Story

ਸਹੀ ਸਲਾਹ !

ਲੇਖਕ: ਬਲਰਾਜ ਸਿੰਘ ਸਿੱਧੂ ਏ.ਆਈ.ਜੀ.(ਰਿਟਾ), ਪੰਡੋਰੀ ਸਿੱਧਵਾਂ

ਬਾਬੂ ਰਾਮ ਲਾਲ ਕਿਸੇ ਸਰਕਾਰੀ ਮਹਿਕਮੇ ਤੋਂ ਰਿਟਾਇਰ ਹੋਇਆ ਸੀ। ਉਸ ਦਾ ਨਵੀਂ ਦਿੱਲੀ ਦੀ ਇੱਕ ਚੰਗੀ ਕਲੋਨੀ ਵਿੱਚ ਫਲੈਟ ਸੀ ਜਿੱਥੇ ਉਹ ਆਪਣੀ ਪਤਨੀ ਸਮੇਤ ਰਹਿੰਦਾ ਸੀ। ਉਸ ਦੇ ਇੱਕ ਬੇਟਾ ਤੇ ਬੇਟੀ ਸੀ ਜੋ ਪੜ੍ਹ ਲਿਖ ਕੇ ਰੋਜ਼ਗਾਰ ‘ਤੇ ਲੱਗ ਗਏ ਸਨ। ਰਾਮ ਲਾਲ ਨੇ ਦੋਵਾਂ ਦੇ ਵਿਆਹ ਕਰ ਦਿੱਤੇ ਸਨ ਤੇ ਉਹ ਵੱਖ ਵੱਖ ਸ਼ਹਿਰਾਂ ਵਿੱਚ ਰਹਿ ਕੇ ਨੌਕਰੀ ਕਰ ਰਹੇ ਸਨ। ਮਹੀਨੇ ਦੋ ਮਹੀਨੇ ਬਾਅਦ ਆ ਕੇ ਰਾਮ ਲਾਲ ਹੁਣਾਂ ਨੂੰ ਮਿਲ ਗਿਲ ਜਾਂਦੇ ਸਨ। ਇੱਕ ਸਾਲ ਗਰਮੀਆਂ ਵਿੱਚ ਰਾਮ ਲਾਲ ਤੇ ਉਸ ਦੀ ਪਤਨੀ ਨੇ ਕਸ਼ਮੀਰ ਘੁੰਮਣ ਦਾ ਪ੍ਰੋਗਰਾਮ ਬਣਾ ਲਿਆ। ਰਾਮ ਲਾਲ ਨੇ ਸੋਚਿਆ ਕਿ ਰੋਜ਼ਾਨਾ ਚੋਰੀਆਂ ਚਕਾਰੀਆਂ ਦੀਆਂ ਖਬਰਾਂ ਆ ਰਹੀਆਂ ਹਨ। ਜੇ ਕਿਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕੋਈ ਚੋਰ ਆਣ ਵੜਿਆ ਤਾਂ ਬੇਕਾਰ ਵਿੱਚ ਹੀ ਪੇਟੀਆਂ ਅਲਮਾਰੀਆਂ ਦੇ ਜਿੰਦੇ ਪੁੱਟ ਕੇ ਨੁਕਸਾਨ ਕਰ ਦੇਵੇਗਾ ਕਿਉਂਕਿ ਇਥੋਂ ਉਸ ਨੂੰ ਕੋਈ ਪੈਸਾ ਜਾਂ ਗਹਿਣੇ ਆਦਿ ਤਾਂ ਮਿਲਣੇ ਨਹੀਂ। ਉਹ ਸਭ ਕੁਝ ਤਾਂ ਬੈਂਕ ਵਿੱਚ ਪਿਆ ਹੈ।

