Articles Literature

“ਸਲੋਚਨਾ” ਜਾਗਦੀ ਅਤੇ ਜਗਾਉਂਦੀ ਹੈ !

ਅਮਰ ਗਰਗ ਕਲਮਦਾਨ ਦੇ ਕਹਾਣੀ ਸੰਗ੍ਰਹਿ “ਸਲੋਚਨਾ” ਵਿੱਚ ਸਿਰਲੇਖ “ਸਲੋਚਨਾ” ਨਾਮ ਦੀ ਪਹਿਲੀ ਕਹਾਣੀ ਹੈ। ਇਹ ਕਹਾਣੀ ਆਪਣੀ ਪੂਰੀ ਖੂਬਸੂਰਤੀ ਨਾਲ਼ ਸਮਾਜ ਦੀ ਮਾਨਸਿਕਤਾ ਉੱਪਰ ਮਾਂਗਲੀਕ ਗੈਰ ਮਾਂਗਲੀਕ ਕੂ-ਪ੍ਰਥਾ ਦੇ ਜਾਲ ਨੂੰ ਲੀਰੋ-ਲੀਰ ਕਰ ਦਿੰਦੀ ਹੈ। ਸਲੋਚਨਾ ਵੈਪਨ-ਇੰਜੀਨੀਅਰਿੰਗ ਦੀ ਵਿਦਿਆਰਥਣ ਹੈ, ਜਿਹੜੀ ਆਪਣੇ ਸਹਿਪਾਠੀ ਅਸ਼ੋਕ ਨਾਲ਼ ਮਿਲ ਕੇ ਏ.ਕੇ. 247 ਨਾਮ ਦੀ ਅਸਾਲਟ ਰਾਇਫਲ ਦੀ ਖੋਜ ਕਰਦੀ ਹੈ, ਜਿਸਨੂੰ ਫੌਜ ਵੱਲੋਂ ਸਵੀਕਾਰ ਕਰ ਲਿਆ ਜਾਂਦਾ ਹੈ। ਕੋਰਸ ਦੇ ਦੌਰਾਨ ਹੀ ਉਸਨੂੰ ਆਪਣੀ ਸੁਰੱਖਿਆ ਲਈ ਆਪਣੇ ਨਾਲ਼ ਰੱਖਣ ਲਈ ਇੱਕ ਪਿਸਟਲ ਦੇ ਦਿੱਤਾ ਜਾਂਦਾ ਹੈ। ਜਦੋਂ ਉਹ ਅਸ਼ੋਕ ਨੂੰ ਆਪਣਾ ਜੀਵਨ ਸਾਥੀ ਬਣਾਉਂਦੀ ਹੈ, ਤਾਂ ਉਨ੍ਹਾਂ ਦੇ ਲਗਨ ਦੇ ਵਿਚਕਾਰ ਉਨ੍ਹਾਂ ਦੀਆਂ ਕੁੰਡਲੀਆਂ ਆ ਜਾਂਦੀਆਂ ਹਨ। ਪਰਿਵਾਰਿਕ ਪੰਡਿਤ ਅਤੇ ਹੋਰ ਪੰਡਤਾਂ ਨੇ ਕੁੜੀ-ਮੁੰਡਾ ਗੈਰ ਮਾਂਗਲੀਕ ਅਤੇ ਮਾਂਗਲੀਕ ਹੋਣ ਕਾਰਨ ਵਿਆਹ ਦੀ ਇਜਾਜਤ ਦੇਣ ਤੋਂ ਮਨ੍ਹਾਂ ਕਰ ਦਿੱਤਾ। ਬਹੁਤ ਹੀ ਜੱਦੋ-ਜਹਿਦ ਤੋਂ ਬਾਅਦ ਸਲੋਚਨਾ ਅਤੇ ਅਸ਼ੋਕ ਆਪਣੇ ਮਾਤਾ-ਪਿਤਾ ਨੂੰ ਵਿਆਹ ਲਈ ਰਜਾਮੰਦ ਕਰ ਲੈਂਦੇ ਹਨ। ਸਲੋਚਨਾ ਜਿੱਥੇ ਮਾਨਵਤਾ ਵਿਰੋਧੀ ਕਰਮਕਾਂਡ ਨੂੰ ਰੱਦ ਕਰਦੀ ਹੈ, ਉੱਥੇ ਹੀ ਵੈਦਿਕ ਰਸਮਾਂ ਵਿੱਚ ਅਗਨੀ ਦੁਆਲੇ ਫੇਰਿਆਂ ਦੀ ਰਸਮ ਨੂੰ ਸਹੀ ਠਹਿਰਾਉਂਦੀ ਹੈ। ਇਸ ਲਈ ਜਦੋਂ ਦੋਵਾਂ ਦੇ ਵਿਆਹ ਸਮਾਗਮ ਵਿੱਚ ਫੇਰਿਆਂ ਦੀ ਰਸਮ ਚੱਲ ਰਹੀ ਹੁੰਦੀ ਹੈ ਤਾਂ ਕੁੜੀ ਵਾਲਿਆਂ ਦਾ ਪੁਸ਼ਤੈਨੀ ਪੰਡਿਤ, ਫੇਰੇ ਕਰਵਾ ਰਹੇ ਮੁੰਡੇ ਵਾਲਿਆਂ ਦੇ ਪੁਸ਼ਤੈਨੀ ਪੰਡਿਤ ਨੂੰ ਕਾਲਰਾਂ ਤੋਂ ਫੜ ਕੇ ਪਿੱਛੇ ਖਿੱਚ ਲੈਂਦਾ ਹੈ। ਜਿਸ ਨਾਲ਼ ਸਲੋਚਨਾ ਗੁੱਸੇ ਵਿੱਚ ਆ ਕੇ ਆਪਣਾ ਹੋਸ਼ ਗੁਆ ਬੈਠਦੀ ਹੈ, ਦਿੱਤੇ ਹੋਏ ਸਰਕਾਰੀ ਪਿਸਟਲ ਨਾਲ਼ ਪੰਡਿਤ ਨੂੰ ਮਾਰ ਦਿੰਦੀ ਹੈ। ਜਿਸ ਕਾਰਨ ਉਸਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ। ਇੱਕ ਸਾਲ ਬਾਅਦ ਜਦੋਂ ਜੱਜ ਫੈਸਲਾ ਲਿਖਣ ਲੱਗਦਾ ਹੈ ਤਾਂ ਉਹ ਭਾਰੀ ਉਲਝਣ ਚ ਹੁੰਦਾ ਹੈ, ਸਲੋਚਨਾ ਤੋਂ ਪੁੱਛਦਾ ਹੈ, ਜੇਕਰ ਤੂੰ ਜੱਜ ਹੁੰਦੀ ਤਾਂ ਇਸ ਪੜਾਅ ਤੇ ਕੀ ਫੈਸਲਾ ਸੁਣਾਉਂਦੀ? ਤਾਂ ਜੱਜ ਬਣੀ ਸਲੋਚਨਾ, ਸਲੋਚਨਾ ਨੂੰ ਬਰੀ ਕਰ ਦਿੰਦੀ ਹੈ, ਪਰ ਉਹ ਉਸਨੂੰ ਪੰਡਿਤ ਦੀ ਘਰ ਵਾਲੀ ਵਿਧਵਾ ਪ੍ਰਸਿੰਨੀ ਦੇਵੀ ਦੇ ਬੇ-ਸਹਾਰਾ ਭਵਿੱਖ ਲਈ ਜਿੰਮੇਵਾਰ ਠਹਿਰਾਉਂਦੀ ਹੈ, ਫੈਸਲਾ ਦਿੰਦੀ ਹੈ ਕਿ, ਸਲੋਚਨਾ ਪ੍ਰਸਿੰਨੀ ਦੇਵੀ ਨੂੰ ਮਰਦੇ ਦਮ ਤੱਕ 30 ਹਜਾਰ ਰੂਪੈ ਪ੍ਰਤੀ ਮਹੀਨਾ ਅਤੇ ਪਹਿਲੀ ਵਾਰ ਇੱਕ ਮੁਸ਼ਤ ਪੰਜ ਲੱਖ ਰੁਪਏ ਨਕਦ ਦੇਵੇਗੀ। ਪ੍ਰਸਿੰਨੀ ਦੇਵੀ ਜੱਜ ਕੋਲ ਅਪੀਲ ਕਰਦੀ ਹੈ ਕਿ ਉਸਨੂੰ ਸਲੋਚਨਾ ਅਤੇ ਅਸ਼ੋਕ ਦੀ ਸ਼ਾਦੀ ਰਿਚਾਉਣ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਉਹ ਉਸਦੇ ਪਰਿਵਾਰ ਉੱਪਰ ਲੱਗਿਆ ਕਲੰਕ ਉਤਾਰ ਸਕੇ। ਪ੍ਰਸਿੰਨੀ ਦੇਵੀ ਦੋਵਾਂ ਦੀ ਸ਼ਾਦੀ ਰਚਾਉਂਦੀ ਹੈਅਤੇ ਪਹਿਲਾਂ ਵਾਲੇ ਪੈਲੇਸ ਵਿੱਚ ਅਤੇ ਪਹਿਲਾਂ ਵਾਲੇ ਪੰਡਿਤ ਕੋਲੋਂ ਫੇਰਿਆਂ ਦੀ ਰਸਮ ਪੂਰੀ ਕਰਵਾਉਂਦੀ ਹੈ। ਸਲੋਚਨਾ ਦੀ ਕਹਾਣੀ ਇੱਕ ਨਾਵਲ ਵਾਂਗ ਚੱਲਦੀ ਹੋਈ ਬੇਹੱਦ ਸਾਰਥਕ ਸੁਨੇਹਾ ਦੇਕੇ ਖ਼ਤਮ ਹੁੰਦੀ ਹੈ।

