Articles

ਸ਼ਾਬਾਸ਼ ਰਿਆਨਾ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਰਿਆਨਾ, ਜਿਸ  ਦਾ ਪੂਰਾ ਨਾਮ ਰੋਬਨ ਰਿਆਨਾ  ਫੈਂਟੀ ਹੈ, ਇਹ ਉਹ ਨਾਮ ਹੈ ਜੋ ਅਮਰੀਕੀ ਸੰਗੀਤ ਦੇ ਖੇਤਰ ਚ ਵਿਸ਼ਵ ਦਾ ਇਕ ਬਹੁਤ ਬੁਲੰਦ ਸਿਤਾਰਾ ਹੈ , ਰਿਆਨਾ ਉਹ ਨਾਮ ਜੋ ਹਰ ਭਲੇ ਕਾਰਜਾਂ ਚ ਮੋਹਰੀ ਹੈ, ਜਿਸ ਨੂੰ ਮਾਨਵਤਾ ਨਾਲ ਪਿਆਰ ਹੈ, ਜੋ ਦੁਖੀਆ ਦੇ ਦੁੱਖ ਵੰਡਾਉਣ ਤੇ ਉਹਨਾ ਦੀ ਹਰ ਪੱਖੋਂ ਸਹਾਇਤਾ ਕਰਨ ਨੂੰ ਆਪਣਾ ਫਰਜ ਵੀ ਸਮਝਦੀ ਹੈ ਤੇ ਮਾਣ ਵੀ । ਜਿਸ ਨੇ ਕੋਵਿਡ 19 ਦੇ ਚੱਲਦਿਆਂ ਮਨੁੱਖਤਾ ਦੇ ਭਲੇ ਵਾਸਤੇ ਕਰੋੜਾਂ ਡਾਲਰਾਂ ਦਾ ਯੋਗਦਾਨ ਪਾ ਕੇ ਇਸ ਔਖੀ ਘੜੀ ਚ ਮੋਹਰੀ ਦੀ ਭੂਮਿਕਾ ਨਿਭਾਈ । ਉਹ ਅੱਠ ਵਾਰ ਦੁਨੀਆ ਦਾ  ਮਾਣਮੱਤਾ ਸਨਮਾਨ ਜਿਸ ਨੂੰ “ਗਰੇਨੀ ਅਵਾਰਡ” ਕਿਹਾ ਜਾਂਦਾ ਹੈ, ਜਿੱਤ ਚੁੱਕੀ ਹੈ ।
32 ਸਾਲਾਂ ਦੀ ਰਿਆਨਾ ਬਰਬਾਡੋਜ ਦੀ ਧੀ ਹੈ ਜੋ ਇਸ ਵੇਲੇ ਪੂਰੀ ਦੁਨੀਆ ਚ ਆਪਣੀ ਕਲਾ ਦਾ ਸਿੱਕਾ ਮਨਵਾ ਰਹੀ ਹੈ । ਪਿਛਲੇ ਦਿਨੀਂ ਭਾਰਤ ਵਿੱਚ ਤਿੰਨ ਕਾਲੇ ਕਾਨੂਨਾਂ ਸੰਬੰਧੀ ਪੰਜ ਮਹੀਨੇ ਤੋਂ ਲਗਾਤਾਰ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਉਸ ਵੱਲੋਂ ਕੀਤੇ ਗਏ ਇਕ ਛੋਟੇ ਜਿਹੇ ਟਵੀਟ ਰੂਪੀ ਸਵਾਲ ਕਿ “ਅਸੀਂ ਭਾਰਤ ਵਿੱਚ ਕਿਸਾਨਾ ਦੇ ਚੱਲ ਰਹੇ ਸੰਘਰਸ਼ ਬਾਰੇ ਗੱਲ ਕਿਓਂ ਨਹੀਂ ਕਰਦੇ?  ਨੇ ਪੂਰੇ ਵਿਸ਼ਵ ਦੇ ਭਾਈਚਾਰੇ ਅੱਗੇ ਬਹੁਤ ਵੱਡਾ ਸਵਾਲ ਖੜ੍ਹਾ ਕਰਕੇ ਉਸ  ਦਾ  ਧਿਆਨ ਕਿਸਾਨ ਸੰਘਰਸ਼ ਵੱਲ ਖਿੱਚਿਆ । ਇਹ ਉਹ ਸਵਾਲ ਹੈ ਜਿਸ ਦੇ ਵਿਚੋਂ ਕਿਰਤੀਆਂ ਤੇ ਕਿਸਾਨਾ ਦਾ ਦਰਦ ਝਲਕਦਾ ਹੈ, ਉਹਨਾ ਦੇ ਵਾਸਤੇ ਹਾਅ ਦਾ ਨਾਅਰਾ ਹੈ ਤੇ ਇਸ ਦੇ ਨਾਲ ਹੀ ਮੌਕੇ ਦੇ ਭਾਰਤੀ ਹਾਕਮਾਂ ਨੂੰ ਲਾਹਨਤਾਂ ਤੇ ਫਿਟਕਾਰਾਂ ਵੀ ਹਨ ।
ਰਿਆਨਾ ਨਾ ਹੀ ਪੰਜਾਬ, ਹਰਿਆਣਾ ਤੇ ਯੂ ਪੀ ਦੀ ਧੀਅ ਹੈ, ਨਾ ਹੀ ਉਸ ਦੀ ਭਾਰਤ ਦੇ ਕਿਰਤੀ ਕਿਸਾਨ ਲੋਕਾਂ ਨਾਲ ਕੋਈ ਰਿਸ਼ਤੇਦਾਰੀ ਹੈ ਤੇ ਨਾ ਹੀ ਇਸ ਮੁਲਕ ਚ ਉਸ ਦੀ ਕੋਈ ਬਹੁਤੀ ਵੱਡੀ ਫੈਨ ਫੌਲੋਵਿੰਗ ਹੈ, ਪਰ ਹਾਂ ! ਇਹ ਗੱਲ ਜ਼ਰੂਰ ਹੈ ਕਿ ਪੂਰੀ ਦੁਨੀਆ ਦੇ ਸ਼ੋਸ਼ਲ ਮੀਡੀਏ  ਉੱਤੇ ਉਸ ਦੇ ਅਰਬਾਂ ਫੈਨ ਹਨ , ਇਕੱਲੇ ਟਵਿੱਟਰ ਉੱਤੇ ਹੀ ਉਸ ਦਾ ਸੌ ਕਰੋੜ ਫੈਨ ਹੈ, ਇਸ ਪੱਖੋਂ ਦੇਖੀਏ ਤਾਂ ਭਾਰਤ ਦਾ ਪ੍ਰਧਾਨ ਮੰਤਰੀ ਆਪਣੇ ਕੱਦ ਬੁੱਤ ਚ ਉਸ ਲੜਕੀ ਦੇ ਗਿੱਟਿਆਂ ਬਰਾਬਰ ਵੀ ਨਹੀਂ ਖੜ੍ਹਦਾ ।
ਰਿਆਨਾ ਨੇ ਆਪਣੇ  ਇਕ ਟਵੀਟ ਨਾਲ ਹੀ ਭਾਰਤੀ ਕਿਰਤੀ ਕਿਸਾਨਾ ਦੇ ਹੱਕ ਚ ਅਵਾਜ ਉਠਾ ਕੇ ਪੂਰੇ ਵਿਸ਼ਵ ਵਿੱਚ ਇਕ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ, ਜਿਸ ਦਾ ਅਸਰ ਬਾਲੀਵੁੱਡ ਚ ਬੈਠੇ ਭਾਰਤੀ ਤੋਤਿਆ ਜੋ ਕਿ ਪਿਛਲੇ ਕਈ  ਮਹੀਨਿਆਂ ਤੋਂ ਤੰਦੂਆ ਚੁੱਪ ਧਾਰੀ ਬੈਠੇ ਸਨ, ‘ਤੇ ਵੀ ਪਿਆ ਤੇ ਉਹਨਾਂ ਆਪਣੇ ਆਕਾ ਦੇ ਇਕ ਇਸ਼ਾਰੇ ‘ਤੇ ਬਿਨਾ ਮਤਲਬ ਤੇ ਬਿਨਾ ਸੋਚੇ ਵਿਚਾਰੇ ਟੈਂ ਟੈਂ ਕਰਨੀ ਸ਼ੁਰੂ ਕਰ ਦਿੱਤੀ । ਇਹ ਕਹਿਣਾ ਸ਼ੁਰੂ ਕਰ ਦਿੱਤਾ, ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ, ਇਹ ਸਾਡੇ ਮੁਲਕ ਦਾ ਅੰਦਰੂਨੀ ਮਸਲਾ ਹੈ, ਕਿਸੇ ਵਿਦੇਸ਼ੀ ਨੂੰ ਇਸ ਮਸਲੇ ਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਆਦਿ । ਪਰ ਹੈਰਾਨੀ ਉਦੋਂ ਹੋਈ ਜਦੋਂ ਇਹ ਸਚਨ, ਕੰਗਣਾ ਤੇ ਅਕਸ਼ੇ ਆਦਿ  ਰੂਪੀ ਤੋਤੇ ਇਕ ਦੂਸਰੇ ਦੇ ਟਵੀਟ ਕਾਪੀ ਪੇਸਟ ਕਰਕੇ ਕੰਮ ਸਾਰਦੇ ਦੇਖੇ ਗਏ ਜਿਸ ਤੋ ਉਹਨਾ ਦਾ ਮਾਨਸਿਕ ਦੀਵਾਲੀਆਪਨ ਵੀ ਸੀਹਮਣੇ ਆ  ਗਿਆ ।
ਦੂਸਰੇ ਪਾਸੇ ਪਰਸਿੱਧ ਬੌਲੀਵੁੱਡ ਸਿਤਾਰੇ ਨਸੀਰੂਦੀਨ ਸ਼ਾਹ ਤੇ ਸ਼ਤਰੂਘਨ ਸਿੰਨ੍ਹਾਂ ਵੀ ਨੰਗੇ ਧੜ ਸਾਹਮਣੇ ਆਏ ਤੇ ਉਹਨਾ ਨੇ ਕਿਰਤੀ ਕਿਸਾਨਾ ਦੇ ਹੱਕ ਚ ਹਿੱਕ ਠੋਕ ਕੇ ਅਵਾਜ ਦਿੱਤੀ, ਪੂਰੇ ਵਿਸ਼ਵ ਵਿੱਚ ਨਵੀਂ ਚਰਚਾ ਛਿੜੀ, ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਿਡੇਨ, ਨਿਊਯਾਰਕ ਤੇ ਕੈਲੀਫੋਰਨੀਆ ਦੇ ਮੇਅਰਾਂ ਸਮੇਤ ਹੋਰ ਕਈ ਅਮਰੀਕੀ ਮੰਤਰੀਆਂ ਨੇ ਭਾਰਤ ਚ ਕਿਸਾਨਾ ਨਾਲ ਹੋ ਰਹੇ ਧੱਕੇ ਵਿਰੁੱਧ ਆਪਣੀ ਅਵਾਜ ਉਠਾਈ, ਦੁਨੀਆ ਦੇ 149 ਮੁਲਕਾਂ ਦੀ ਸਿਰਮੌਰ ਜਥੇਬੰਦੀ ਯੂ ਐਨ ਓ ਵੀ ਹਰਕਤ ਚ ਆਈ ਤੇ 26 ਜਨਵਰੀ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਦਿੱਲੀ ਘੇਰੀ ਬੈਠੇ ਕਿਸਾਨਾ ਨੂੰ  ਭੰਡਣ ਤੇ ਤੰਗ ਪਰੇਸ਼ਾਨ ਕਰਨ ਵਿਰੁੱਧ ਸਖ਼ਤ ਨੋਟਿਸ ਲੈਂਦਿਆਂ ਸਖ਼ਤ ਨਿਰਦੇਸ਼ ਦੇ ਕੇ ਪਾਣੀ, ਬਿਜਲੀ ਅਤੇ ਟਾਇਲਟਸ ਦੀਆ ਸਹੂਲਤਾਂ ਬਹਾਲ ਕਰਵਾਈਆਂ, ਦਿੱਲੀ ਵੱਲ ਜਾਂਦੇ ਰਸਤਿਆਂ ‘ਤੇ ਲਾਈਆ ਰੋਕਾਂ ਤੇ ਕੀਤੀ ਗਈ ਕਿਲੇਬੰਦੀ ਤੇ ਕਿੱਲਬੰਦੀ ਵਿਰੁੱਧ ਸਖ਼ਤ ਨੋਟਿਸ ਲੈਂਦਿਆਂ ਉਹਨਾ ਨੂੰ ਕੁੱਜ ਕੁ ਘੰਟਿਆ ਵਿੱਚ ਹੀ ਹਟਾਉਣ ਵਾਸਤੇ ਮਜਬੂਰ ਕੀਤਾ ।
ਇਕ ਕੰਗਣਾ ਨਾਮ ਦੀ ਚਵਲ ਨੇ ਰਿਆਨਾ ਦੇ ਟਵੀਟ ਦਾ ਵਿਰੋਧ ਕਰਦਿਆਂ ਜਦ ਇਹ ਕਿਹਾ ਕਿ ਉਸ ਨੇ ਇਹ ਟਵੀਟ ਸੌ ਕਰੋੜ ਲੈ ਕੇ ਕੀਤਾ ਹੈ ਤਾਂ ਇਸ ਨਾਲ ਉਸ ਆਪਣੀ ਓਕਾਤ ਹੀ ਸਾਹਮਣੇ ਆ ਗਈ ਕਿ ਅਸਲ ਵਿੱਚ ਖ਼ੁਦ ਕੀ ਕਰ ਰਹੀ ਹੈ । ਇਸ ਚਵਲ ਦੀ ਸ਼ੋਸ਼ਲ ਮੀਡੀਆ ‘ਤੇ ਖ਼ੂਬ ਰੇਲ ਬਣਾਈ ਜਾ ਰਹੀ ਹੈ । ਰਹੀ ਗੱਲ ਬੌਲੀਵੁੱਡ ਦੇ ਮੋਦੀ ਤੋਤਿਆ ਦੀ, ਉਹਨਾਂ ਦੁਆਰਾ ਕੀਤੇ ਟਵੀਟਾਂ ਦਾ ਜਵਾਬ ਵੀ ਬੁੰਧੀਜੀਵੀਆ ਵੱਲੋਂ ਬਾਖੂਬੀ ਦਿੱਤਾ ਜਾ ਰਿਹਾ ਹੈ ਤੇ ਸਮਝਾਇਆ ਜਾ ਰਿਹਾ ਹੈ ਕਿ ਸਰਕਾਰ ਲੋਕਾਂ ਵਾਸਤੇ ਹੁੰਦੀ ਹੈ ਨਾ ਕਿ ਲੋਕ ਸਰਕਾਰ ਵਾਸਤੇ ਹੁੰਦੇ ਹਨ, ਸ਼ਾਂਤਮਈ ਈ ਢੰਗ ਈ ਨਾਲ ਆਪਣਾ ਹੱਕ ਮੰਗਦੇ ਲੋਕਾਂ ਉੱਤੇ ਸਰਕਾਰੀ ਜਬਰ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਜੋ ਕਿਸੇ ਵੀ ਮੁਲਕ ਦਾ ਅੰਦਰੂਨੀ ਮਾਮਲਾ ਨਹੀਂ ਹੁੰਦਾ ਸਗੋਂ ਇਹ ਵਿਸ਼ਵ ਮਨੁੱਖੀ ਭਾਈਚਾਰੇ ਦੀ ਗਹਿਰੀ ਚਿੰਤਾ ਦਾ ਵਿਸ਼ਾ ਹੁੰਦਾ ਹੈ ਜਿਸ ਵਿਰੁੱਧ ਅਵਾਜ ਵਿਸ਼ਵ ਦੇ ਕੋਨੇ ਕੋਨੇ ਤੋਂ ਉਠਣੀ ਸੁਭਾਵਿਕ ਹੁੰਦੀ ਹੈ ਤੇ ਉਸ ਅਵਾਜ ਵਿਰੁੱਧ ਟਿੱਪਣੀਆਂ ਜਾਂ ਟਵੀਟ ਕਰਨੇ ਅਕਲੋ ਪੈਦਲ ਹੋਣ ਦੀ ਨਿਸ਼ਾਨੀ ਹੁੰਦੀ ਹੈ ।
