Articles

ਸਹੂਲਤ ਤੋਂ ਮੁਸੀਬਤ ਬਣਦੀਆਂ ਚੀਜ਼ਾਂ

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਘਰ ਦੇ ਵਿਹੜੇ ਵਿੱਚ ਬੈਠੇ ਬਜ਼ੁਰਗ ਅਕਸਰ ਗੱਲ ਕਰਦੇ ਹਨ ਕਿ ਸਾਡੇ ਵੇਲੇ ਤਾਂ ਭਲੇ ਵੇਲੇ ਸਨ। ਨਾ ਤਾਂ ਜਿਆਦਾ ਖਵਾਹਿਸ਼ਾਂ ਸਨ ਅਤੇ ਨਾ ਹੀ ਐਨੀਆਂ ਚਿੰਤਾਵਾਂ ਜਿੰਨੀਆਂ ਅਸੀਂ ਅੱਜ ਸਹੇੜ ਲਈਆਂ ਹਨ। ਆਪਣੇ ਬੱਚਿਆਂ ਦੇ ਚਿਹਰਿਆਂ ਤੋਂ ਉੱਡਿਆ ਹਾਸਾ ਵੇਖ, ਉਹ ਅਕਸਰ ਕਹਿੰਦੇ ਸੁਣਦੇ ਹਾਂ ਕਿ ਸਾਰੀ ਉਮਰ ਤੰਗੀਆ ਤੁਰਸ਼ੀਆ ਵੀ ਵੇਖੀਆਂ ਪਰ ਚਿਹਰਿਆਂ ਤੋਂ ਕਦੇ ਰੌਣਕ ਨਹੀਂ ਸੀ ਜਾਣ ਦਿੱਤੀ। ਅੱਜ ਤਾਂ ਤੁਹਾਡੇ ਕੋਲੋਂ ਹਰ ਸਾਧਨ ਹਰ ਸਹੂਲਤ ਹੋਣ ਦੇ ਬਾਵਜੂਦ ਵੀ ਤੁਹਾਡੇ ਚਿਹਰੇ ਮੁਰਝਾਏ ਪਏ ਹਨ । ਮੈਨੂੰ ਬਜੁਰਗਾਂ ਦੀ ਇਹ ਗੱਲ ਸੋ ਪ੍ਰਤੀਸ਼ਤ ਸਹੀ ਲੱਗਦੀ ਹੈ। ਅਸੀਂ ਕਿੰਨੇ ਅਗਾਂਹ ਵੱਧ ਚੁੱਕੇ ਹਾਂ। ਕਿੰਨੀਆਂ ਸਹੂਲਤਾਂ ਹਨ ਅੱਜ ਸਾਡੇ ਕੋਲ। ਅੱਜ ਉਹ ਸਮਾਂ ਨਹੀਂ ਕਿ ਕਿਸੇ ਆਪਣੇ ਨਿਗਦੇ ਨੂੰ ਮਿਲਣ ਜਾਣ ਲਈ ਸਾਨੂੰ ਕੋਹਾਂ ਦਾ ਪੈਂਡਾ ਤੁਰਕੇ ਤੈਅ ਕਰਨਾ ਪੈਂਦਾ ਹੈ। ਅੱਜ ਤਾਂ ਸਾਡੇ ਕੋਲ ਆਵਾਜਾਈ ਦਾ ਹਰ ਸਾਧਨ ਮੌਜੂਦ ਹੈ। ਦੂਰ ਦੁਰੇਡੇ ਬੈਠਿਆਂ ਦਾ ਹਾਲ ਚਾਲ ਜਾਣਨ ਲਈ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਮੋਬਾਇਲ ਫੋਨ ਹਨ। ਅੰਨ ਪਾਣੀ ਬਣਾਉਣ ਲਈ ਧੂੰਏ ਅੱਗੇ ਅੱਖਾਂ ਨਹੀਂ ਧੁਖਦੀਆਂ , ਬਲਕਿ ਘਰ ਘਰ ਗੈਸੀ ਚੁੱਲ੍ਹੇ ਹਨ, ਮਾਈਕਰੋਵੇਵ ਹਨ। ਦੇਸ਼ ਦੁਨੀਆਂ ਦਾ ਹਾਲ ਜਾਨਣ ਲਈ ਪਹਿਲਾਂ ਸਮਿਆਂ ਵਾਂਗ ਪਿੰਡ ਦਾ ਸਾਝਾਂ ਰੇਡੀਓ ਨਹੀ ਰਿਹਾ ਕਿ ਤਿਰਕਾਲਾਂ ਪੈਂਦਿਆਂ ਹੀ ਪਿੰਡ ਦਾ ਪਾਠੀ ਸਿੰਘ ਗੁਰੂਦੁਆਰੇ ਦੇ ਸਪੀਕਰ ਮੂਹਰੇ ਖਬਰਾਂ ਲਗਾ ਦੇਵੇ, ਕਿ ਪਿੰਡ ਵਾਲਿਆਂ ਨੂੰ ਦੇਸ਼ ਦੁਨੀਆਂ ਦੀ ਖਬਰ ਮਿਲ ਸਕੇ। ਹੁਣ ਹਰ ਘਰ ਟੈਲੀਵਿਜ਼ਨ ਹਨ, ਹਰ ਹੱਥ ਵਿੱਚ ਮੋਬਾਇਲ ਫੋਨ ਹਨ ਜਿਸ ਤੋਂ ਇੱਕ ਮਿੰਟ ਵਿੱਚ ਦੇਸ਼ ਦੁਨੀਆਂ ਦੀ ਖਬਰ ਪ੍ਰਾਪਤ ਕਰ ਲਈ ਜਾਂਦੀ ਹੈ। ਸਿਹਤ, ਸਿੱਖਿਆ, ਸੁਰੱਖਿਆ ਹਰ ਖੇਤਰ ਵਿੱਚ ਬਹੁਤ ਸਾਰਾ ਵਿਕਾਸ ਹੋਇਆ ਹੈ। ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ।ਜੇਕਰ ਦੇਖਿਆ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਦੀਆਂ ਕਾਢਾਂ ਮਨੁੱਖ ਨੂੰ ਇੱਕ ਅਰਾਮਦਾਇਕ ਜੀਵਨ ਮੁੱਹਈਆ ਕਰਵਾਉਣ ਲਈ ਕੀਤੀਆਂ ਗਈਆਂ। ਪਰ ਅੱਜ ਹਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਮਨੁੱਖੀ ਸਹੂਲਤਾਂ ਲਈ ਬਣਾਈਆਂ ਇਹ ਚੀਜ਼ਾਂ ਹੀ ਮਨੁੱਖ ਦੇ ਵਿਨਾਸ਼ ਦਾ ਕਾਰਣ ਬਣ ਰਹੀਆਂ ਹਨ।

ਵਾਤਾਵਰਣ ਦੇ ਪਲੀਤ ਹੋਣ ਦਾ ਸਭ ਤੋਂ ਵੱਡਾ ਕਾਰਨ ਆਵਾਜਾਈ ਦੇ ਸਾਧਨ ਬਣੇ ਹੋਏ ਹਨ । ਆਵਾਜਾਈ ਦੇ ਸਾਧਨਾਂ ਅਤੇ ਹੋਰ ਫੈਕਟਰੀਆਂ ਆਦਿ ਵਿਚੋਂ ਨਿਕਲਿਆ ਧੂੰਆਂ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ। ਉਹੀ ਮਨੁੱਖੀ ਨਸਲ ਜੋ ਲੰਮੀਆਂ ਵਾਟਾਂ ਤੁਰ ਕੇ ਗਾਹ ਲੈਂਦੀ ਸੀ ਅੱਜ ਮਸ਼ੀਨਾਂ ਉੱਪਰ ਇਸ ਕਦਰ ਨਿਰਭਰ ਹੋ ਗਈ ਹੈ ਕਿ ਮਨੁੱਖਾਂ ਲਈ ਦੋ ਕਦਮ ਚੱਲਣਾ ਵੀ ਮੁਸ਼ਕਿਲ ਹੋ ਰਿਹਾ ਹੈ। ਮੋਬਾਇਲ ਫੋਨ ਦੀ ਕਾਢ ਪਿੱਛੇ ਮਕਸਦ ਇਹ ਸੀ ਕਿ ਲੋਕ ਆਪਣੇ ਸਨੇਹੀਆਂ ਨਾਲ ਅਸਾਨੀ ਨਾਲ ਰਾਬਤਾ ਕਰ ਸਕਣ। ਪਰ ਅੱਜ ਇਹ ਸਹੂਲਤ ਹਰ ਵਰਗ ਦੇ ਲੋਕਾਂ ਲਈ ਸਭ ਤੋਂ ਵੱਡੀ ਮੁਸੀਬਤ ਬਣੀ ਹੋਈ ਹੈ। ਮੋਬਾਇਲ ਫੋਨਾਂ ਨਾਲ ਲੋਕਾਂ ਦੀ ਜਿੰਦਗੀ ਇਸ ਕਦਰ ਜੁੜ ਗਈ ਹੈ ਕਿ ਲੋਕ ਇਸਦੇ ਗੁਲਾਮ ਹੁੰਦੇ ਜਾਂ ਰਹੇ। ਬਹੁਤ ਛੋਟੀ ਉਮਰ ਦੇ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਵਿੱਚ ਵੀ ਇਹ ਰੁਝਾਨ ਦੇਖਿਆ ਜਾ ਰਿਹਾ ਹੈ। ਮੋਬਾਇਲ ਫੋਨ ਦੀ ਲਤ ਪੂਰੀ ਤਰ੍ਹਾਂ ਨਸ਼ੇ ਵਾਂਗ ਆਪਣਾ ਅਸਰ ਕਰ ਰਹੀ ਹੈ। ਮੈਨੂੰ ਲੱਗਦਾ ਹੈ ਕਿ ਉਹ ਦਿਨ ਵੀ ਦੂਰ ਨਹੀਂ ਜਿਸ ਦਿਨ ਮੋਬਾਇਲ ਵਰਤਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੂੰ ਮੋਬਾਇਲ ਛੁਡਾਅ ਕੇਂਦਰ ਵਿੱਚ ਦਾਖਲ ਹੋਣਾ ਪਵੇਗਾ। । ਜਿੱਥੇ ਇਹ ਸਹੂਲਤਾਂ ਸ਼ਰੀਰਕ ਬਿਮਾਰੀਆਂ ਪੈਦਾ ਕਰ ਰਹੀਆਂ ਹਨ ਉੱਥੇ ਮਨੁੱਖ ਦਿਨੋਂ ਦਿਨ ਮਾਨਸਿਕ ਪ੍ਰੇਸ਼ਾਨੀਆਂ ਦਾ ਵੀ ਸ਼ਿਕਾਰ ਹੋ ਰਿਹਾ ਹੈ।
ਇਹ ਕੁਝ ਉਦਹਾਰਣਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਹਨ ਜਿੰਨਾ ਉੱਪਰ ਮਨੁੱਖ ਦੀ ਵੱਧਦੀ ਹੋਈ ਨਿਰਭਰਤਾ ਮਨੁੱਖ ਲਈ ਹਾਨੀਕਾਰਕ ਸਿੱਧ ਹੋ ਰਹੀਂ ਹੈ। ਕੋਈ ਵੀ ਵਸਤੂ ਜਾਂ ਸਹੂਲਤ ਹੋਵੇ ਉਸ ਨੂੰ ਵਰਤਣ ਅਤੇ ਉਸ ਉੱਪਰ ਨਿਰਭਰ ਹੋਣ ਦੀ ਇੱਕ ਸੀਮਾ ਹੈ। ਅਸੀਂ ਕਿਸੇ ਵੀ ਚੀਜ਼ ਉੱਪਰ ਪੂਰੀ ਤਰ੍ਹਾਂ ਨਿਰਭਰ ਨਹੀਂ ਹੋ ਸਕਦੇ ਜੇਕਰ ਹੋਵਾਂਗੇ ਤਾਂ ਉਹ ਸਾਡੇ ਜੀਵਨ ਦੇ ਵਿਨਾਸ਼ ਦਾ ਕਾਰਨ ਬਣ ਜਾਵੇਗੀ।
ਸਾਡੇ ਜੀਵਨ ਨੂੰ ਅਸਾਨ ਬਣਉਣ ਲਈ ਬਣਾਈਆਂ ਗਈਆਂ ਸਹੂਲਤਾਂ ਦੀ ਯੋਗ ਅਤੇ ਢੁੱਕਵੀਂ ਵਰਤੋਂ ਬਹੁਤ ਜਰੂਰੀ ਹੈ। ਇਹਨਾਂ ਸਹੂਲਤਾਂ ਦੀ ਬਦੌਲਤ ਹੀ ਅੱਜ ਸਾਡੇ ਸਮਾਜ ਵਿਚੋਂ ਕਿਰਤੀ ਵਰਗ ਬਿਲਕੁਲ ਖਤਮ ਹੋਈ ਜਾ ਰਿਹਾ ਅਤੇ ਨੋਜਵਾਨ ਪੀੜੀ ਛੋਟੀ ਉਮਰ ਵਿੱਚ ਹੀ ਥੱਕੀ ਟੁੱਟੀ ਹੋਈ ਨਜ਼ਰੀ ਪੈਂਦੀ ਹੈ। ਹਾਲੇ ਵੀ ਸਮਾਂ ਹੈ ਕਿ ਵਸਤੂਆਂ ਨੂੰ ਵਸਤੂਆਂ ਦੀ ਤਰ੍ਹਾਂ ਹੀ ਵਰਤਿਆ ਜਾਵੇ। ਇਹਨਾਂ ਨੂੰ ਲੋੜ ਅਨੁਸਾਰ ਹੀ ਵਰਤੋਂ ਵਿੱਚ ਲਿਆਂਦਾ ਜਾਵੇ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਮਸ਼ੀਨਾਂ ਸਾਡੇ ਜੀਵਨ ਵਿੱਚੋਂ ਅਸਲੀ ਖੁਸ਼ੀਆਂ, ਚੰਗੀ ਸਿਹਤ ਸਭ ਉਡਾ ਕੇ ਲੈ ਜਾਵਣਗੀਆਂ ਅਤੇ ਮਨੁੱਖ ਸਿਰਫ਼ ਸਹੂਲਤਾਂ ਅਤੇ ਮੁਸੀਬਤਾਂ ਵਿੱਚ ਫਰਕ ਸਮਝਣ ਵਿੱਚ ਹੀ ਉਲਝਿਆ ਰਹਿ ਜਾਵੇਗਾ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin