾਲੇ ਵੀ ਅਜਿਹੇ ਯੁਵਕ-ਯੁਵਤੀਆਂ ਹਨ ਜੋ ਸਮਾਜ ਸੇਵਾ ਨੂੰ ਆਪਣਾ ਧਰਮ ਤੇ ਕਰਮ ਸਮਝਦੇ ਹੋਏ ਲੋਕਾਂ ਪ੍ਰਤੀ ਸਮਾਜਿਕ ਕੰਮਾਂ ਦੀਆਂ ਜਿੰਮੇਵਾਰੀਆਂ ਨੂੰ ਖਿੜੇ ਮੱਥੇ ਕਬੂਲਦੇ ਹਨ। ਅਜਿਹਾ ਹੀ ਨਾਮ ਹੈ- ਮਨਿੰਦਰ ਪਾਲ ਸਿੰਘ ਇੱਕ ਪ੍ਰੇਰਨਾਸ੍ਰੋਤ ਸਖਸ਼ੀਅਤ ਜਿਸਦਾ ਜਨਮ ਸ. ਸਤਨਾਮ ਸਿੰਘ ਦੇ ਵਿਹੜੇ ਮਾਤਾ ਨਰਿੰਦਰ ਕੌਰ ਦੀ ਕੁੱਖੋਂ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪਿੰਡ ਦਿਆਲਪੁਰਾ ਸੋਢੀਆਂ ਵਿਖੇ ਹੋਇਆ। ਮੱਧਵਰਗੀ ਪਰਿਵਾਰ ਚ ਜਨਮੇ ਮਨਿੰਦਰ ਨੂੰ ਸਕੂਲ ਸਮੇਂ ਅਧਿਆਪਕਾ ਵਲੋਂ ਬੋਲੇ-ਬੋਲ ਕਿ “ਪੜਾਈ ਤੇਰੇ ਬਸ ਦੀ ਗੱਲ ਨਹੀਂ”, ਉਸਨੂੰ ਇਸ ਮੁਕਾਮ ਤੱਕ ਲੇ ਆਏ ਕਿ ਉਸਦੀ ਮਿਹਨਤ ਦਾ ਹਰੇਕ ਕਦਮ ਸਫਲਤਾ ਨੇ ਚੁੰਮਿਆ ਹੈ।
ਹਸਮੁੱਖ ਅਤੇ ਮਿਲਾਪੜੇ ਸੁਭਾਅ ਦਾ ਮਨਿੰਦਰ ਸੱਭਿਆਚਾਰਕ, ਸਮਾਜਿਕ, ਧਾਰਮਿਕ ਜਿੰਦਗੀ ਜੀਅ ਕੇ ਆਪਣੇ ਜੀਵਨ ਨੂੰ ਸਹੀ ਮਾਇਨੀਆਂ ਵਿੱਚ ਲੇਖੇ ਲਾ ਦੂਜਿਆਂ ਲਈ ਚਾਨਣ ਮੁਨਾਰੇ ਵੱਜੋਂ ਉਭਰਿਆ ਹੈ। ਉਸ ਦੀ ਪ੍ਰਾਪਤੀਆਂ ਦਾ ਹਰੇਕ ਪੰਨਾ ਸੁਨਹਿਰੀ ਹੈ। ਪੰਜਾਬੀ ਲੋਕ ਨਾਚਾਂ , ਝੂਮਰ, ਲੂੱਡੀ, ਡੰਡਾਸ, ਢੋਲਾ, ਮਲਵਈ ਗਿੱਧਾ, ਜਿੰਦੂਆ, ਭੰਗੜੇ ਦੇ ਦੀਵਾਨੇ ਮਨਿੰਦਰ ਨੂੰ ਆਪਣੇ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਅੰਤਾਂ ਦਾ ਮੋਹ ਹੈ। ਸਕੂਲ ਕਾਲਜ ਦੇ ਸਮੇਂ ਤੋੰ ਭੰਗੜੇ ਟੀਮ ਦਾ ਕਪਤਾਨ ਰਿਹਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋਂ ਪੰਜਾ ਵਾਰ ‘ਸਰਵੋਤਮ ਭੰਗੜਚੀ’ ਖਿਤਾਬ ਨਾਲ ਨਿਵਾਜਿਆ ਜਾ ਚੁੱਕਾ ਹੈ, ਅੱਠ ਵਾਰ ਭਾਰਤ ਸਰਕਾਰ ਵੱਲੋਂ ਆਯੋਜਿਤ ਰਾਸ਼ਰੀ ਯੁਵਕ ਮੋਲਿਆਂ ਵਿੱਚ ਭਾਗ ਲੈ ਚੁੱਕਾ ਹੈ ਅਤੇ ਲੋਕ ਨਾਚਾਂ, ਵਿਰਸੇ ਦੀ ਸੰਭਾਲ ਪ੍ਰਤੀ ਸੁਚੇਤ ਤੇ ਚਿੰਤਤ ਸਰਕਾਰ-ਗੈਰ ਸਰਕਾਰੀ ਅਦਾਰਿਆਂ , ਸੰਸਥਾਵਾਂ ਨਾਲ ਮਿਲਕੇ ਤਕਰੀਬਨ 800 ਦੇ ਕਰੀਬ ਅੰਤਰਰਾਸ਼ਟਰੀ, ਰਾਸ਼ਟਰੀ , ਰਾਜ, ਜਿਲ੍ਹਾ ਪੱਧਰਾਂ ਤੇ ਆਪਣੀ ਕਲਾ ਦੇ ਜੌਹਰ ਵਿਖੇ ਚੁੱਕਾ ਹੈ, ਜਿਸ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਜੀ ਦੇ ਸਨਮੁੱਖ ਅਤੇ ਕਾਮਨਵੈਲੱਥ ਖੇਡਾਂ ਚ’ ਕੀਤੀਂਆਂ ਪੇਸ਼ਕਾਰੀਆਂ ਪ੍ਰਮੁੱਖ ਹਨ।
ਰੈੱਡ ਕਰਾਸ, ਨਹਿਰੂ ਯੁਵਾ ਕੇਂਦਰ ਸੰਗਠਨ, ਕੌਮੀ ਸੇਵਾ ਯੋਜਨਾ, ਪੰਜਾਬ ਟੂਰੀਜ਼ਮ, ਹਰਿਆਣਾ ਕਲਚਰਲ ਵਿਭਾਗ, ਨਾਰਥ ਜੋਨ ਕਲਚਰਲ ਸੈਂਟਰ, ਯੁਵਕ ਸੇਵਾਂ ਵਿਭਾਗ ਪੰਜਾਬ, ਆਈ.ਸੀ.ਸੀ.ਆਰ ਦੇ ਸਹਿਯੋਗ ਸਦਕਾ ਆਪਣੇ ਸਭਿਆਚਾਰ, ਵਿਰਸੇ ਨੂੰ ਪੰਜਾਬ ਤੋਂ ਲੈ ਕੇ ਹਰਿਆਣਾ ਹਿਮਾਚਲ ਪ੍ਰਦੇਸ਼, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਅਸਾਮ, ਝਾਰਖੰਡ, ਛੱਤੀਸਗੜ੍ਹ, ਉੜੀਸਾ, ਤਾਮਿਲਨਾਡੂ, ਪੁੱਡੂਚੇਰੀ, ਮੁੰਬਈ, ਕਰਨਾਟਕਾ, ਦਮਨ-ਦਿਊ, ਦਿੱਲੀ ਰਾਜਾਂ ਤੋਂ ਇਲਾਵਾ ਅਮਰੀਕਾ, ਸਿੰਗਾਪੁਰ, ਮਲੇਸ਼ੀਆ. ਥਾਈਲੈਂਡ, ਇੰਡੋਨੇਸ਼ੀਆਂ, ਕੰਬੋਡੀਆ, ਉਜਬੇਕਸਤਾਨ, ਭੂਟਾਨ ਵਰਗੇ ਵਿਦੇਸ਼ਾਂ ਵਿੱਚ ਆਪਣੀ ਵਿੱਦਿਆ ਤੇ ਮਿਹਨਤ ਕਰਕੇ ਪ੍ਰਫੱਲਤ ਕਰਦੇ ਹੋਏ ਆਪਣੀ ਕਲਾ ਅਤੇ ਹੁਨਰ ਨਾਲ ਸਮਨੁੱਖ ਹੋਇਆ ਹੈ।
ਸਕੂਲ ਕਾਲਜ ਵਿੱਚ ਮਨਿੰਦਰ ਕੌਮੀ ਸੇਵਾ ਯੋਜਨਾ ਦਾ ਸਵੈ ਸੇਵਕ ਵੀ ਰਿਹਾ, ਜਿਸਨੇ ਉਸ ਅੰਦਰ ਸਮਾਜ ਸੇਵਾ ਦੀ ਅਲਖ ਜਗਾਕੇ ਉਸਦੀ ਸਖਸ਼ੀਅਤ ਨੂੰ ਨਿਖਾਰਨ ਵਿੱਚ ਸਹਾਈ ਸਿੱਧ ਹੋਈ। ਸਵੈ ਸੇਵਕ ਵੱਜੋਂ ਅਨੇਕਾਂ ਰਾਸ਼ਟਰੀ ਅਤੇ ਰਾਜ ਪੱਧਰ ਕੈਪਾਂ ਵਿੱਚ ਭਾਗ ਲੈ ਉੱਤਮ ਵਿਚਾਰਾਂ ਨੂੰ ਗ੍ਰਹਿਣ ਕਰਕੇ, ਕਈ ਵਾਰ ‘ਸਰਵੋਤਮ ਸਵੈ ਸੇਵਕ’ ਦਾ ਖਿਤਾਬ ਵੀ ਹਾਸਿਲ ਕਰ ਚੁੱਕਾ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨਾਲ ਮਿਲਣੀ ਅਤੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਵੱਜੋਂ ਦੱਖਣੀ ਖੇਤਰ ਦੇ ਸਮੂਹ ਦੀ ਗਣਤੰਤਰ ਦਿਵਸ ਮੌਕੇ ਰਾਜਪਥ ਦਿੱਲੀ ਵਿਖੇ ਅਗਵਾਈ ਕਰਨ ਦਾ ਵੀ ਮਾਣ ਹਾਸਿਲ ਕਰ ਚੁੱਕਿਆ ਮਨਿੰਦਰ ਮੌਹਲੀ ਦੇ ਸਕੂਲ ਵਿੱਚ ਪ੍ਰੋਗਰਾਮ ਅਫਸਰ ਵੱਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਨੌਜਵਾਨ ਵਰਗ ਦੀ ਸਖਸ਼ੀਅਤ ਨਿਖਾਰਨ ਲਈ ਸਰਗਰਮ ਹੈ।
ਮਨਿੰਦਰ ਭਾਰਤੀ ਪੈਰਾਲੰਪਿਕ ਕਮੇਟੀ ਵੋੱਲਂ ਮਾਨਤਾ ਪ੍ਰਾਪਤ ਚੰਡੀਗੜ੍ਹ ਸਪੋਰਟਸ ਐਸੋਸ਼ੀਏਸ਼ਨ ਫਾਰ ਡਿਫਰੈਨਸ਼ਲੀ ਏਬਲਡ ਦੇ ਪ੍ਰਧਾਨ ਅਤੇ ਐਸਕੋਰਟ ਵੱਜੋ ਨਿਰਸੁਆਰਥ ਸੇਵਾਵਾਂ ਦੇ ਰਿਹਾ ਹੈ, ਜੋ ਅੰਗਹੀਣਾਂ ਨੂੰ ਵੱਡੇ ਪੱਧਰ ਉੱਤੇ ਖੇਡਾਂ ਵਿੱਚ ਆਪਣਾ ਜੌਹਰ ਵਿਖਾਉਣ ਲਈ ਸਮੇਂ-ਸਮੇਂ ਸਿਰ, ਵੱਖੋ ਵੱਖਰੀ ਥਾਵਾਂ ਉੱਤੇ ਮੰਚ ਪ੍ਰਦਾਨ ਕਰਦੀ ਹੈ। ਮਨਿੰਦਰ ਖੁਦ 16 ਵਾਰ ਖੂਨਦਾਨ ਕਰ ਚੁੱਕਾ ਹੈ ਅਤੇ ਮਰਨ ਉਪਰੰਤ ਨੇਤਰਦਾਨ, ਅੰਗਦਾਨ ਦਾ ਵੀ ਪ੍ਰਣ ਕੀਤਾ ਹੈ । ਉਸਨੇ ਕਈ ਪਿੰਡਾਂ ਵਿੱਚ ਨੌਜਵਾਨਾਂ ਨੂੰ ਸਹੀ ਦਿਸ਼ਾ, ਦਸ਼ਾ ਲਈ ਯੁਵਕ ਕੱਲਬਾਂ ਦਾ ਨਿਰਮਾਣ ਕਰਵਾਇਆ ਅਤੇ ਲੋੜੀਦਾਂ ਖੇਡ ਅਤੇ ਜਿੰਮ ਸਮੱਗਰੀ ਮੁੱਹਇਆ ਕਰਵਾਈ।
ਮਨਿੰਦਰ ਵੱਲੋਂ ਸਮਾਜਿਕ ਕੁਰੀਤੀਆਂ ਅਤੇ ਯੁਵਕਾਂ ਦੀ ਮੌਜੂਦਾ ਸਥਿਤੀ ਪ੍ਰਤੀ ਚਿੰਤਤ ਹੁੰਦੇ ਹੋਏ ‘ਦੀਦ-ਨੇ-ਦੀਦਾਰ’ ਨਾਮਕ ਸੰਸਥਾ ਬਣਾਈ ਜੋ ਲੋਕਾਂ ਨੂੰ ਸੈਮੀਨਾਰਾਂ, ਨੁੱਕੜ ਨਾਟਕਾਂ ਵਰਕਸ਼ਾਪਾਂ, ਜਾਗਰੂਕ ਰੈਲੀਆਂ, ਸਲਾਨਾ ਨਾਟਕ ਉਤਸਵ ‘ਸ਼ਗੂਫੇ’ (ਇੰਪੈਕਟ ਆਰਟਸ) ਰਾਹੀਂ ਜਾਗਰੂਕਤਾ ਫੈਲਾ ਰਹੀ ਹੈ ਅਤੇ ‘ਸੌਗਾਤ’, ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਮੁਹਿੰਮਾਂ ਰਾਹੀਂ ਸਮਾਜ ਸੁਧਾਰਕ ਗਤੀਵਿਤੀਆਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ। ਤਕਰੀਬਨ 5000 ਦੇ ਲਗਪਗ ਕਿਤਾਬਾਂ ਸਰਕਾਰੀ ਸਕੂਲਾਂ ਅਤੇ ਪਿੰਡਾਂ ਨੂੰ ਲਾਇਬ੍ਰੇਰੀ ਲਈ ਮੁਫਤ ਮਹੱਇਆ ਕਰਵਾ ਚੁੱਕੀ ਹੈ।
ਮਨਿੰਦਰ ਦੀ ਸਾਹਿਤਕ ਰੁਚੀ ਦੀ ਗੱਲ ਕਰੀਏ ਤਾਂ ਉਸਦੇ ਗੀਤ, ਕਵੀਤਾਵਾਂ, ਲੇਖ ਕਈ ਨਾਮਵਰ ਅਖਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣ ਚੁੱਕੇ ਹਨ। ਮਨਿੰਦਰ ਵਿਦਿਅਕ ਖੇਤਰ ਵਿੱਚ ਵੀ ਫਾਡੀ ਨਹੀਂ, ਤਿੰਨ ਐਮ.ਏ (ਅਰਥ ਸ਼ਾਸਤਰ, ਸਮਾਜ ਸੇਵਾ, ਮਾਸ ਕਾਮ- ਜਰਨਲੀਜ਼ਮ) ਕਰ ਚੁੱਕੇ ਮਨਿੰਦਰ ਨੇ ਕਈ ਰਾਸ਼ਟਰੀ ਅਤੇ ਅੰਤਰਾਸ਼ਟਰੀ ਵਿਦਿਅਕ ਸੈਮੀਨਾਰਾਂ ਵਿੱਚ ਪਰਚਾ ਪੜ੍ਹੇ ਅਤੇ ਕਈ ਕੈਪਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਵਿਚਾਰ, ਤਜ਼ਰਬੇ ਸਾਂਝੇ ਕਰ ਚੁੱਕਾ ਹੈ। ਨਾਸਾ- ਅਮਰੀਕਾ ਵਿੱਖੇ ਪੁਲਾੜ ਯਾਤਰੀ ਨਾਲ ਮਿਲਣੀ ਦੌਰਾਨ ਧਰਤ -ਅਕਾਸ਼ ਦੇ ਭੇਤ ਵਿੱਚ ਵਸੇ ਉਹਦੇ ਸੁਪਨਿਆਂ ਨੇ ਇੱਕ ਨਵੀਂ ਪਰਵਾਜ਼ ਭਰੀ।
ਇਨ੍ਹਾਂ ਸਭ ਗਤੀਵਿਧੀਆਂ ਨੂੰ ਮੁੱਖ ਰੱਖਦੇ, ਭਾਰਤ ਸਰਕਾਰ ਵੱਲੋਂ ਰਾਸ਼ਟਰੀ ਯੁਵਾ ਪੁਰਸਕਾਰ, ਪੰਜਾਬ ਸਰਕਾਰ ਵੱਲੋਂ ਰਾਜ ਯੁਵਾ ਪੁਰਸਕਾਰ, ਸਵਾਮੀ ਵਿਵੇਕਾਨੰਦ ਯੁਵਾ ਪੁਰਸਕਾਰ, ਡਾ.ਬੀ.ਆਰ ਅੰਬਡੇਕਰ ਰਾਸ਼ਟਰੀ ਪੁਰਸਕਾਰ, ਸਵਾਮੀ ਵਿਵੇਕਾਨੰਦ ਯੁਵਾ ਪੁਰਸਕਾਰ, ਕਾਲਜ ਸਮੇਂ ‘ਕਾਲਜ ਕਲਰ’ , ‘ਰੋਲ ਆਫ ਆਨਰ’ , ਸਰਵੋਤਮ ਆਲ ਰਾਊਂਡਰ ਵਿਦਿਆਰਥੀ ਖਿਤਾਬ ਅਤੇ ਹੋਰ ਬਹੁਤ ਸਮਾਜਿਕ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਸਮੇਂ-ਸਮੇਂ ਸਿਰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਮਨਿੰਦਰ ਨੂੰ ਲੋਕ ਨਾਚਾਂ ਦਾ ਮੋਹ ਹਰਿੰਦਰ ਪਾਲ ਸਿੰਘ, ਲਿਖਣ ਦੀ ਚੇਟਕ ਆਪਣੇ ਦਾਦਾ ਜੀ ਲੇਖਕ ਗੁਰਦਾਸ ਸਿੰਘ ਨਿਰਮਾਣ ਅਤੇ ਸਮਾਜ ਸੇਵਾ ਦੀ ਲਗਨ ਕੌਮੀ ਸੇਵਾ ਯੋਜਨਾ ਤੋਂ ਪਈ । ਆਪਣੇ ਮਨ ਦੇ ਵਲਵੱਲਿਆਂ ਨੂੰ ਸ਼ਬਦਾਂ ਦੇ ਰੂਪ ਵਿੱਚ ਪਰੋਦਾਂ, ਜਵਾਨੀ ਦੇ ਜੋਸ਼ ਨੂੰ ਹੋਸ਼ ਨਾਲ ਸਮਾਜ ਨੂੰ ਜਾਗਰੂਕ ਕਰਦੇ ਲੰਮੇ ਰਾਹਾਂ ਦਾ ਰਾਹੀ ਬਣ ਮੰਜਿਲਾਂ ਨੂੰ ਸਰ ਕਰਨ ਲਈ ਤਤਪਰ ਹੈ। ਸ਼ਾਲਾ! ਉਸਦਾ ਇਹ ਸਫ਼ਰ ਖੁਸ਼ਨੁਮਾ ਅਤੇ ਫਲਦਾਰ ਰੁੱਤਾਂ ਦਾ ਹਾਣ ਮਾਣੇ।