ਇਸ ਲਈ ਨੁਕਸਾਨ ਤੋਂ ਬਚਣ ਲਈ ਉਸ ਨੇ 1000 ਰੁਪਏ ਡਰਾਇੰਗ ਰੂਮ ਵਿੱਚ ਮੇਜ਼ ‘ਤੇ ਰੱਖ ਦਿੱਤੇ ਤੇ ਨਾਲ ਹੀ ਇੱਕ ਚਿੱਠੀ ਵੀ ਰੱਖ ਦਿੱਤੀ, “ਮੇਰੇ ਅਜਨਬੀ ਦੋਸਤ, ਤੁਸੀਂ ਮੇਰੇ ਘਰ ਵਿੱਚ ਪ੍ਰਵੇਸ਼ ਕਰਨ ਲਈ ਸਖਤ ਮਿਹਨਤ ਕੀਤੀ ਹੈ ਜਿਸ ਲਈ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਮੱਧ ਵਰਗੀ ਪਰਿਵਾਰ ਤੋਂ ਹਾਂ ਤੇ ਮੇਰਾ ਤੇ ਮੇਰੀ ਪਤਨੀ ਦਾ ਗੁਜ਼ਾਰਾ ਪੈਨਸ਼ਨ ਨਾਲ ਚੱਲਦਾ ਹੈ। ਘਰ ਵਿੱਚ ਕੋਈ ਪੈਸਾ ਜਾਂ ਗਹਿਣਾ ਨਹੀਂ ਹੈ। ਮੈਨੂੰ ਸੱਚੀਂ ਬਹੁਤ ਸ਼ਰਮ ਆ ਰਹੀ ਹੈ ਕਿ ਤੁਹਾਡਾ ਕੀਮਤੀ ਸਮਾਂ ਅਤੇ ਮਿਹਨਤ ਬੇਕਾਰ ਹੋ ਗਈ ਹੈ। ਇਸ ਲਈ ਤੁਹਾਡੇ ਪੈਰਾਂ ਦੀ ਧੂੜ ਦੇ ਬਰਾਬਰ ਇਹ ਥੋੜ੍ਹੇ ਜਿਹੇ ਪੈਸੇ ਮੇਜ਼ ‘ਤੇ ਰੱਖ ਦਿੱਤੇ ਹਨ, ਕ੍ਰਿਪਾ ਕਰ ਕੇ ਸਵੀਕਾਰ ਕਰੋ। ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਬਿਜ਼ਨਸ ਨੂੰ ਵਧਾਉਣ ਲਈ ਕੁਝ ਤਰੀਕੇ ਦੱਸ ਸਕਦਾ ਹਾਂ। ਤੁਸੀਂ ਕੋਸ਼ਿਸ਼ ਕਰੋ, ਸਫਲਤਾ ਜਰੂਰ ਤੁਹਾਡੇ ਪੈਰ ਚੁੰਮੇਗੀ।

ਮੇਰੇ ਫਲੈਟ ਤੋਂ ਚਾਰ ਘਰ ਛੱਡ ਕੇ ਫਲੈਟ ਨੰਬਰ 9 ਵਿੱਚ ਇੱਕ ਮਹਾਂ ਭ੍ਰਿਸ਼ਟ ਮੰਤਰੀ ਰਹਿੰਦਾ ਹੈ। ਇੱਕ ਬਹੁਤ ਹੀ ਅਮੀਰ ਤੇ ਟੈਕਸ ਚੋਰ ਪ੍ਰਾਪਰਟੀ ਡੀਲਰ ਸੱਤਵੀਂ ਮੰਜ਼ਲ ਦੇ ਫਲੈਟ ਨੰਬਰ 13 ਵਿੱਚ ਰਹਿੰਦਾ ਹੈ। ਸਹਿਕਾਰੀ ਬੈਂਕ ਦਾ ਘਪਲੇਬਾਜ਼ ਚੇਅਰਮੈਨ ਦੂਸਰੀ ਮੰਜ਼ਲ ਦੇ ਫਲੈਟ ਨੰਬਰ 22 ਵਿੱਚ ਰਹਿੰਦਾ ਹੈ। ਪੰਜਵੀਂ ਮੰਜ਼ਲ ਦੇ 2 ਨੰਬਰ ਫਲੈਟ ਵਿੱਚ ਹਵਾਲੇ ਦਾ ਬਹੁਤ ਵੱਡਾ ਕਾਰੋਬਾਰੀ ਰਹਿੰਦਾ ਹੈ। ਚੌਥੀ ਮੰਜ਼ਲ ਦੇ 7 ਨੰਬਰ ਫਲੈਟ ਵਿੱਚ ਇੱਕ ਢੋਂਗੀ ਬਾਬਾ ਰਹਿੰਦਾ ਹੈ ਜੋ ਅੱਜ ਕਲ੍ਹ ਸੰਗਤਾਂ ਨੂੰ ਠੱਗਣ ਲਈ ਅਮਰੀਕਾ ਦੇ ਦੌਰੇ ‘ਤੇ ਗਿਆ ਹੋਇਆ ਹੈ। ਇਨ੍ਹਾਂ ਸਾਰਿਆਂ ਦੇ ਘਰ ਕਾਲੇ ਧੰਨ ਅਤੇ ਸੋਨੇ ਚਾਂਦੀ ਨਾਲ ਭਰੇ ਹੋਏ ਹਨ। ਮੈਂ ਨਿਸ਼ਚਿਤ ਤੌਰ ‘ਤੇ ਕਹਿ ਸਕਦਾ ਹਾਂ ਕਿ ‘ਚਿੜੀ ਚੋਂਚ ਭਰ ਲੇ ਗਈ, ਨਦੀ ਘਟੇ ਨਾ ਨੀਰ’ ਦੋਹੇ ਅਨੁਸਾਰ ਤੁਹਾਡੀ ਸਫਲਤਾ ਨਾਲ ਇਨ੍ਹਾਂ ਨੂੰ ਕੋਈ ਖਾਸ ਫਰਕ ਨਹੀਂ ਪਵੇਗਾ ਤੇ ਨਾ ਹੀ ਕੋਈ ਇੰਨਕਮ ਟੈਕਸ ਵਿਭਾਗ ਤੋਂ ਡਰਦਾ ਪੁਲਿਸ ਕੋਲ ਰਿਪੋਰਟ ਕਰੇਗਾ। ਤੁਹਾਡਾ ਸ਼ੁਭਚਿੰਤਕ, ਰਾਮ ਲਾਲ।”

