ਮਾਨਸਾ – ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ 28ਵਾਂ ਕਲਾ ਕਿਤਾਬ ਮੇਲਾ ਅੱਜ ਤੋਂ ਮਾਤਾ ਸੁੰਦਰੀ
ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਆਰੰਭ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੇਲੇ ਦੇ ਕਨਵੀਨਰ ਡਾ਼ ਕੁਲਦੀਪ ਸਿੰਘ ਦੀਪ ਨੇ
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕੀਤਾ। ਉਹਨਾਂ ਦੱਸਿਆ ਕਿ 22 ਤੋਂ 24 ਮਾਰਚ ਤੱਕ ਚੱਲਣ ਵਾਲੇ ਇਸ ਕਲਾ ਕਿਤਾਬ ਮੇਲੇ ਵਿੱਚ ਤਿੰਨ ਦਿਨਾਂ
ਅੰਦਰ ਪੰਜਾਬੀ ਦੇ ਉੱਘੇ ਨਾਟਕਕਾਰ ਅਤੇ ਫ਼ਿਲਮ ਨਿਰਮਾਤਾ ਪਾਲੀ ਭੁਪਿੰਦਰ ਸਿੰਘ, ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਬਾਬੂ ਸਿੰਘ ਮਾਨ ਹੋਰਾਂ
ਦਾ ਰੂਬਰੂ ਕਰਵਾਇਆ ਜਾ ਰਿਹਾ ਹੈ। ਮਾਲਵੇ ਦੇ ਛੈਲ ਵਿਸੇ਼ ਹੇਠ ਵੱਖ -ਵੱਖ ਖੇਤਰਾਂ ਵਿੱਚ ਕਲਾ ਨਾਲ ਜੁੜੇ ਮਾਲਵੇ ਦੇ ਨੌਜਵਾਨਾਂ ਨਾਲ ਸੰਵਾਦ
ਹੋਵੇਗਾ। ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ਼ ਸੁਖਪਾਲ ਦੀ ਪ੍ਰਧਾਨਗੀ ਹੇਠ ਸੈਮੀਨਾਰ ਹੋਵੇਗਾ। ਇਸ ਮੌਕੇ ਉੱਘੇ ਰੰਗਕਰਮੀ ਅਤੇ
ਫ਼ਿਲਮ ਅਦਾਕਾਰ ਮਨਜੀਤ ਔਲਖ ਨੇ ਦੱਸਿਆ ਕਿ 28 ਵਾਂ ਮੇਲਾ ਦੇਸ ਮਾਲਵਾ ਥੀਮ ‘ਤੇ ਅਧਾਰਿਤ ਹੈ ਇਸ ਕਰਕੇ ਮੇਲੀਆਂ ਨੂੰ ਮਾਲਵਾ ਖੇਤਰ ਦੇ ਰਹਿਣ-ਸਹਿਣ,ਖਾਣ-ਪੀਣ, ਪਹਿਰਾਵੇ, ਮਨੋਰੰਜਨ ਸਬੰਧੀ ਵੱਖ -ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੇਖਣ ਦਾ ਮੌਕਾ ਮਿਲੇਗਾ।ਇਸ ਤੋਂ ਇਲਾਵਾ
ਅੱਖਰਕਾਰੀ, ਫੋਟੋਗ੍ਰਾਫੀ, ਖੇਤੀਬਾੜੀ ਦੇ ਸੰਦ ਅਤੇ ਪੁਰਾਣੇ ਰਿਕਾਰਡ ਸਮੇਤ ਪੰਜਾਬ ਪੱਧਰ ਦੇ ਨਾਮਵਰ ਪ੍ਰਕਾਸ਼ਕਾਂ ਦੁਆਰਾ ਪੁਸਤਕਾਂ ਦੀਆਂ
ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਬਣਨਗੀਆਂ। ਹਰ ਰੋਜ਼ ਸ਼ਾਮ ਦੇ ਸੱਤ ਵਜੇ ਅਲੱਗ -ਅਲੱਗ ਵਿਸ਼ਿਆਂ ਤੇ ਅਧਾਰਿਤ ਨਾਟਕਾਂ ਦਾ ਮੰਚਨ ਪੰਜਾਬ
ਦੀਆਂ ਨਾਮਵਰ ਟੀਮਾਂ ਵੱਲੋਂ ਕੀਤਾ ਜਾਵੇਗਾ। ਮੰਚ ਦੇ ਪ੍ਰਧਾਨ ਗੁਰਨੈਬ ਮਘਾਣੀਆ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਖ -ਵੱਖ
ਖੇਤਰਾਂ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੀਆਂ 12 ਸ਼ਖ਼ਸੀਅਤਾਂ ਦਾ ਸਨਮਾਨ ਵੀ ਮੰਚ ਵੱਲੋਂ ਹੋਵੇਗਾ। ਉਹਨਾਂ ਸਾਰੇ ਹੀ ਕਲਾ ਅਤੇ
ਸਾਹਿਤ ਪ੍ਰੇਮੀਆਂ ਨੂੰ ਵਧ ਚੜ੍ਹ ਕੇ ਮੇਲੇ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੰਚ ਦੇ ਅਹੁਦੇਦਾਰ ਅਤੇ ਤਾਲਮੇਲ ਕਮੇਟੀ ਦੇ ਸਮੂਹ
ਮੈਂਬਰ ਹਾਜ਼ਰ ਸਨ।
28ਵੇਂ ਕਲਾ-ਕਿਤਾਬ ਅਤੇ ਨਾਟਕ ਮੇਲੇ ਤੋਂ ਇਕ ਦਿਨ ਪਹਿਲਾਂ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਦੇ ਕਨਵੀਨਰ ਡਾਕਟਰ ਕੁਲਦੀਪ ਸਿੰਘ
ਦੀਪ ਨੇ ਮਾਨਸਾ ਵਿਚ ਵੱਖ ਵੱਖ ਸ਼ਖ਼ਸੀਅਤਾਂ ਨੂੰ ਮਿਲ ਕੇ ਮੇਲੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਅਖੀਰਲੇ ਪੜਾ ਉੱਤੇ ਆਂਗਣਵਾੜੀ
ਵਰਕਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ‘ਪੋਸ਼ਨ ਵੀ ਪੜ੍ਹਾਈ ਵੀ’ ਸਬੰਧੀ ਇਕੱਤਰ ਹੋਈਆਂ ਇਸਤਰੀ ਆਂਗਣਵਾੜੀ ਵਰਕਰਾਂ ਨੂੰ ਸੰਬੋਧਨ ਹੁੰਦੇ ਹੋਏ 28ਵੇਂ ਕਲਾ ਕਿਤਾਬ ਮੇਲੇ ਵਿੱਚ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਨਾਰੀ ਸ਼ਕਤੀ ਜਦ ਜੱਥੇਬੰਦ ਹੋ ਕੇ ਇਸ ਸਮਾਜ ਨੂੰ ਸੋਹਣਾ ਬਣਾਉਣ ਦੀ ਮੁਹਿੰਮ ਵਿਚ ਸ਼ਾਮਿਲ ਹੋ ਗਈ ਤਦ ਹੀ ਸਮਾਜਿਕ ਤਬਦੀਲੀ ਦਾ ਰਾਹ ਪੱਧਰਾ ਹੋਵੇਗਾ। ਉਸ ਨੇ ਸੱਦਾ ਦਿੱਤਾ ਕਿ ਸਾਰੇ ਆਪੋ ਆਪਣੇ ਪਰਿਵਾਰਾਂ ਸਮੇਤ ਮੇਲੇ ਵਿੱਚ ਆਉਣ ਅਤੇ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਤੋਂ ਇਲਾਵਾ ਮਾਲਵਾ ਦੇ ਸੱਭਿਆਚਾਰ ਨਾਲ ਸਬੰਧਤ ਲੱਗਣ ਵਾਲੀਆਂ ਵੱਖ-ਵੱਖ ਪ੍ਰਦਰਸ਼ਨੀਆਂ ਦੇਖਣ ਅਤੇ ਵਿਦਵਾਨਾਂ ਦੇ ਵਿਚਾਰ ਸੁਣਨ। ਉਸ ਨੇ ਕਿਹਾ ਕਿ ਤਿੰਨੇ ਦਿਨ ਸਮਾਜਿਕ ਮਸਲਿਆਂ ਨਾਲ ਜੁੜੇ ਨਾਟਕਾਂ ਦੀ ਪੇਸ਼ਕਾਰੀ ਹੋਵੇਗੀ। ਮਾਨਸਾ ਜਿਲ੍ਹੇ ਦੇ ਆਂਗਣਵਾੜੀ ਵਰਕਰ ਦੀ ਤਿੰਨ ਰੋਜ਼ਾ ‘ਪੋਸ਼ਨ ਵੀ ਪੜ੍ਹਾਈ ਵੀ’ ਟਰੇਨਿੰਗ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੈਡਮ ਨਿਰਮਲਾ ਦੇਵੀ ਜੀ ਦੀ ਅਗਵਾਈ ਵਿੱਚ ਸਾਰੇ ਆਂਗਣਵਾੜੀ ਵਰਕਰਾਂ ਨੇ ਹਾਂ ਪੱਖੀ ਹੁੰਗਾਰਾ ਭਰਿਆ ਅਤੇ ਮੇਲੇ ਵਿੱਚ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