ਸ੍ਰੀ ਗੁਰੂ ਰਾਮਦਾਸ ਜੀ ਦੀ ਵਰੋਸਾਈ ਨਗਰੀ ਸ੍ਰੀ ਅੰਮਿ੍ਰਤਸਰ ਜਿਸ ਨੂੰ ਕੁਲ ਆਲਮ ਵਿਚ ‘ਸਿਫ਼ਤੀ ਦੇ ਘਰ’ ਵਜੋਂ ਜਾਣਿਆ ਜਾਂਦਾ ਹੈ, ਇਸ ਦੀ ਖ਼ੂਬਸੂਰਤੀ ਵਿਚ ਏਥੋਂ ਦਾ ਪ੍ਰਸਿੱਧ ਇਤਿਹਾਸਕ ‘ਰਾਮਬਾਗ਼’ ਹੋਰ ਵੀ ਵਾਧਾ ਕਰਦਾ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਪਵਿੱਤਰ ਸ਼ਹਿਰ ਵਿਚ ਬਣਾਏ ਰਾਮਬਾਗ਼ ਦੀ ਸੁੰਦਰਤਾ ਅੱਜ ਵੀ ਬਾ-ਕਮਾਲ ਹੈ ਅਤੇ ਇਸ ਨੂੰ ਦੇਖ ਕੇ ਲਾਹੌਰ ਦਰਬਾਰ ਦੀ ਸ਼ਾਨੋ-ਸ਼ੌਕਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਹਾਲਾਂਕਿ ਅੰਮਿ੍ਰਤਸਰ ਵਿਚ ਰੋਜ਼ਾਨਾਂ ਇਕ ਲੱਖ ਤੋਂ ਵੱਧ ਸ਼ਰਧਾਲੂ/ਯਾਤਰੂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੇ ਹਨ ਪਰ ਜਾਣਕਾਰੀ ਨਾ ਹੋਣ ਕਾਰਨ ਬਹੁਤ ਘੱਟ ਯਾਤਰੂ ਹੀ ‘ਰਾਮਬਾਗ਼’ ਵਿਖੇ ਪਹੁੰਚਦੇ ਹਨ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅੰਮਿ੍ਰਤਸਰ ਸ਼ਹਿਰ ਨੂੰ ਬਹੁਤ ਪਿਆਰ ਕਰਦੇ ਸਨ। ਭਾਵੇਂ ਕਿ ਸਰਕਾਰ-ਏ-ਖ਼ਾਲਸਾ ਦੀ ਰਾਜਧਾਨੀ ਲਾਹੌਰ ਸੀ ਪਰ ਸਿੱਖ ਮਾਨਸਿਕਤਾ ਵਿਚ ਹਮੇਸ਼ਾ ਹੀ ਅੰਮਿ੍ਰਤਸਰ ਦਾ ਸਿਰਮੌਰ ਸਥਾਨ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਜੋ ਕਿ ਅਕਸਰ ਹੀ ਅੰਮਿ੍ਰਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਸੀਸ ਨਿਵਾਉਣ ਆਉਦੇ ਰਹਿੰਦੇ ਸਨ, ਉਨ੍ਹਾਂ ਨੇ ਇਸ ਪਾਵਨ ਸ਼ਹਿਰ ਵਿਚ ਲਾਹੌਰ ਦੇ ਸ਼ਾਲਾਮਾਰ ਬਾਗ਼ ਵਾਂਗ ਇਕ ਖ਼ੂਬਸੂਰਤ ਬਾਗ਼ ਬਣਾਉਣ ਦੀ ਸੋਚੀ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ’ਤੇ ਸੰਨ 1819 ਵਿਚ ਸਰਕਾਰ ਖ਼ਾਲਸਾ ਨੇ ਅੰਮਿ੍ਰਤਸਰ ਸ਼ਹਿਰ ਦੀ ਉੱਤਰ ਬਾਹੀ ’ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਕਰੀਬ ਇਕ ਕਿਲੋਮੀਟਰ ਦੂਰ ਇਕ ਖ਼ੂਬਸੂਰਤ ਬਾਗ਼ ਨੂੰ ਬਣਾਉਣਾ ਸ਼ੁਰੂ ਕੀਤਾ। ਸ਼ੇਰ-ਏ-ਪੰਜਾਬ ਨੇ ਇਸ ਬਾਗ਼ ਨੂੰ ਬਣਾਉਣ ਦੀ ਜ਼ਿੰਮੇਵਾਰੀ ਮਸ਼ਹੂਰ ਮੁਸਲਿਮ ਆਰਕੀਟੈਕਟ ਮੁਹੰਮਦ ਯਾਰ ਨੂੰ ਦਿੱਤੀ। ਫ਼ਕੀਰ ਇਮਾਮ-ਉੱਦ-ਦੀਨ ਨੂੰ ਇਸ ਬਾਗ਼ ਦੀ ਉਸਾਰੀ ਵਿਚ ਜੋ ਵੀ ਖ਼ਰਚਾ ਆਉਣਾ ਸੀ ਉਸਦਾ ਹਿਸਾਬ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ। ਸੰਨ 1831 ਵਿਚ ਇਹ ਬਾਗ਼ ਬਣ ਕੇ ਮੁਕੰਮਲ ਹੋਇਆ ਅਤੇ ਇਸ ਉੱਪਰ ਉਸ ਸਮੇਂ 1,45,000 ਰੁਪਏ ਖ਼ਰਚਾ ਆਇਆ ਜੋ ਕਿ
ਅੱਜ ਦੇ ਕਰੋੜਾਂ ਰੁਪਏ ਦੇ ਬਰਾਬਰ ਹੈ।
ਬਾਗ਼ ਵਿਚ ਬਹੁਤ ਸੁੰਦਰ ਬਗ਼ੀਚੇ, ਫਲ-ਫੁੱਲ ਅਤੇ ਛਾਂ-ਦਾਰ ਪੌਦੇ ਲਗਾਏ ਗਏ। ਫੁੱਲ-ਬੂਟਿਆਂ ਨੂੰ ਪਾਣੀ ਦੇਣ ਅਤੇ ਬਾਗ਼ ਦੀ ਸੁੰਦਰਤਾ ਨੂੰ ਵਧਾਉਣ ਲਈ ਫੁਹਾਰੇ ਲਗਾਏ ਗਏ। ਮਹਾਰਾਜੇ ਦੀ ਰਿਹਾਇਸ਼ ਦੇ ਲਈ ਬਾਗ਼ ਦੇ ਵਿਚਕਾਰ ਬਾਰਾਂਦਰੀ ਵਰਗੀ ਇਕ ਬਹੁਤ ਖ਼ੂਬਸੂਰਤ ਇਮਾਰਤ ਬਣਾਈ ਗਈ ਜਿਸ ਨੂੰ ਸ਼ੀਸ਼ ਮਹਿਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਡਿਊਢੀ ਅਤੇ ਹੋਰ ਇਮਰਾਤਾਂ ਵੀ ਬਾਗ਼ ਵਿਚ ਉਸਾਰੀਆਂ ਗਈਆਂ। ਇਹ ਇਮਾਰਤਾਂ ਸਿੱਖ ਭਵਨ ਕਲਾ ਦਾ ਸ਼ਾਹਕਾਰ ਨਮੂਨਾ ਹਨ ਜੋ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ।
ਗੁਰੂ ਰਾਮਦਾਸ ਜੀ ਦੇ ਨਾਂ ’ਤੇ ਰੱਖਿਆ ਬਾਗ਼ ਦਾ ਨਾਂ
ਸੰਨ 1831 ਵਿਚ ਅੰਮਿ੍ਰਤਸਰ ਸ਼ਹਿਰ ਵਿਖੇ ਜਦੋਂ ਇਹ ਬਾਗ਼ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਤਾਂ ਦਰਬਾਰੀਆਂ ਨੇ ਮਹਾਰਾਜੇ ਨੂੰ ਇਸ ਦਾ ਨਾਮ ਰਣਜੀਤ ਸਿੰਘ ਬਾਗ਼ ਰੱਖਣ ਦੀ ਬੇਨਤੀ ਕੀਤੀ। ਦਰਬਾਰੀਆਂ ਦੀ ਇਸ ਮੰਗ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਇਹ ਬਾਗ਼ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਸ਼ਹਿਰ ਵਿਚ ਹੈ ਅਤੇ ਇਸ ਦਾ ਨਾਂ ਵੀ ‘ਰਾਮਬਾਗ਼’ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਉੱਪਰ ਇਸ ਬਾਗ਼ ਦਾ ਨਾਂ ‘ਰਾਮਬਾਗ਼’ ਰੱਖ ਦਿੱਤਾ।
ਸ਼ੇਰ-ਏ-ਪੰਜਾਬ ਜਦੋਂ ਵੀ ਅੰਮਿ੍ਰਤਸਰ ਆਉਦੇ ਤਾਂ ਉਨ੍ਹਾਂ ਦੀ ਰਿਹਾਇਸ਼ ਰਾਮਬਾਗ਼ ਵਿਚਲੇ ਆਪਣੇ ਮਹਿਲ ਵਿਚ ਹੁੰਦੀ। ਇਸ ਤਰ੍ਹਾਂ ‘ਰਾਮਬਾਗ਼’ ਸਰਕਾਰ ਖ਼ਾਲਸਾ ਦਾ ਧੁਰਾ ਬਣ ਗਿਆ ਅਤੇ ਮਹਾਰਾਜਾ ਨੇ ਇੱਥੇ ਹੀ ਆਪਣੇ ਰਾਜ ਦੇ ਕਈ ਅਹਿਮ ਫ਼ੈਸਲੇ ਕੀਤੇ। ਸਿੱਖ ਰਾਜ ਸਮੇਂ ਅੰਮਿ੍ਰਤਸਰ ਦੇ ‘ਰਾਮਬਾਗ਼’ ਦੀ ਸੁੰਦਰਤਾ ਦੀ ਧੁੰਮ ਸਾਰੇ ਪਾਸੇ ਸੀ ਅਤੇ ਜੋ ਕੋਈ ਵੀ ਬਾਗ਼ ਨੂੰ ਦੇਖਦਾ ਤਾਂ ਇਸਦੀ ਖ਼ੂਬਸੂਰਤੀ ਦਾ ਕਾਇਲ ਹੋ ਜਾਂਦਾ।
ਮਹਾਰਾਜਾ ਰਣਜੀਤ ਸਿੰਘ ਪੈਨੋਰਮਾ
ਹੁਣ ਗੱਲ ਕਰਦੇ ਹਾਂ ਅਜੋਕੇ ਰਾਮਬਾਗ਼ ਦੀ। ਰਾਮਬਾਗ਼ ਵਿਚ ਇਕ ਬਹੁਤ ਹੀ ਖ਼ੂਬਸੂਰਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਹੈ। ਸੰਨ 2001 ਦੀ 18 ਨਵੰਬਰ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ 20 ਜੁਲਾਈ 2006 ਵਿਚ ਤਤਕਾਲੀਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸਦਾ ਉਦਘਾਟਨ ਕੀਤਾ ਸੀ। ਇਸ ਪੈਨੋਰਮਾ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਝਲਕ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੱਡ-ਅਕਾਰੀ ਚਿੱਤਰ, ਮੋਮ ਦੇ ਬੁੱਤਾਂ ਰਾਹੀਂ ਉਨ੍ਹਾਂ ਦੇ ਦਰਬਾਰ ਦੀ ਸ਼ਾਨ, ਵੱਖ-ਵੱਖ ਜੰਗਾਂ ਅਤੇ ਇਤਿਹਾਸਕ ਘਟਨਾਵਾਂ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਸਿਰਫ਼ 10 ਰੁਪਏ ਦੀ ਟਿਕਟ ਲੈ ਕੇ ਇਸ ਨੂੰ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਵਿਚ ਮਿਊਜ਼ੀਅਮ ਵੀ ਚੱਲ ਰਿਹਾ ਹੈ।
ਭਾਵੇਂ ਕਿ ਸਰਕਾਰ ਵੱਲੋਂ ਪੈਨੋਰਮਾ ਤੇ ਮਿਊਜ਼ੀਅਮ ਦੇ ਰਾਹੀਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦੇਣ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ ਪਰ ਯਾਤਰੂਆਂ ਕੋਲ ਇਸ ਪੈਨੋਰਮੇ ਤੇ ਮਿਊਜ਼ੀਅਮ ਦੀ ਜਾਣਕਾਰੀ ਨਾ ਹੋਣ ਕਾਰਨ ਬਹੁਤ ਘੱਟ ਲੋਕ ਹੀ ਏਥੇ ਪਹੁੰਚਦੇ ਹਨ। ਲੋੜ ਹੈ ਇਸਦੇ ਪ੍ਰਚਾਰ ਤੇ ਪਸਾਰ ਦੀ।
