ਜੋਧਪੁਰ – ਕਾਲਾ ਹਿਰਨ ਸ਼ਿਕਾਰ ਮਾਮਲੇ ’ਚ ਉਲਝੇ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਸੋਮਵਾਰ ਨੂੰ ਰਾਜਸਥਾਨ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹੁਣ ਹਿਰਨ ਸ਼ਿਕਾਰ ਮਾਮਲੇ ਨਾਲ ਜੁੜੀਆਂ ਤਿੰਨ ਪਟੀਸ਼ਨਾਂ ਦੀ ਸੁਣਵਾਈ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਬਜਾਏ ਹਾਈ ਕੋਰਟ ’ਚ ਹੋਵੇਗੀ।
ਜ਼ਿਕਰਯੋਗ ਹੈ ਕਿ ਸਾਲ 1998 ’ਚ ਫਿਲਮ ‘ਹਮ ਸਾਥ-ਸਾਥ ਹੈਂ’ ਦੀ ਜੋਧਪੁਰ ’ਚ ਸ਼ੂਟਿੰਗ ਦੌਰਾਨ ਸਲਮਾਨ ਖਾਨ ’ਤੇ ਕਾਂਕਾਣੀ ਪਿੰਡ ਦੀ ਸਰਹੱਦ ’ਤੇ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਦਾ ਦੋਸ਼ ਲੱਗਾ ਸੀ। ਇਸ ਮਾਮਲੇ ’ਚ ਸਲਮਾਨ ਖਾਨ ਨੂੰ ਟਰਾਇਲ ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲਾਂ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਆਰਮਜ਼ ਐਕਟ ’ਚ ਸਲਮਾਨ ਨੂੰ ਬਰੀ ਕਰ ਦਿੱਤਾ ਗਿਆ ਹੈ। ਪੰਜ ਸਾਲਾਂ ਦੀ ਸਜ਼ਾ ਨੂੰ ਸਲਮਾਨ ਨੇ ਜ਼ਿਲ੍ਹਾ ਤੇ ਸੈਸ਼ਨ ਕੋਰਟ ’ਚ ਤੇ ਆਰਮ ਐਕਟ ’ਚ ਸਲਮਾਨ ਨੂੰ ਬਰੀ ਕੀਤੇ ਜਾਣ ਦੇ ਖਿਲਾਫ਼ ਸੂਬਾ ਸਰਕਾਰ ਨੇ ਅਪੀਲ ਕੀਤੀ ਹੋਈ ਹੈ। ਉੱਥੇ, ਇਕ ਵਿਅਕਤੀ ਪੂਨਮਚੰਦ ਨੇ ਵੀ ਸਲਮਾਨ ਖ਼ਿਲਾਫ਼ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਇਨ੍ਹਾਂ ਸਾਰੇ ਮਾਮਲਿਆਂ ਦੀ ਸੁਣਵਾਈ ਜ਼ਿਲ੍ਹਾ ਤੇ ਸੈਸ਼ਨ ਕੋਰਟ ’ਚ ਹੋ ਰਹੀ ਸੀ। ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ’ਚ ਸੈਫ਼ ਅਲੀ ਖਾਨ, ਨੀਲਮ, ਤੱਬੂ ਤੇ ਸੋਨਾਲੀ ਬੇਂਦਰੇ ਨੂੰ ਬਰੀ ਕਰਨ ਖ਼ਿਲਾਫ਼ ਸੂਬਾ ਸਰਕਾਰ ਨੇ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਇਸਨੂੰ ਲੈ ਕੇ ਸਲਮਾਨ ਵੱਲੋਂ ਇਕ ਪਟੀਸ਼ਨ ਹਾਈ ਕੋਰਟ ’ਚ ਪੇਸ਼ ਕੀਤੀ ਗਈ ਸੀ। ਇਸ ’ਚ ਕਿਹਾ ਗਿਆ ਸੀ ਕਿ ਉਕਤ ਸਾਰੇ ਮਾਮਲੇ ਇਕ ਦੂਜੇ ਨਾਲ ਜੁੜੇ ਹੋਏ ਹਨ।
ਅਜਿਹੇ ’ਚ ਇਨ੍ਹਾਂ ਦੀ ਸੁਣਵਾਈ ਇਕੱਠੇ ਹਾਈ ਕੋਰਟ ’ਚ ਕੀਤੀ ਜਾਵੇ। ਇਸ ਮਾਮਲੇ ’ਚ ਸਰਕਾਰੀ ਪੱਖ ਵਲੋਂ ਜਵਾਬ ਪੇਸ਼ ਨਹੀਂ ਕੀਤੇ ਜਾਣ ਕਾਰਨ ਸੁਣਵਾਈ ਲਗਾਤਾਰ ਟਲਦੀ ਜਾ ਰਹੀ ਸੀ। ਹੁਣ ਸਰਕਾਰੀ ਵਕੀਲ ਗੌਰਵ ਸਿੰਘ ਵੱਲੋਂ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਹਾਈ ਕੋਰਟ ’ਚ ਕਰਨ ਲਈ ਕੋਈ ਇਤਰਾਜ਼ ਨਹੀਂ ਪ੍ਰਗਟਾਇਆ ਗਿਆ। ਇਸ ਤੋਂ ਬਾਅਦ ਜੱਜ ਪੁਸ਼ਪੇਂਦਰ ਸਿੰਘ ਭਾਟੀ ਨੇ ਸਾਰੇ ਮਾਮਲਿਆਂ ਦੀ ਸੁਣਵਾਈ ਹਾਈ ਕੋਰਟ ’ਚ ਹੀ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ। ਸੋਮਵਾਰ ਨੂੰ ਸੁਣਵਾਈ ਦੌਰਾਨ ਸਲਮਾਨ ਦੀ ਭੈਣ ਅਲਵੀਰਾ ਵੀ ਕੋਰਟ ’ਚ ਮੌਜੂਦ ਰਹੀ। ਅਦਾਕਾਰ ਦੇ ਵਕੀਲ ਹਸਤੀਮਲ ਸਾਰਸਵਤ ਨੇ ਕਿਹਾ ਕਿ ਸਲਮਾਨ ਲਈ ਇਹ ਰਾਹਤ ਭਰਿਆ ਫੈਸਲਾ ਹੈ।