ਟੂਰ ਤੋਂ ਬਾਅਦ ਜਦੋਂ ਰਾਮ ਲਾਲ ਅਤੇ ਉਸ ਦੀ ਪਤਨੀ ਵਾਪਸ ਆਏ ਤਾਂ ਜਿਸ ਮੇਜ਼ ‘ਤੇ ਉਹ ਚਿੱਠੀ ਰੱਖ ਕੇ ਗਏ ਸਨ, ਉਥੇ ਇੱਕ ਬੈਗ ਅਤੇ ਨਵੀਂ ਚਿੱਠੀ ਪਈ ਹੋਈ ਸੀ। ਖੋਲ੍ਹ ਕੇ ਵੇਖਿਆ ਤਾਂ ਬੈਗ ਵਿੱਚ ਵੀਹ ਲੱਖ ਰੁਪਏ ਸਨ ਤੇ ਚਿੱਠੀ ਵਿੱਚ ਲਿਖਿਆ ਹੋਇਆ ਸੀ, “ਸਰ ਜੀ, ਆਪ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸਿੱਖਿਆ ਲਈ ਬਹੁਤ ਬਹੁਤ ਧੰਨਵਾਦ। ਮੈਨੂੰ ਸਾਰੀ ਉਮਰ ਇਸ ਗੱਲ ਦਾ ਅਫਸੋਸ ਰਹੇਗਾ ਕਿ ਮੈਂ ਪਹਿਲਾਂ ਆਪ ਦੀ ਛਤਰ ਛਾਇਆ ਹੇਠ ਕਿਉਂ ਨਾ ਆਇਆ? ਤੁਹਾਡੇ ਆਦੇਸ਼ ਅਨੁਸਾਰ ਮੈਂ ਮਿਸ਼ਨ ਸਫਲਤਾ ਪੂਰਵਕ ਪੂਰਾ ਕਰ ਲਿਆ ਹੈ ਤੇ ਇਹ ਛੋਟੀ ਜਿਹੀ ਰਾਸ਼ੀ ਧੰਨਵਾਦ ਦੇ ਰੂਪ ਵਿੱਚ ਭੇਂਟ ਕੀਤੀ ਹੈ, ਸਵੀਕਾਰ ਕਰਨਾ। ਭਵਿੱਖ ਵਿੱਚ ਵੀ ਤੁਹਾਡੇ ਅਸ਼ੀਰਵਾਦ ਅਤੇ ਮਾਰਗ ਦਰਸ਼ਨ ਦੀ ਉਮੀਦ ਕਰਦਾ ਹਾਂ। ਤੁਹਾਡਾ ਆਪਣਾ, ਕਾਲੂ ਚੋਰ।”

Related posts

ਕਹਿਣੀ ਤੇ ਕਰਨੀ 

admin

ਦੇ ਮਾਈ ਲੋਹੜੀ… (ਕਹਾਣੀ)

admin

ਮਾਂ ਦੀਆਂ ਅਸਥੀਆਂ ! (ਸੱਚੀ ਕਹਾਣੀ)

admin