ਰਾਮਬਾਗ਼ ਵਿਚ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਇਮਾਰਤਾਂ ਮੌਜੂਦ ਹਨ। ਉਸ ਸਮੇਂ ਦੇ ਬਹੁਤ ਸਾਰੇ ਦਰੱਖ਼ਤ ਵੀ ਬਾਗ਼ ਵਿਚ ਦੇਖੇ ਜਾ ਸਕਦੇ ਹਨ। ਰਾਮਬਾਗ਼ ਬਹੁਤ ਹੀ ਖ਼ੂਬਸੂਰਤ ਹੈ ਅਤੇ ਇਸ ਦੀ ਹਰਿਆਲੀ, ਸੁੰਦਰਤਾ ਅਤੇ ਸ਼ਾਨਾਮੱਤੀ ਵਿਰਾਸਤ ਹਰ ਕਿਸੇ ਨੂੰ ਕੀਲ ਕੇ ਰੱਖ ਦਿੰਦੀ ਹੈ। ਰਾਮਬਾਗ਼ ਵਿਚ ਕਈ ਕਲੱਬ ਵੀ ਚੱਲ ਰਹੇ ਹਨ ਅਤੇ ਨਾਲ ਇਕ ਮਹਾਰਾਜਾ ਰਣਜੀਤ ਸਿੰਘ ਟੈਨਸ ਕੋਰਟ ਵੀ ਹੈ। ਬੱਚਿਆਂ ਦੇ ਮਨੋਰੰਜਨ ਲਈ ਬਹੁਤ ਸਾਰੇ ਪੰਘੂੜੇ ਹਨ।
ਅਗਲੀ ਵਾਰ ਜਦੋਂ ਤੁਸੀਂ ਅੰਮਿ੍ਰਤਸਰ ਗਏ ਤਾਂ ਰਾਮਬਾਗ ਦੀ ਸੈਰ ਵੀ ਕਰਕੇ ਆਇਓ। ਕਈ ਏਕੜ ਵਿੱਚ ਫੈਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਸ ‘ਰਾਮਬਾਗ਼’ ਦੀ ਸੈਰ ਤੁਹਾਨੂੰ ਇਤਿਹਾਸ ਤੇ ਕੁਦਰਤ ਦਾ ਖ਼ੂਬਸੂਰਤ ਸੁਮੇਲ ਲੱਗੇਗੀ।
ਈਸਟ ਇੰਡੀਆ ਕੰਪਨੀ ਵੱਲੋਂ ਕਬਜ਼ਾ
ਜਦੋਂ ਸੰਨ 1849 ਵਿਚ ਈਸਟ ਇੰਡੀਆ ਕੰਪਨੀ ਨੇ ਦੇਸ਼-ਪੰਜਾਬ ਉੱਪਰ ਕਬਜ਼ਾ ਕਰ ਲਿਆ ਤਾਂ ‘ਰਾਮਬਾਗ਼’ ਵਿਚ ਵੀ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਰਹਿਣ ਲੱਗ ਪਏ। ਈਸਟ ਇੰਡੀਆ ਕੰਪਨੀ ਵੱਲੋਂ ਕਬਜ਼ਾ ਕਰਨ ਨਾਲ ‘ਰਾਮਬਾਗ਼’ ਦੀ ਥਾਂ ਇਸ ਦਾ ਨਵਾਂ ਨਾਮ ‘ਕੰਪਨੀ ਬਾਗ਼’ ਪ੍ਰਚਲਿਤ ਕੀਤਾ ਗਿਆ। ਹੁਣ ਸੋਚਣ ਵਾਲੀ ਗੱਲ ਹੈ ਕਿ ਈਸਟ ਇੰਡੀਆ ਕੰਪਨੀ ਦਾ ਕਬਜ਼ਾ ਖ਼ਤਮ ਹੋਏ ਕਿੰਨਾ ਸਮਾਂ ਬੀਤ ਗਿਆ ਪਰ ਅਜੇ ਵੀ ਬਹੁਤੇ ਲੋਕ ਇਸ ਬਾਗ਼ ਨੂੰ ਕੰਪਨੀ ਬਾਗ਼ ਹੀ ਕਹਿੰਦੇ ਹਨ। ਜਦੋਂ ਇਸ ਬਾਗ਼ ਨੂੰ ਬਣਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਉੱਪਰ ‘ਰਾਮਬਾਗ਼’ ਰੱਖਿਆ ਸੀ ਤਾਂ ਹਰ ਕਿਸੇ ਨੂੰ ਇਸ ਦਾ ਨਾਮ ਰਾਮਬਾਗ਼ ਹੀ ਲੈਣਾ ਚਾਹੀਦਾ ਹੈ। ਜੇਕਰ ਕਿਤੇ ਸਰਕਾਰੀ ਰਿਕਾਰਡ ਵਿਚ ਵੀ ਕੰਪਨੀ ਬਾਗ਼ ਹੈ ਤਾਂ ਉਸ ਨੂੰ ਵੀ ਰਾਮਬਾਗ਼ ਕੀਤਾ ਜਾਵੇ ਅਤੇ ਬੋਰਡ ਆਦਿ ਵੀ ਸਿਰਫ਼ ਰਾਮਬਾਗ਼ ਦੇ ਹੀ ਲਗਾਏ ਜਾਣ।
– ਇੰਦਰਜੀਤ ਸਿੰਘ ਹਰਪੁਰਾ