ਸਚਮੁੱਚ ਸਲੋਚਨਾ ਜਾਗਦੀ ਅਤੇ ਜਗਾਉਂਦੀ ਹੈ। ਭਾਵੇਂ ਸਲੋਚਨਾ, ਪੁਸਤਕ ਵਿਚਲੀ ਪਹਿਲੀ ਕਹਾਣੀ ਸਲੋਚਨਾ ਦੀ ਨਾਇਕਾ ਹੈ, ਪਰ ਇਹ ਤਾਂ ਚੇਤਨਾ ਦੇ ਰੂਪ ਵਿੱਚ ਸਾਰੀਆਂ ਹੀ ਕਹਾਣੀਆਂ ਵਿੱਚ ਜਾਗਦੀ ਅਤੇ ਜਗਾਉਂਦੀ ਮਿਲੇਗੀ।

ਕਲਮਦਾਨ ਪੁਸਤਕ ਦੇ ਮੁੱਖ ਬੰਦ ਵਿੱਚ ਕਹਿੰਦਾ ਹੈ, ਸਾਹਿਤਕ ਕ੍ਰਿਤ ਰੋਟੀ ਵਰਗੀ ਹੋਣੀ ਚਾਹੀਦੀ ਹੈ। ਜਿਵੇਂ ਸਾਨੂੰ  ਜਿਉਣ ਲਈ ਰੋਟੀ ਦੀ ਜਰੂਰਤ ਹੈ, ਇਸੇ ਤਰਾਂ ਸਾਹਿਤਕ ਕ੍ਰਿਤ ਦੀ ਸਾਨੂੰ ਰੋਟੀ ਵਾਂਗ ਲੋੜ ਮਹਿਸੂਸ ਹੁੰਦੀ ਹੋਵੇ। ਦੂਜਾ, ਪੜ੍ਹਨ ਤੋਂ ਬਾਅਦ ਸਾਹਿਤਕ ਕ੍ਰਿਤ ਪਾਠਕ ਦੀ ਰੂਹ ਨੂੰ ਤ੍ਰਿਪਤ ਕਰਦੀ ਹੋਵੇ। ਉਪਰੋਕਤ ਦੋਵੇਂ ਬਿੰਦੂ ਕਲਮਦਾਨ ਦੀਆਂ ਕਹਾਣੀਆਂ ਦੇ ਕੇਂਦਰੀ ਧੁਰੇ ਦੇ ਦੋ ਪਹੀਆਂ ਵਾਂਗ ਹਨ। 2025 ਦੇ ਸ਼ੁਰੂ ਦੀ ਗੱਲ ਹੈ, ਧੂਰੀ ਸਾਹਿਤ ਸਭਾ ਦੀ ਮਿਲਨੀ ਵਿੱਚ ਜਦੋਂ ਪੁਸਤਕ ਵਿਚਲੀ ਕਹਾਣੀ “ਸੁਨਿਹਰੀ ਕਿਰਨਾ” ਮੰਚ ਉੱਪਰ ਪੜ੍ਹਨ ਉਪਰੰਤ ਮਸ਼ਹੂਰ ਕਹਾਣੀਕਾਰ ਜਸਬੀਰ ਰਾਣਾ ਨੇ ਇਸ ਕਹਾਣੀ ਬਾਰੇ ਕਿਹਾ ਸੀ, ਲਿਓ-ਟਾਲਸਟਾਏ ਪੱਧਰ ਦੀ ਕਹਾਣੀ ਹੈ ਇਹ, ਕਲਮਦਾਨ ਨੇ ਫਿਲਮ ਨਿਰਦੇਸ਼ਨ ਦੇ ਪਲੇਟ ਫਾਰਮ ਨੂੰ ਵਰਤ ਕੇ ਕਿੰਨੀ ਗੰਭੀਰ ਗੱਲ ਕੀਤੀ ਹੈ, ਪ੍ਰਕ੍ਰਿਤੀ ਨੂੰ ਸਾਕਾਰ ਪ੍ਰਮਾਤਮਾ ਦੇ ਰੂਪ ਵਿੱਚ ਬਹੁਤ ਹੀ ਤਰਕ ਸੰਗਤ ਢੰਗ ਨਾਲ਼ ਪੇਸ਼ ਕੀਤਾ ਹੈ।

ਮੈਂ ਦਾਅਵੇ ਨਾਲ਼ ਕਹਿ ਸਕਦੀ ਹਾਂ ਪੁਸਤਕ ਵਿੱਚ ਕਈ ਕਹਾਣੀਆਂ ਹਨ, ਜਿਹੜੀਆਂ ਅੰਤਰਾਸ਼ਟਰੀ ਸਾਹਿਤ ਦੀ ਸ਼੍ਰੇਣੀ ਵਿੱਚ ਰੱਖੀਆਂ ਜਾ ਸਕਦੀਆਂ ਹਨ। ਜਿਨ੍ਹਾਂ ਵਿੱਚ ਸਲੋਚਨਾ, ਸਿੰਜਰ, ਸੁਜਾਖੀ ਔਰਤ, ਪਿੱਪਲ ਪੱਤੀਆਂ, ਸੁਨਹਿਰੀ ਕਿਰਨਾ, ਤੱਕਲਾ, ਕੱਚੀ ਮਿੱਟੀ ਦਾ ਘਰ, ਧਰਤੀ ਹੇਠਲਾ ਝੋਟਾ ਆਦਿ ਸ਼ਾਮਲ ਹਨ।

ਹਰ ਇੱਕ ਸਾਹਿਤਕ ਕ੍ਰਿਤ ਵਿੱਚ ਜਿੱਥੇ ਵਿਸ਼ਾ ਵਸਤੂ, ਪਾਤਰ ਚਿਤਰਨ ਅਤੇ ਕਲਾ ਪੱਖ ਦਾ ਮਹੱਤਵਪੂਰਨ ਵਜਨ ਹੁੰਦਾ ਹੈ, ਉੱਥੇ ਹੀ ਮਨੋਵਿਗਿਆਨ ਦਾ ਬਰਾਬਰ ਵਜਨ ਹੁੰਦਾ ਹੈ, ਕਹਾਣੀ ਪਾਠਕ ਨੂੰ ਪੜ੍ਹਨ ਲਈ ਮਜ਼ਬੂਰ ਕਰਦੀ ਹੋਵੇ। ਕਲਮਦਾਨ ਦੀਆਂ ਕਹਾਣੀਆਂ ਵਿੱਚ ਮਨੋਵਿਗਿਆਨ ਮੋਹਰੀ ਪੱਖ ਹੈ। ਨਾਲ਼ ਹੀ ਸਰਲਤਾ ਦੇ ਮੇਲ ਨਾਲ਼ ਹਰ ਇੱਕ ਕਹਾਣੀ ਪੜ੍ਹਣ ਲੱਗਿਆਂ ਹੜ੍ਹ ਵਾਂਗ ਅੱਗੇ ਵਧਦੀ ਜਾਂਦੀ ਹੈ।

ਅਮਰ ਗਰਗ ਕਲਮਦਾਨ ਵਿਗਿਆਨ ਦਾ ਵਿਦਿਆਰਥੀ ਹੋਣ ਕਾਰਨ ਵਿਦਿਆਰਥੀ ਜੀਵਨ ਵਿੱਚ ਮਾਰਕਸਵਾਦੀ ਪ੍ਰਭਾਵ ਕਬੂਲਨ ਕਾਰਨ ਅਤੇ ਵੈਦਿਕ ਫਿਲਾਸਫੀ ਦੇ ਪ੍ਰਭਾਵ ਕਾਰਨ ਨਿਰਾਕਾਰ ਰੱਬ ਦੀ ਨਿਰਪੇਖ ਸੋਚ ਨੂੰ ਨਾ ਕੇਵਲ ਰੱਦ ਕਰਦਾ ਹੈ, ਸਗੋਂ ਇਸ ਨੂੰ ਸਮਾਜ ਵਿੱਚ ਅਨੇਕਾਂ ਬੁਰਾਈਆਂ ਦੀ ਜੜ ਦੱਸਦਾ ਹੈ, ਪਰ ਨਾਲ ਹੀ ਭਾਰਤੀ ਵੈਦਿਕ ਫਿਲਾਸਫੀ ਅਤੇ ਕਪਿਲ ਦੀ ਸਾਂਖਿਆ ਫਿਲਾਸਫੀ ਤੇ ਚੱਲਦੇ ਹੋਏ ਭਾਰਤੀ ਸੰਸਕ੍ਰਿਤੀ ਨਾਲ਼ ਜੁੜਿਆ ਰਹਿੰਦਾ ਹੈ। ਕਲਮਦਾਨ ਨੇ ਆਪਣੀ ਇਸ ਸੋਚ ਨੂੰ ਹਥਲੀ ਪੁਸਤਕ ਵਿਚਲੀਆਂ ਚਾਰ ਕਹਾਣੀਆਂ, ਸਿੰਜਰ, ਸੁਨਿਹਰੀ ਕਿਰਨਾਂ, ਤੱਕਲਾ ਅਤੇ ਨਾਸਤਕਪੁਰ ਦੀ ਸੈਰ ਵਿੱਚ ਬਹੁਤ ਹੀ ਕਲਾਤਮਿਕ ਢੰਗ ਨਾਲ਼ ਪੇਸ਼ ਕੀਤਾ ਹੈ।

ਜਿਵੇਂ ਔਰਤ ਦੀ ਚੜ੍ਹਦੀਕਲਾ ਨੂੰ “ਸਲੋਚਨਾ” ਕਹਾਣੀ ਦੁਆਰਾ ਉਭਾਰਿਆ ਗਿਆ ਹੈ, ਇਸੇ ਤਰਾਂ ਪੁਸਤਕ ਵਿੱਚ ਅੱਠਵੇਂ ਕ੍ਰਮ ਅੰਕ ਉੱਪਰ ਇੱਕ ਕਹਾਣੀ, “ਸੁਜਾਖੀ ਔਰਤ” ਵਿੱਚ ਇੱਕ ਔਰਤ ਮੁੱਖ ਪਾਤਰ ਲੋਪਾ ਹੈ, ਜੋ ਸਲੋਚਨਾ ਵਾਂਗ ਇੱਕ ਸੁਜਾਖੀ ਔਰਤ ਹੈ, ਜਿਹੜੀ ਬਹਾਦੁਰੀ ਨਾਲ਼ ਆਪਣੀ ਕੌਮ ਦੀ ਰਾਖੀ ਲਈ ਅੱਤਵਾਦੀ ਸਰਗਨੇ ਖਿਲਾਫ਼ ਲੜਦੀ ਹੈ ਅਤੇ ਜਿੱਤ ਹਾਸਿਲ ਕਰਦੀ ਹੈ। ਦੋਵੇਂ ਕਹਾਣੀਆਂ ਰਾਹੀਂ ਕਲਮਦਾਨ ਸੁਨੇਹਾ ਦਿੰਦਾ ਹੈ ਕਿ ਔਰਤ ਕਿਸੇ ਪੱਖ ਤੋਂ ਵੀ ਨਿਰਬਲ ਨਹੀਂ ਹੈ।