ਰਿਆਨਾ ਨੇ ਸੱਚਮੁਚ ਕਿਰਤੀ ਕਿਸਾਨ ਅੰਦੋਲਨ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ, ਉਸ ਨੇ ਭਾਰਤ ਸਰਕਾਰ ਦਾ ਲੋਕ ਦੋਖੀ ਚੇਹਰਾ ਨੰਗਾ ਕਰਕੇ ਬਹੁਤ ਵੱਡਾ ਕਾਰਜ ਕੀਤਾ ਹੈ, ਜਿਸ ਕਰਕੇ ਉਸ ਦਾ ਕਿਰਤੀ ਕਿਸਾਨ ਭਾਈਚਾਰੇ ਬਹੁਤ ਸਤਿਕਾਰ ਹੋਇਆ ਹੈ । ਕਰੋੜਾਂ ਲੋਕਾਂ ਨੇ ਉਸ ਦਾ ਇਸ ਨੇਕ ਕਾਰਜ ਵਾਸਤੇ ਧੰਨਵਾਦ ਕੀਤਾ ਹੈ ਤੇ ਲਗਾਤਾਰ ਕਰ ਰਹੇ ਹਨ । ਰਾਤੋ ਰਾਤ ਉਸ ਨੂੰ ਲੱਖਾਂ ਪੰਜਾਬੀਆਂ ਦੇ  ਸੁਨੇਹੇ ਪਹੁੰਚੇ ਹਨ, ਉਹ ਪੰਜਾਬੀ ਨਹੀਂ ਜਾਣਦੀ ਤੇ ਨਾ ਹੀ ਪੰਜਾਬੀਆ ਬਾਰੇ ਬਹੁਤਾ ਕੁੱਜ ਜਾਣਦੀ ਹੈ, ਪਰ ਹੁਣ ਉਸ ਨੂੰ ਇਹ ਪਤਾ ਲੱਗ ਗਿਆ ਹੈ ਕਿ ਉਹ ਪੂਰੇ ਵਿਸ਼ਵ ਦੇ ਪੰਜਾਬੀ ਭਾਈਚਾਰੇ ਦੇ ਦਿਲਾਂ ਚ ਵਸ ਚੁੱਕੀ ਹੈ ਤੇ ਏਹੀ ਕਾਰਨ ਹੈ ਕਿ ਉਹ ਵਾਰ ਵਾਰ ਟਵੀਟ ਕਰਕੇ ਪੁੱਛ ਰਹੀ ਹੈ ਕਿ ਉਸ ਨੂੰ ਸ਼ੁਕਰੀਆ ਦਾ ਅੰਗਰੇਜ਼ੀ ਟਰਾਂਸਲੇਸ਼ਨ ਦੱਸਿਆ ਜਾਵੇ, ਕਿੱਦਾਂ ਸੋਹਣਿਓ, ਧੰਨਵਾਦ ਤੇ ਸਤਿਕਾਰ ਦੇ ਮਾਅਨੇ ਅੰਗਰੇਜ਼ੀ ਚ ਦੱਸੇ ਜਾਣ ਆਦਿ । ਕਹਿਣ ਦਾ ਭਾਵ ਇਹ ਕਿ ਰਿਆਨਾ ਦਾ ਪੰਜਾਬੀ ਭਾਈਚਾਰੇ ਵਲੇ ਦਿਖਾਏ ਅਥਾਹ ਪਿਆਰ ਤੇ ਸਤਿਕਾਰ ਕਾਰਨ ਪੰਜਾਬੀਆ ਪ੍ਰਤੀ ਲਗਾਵ ਲਗਾਤਾਰ ਵੱਧ ਰਿਹਾ ਹੈ । ਪੰਜਾਬੀ ਗਾਇਕ ਦਲਜੀਤ ਦੁਸਾਂਝ ਨੇ ਆਪਣੀ ਕਲਾ ਤੇ ਸ਼ੋਸ਼ਲ ਮੀਡੀਏ ਦੀ ਢੁਕਵੀਂ ਵਰਤੋ ਕਰਕੇ ਰਿਆਨਾ ਵਾਸਤੇ ਵਿਸ਼ੇਸ਼ ਤੌਰ ‘ਤੇ ਉਸ ਦਾ ਧੰਨਵਾਦ ਕਰਨ ਵਾਸਤੇ ਇਕ ਗੀਤ ਵਾਇਰਲ ਕੀਤਾ ਹੈ ਜਿਸ ਨੂੰ ਲੱਖਾਂ ਦੀ ਗਿਣਤੀ ਚ ਪਸੰਦ ਕੀਤਾ ਜਾ ਰਿਹਾ ਹੈ ।