ਤਿੰਨ ਕਹਾਣੀਆਂ ਵਾਤਾਵਰਣ ਅਤੇ ਪ੍ਰਕ੍ਰਿਤੀ ਨਾਲ਼ ਸੰਬੰਧਤ ਹਨ. ਜਿਨ੍ਹਾਂ ਵਿੱਚ “ਸੁਨਹਿਰੀ ਕਿਰਨਾ” ਇੱਕ ਫਿਲਾਸਫੀਕਲ ਅਤੇ ਕਲਾਤਮਕ ਕਹਾਣੀ ਹੈ, ਜਿਸ ਵਿੱਚ ਨਿਰਾਕਾਰ ਈਸ਼ਵਰ ਦੀ ਸੋਚ ਨੂੰ ਬਹੁਤ ਹੀ ਕਲਾਤਮਿਕ ਤਰੀਕੇ ਨਾਲ਼ ਰੱਦ ਕਰਕੇ ਪੰਜ ਤੱਤਾਂ ਦੀ ਪ੍ਰਕ੍ਰਿਤੀ ਨੂੰ ਹੀ ਜੀਵ-ਜਗਤ ਦੀ ਸਿਰਜਣਾ ਦਾ ਅਧਾਰ ਦੱਸਿਆ ਹੈ। ਦੋ ਕਹਾਣੀਆਂ “ਪਿੱਪਲ ਪੱਤੀਆਂ”,”ਜਦੋਂ ਮੈਂ ਤੇ ਬ੍ਰਹਮ ਇੱਕ ਹੋ ਗਏ” ਵਿੱਚ ਪਿੱਪਲ ਦਰਖਤ ਨੂੰ ਵਾਤਾਵਰਣ ਦੀ ਰੱਖਿਆ ਦਾ ਸਭ ਤੋਂ ਵੱਡਾ ਸਿਪਾਹੀ ਦੱਸਿਆ ਗਿਆ ਹੈ।

ਪੁਸਤਕ “ਸਲੋਚਨਾ” 20 ਕਹਾਣੀਆਂ ਦਾ ਸੰਗ੍ਰਹਿ ਹੈ। ਕਹਾਣੀ ਵਿੱਚ ਗਲਪ ਦਾ ਹੋਣਾ ਤਾਂ ਸੁਭਾਵਿਕ ਹੁੰਦਾ ਹੀ ਹੈ, ਪਰ ਪੁਸਤਕ ਦੀ ਹਰ ਕਹਾਣੀ ਵਿਚ ਸਮਾਜਿਕ ਯਥਾਰਥ ਮੌਜੂਦ ਹੈ, ਜਿਹੜਾ ਪੜ੍ਹਨ ਵਾਲੇ ਦੀ ਆਤਮਾ ਨੂੰ ਜਰੂਰ ਪ੍ਰਭਾਵਿਤ ਕਰਦਾ ਹੈ। ਸਲੋਚਨਾ ਕਹਾਣੀ ਸੰਗ੍ਰਹਿ ਸਾਹਿਤਕ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗੀ। ਇਸ ਲਈ ਇਹ ਇੱਕ ਸੰਭਾਲਨ ਯੋਗ ਕਹਾਣੀ ਸੰਗ੍ਰਿਹ ਹੈ।

-ਪ੍ਰੇਮਲਤਾ ਪ੍ਰਿੰਸੀਪਲ

Related posts

ਪਿੰਡ ਦੇ ਦਲਿਤ ਵਰਗ ‘ਚੋਂ ਪਹਿਲੇ ਅਧਿਆਪਕ ਬਣ ਕੇ ਆਰਜ਼ੀ ਬੀ.ਪੀ.ਈ.ੳ. ਤੱਕ ਦੀ ਡਿਊਟੀ ਨਿਭਾਉਣ ਵਾਲੇ ਮਾ: ਚੇਤ ਸਿੰਘ

admin

ਕੀ ਘਿਨਾਉਣੇ ਅਪਰਾਧੀਆਂ ਦੀਆਂ ਪੈਰੋਲ ਪਟੀਸ਼ਨਾਂ ‘ਤੇ ਸੁਣਵਾਈ ਨਹੀਂ ਹੋਣੀ ਚਾਹੀਦੀ ?

admin

ਸੱਪ ਦੇ ਡੰਗਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਆਸਟ੍ਰੇਲੀਅਨ ਪੌਦਾ !

admin