ਗੱਲ ਕੀ ਅੱਜ ਦੀ ਤਰੀਕ ਚ ਹਰ ਪਾਸੇ ਰਿਆਨਾ, ਰਿਆਨਾ ਹੋਈ ਪਈ ਹੈ, ਬੇਸ਼ੱਕ ਉਸ ਦਾ ਅਸਲੀ ਨਾਮ ਰਿਆਨਾ ਹੈ ਪਰ ਕਈ ਉਸ ਨੂੰ ਰਿਹਾਨਾ ਵੀ ਲਿਖੀ ਤੇ ਬੋਲੀ ਜਾ ਰਹੇ ਹਨ , ਪਰ ਇਹ ਗੱਲ ਪੱਕੀ ਹੈ ਕਿ ਰਿਆਨਾ ਆਪਣੇ ਇਕ ਛੋਟੇ ਜਿਹੇ ਟਵੀਟ ਨਾਲ ਕਿਸਾਨ ਅੰਦੋਲਨ ਨੂੰ ਇਕ ਬਹੁਤ ਵੱਡੀ ਸੁਪੋਰਟ ਕਰ ਗਈ ਹੈ ਤੇ ਇਸ ਦੇ ਨਾਲ ਹੀ ਖ਼ੁਦ ਆਪ ਵੀ ਦੁਨੀਆ ਦੇ ਉਸ ਭਾਈਚਾਰੇ ਚ ਅਥਾਹ ਪਿਆਰ  ਤੇ ਸਤਿਕਾਰ ਦੀ ਪਾਤਰ ਬਣ ਗਈ ਹੈ ਜਿਸ ਭਾਈਚਾਰੇ ਦਾ ਅਕਸ, ਸਖ਼ਤ ਮਿਹਨਤ, ਹਲੀਮੀ ਤੇ ਹੱਕਾਂ ਦੀ ਲੜਾਈ ਲੜਨ ਵਾਸਤੇ ਪੂਰੀ ਦੁਨੀਆ ਦੇ ਸਿਖਰਲੇ ਰਦੇ ‘ਤੇ ਆਉਂਦਾ ਹੈ ।
ਰਿਆਨਾ, ਵੱਡੀ ਸ਼ਾਬਾਸ਼ ਦੀ ਹੱਕਦਾਰ ਹੈ, ਉਸ ਦੀ ਜਿੰਨੀ ਪਰਸੰਸਾ ਕੀਤੀ ਜਾਵੇ ਓਨੀ ਹੀ ਥੋੜ੍ਹੀ ਹੈ ਕਿਉਂਕਿ ਉਸ ਨੇ ਸਫਲਤਾ ਦੇ ਅਕਾਸ਼ ਦੀ ਧੁਰ ਬੁਲੰਦੀ ‘ਤੇ ਪਹੁੰਚਕੇ ਵੀ ਜ਼ਮੀਨੀ ਹਕੀਕਤਾਂ ਨਾਲ ਜੁੜੇ ਰਹਿਣ ਦਾ ਸਬੂਤ ਦਿੱਤਾ ਹੈ, ਲੋਕ ਹਿੱਤਾਂ ਦੇ ਹੋ ਰਹੇ ਹਾਣ ਦਾ ਇਕ ਕੌੜਾ ਸੱਚ ਵਿਸ਼ਵ ਦੇ ਸਾਹਮਣੇ ਲਿਆਂਦਾ ਹੈ । ਸੋ ਰਿਆਨਾ ਨੂੰ ਮੇਰੇ ਵੱਲੋਂ ਹਿਰਦੇ ਦੀ ਡੂੰਘਾਈ ਤੋਂ ਬਹੁਤ ਬਹੁਤ ਸਤਿਕਾਰ ਤੇ ਕਿਸਾਨ ਸ਼ੰਘਰਸ਼ ਦੇ ਹੱਕ ਚ ਉਠਾਈ ਅਵਾਜ ਲਈ ਸਲੂਟ ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin